ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੂਰੀ ਦੁਨੀਆਂ ਵਿੱਚ ਵੱਸਦੇ ਸਿੱਖਾਂ ਦੀ ਆਵਾਜ਼ ਹੈ । ਜਦੋਂ ਵੀ ਕਿਤੇ ਸਿੱਖ ਹੱਕਾਂ ਦੇ ਡਾਕਾ ਵੱਜਦਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸਿੱਖਾਂ ਦੀ ਆਵਾਜ਼ ਬਣਿਆ ਹੈ । ਭਾਰਤ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨੁਮਾਇੰਦਾ ਸਿਆਸੀ ਜਮਾਤ ਹੈ ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਬਤੌਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਆਪਣੀ ਜਿੰਮੇਵਾਰੀ ਸਮਝਦੇ ਹੋਏ ਅੱਜ ਇਕ ਵਫ਼ਦ ਸਮੇਤ ਉਤਰਾਖੰਡ ਦੇ ਮੁੱਖ ਮੰਤਰੀ ਸ੍ਰੀ ਪੁਸ਼ਕਰ ਸਿੰਘ ਧਾਮੀ ਨਾਲ ਮੁਲਕਾਤ ਕਰਕੇ ਗੁਰੂ ਨਾਨਕ ਪਾਤਸ਼ਾਹ ਨਾਲ ਸੰਬੰਧਿਤ ਇਤਿਹਾਸਕ ਅਸਥਾਨ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਜਿਸਨੂੰ 1984 ਵਿੱਚ ਭੀੜ ਵੱਲੋਂ ਢਾਹ ਦਿੱਤਾ ਗਿਆ ਸੀ ਉਸ ਅਸਥਾਨ ਨੂੰ ਮੁੜ ਕਾਇਮ ਕਰਨ ਅਤੇ ਬਾਜ਼ਪੁਰ ਦੇ ਇਲਾਕੇ ਜਿੱਥੇ ਵੱਡੀ ਗਿਣਤੀ ਵਿੱਚ ਸਿੱਖ ਕਿਸਾਨ ਆਬਾਦ ਹਨ ਜਿੰਨਾਂ ਨੇ ਆਪਣੀ ਹੱਡ ਭੰਨਵੀਂ ਮਿਹਨਤ ਦੇ ਨਾਲ ਇਸ ਇਲਾਕੇ ਨੂੰ ਵਾਹੀਯੋਗ ਬਣਾਇਆ ਤੇ ਰਿਕਾਰਡ ਪੈਦਾਵਰ ਕੀਤੀ ਉਹਨਾਂ ਨਾਲ ਹੋ ਰਹੀਆਂ ਵਧੀਕੀਆਂ ਬਾਰੇ ਜਾਣੂ ਕਰਵਾਇਆ ਤੇ ਇਹਨਾਂ ਮਸਲਿਆਂ ਦੇ ਹੱਲ ਬਾਰੇ ਮੁੱਖ ਮੰਤਰੀ ਉਤਰਾਖੰਡ ਨੂੰ ਬਣਦੀ ਭੂਮਿਕਾ ਨਿਭਾਉਣ ਬਾਰੇ ਅਪੀਲ ਕੀਤੀ । ਇਸ ਮੌਕੇ ਸ੍ਰੀ ਪੁਸ਼ਕਰ ਸਿੰਘ ਧਾਮੀ ਨੇ ਉਹਨਾਂ ਨੂੰ ਸੰਬੰਧਿਤ ਮਸਲਿਆਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ । ਇਹ ਬਹੁਤ ਹੀ ਚੰਗਾ ਉਪਰਾਲਾ ਹੈ ਤੇ ਸ. ਸੁਖਬੀਰ ਸਿੰਘ ਬਾਦਲ ਇਸ ਦੇ ਲਈ ਵਧਾਈ ਦੇ ਪਾਤਰ ਵੀ ਹਨ ਤੇ ਸ਼੍ਰੋਮਣੀ ਅਕਾਲੀ ਦਲ ਦੀ ਵਿਰਾਸਤ ਤੇ ਪਹਿਰਾ ਵੀ ਦੇ ਰਹੇ ਹਨ । ਇਸ ਲਈ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਸਾਰੇ ਇਕਜੁਟ ਹੋ ਕੇ ਅਕਾਲੀ ਦਲ ਨੂੰ ਹੋਰ ਜ਼ਿਆਦਾ ਮਜ਼ਬੂਤ ਕਰੀਏ ਤਾਂ ਜੋ ਸਿੱਖ ਹੱਕਾਂ ਦੀ ਆਵਾਜ਼ ਨੂੰ ਨਾ ਸਿਰਫ ਉਠਾਇਆ ਜਾ ਸਕੇ ਸਗੋਂ ਇਹਨਾਂ ਦੇ ਢੁਕਵੇਂ ਹੱਲ ਵੀ ਕੀਤੇ ਜਾ ਸਕਣ । ਇਸ ਮੌਕੇ ਸ ਸੁਖਬੀਰ ਸਿੰਘ ਬਾਦਲ ਨਾਲ ਇਸ ਵਫ਼ਦ ਵਿੱਚ ਸ ਪ੍ਰੇਮ ਸਿੰਘ ਚੰਦੂਮਾਜਰਾ,ਸ ਬਲਵਿੰਦਰ ਸਿੰਘ ਭੂੰਦੜ ਤੇ ਹੋਰ ਅਕਾਲੀ ਆਗੂ ਹਾਜ਼ਰ ਸਨ।