ਸੂਬੇ ਦੀ ਕਚਹਿਰੀ ਅੱਜ ਲੱਗਾ ਹੋਇਆ ਮੇਲਾ ਏ।
ਬੇਈਮਾਨ ਕਾਜ਼ੀ ਨਾਲ ਸੁੱਚਾ ਨੰਦ ਚੇਲਾ ਏ।
ਸੋਚਦੇ ਨੇ ਬੱਚਿਆਂ ਨੂੰ ਅੱਜ ਤਾਂ ਝੁਕਾਵਾਂਗੇ,
ਆਉਂਦਿਆਂ ਹੀ ਛੋਟੀ ਜਿਹੀ ਬਾਰੀ ‘ਚੋਂ ਲੰਘਾਵਾਂਗੇ।
ਲੰਘਦਿਆਂ ਟੁੱਟ ਜਾਣਾ ਸਾਰਾ ਹੀ ਗਰੂਰ ਆ।
ਅੱਜ ਉਹਨਾਂ ਈਨ ਸਾਡੀ ਮੰਨਣੀ ਜਰੂਰ ਆ।
ਉਤੋਂ ਉਤੋਂ ਖੁਸ਼ ਹੋ ਕੇ ਗੱਲਾਂ ਕਰੀ ਜਾਂਦੇ ਨੇ,
ਵਿੱਚੋਂ ਵਿਚੀਂ ਮਨਾਂ ਵਿੱਚ ਸਾਰੇ ਡਰੀ ਜਾਂਦੇ ਨੇ।
ਦੂਜੇ ਪਾਸੇ ਪੋਤਿਆਂ ਨੂੰ ਦਾਦੀ ਹੈ ਸਜਾ ਰਹੀ,
ਸਿੱਖੀ ਵਾਲਾ ਪਾਠ ਅੱਜ ਘੋਟ ਕੇ ਪਿਲਾ ਰਹੀ।
‘ਦਾਦਾ ਜੀ ਨੇ ਜਾ ਕੇ ਸੀਸ ਦਿੱਲੀ ਕਟਵਾਇਆ ਏ,
ਪੜ੍ਹਦਾਦੇ ਬੂਟਾ ਇਹ ਸ਼ਹਾਦਤਾਂ ਦਾ ਲਾਇਆ ਏ।
ਵੱਡਿਆਂ ਦੀ ਪੱਗ ਤਾਈਂ ਦਾਗ਼ ਤੁਸੀਂ ਲਾਉਣਾ ਨਹੀਂ,
ਪਾਪੀਆਂ ਦੇ ਅੱਗੇ ਕਦੇ ਸੀਸ ਨੂੰ ਝੁਕਾਉਣਾ ਨਹੀਂ!’
ਬਾਰੀ ਵੇਖ- ਵੱਡਾ ਸਮਝਾਏ ਛੋਟੇ ਵੀਰ ਨੂੰ,
‘ਜੁੱਤੀ ਹੈ ਵਿਖਾਉਣੀ ਸਰਹੰਦ ਦੇ ਵਜ਼ੀਰ ਨੂੰ!’
ਝੁਕੇ ਨਹੀਂ, ਪਹਿਲਾਂ ਸੱਜਾ ਪੈਰ ਅੱਗੇ ਕੱਢਿਆ,
ਦੁਸ਼ਟਾਂ ਦੀ ਚਾਲ ਵਾਲਾ ਫਸਤਾ ਹੀ ਵੱਢਿਆ।
‘ਬੋਲੇ ਸੋ ਨਿਹਾਲ’ ਦੇ ਜੈਕਾਰੇ ਨਾਲ ਛੱਡ ਦਿੱਤੇ,
ਪਾਪੀਆਂ ਦੇ ਦਿਲਾਂ ਵਾਲੇ ਵਹਿਮ ਸਾਰੇ ਕੱਢ ਦਿੱਤੇ।
ਕਾਜ਼ੀ ਤੇ ਨਵਾਬ ਤਾਂ ਹੈਰਾਨ ਹੋਈ ਜਾਂਦੇ ਆ,
ਮੁੜ ਮੁੜ ਬੱਚਿਆਂ ਨੂੰ ਫੇਰ ਸਮਝਾਂਦੇ ਆ।
ਸੁੱਚੇ ਨੰਦ ਆਖਿਆ- ‘ਸਲਾਮ ਕਰੋ ਸੂਬੇ ਨੂੰ’
ਦੇਣਾ ਅੰਜਾਮ ਚਾਹੇ ਆਪਣੇ ਮਨਸੂਬੇ ਨੂੰ।
‘ਕਰਤੇ ਪੁਰਖ ਅੱਗੇ ਸੀਸ ਨਿਵਾਇਆ ਏ,
ਜ਼ਾਲਿਮਾਂ ਦੇ ਅੱਗੇ ਇਹਨੂੰ ਕਦੇ ਨਾ ਝੁਕਾਇਆ ਏ!’
ਸੂਝ ਬੂਝ ਤੱਕ ਕੇ, ਵਜ਼ੀਦਾ ਹੋਇਆ ਦੰਗ ਏ,
‘ਡਰ ਖੌਫ਼ ਮੰਨਦੇ ਨਾ, ਮੌਤ ਤੋਂ ਨਿਸ਼ੰਗ ਇਹ।
ਹਾਰ ਹੰਭ, ਬੱਚਿਆਂ ਤੇ ਪਿਆਰ ਜਤਲਾਇਆ ਏ,
ਦੌਲਤਾਂ ਤੇ ਸ਼ੋਹਰਤਾਂ ਦਾ ਚੋਗਾ ਫਿਰ ਪਾਇਆ ਏ।
ਨਵੇਂ ਨਵੇਂ ਜਾਲ਼ ਕਈ ਲਾਲਾਂ ਲਈ ਵਿਛਾਉਣਗੇ,
ਗੁਜਰੀ ਦੇ ਲਾਲ ਭਲਾ ਲਾਲਚਾਂ ‘ਚ ਆਉਣਗੇ?
‘ਨਾਗ ਦੇ ਨੇ ਬੱਚੇ, ਭਰੇ ਹੋਏ ਨੇ ਹੰਕਾਰ ਦੇ,
ਤਾਹੀਉਂ ਹਰ ਗੱਲ ‘ਚ ਫੁੰਕਾਰੇ ਇਹੋ ਮਾਰਦੇ!’
ਪੁੱਛੋ ਭਲਾ- ‘ਛੱਡ ਦੇਈਏ, ਕਰੋ ਕੀ ਕਰਾਓਗੇ?
ਫੇਰ ਤੁਸੀਂ ਹੁਣ ਕਿਹੜੇ ਬਾਪ ਕੋਲ ਜਾਓਗੇ?’
‘ਬਾਪ ਤਾਂ ਤੁਹਾਡਾ ਗਿਆ ਜੰਗ ਵਿੱਚ ਮਾਰਿਆ,
ਵੱਡੇ ਸਾਮਰਾਜ ਤਾਈਂ, ਉਹਨੇ ਸੀ ਵੰਗਾਰਿਆ!’
ਬੱਚਿਆਂ ਜਵਾਬ ਦਿੱਤਾ-‘ਜੰਗਲਾਂ ‘ਚ ਜਾਵਾਂਗੇ,
ਸਿੰਘਾਂ ਨੂੰ ਇਕੱਠੇ ਕਰ ਜ਼ੁਲਮ ਮਿਟਾਵਾਂਗੇ!’
ਸੁੱਚਾ ਨੰਦ ਮੁੜ ਭੜਕਾਇਆ ਹੈ ਨਵਾਬ ਨੂੰ,
‘ਸੁਣ ਲਓ ਜੀ!’ ਉਸ ਨੇ ਸੁਣਾਇਆ ਹੈ ਨਵਾਬ ਨੂੰ।
ਨਵਾਬ ਕਿਹਾ-‘ਕਾਜ਼ੀ ਸਾਹਿਬ ਆਪ ਹੀ ਬਤਾਈਏ!
ਸ਼ਰ੍ਹਾ ਅਨੁਸਾਰ ਸਜ਼ਾ ਕੌਨ ਸੀ ਸੁਨਾਈਏ?
ਬੱਚਿਆਂ ਦੀ ਸਜ਼ਾ ਦਾ ਕਨੂੰਨ ਨਾ ਥਿਆਇਆ ਏ,
ਕਾਜ਼ੀ ਸਿਰ ਨਾਂਹ ਵਿੱਚ ਆਪਣਾ ਹਿਲਾਇਆ ਏ।
ਮਾਲੇਰਕੋਟਲਾ ਨਵਾਬ ਨੂੰ ਬੁਲਾਇਆ ਏ,
ਬਦਲਾ ਭਰਾ ਦਾ ਲੈਣ ਲਈ ਉਕਸਾਇਆ ਏ।
‘ਹਾਅ ਦਾ ਨਾਅਰਾ’ ਮਾਰ ਕੇ ਨਵਾਬ ਏਦਾਂ ਬੋਲਿਆ-
‘ਇਹਨਾਂ ਮਾਸੂਮਾਂ ਕਿਹੜਾ ਖੂਨ ਕੋਈ ਡੋਲਿ੍ਹਆ?’
‘ਬਦਲਾ ਪਿਤਾ ਦਾ ਬੱਚਿਆਂ ਤੋਂ ਨਹੀਉਂ ਲਈਦਾ,
ਜ਼ਿੰਦਗੀ ‘ਚ ਆਪਣੇ ਅਸੂਲਾਂ ਉਤੇ ਰਹੀਦਾ!’
ਤੀਜੇ ਦਿਨ, ਕਾਜ਼ੀ ਉਹਨਾਂ ਦੁਸ਼ਟਾਂ ਦਾ ਹੋ ਗਿਆ,
ਸੱਚ ਕੋਲੋਂ ਮੂੰਹ ਮੋੜ, ਝੂਠ ਨਾਲ ਖਲੋ ਗਿਆ।
ਚੱਲਿਆ ਨਾ ਜ਼ੋਰ ਜਦ ਕੋਈ ਭਰਮਾਉਣ ਦਾ,
ਫਤਵਾ ਸੁਣਾ ਦਿੱਤਾ, ਨੀਹਾਂ ‘ਚ ਚਿਨਾਉਣ ਦਾ!
ਬਾਲ ਨੇ ਮਾਸੂਮ ਭਾਵੇਂ, ਜਿੰਦਾਂ ਅਨਮੋਲ ਨੇ,
ਨੀਹਾਂ ਵਿੱਚ ਖੜੇ ਪਰ, ਬੜੇ ਹੀ ਅਡੋਲ ਨੇ।
‘ਮੰਨ ਲਓ ਈਨ’ ਵਾਰ ਵਾਰ ਕਿਹਾ ਬਾਲਾਂ ਨੂੰ,
ਕੰਬ ਗਏ ਜਲਾਦ, ਤੱਕ ਚਿਹਰੇ ਦੇ ਜਲਾਲਾਂ ਨੂੰ।
ਵੱਡਾ ਸਾਕਾ ਕਰ ਦਿਖਲਾਇਆ ਉਹਨਾਂ ਜੱਗ ਨੂੰ,
ਲੱਗਣ ਨਾ ਦਿੱਤਾ ਦਾਗ਼ ਦਾਦੇ ਵਾਲੀ ਪੱਗ ਨੂੰ।
ਅੱਜ ਵੀ ਸਰਹੰਦ ਵਿਚੋਂ ਲਾਲ ਪਏ ਨੇ ਬੋਲਦੇ,
ਸਿੱਖੀ ਵਾਲੀ ਸਿੱਖਿਆ ਨੂੰ ਸਾਡੇ ਵਿੱਚੋਂ ਟੋਲ੍ਹਦੇ।
‘ਦੀਸ਼’ ਦੀ ਕਲਮ ਅਜੇ ਬਹੁਤ ਹੀ ਨਿਆਣੀ ਏ।
ਸਿੱਖ ਇਤਿਹਾਸ ਦੀ ਤਾਂ ਅਜਬ ਕਹਾਣੀ ਏ।