ਲੁਧਿਆਣਾ – ਸਮਰੱਥ ਅਨੁਵਾਦਕ ਤੇ ਪੰਜਾਬੀ ਲੇਖਕ ਦੀਪ ਜਗਦੀਪ ਸਿੰਘ ਵੱਲੋਂ ਭਗਵਤੀਚਰਣ ਵਰਮਾ ਦੇ ਸ੍ਰੇਸ਼ਟ ਹਿੰਦੀ ਨਾਵਲ ਚਿਤ੍ਰਲੇਖਾ ਦਾ ਪੰਜਾਬੀ ਅਨੁਵਾਦ ਪੰਜਾਬੀ ਭਵਨ ਵਿਖੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਭੱਠਲ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਤੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ ਤੇ ਸਾਥੀਆਂ ਨੇ ਲੋਕ ਅਰਪਣ ਕੀਤਾ। ਇਸ ਨਾਵਲ ਨੂੰ ਮਾਨ ਬੁੱਕ ਸਟੋਰ ਪਬਲੀਕੇਸ਼ਨ ਬਠਿੰਡਾ ਨੇ ਪ੍ਰਕਾਸ਼ਿਤ ਕੀਤਾ ਹੈ।
ਇਸ ਮਹੱਤਵਪੂਰਨ ਨਾਵਲ ਬਾਰੇ ਜਾਣਕਾਰੀ ਦੇਂਦਿਆਂ ਅਨੁਵਾਦਕ ਦੀਪ ਜਗਦੀਪ ਸਿੰਘ ਨੇ ਦੱਸਿਆ ਕਿ ਇਸ ਨਾਵਲ ਨੂੰ ਲਿਖਣ ਦਾ ਭਗਵਤੀਚਰਣ ਵਰਮਾ ਨੇ ਵਿਚਾਰ ਉਦੋਂ ਬਣਾਇਆ ਜਦੋਂ 1929-30 ਦੌਰਾਨ ਉਹ ਇਲਾਹਾਬਾਦ ਯੂਨੀਵਰਸਿਟੀ ਵਿਚ ਵਕਾਲਤ ਦੀ ਡਿਗਰੀ ਕਰ ਰਹੇ ਸਨ। ਹੋਸਟਲ ਦੇ ਕਮਰੇ ਵਿਚ ਨਾਲ ਰਹਿਣ ਵਾਲੇ ਭਗਵਾਨ ਸਹਾਏ ਨੇ ਇਕ ਰਾਤ ਵਰਮਾ ਨੂੰ ਕਿਹਾ ਕਿ ਭਾਰਤੀ ਲੇਖਕਾਂ ਦੇ ਲਿਖਣ ਲਈ ਕੁਝ ਨਹੀਂ ਬਚਿਆ ਹੈ ਕਿਉਂਕਿ ਪੱਛਮ ਦੇ ਲੇਖਕਾਂ ਨੇ ਕੋਈ ਵਿਸ਼ਾ ਛੱਡਿਆ ਹੀ ਨਹੀਂ। ਭਗਵਾਨ ਸਹਾਏ ਨੇ ਉਨ੍ਹਾਂ ਦਿਨਾਂ ਵਿਚ ਮਿਸਰ ਦੀ ਸੰਤ ਥਾਇਸ (ਜੋ ਪਹਿਲਾਂ ਦਰਬਾਰੀ ਨਾਚੀ ਸੀ) ਬਾਰੇ ਅਨਾਤੋਲੇ ਫ਼ਰਾਂਸ ਦਾ ਲਿਖਿਆ ਥਾਈਸ (1890) ਨਾਵਲ ਪੜ੍ਹਿਆ ਸੀ। ਜਦੋਂ ਭਗਵਤੀਚਰਣ ਵਰਮਾ ਨੇ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕੀਤਾ ਤਾਂ ਭਗਵਾਨ ਸਹਾਏ ਨੇ ਥਾਈਸ ਨਾਵਲ ਮੂਹਰੇ ਰੱਖ ਕੇ ਚੁਣੌਤੀ ਦਿੰਦਿਆਂ ਕਿਹਾ ਕਿ ਇਸ ਵਰਗਾ ਕੋਈ ਵੱਡਾ ਨਾਵਲ ਹੋਵੇ ਤਾਂ ਦੱਸੇ। ਭਗਵਤੀਚਰਣ ਵਰਮਾ ਨੇ ਕਿਤਾਬ ਵੱਲ ਦੇਖਦਿਆਂ ਕਿਹਾ, “ਫ਼ਿਲਹਾਲ ਇਸ ਵਰਗਾ ਤਾਂ ਨਹੀਂ ਹੈ ਪਰ ਇਸ ਵਰਗਾ ਕੁਝ ਲਿਖਿਆ ਲਾਜ਼ਮੀ ਜਾ ਸਕਦਾ ਹੈ।” ਸੰਨ 1931 ਵਿਚ ਭਗਵਤੀਚਰਣ ਵਰਮਾ ਨੇ ਹਮੀਰਪੁਰ ਅਦਾਲਤ ਵਿਚ ਵਕਾਲਤ ਸ਼ੁਰੂ ਕੀਤੀ ਜੋ ਬਹੁਤੀ ਚੱਲੀ ਨਹੀਂ। ਉਦੋਂ ਹੀ ਉਨ੍ਹਾਂ ਨੇ ਚਿਤ੍ਰਲੇਖਾ ਲਿਖਣਾ ਸ਼ੁਰੂ ਕੀਤਾ, ਜੋ ਹਿੰਦੀ ਸਾਹਿਤ ਦੀ ਸ਼ਾਹਕਾਰ ਲਿਖਤਾਂ ਦੇ ਵਿਚ ਸ਼ਾਮਲ ਹੋ ਗਿਆ। ਵਿਦਵਾਨ ਦੱਸਦੇ ਹਨ ਕਿ ਇਸ ਨਾਵਲ ਤੋਂ ਬਾਅਦ ਹਿੰਦੀ ਨਾਵਲਕਾਰੀ ਦਾ ਮੁਹਾਂਦਰਾ ਹੀ ਬਦਲ ਗਿਆ।
ਦੀਪ ਜਗਦੀਪ ਸਿੰਘ ਨੇ ਕਿਹਾ ਕਿ ਇਸ ਕਲਾਸਿਕ ਰਚਨਾ ਨੂੰ ਮਾਂ-ਬੋਲੀ ਪੰਜਾਬੀ ਵਿਚ ਅਨੁਵਾਦ ਕਰਨਾ ਮੇਰੇ ਲਈ ਬਹੁਤ ਵੱਡੀ ਚੁਣੌਤੀ ਸੀ ਜਿਸ ਤਰ੍ਹਾਂ ਭਗਵਤੀਚਰਣ ਵਰਮਾ ਦਾ ਇਸ ਨੂੰ ਲਿਖਣਾ ਵੰਗਾਰ ਸੀ। ਉਨ੍ਹਾਂ ਦੱਸਿਆ ਕਿ ਇਸ ਨਾਵਲ ਚਿਤ੍ਰਲੇਖਾ ਦਾ ਮੂਲ ਕਥਾਨਕ ਸਾਮੰਤੀ ਤੇ ਅਧਿਆਤਮਕ ਸਮਾਜ-ਪ੍ਰਬੰਧ ਵਿਚਾਲੇ ਭੇੜ ‘ਤੇ ਆਧਾਰਤ ਹੈ। ਜਿਸ ਦੀ ਸੂਤਰਧਾਰ ਮੁੱਖ ਪਾਤਰ ਨਾਚੀ ਚਿਤ੍ਰਲੇਖਾ ਹੈ। ਲੇਖਕ ਸ਼ੁਰੂਆਤ ਵਿਚ ਹੀ ਸਪੱਸ਼ਟ ਕਰਦਾ ਹੈ ਕਿ ਚਿਤ੍ਰਲੇਖਾ ਨਾਚੀ ਹੈ,ਵੇਸਵਾ ਨਹੀਂ।
ਇਹ ਪਾਤਰ ਉਦੋਂ ਬਹੁ-ਪਰਤੀ ਹੋ ਜਾਂਦਾ ਹੈ ਜਦੋਂ ਚਿਤ੍ਰਲੇਖਾ ਸਿਰਫ਼ ਨਾਚੀ ਨਾ ਹੋ ਕੇ ਇਕੋ ਵੇਲੇ ਅਧਿਆਤਮ ਤੇ ਫ਼ਲਸਫ਼ੇ ਦੀ ਗਿਆਤਾ ਤੇ ਜਿਗਿਆਸੂ ਵੀ ਹੁੰਦੀ ਹੈ। ਬਹੁ-ਪਰਤੀ ਪਾਤਰ ਆਪਣੀ ਬਹੁ-ਪਰਤੀ ਭਾਸ਼ਾ ਵੀ ਨਾਲ ਲੈ ਕੇ ਆਉਂਦਾ ਹੈ। ਅਜਿਹੇ ਕਿਰਦਾਰ ਨੂੰ ਘੜਨ ਲਈ ਉਸ ਦੇ ਬਰਾਬਰ ਦੀ ਹੀ ਭਾਸ਼ਾ ਘੜਨੀ ਪੈਂਦੀ ਹੈ। ਉਹ ਭਾਸ਼ਾਈ ਮੁਹਾਵਰਾ ਲੋੜੀਂਦਾ ਸੀ ਜੋ ਇਕੋ ਵੇਲੇ ਦੁਨੀਆ ਦੀ ਸਭ ਤੋਂ ਖ਼ੂਬਸੂਰਤ ਨਾਚੀ ਦੇ ਹੁਸਨ ਤੇ ਅਦਾਵਾਂ ਨੂੰ ਬਿਆਨ ਵੀ ਕਰ ਸਕੇ, ਉਸ ਨੂੰ ਸਾਮੰਤੀ ਕਿਰਦਾਰ ਨਾਲ ਨਿਭਣ ਵਾਲੀ ਕੁਲੀਨ ਸ਼ਬਦਾਵਲੀ ਵੀ ਦੇ ਸਕੇ ਤੇ ਅਧਿਆਤਮਕ ਕਿਰਦਾਰ ਨਾਲ ਭਿੜਨ ਲਈ ਦਾਰਸ਼ਨਿਕ ਭਾਸ਼ਾਈ ਸਹਿਜ ਵੀ ਪ੍ਰਦਾਨ ਕਰੇ।
ਭਗਵਤੀਚਰਣ ਵਰਮਾ ਦਾ ਇਹ ਬਹੁ-ਪਰਤੀ ਭਾਸ਼ਾਈ ਜਾਦੂ ਚਿਤ੍ਰਲੇਖਾ ਦੀ ਹਰ ਸਤਰ ਵਿਚ ਦੇਖਣ ਨੂੰ ਮਿਲਦਾ ਹੈ, ਵੇਦਾਂ ਤੇ ਉਪਨਿਸ਼ਦਾਂ ਤੋਂ ਪ੍ਰਾਪਤ ਸੰਸਕ੍ਰਿਤ ਰੰਗਣ ਵਾਲਾ ਫ਼ਲਸਫ਼ਾਨਾ ਹਿੰਦੀ ਮੁਹਾਵਰਾ ਮੇਰੇ ਲਈ ਵੱਡੀ ਚੁਣੌਤੀ ਬਣ ਗਿਆ ਸੀ। ਇਸ ਅਨੁਵਾਦ ਦੀ ਸਭ ਤੋਂ ਵੱਡੀ ਚੁਣੌਤੀ ਬਿਰਤਾਂਤ ਤੇ ਸੰਵਾਦ ਦੇ ਸ਼ਬਦਾਂ ਪਿੱਛੇ ਲੁਕੀ ਹੋਈ ਭਾਵਨਾ ਨੂੰ ਕਾਇਮ ਰੱਖਣਾ ਸੀ। ਇਹ ਵੀ ਲਾਜ਼ਮੀ ਸੀ ਕਿ ਪੰਜਾਬੀ ਦੇ ਆਮ ਬੋਲ-ਚਾਲ ਦੀ ਭਾਸ਼ਾ ਦੇ ਸ਼ਬਦ ਵਰਤੇ ਜਾਣ ਤੇ ਨਾਲੇ ਮੂਲ ਪਾਠ ਵਿਚਲੇ ਨਸ਼ਤਰੀ ਵਿਅੰਗ ਤੇ ਦਾਰਸ਼ਨਿਕ ਡੂੰਘਾਈ ਨੂੰ ਵੀ ਕਾਇਮ ਰੱਖਿਆ ਜਾਵੇ। ਇਸ ਟੀਚੇ ਨੂੰ ਸਰ ਕਰਨ ਲਈ ਇਸ ਅਨੁਵਾਦ ਵਿਚ ਬਹੁਤ ਥਾਈਂ ਨਾ ਸਿਰਫ਼ ਮੂਲ ਪਾਠ ਦੇ ਸਮਰੂਪ ਠੇਠ ਪੰਜਾਬੀ ਸ਼ਬਦ ਲੱਭਣ ਲਈ ਕੋਸ਼ਿਸ਼ ਕੀਤੀ ਗਈ ਸਗੋਂ ਕਈ ਥਾਈਂ ਹਿੰਦੀ-ਸੰਸਕ੍ਰਿਤ ਸ਼ਬਦਾਂ ਨੂੰ ਪੰਜਾਬੀ ਮੁਹਾਵਰੇ ਵਿਚ ਢਾਲਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ।
ਇਸ ਨਾਵਲ ਬਾਰੇ ਬੋਲਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਭਾਸ਼ਾ ਦੀ ਸਮਰਥਾ ਅਤੇ ਅਨੁਭਵ ਪ੍ਰਗਟਾਅ ਚੰਗੇਰਾ ਕਰਨ ਲਈ ਹੋਰਨਾਂ ਜ਼ਬਾਨਾਂ ਦੀਆਂ ਲਿਖਤਾਂ ਪੰਜਾਬੀ ਚ ਲਿਆਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੀਪ ਜਗਦੀਪ ਸਿੰਘ ਦੀ ਇਹ ਨਾਵਲ ਅਨੁਵਾਦ ਕਰਨ ਤੇ ਮੁਬਾਰਕ ਦਿੱਤੀ।
ਪ੍ਰੋ. ਰਵਿੰਦਰ ਭੱਠਲ ਨੇ ਕਿਹਾ ਕਿ ਦੀਪ ਜਗਦੀਪ ਸਿੰਘ ਹਿੰਮਤੀ ਤੇ ਉਤਸ਼ਾਹੀ ਨੌਜਵਾਨ ਹੈ ਜਿਸ ਨੇ ਦੇਸ਼ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਦੀ ਜੀਵਨੀ ਤੋਂ ਇਲਾਵਾ ਕਈ ਮਹੱਤਵਪੂਰਨ ਪੁਸਤਕਾਂ ਪੰਜਾਬੀ ‘ਚ ਅਨੁਵਾਦ ਕਰ ਚੁਕਾ ਹੈ। ਡਾ. ਗੁਰਇਕਬਾਲ ਸਿੰਘ ਤੇ ਤ੍ਰੈਲੋਚਨ ਲੋਚੀ ਨੇ ਵੀ ਦੀਪ ਜਗਦੀਪ ਸਿੰਘ ਦੀ ਇਸ ਅਨੁਵਾਦ ਪੇਸ਼ਕਾਰੀ ਦੀ ਸ਼ਲਾਘਾ ਕੀਤੀ। ਇਹ ਨਾਵਲ ਕਿਤਾਬ ਘਰ ਪੰਜਾਬੀ ਭਵਨ ਤੋਂ ਇਲਾਵਾ ਪੂਰੇ ਪੰਜਾਬ ਵਿੱਚ ਸਿਰਕੱਢ ਪੁਸਤਕ ਵਿਕਰੇਤਾਵਾ ਕੋਲੋਂ ਲਿਆ ਜਾ ਸਕਦਾ ਹੈ।