ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਦਿੱਲ਼ੀ ਸਿੱਖ ਗੁਰੂਦੁਆਰਾ ਐਕਟ, 1971 ਦੇ ਨਿਯਮਾਂ ਦੇ ਤਹਿਤ 28 ਅਪ੍ਰੈਲ,1975 ਨੂੰ ਹੋਇਆ ਸੀ, ਜਿਸ ਦਾ ਮੁੱਖ ਮਨੋਰਥ ਦਿੱਲ਼ੀ ਦੇ ਗੁਰੂਦੁਆਰਿਆਂ ਅਤੇ ਇਨ੍ਹਾਂ ਦੀ ਜਾਇਦਾਦਾਂ ਦੀ ਸੇਵਾ-ਸੰਭਾਲ ਕਰਨਾ ਹੈ। 150 ਕਰੋੜ੍ਹ ਤੋਂ ਵੱਧ ਦੱਸੀ ਜਾਂਦੀ ਸਾਲਾਨਾ ਆਮਦਨ ਵਾਲੀ ਦਿੱਲੀ ਕਮੇਟੀ ਮੋਜੂਦਾ ਸਮੇਂ ਦਿੱਲੀ ਦੇ ਇਤਹਾਸਿਕ ‘ਤੇ ਹੋਰਨਾਂ ਗੁਰਦੁਆਰਿਆਂ ਤੋਂ ਇਲਾਵਾ ਕਈ ਸਕੂਲਾਂ, ਕਾਲਜਾਂ, ਪੋਲੀਟੈਕਨਿਕ, ਇੰਨਜੀਨੀਰਿੰਗ ‘ਤੇ ਪ੍ਰਬੰਧ ਸੰਸਥਾਨਾਂ, ਹਸਪਤਾਲਾਂ, ਡਿਸਪੈਸਰੀਆਂ ‘ਤੇ ਬਜੁਰਗ ਘਰਾਂ ਦਾ ਪ੍ਰਬੰਧ ਕਰ ਰਹੀ ਹੈ। ਦਿੱਲੀ ਗੁਰਦੁਆਰਾ ਕਮੇਟੀ ਦੀ ਮਿਆਦ 4 ਸਾਲ ਨਿਰਧਾਰਤ ਕੀਤੀ ਗਈ ਹੈ ਜਿਸ ‘ਚ 46 ਵਾਰਡਾਂ ਤੋਂ ਚੁਣੇ ਮੈਂਬਰਾਂ ਤੋਂ ਇਲਾਵਾ 9 ਮੈਂਬਰ ਨਾਮਜਦ ਕੀਤੇ ਜਾਂਦੇ ਹਨ, ਜਿਸ ‘ਚ ਸ੍ਰੀ ਅਕਾਲ ਤਖਤ ਸਹਿਤ ਚਾਰ ਤਖਤਾਂ ਦੇ ਜੱਥੇਦਾਰ ਸਾਹਿਬਾਨ (ਇਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀ ਹੈ), ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਕ ਨੁਮਾਇੰਦਾ, ਦਿੱਲੀ ਦੀ ਰਜਿਸਟਰਡ ਸਿੰਘ ਸਭਾ ਗੁਰਦੁਆਰਾ ਸਾਹਿਬਾਨਾਂ ਦੇ ਦੋ ਪ੍ਰਧਾਨ ਲਾਟਰੀ ਰਾਹੀ ‘ਤੇ ਦੋ ਹੋਰਨਾਂ ਮੈਂਬਰਾਂ ਨੂੰ ਨਵੇਂ ਚੁਣੇ 46 ਮੈਬਰਾਂ ਦੀ ਵੋਟਾਂ ਰਾਹੀ ਸ਼ਾਮਿਲ ਕੀਤੇ ਜਾਂਦੇ ਹਨ।ਇਸ ਕਮੇਟੀ ਦੀਆਂ ਮੁੱਢਲੀਆਂ ਚੋਣਾਂ 30 ਮਾਰਚ 1975 ਨੂੰ ਹੋਈਆਂ ਸਨ ‘ਤੇ ਪਹਿਲੀ ਕਮੇਟੀ 28 ਅਪ੍ਰੈਲ 1975 ਨੂੰ ਹੋਂਦ ‘ਚ ਆਈ ਸੀ।
ਇਸ ਤੋਂ ਉਪਰੰਤ 28 ਅਕਤੂਬਰ 1979, 9 ਜੁਲਾਈ 1995 (ਤਕਰੀਬਨ 16 ਸਾਲਾਂ ਬਾਅਦ), 30 ਜੂਨ 2002, 14 ਜਨਵਰੀ 2007, 27 ਜਨਵਰੀ 2013, 26 ਫਰਵਰੀ 2017 ‘ਤੇ ਬੀਤੀਆਂ ਚੋਣਾਂ 22 ਅਗਸਤ 2021 ਨੂੰ ਕਰਵਾਈਆਂ ਗਈਆਂ ਸਨ। ਕਿਉਂਕਿ ਬੀਤੀਆਂ ਕਾਰਜਕਾਰੀ ਚੋਣਾਂ 22 ਜਨਵਰੀ 2022 ਨੂੰ ਨੇਪਰੇ ਚੜ੍ਹੀਆਂ ਸਨ, ਇਸ ਲਈ ਨਿਯਮਾਂ ਮੁਤਾਬਿਕ ਆਗਾਮੀ ਕਾਰਜਕਾਰੀ ਚੋਣਾਂ ਜਨਵਰੀ 2024 ‘ਤੇ ਆਮ ਗੁਰਦੁਆਰਾ ਚੋਣਾਂ ਜਨਵਰੀ 2026 ‘ਚ ਹੋਣੀਆਂ ਹਨ। ਦੱਸਣਯੋਗ ਹੈ ਕਿ ਘਰ-ਘਰ ਜਾ ਕੇ ਨਵੀਆਂ ਵੋਟਰ ਸੂਚੀਆਂ ਤਕਰੀਬਨ 40 ਵਰੇ ਪਹਿਲਾਂ ਸਾਲ 1983 ‘ਚ ਬਣਾਈਆਂ ਗਈਆਂ ਸਨ ‘ਤੇ ਇਸ ਤੋਂ ਉਪਰੰਤ ਹੁਣ ਤੱਕ ਸਾਰੀਆਂ ਚੋਣਾਂ ਇਹਨਾਂ ਪੁਰਾਣੀਆਂ ਵੋਟਰ ਸੂਚੀਆਂ ‘ਚ ਸੋਧਾਂ ਕਰਕੇ ਕਰਵਾਈਆਂ ਗਈਆਂ ਹਨ। ਸਮੇਂ-ਸਮੇਂ ‘ਤੇ ਕਾਬਿਜ ਰਹੇ ਕਮੇਟੀ ਦੇ ਪ੍ਰਬੰਧਕਾਂ ਨੇ ਆਪਣੀ ਸਹੁਲਤ ਮੁਤਾਬਿਕ ਗੁਰਦੁਆਰਾ ਨਿਯਮਾਂ ‘ਚ ਕੁੱਝ ਸੋਧਾਂ ਤਾਂ ਕਰਵਾ ਲਈਆਂ, ਜਿਸ ‘ਚ ਮੁੱਖ ਤੋਰ ‘ਤੇ ਸਾਲ 1981 ‘ਚ ਸੋਧ ਕਰਵਾ ਕੇ ਕਮੇਟੀ ਦੇ ਅਹੁਦੇਦਾਰਾਂ ਲਈ ਘਟੋ-ਘੱਟ ਦਸਵੀ ਦੀ ਪੜ੍ਹਾਈ ਦੀ ਸ਼ਰਤ ਨੂੰ ਖਤਮ ਕਰਨਾ, ਸਾਲ 2002 ‘ਚ ਵੋਟਰਾਂ ਦੀ ਉਮਰ 21 ਸਾਲ ਤੋਂ ਘੱਟਾ ਕੇ 18 ਸਾਲ ਕਰਨਾ ‘ਤੇ ਸਾਲ 2008 ‘ਚ ਦਿੱਲੀ ਕਮੇਟੀ ਦੇ ਕਾਰਜਕਾਰੀ ਬੋਰਡ ਦੀ ਮਿਆਦ ਨੂੰ ਇਕ ਸਾਲ ਤੋਂ ਵੱਧਾ ਕੇ ਦੋ ਸਾਲ ਕਰਨਾ ਸਾਮਿਲ ਹਨ। ਪਰੰਤੂ ਕਿਸੇ ਵੀ ਕਮੇਟੀ ਨੇ ਹਾਲੇ ਤੱਕ ਦਿੱਲੀ ਸਰਕਾਰ ਦੇ ਚੋਣ ਵਿਭਾਗ ਦੇ ਮੁਲਾਜਮਾਂ ਦੀ ਤਨਖਾਹ ਗੁਰੂ ਦੀ ਗੋਲਕ ‘ਚੋਂ ਦੇਣ ਸਬੰਧੀ ਗੁਰਦੁਆਰਾ ਐਕਟ ਦੀ ਧਾਰਾ 37 ਨੂੰ ਖਤਮ ਕਰਨ, ਤਖਤ ਦਮਦਮਾ ਸਾਹਿਬ, ਤਲਵੰਡੀ ਸਾਬੋ ਪੰਜਾਬ ਨੂੰ ਪੰਜਵੇ ਤਖਤ ਵਜੋਂ ਦਿੱਲੀ ਗੁਰਦੁਆਰਾ ਐਕਟ ‘ਚ ਸ਼ਾਮਿਲ ਕਰਨ ਸੰਬਧੀ ਕੇਂਦਰ ਸਰਕਾਰ ਪਾਸ ਲੰਬਿਤ ਬਿਲ ਨੂੰ ਪਾਸ ਕਰਵਾਉਣ, ਨਵੀਆਂ ਵੋਟਰ ਸੂਚੀਆਂ ‘ਤੇ ਵਾਰਡਾਂ ਦੀ ਹੱਦਬੰਦੀ ਨੂੰ ਦਰੁਸਤ ਕਰਨ ਸਬੰਧੀ ਕੋਈ ਸੰਜੀਦਾ ਉਪਰਾਲਾ ਨਹੀ ਕੀਤਾ ਹੈ।
ਮੋਜੂਦਾ ਦਿੱਲੀ ਗੁਰਦੁਆਰਾ ਕਮੇਟੀ ‘ਚ ਸ਼੍ਰੋਮਣੀ ਅਕਾਲੀ ਦਲ ਬਾਦਲ ਧੜ੍ਹੇ ਦੇ 27 ਜੇਤੂ ਮੈਬਰਾਂ ‘ਚੋਂ 25 ਮੈਬਰਾਂ ਤੋ ਇਲਾਵਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਰਨਾ ਗੁਟ ਦਾ ‘ਤੇ ਭਾਈ ਰਣਜੀਤ ਸਿੰਘ ਦੀ ਪਾਰਟੀ ਦਾ ਇਕ-ਇਕ ਮੈਂਬਰ ਨਵੀ ਬਣੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ‘ਚ ਸ਼ਾਮਿਲ ਹੋ ਗਏ ਸਨ ਜਦਕਿ ਆਪਣੀ ਪਾਰਟੀ ਨੂੰ ਤਿਆਗ ਕੇ ਪਰਮਜੀਤ ਸਿੰਘ ਸਰਨਾ ਨੇ ਬਾਦਲ ਦਲ ਦੀ ਦਿੱਲੀ ਇਕਾਈ ਦੀ ਕਮਾਨ ਸੰਭਾਲਣ ਤੋਂ ਗੁਰੇਜ ਨਹੀ ਕੀਤਾ। ਹਾਲਾਂਕਿ ਸਿੰਘ ਸਭਾਵਾਂ ਦੇ 2 ਪ੍ਰਧਾਨਾਂ ਦੀ ਨਾਮਜਦਗੀ ਅਦਾਲਤ ਦੇ ਵਿਚਾਰਾਧੀਨ ਹੈ। ਇਹ ਹੈਰਾਨਕੁੰਨ ਸਮੀਕਰਨ ਆਉਣ ਵਾਲੀਆ ਕਾਰਜਕਾਰੀ ਚੋਣਾਂ ‘ਚ ਹੋਰ ਬਦਲ ਸਕਦੇ ਹਨ। ਦੂਜੇ ਪਾਸੇ ਦਿੱਲੀ ਦੇ ਸਿੱਖ ਵੋਟਰਾਂ ਦੀ ਘਟ ਰਹੀ ਗਿਣਤੀ ‘ਤੇ ਉਨ੍ਹਾਂ ਵਲੋਂ ਚੋਣਾਂ ‘ਚ ਘਟਦੇ ਰੁਝਾਨ ਵੀ ਚਿੰਤਾ ਦਾ ਵਿਸ਼ਾ ਹਨ, ਕਿਉਂਕਿ ਸਾਲ 2021 ‘ਚ ਵੋਟਰ ਸੂਚੀਆਂ ਦੀ ਸੋਧ ਦੋਰਾਨ 92 ਹਜਾਰ ਵੋਟਰਾਂ ਦੇ ਨਾਉਂ ਵੋਟਰ ਸੂਚੀਆਂ ਤੋਂ ਹਟਾਏ ਗਏ ਹਨ, ਜਦਕਿ ਕੇਵਲ 48 ਹਜਾਰ ਨਵੇਂ ਸਿੱਖ ਵੋਟਰ ਸ਼ਾਮਿਲ ਕੀਤੇ ਗਏ ਹਨ। ਦੱਸਣਯੋਗ ਹੈ ਕਿ ਸਾਲ 2017 ‘ਚ 3 ਲੱਖ 86 ਹਜਾਰ ਸਿੱਖ ਵੋਟਰਾਂ ‘ਚੋ 45 ਫੀਸਦੀ ਵੋਟਰਾਂ ਨੇ ਵੋਟਾਂ ‘ਚ ਆਪਣਾ ਯੋਗਦਾਨ ਪਾਇਆ ਸੀ. ਜਦਕਿ ਸਾਲ 2021 ‘ਚ ਘਟ ਕੇ 3 ਲੱਖ 42 ਹਜਾਰ ਸਿੱਖ ਵੋਟਰ ਰਹਿ ਗਏ ਸਨ ਜਿਸ ‘ਚ ਕੇਵਲ 37 ਫੀਸਦੀ ਵੋਟਰਾਂ ਨੇ ਆਪਣੇ ਚੋਣ ਹੱਕ ਦਾ ਇਸਤੇਮਾਲ ਕੀਤਾ ਸੀ। ਸਾਲ 2021 ਦੀ ਗੁਰੂਦੁਆਰਾ ਚੋਣਾਂ ‘ਚ 7 ਪਾਰਟੀਆਂ ਨੂੰ ਰਾਖਵੇਂ ਚੋਣ ਨਿਸ਼ਾਨ ਦਿੱਤੇ ਗਏ ਸਨ ਹਾਲਾਂਕਿ ਇਕ ਪਾਰਟੀ ਨੇ ਆਪਣਾ ਕੋਈ ਉਮੀਦਵਾਰ ਚੋਣ ਮੈਦਾਨ ‘ਚ ਨਹੀ ਉਤਾਰਿਆ ਸੀ, ਜਦਕਿ 22 ਚੋਣ ਨਿਸ਼ਾਨ ਆਜਾਦ ਉਮੀਦਵਾਰਾਂ ਲਈ ਰਖੇ ਗਏ ਸਨ। ਇਸ ਪ੍ਰਕਾਰ ਕੁਲ 312 ਉਮੀਦਵਾਰ ਚੋਣ ਮੈਦਾਨ ‘ਚ ਸਨ ਜਿਨ੍ਹਾਂ ‘ਚ 180 ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਅਤੇ 132 ਆਜਾਦ ਉਮੀਦਵਾਰ ਸ਼ਾਮਿਲ ਸਨ।