‘ਵਾਪਸੀ ਟਿਕਟ’ ਬਿੰਦਰ ਸਿੰਘ ਖੁੱਡੀ ਕਲਾਂ ਦਾ ਦੂਜਾ ਕਹਾਣੀ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸਦਾ ਮਿੰਨਂੀ ਕਹਾਣੀ ਸੰਗ੍ਰਹਿ ‘ਕੋਸੀ ਕੋਸੀ ਧੁੱਪ’ ਪ੍ਰਕਾਸ਼ਤ ਹੋਇਆ ਸੀ। ‘ਵਾਪਸੀ ਟਿਕਟ’ ਕਹਾਣੀ ਸੰਗ੍ਰਹਿ ਵਿੱਚ 16 ਕਹਾਣੀਆਂ ਹਨ। ਇਨ੍ਹਾਂ ਕਹਾਣੀਆਂ ਦੀ ਸ਼ਬਦਾਵਲੀ ਠੇਠ ਮਲਵਈ ਹੈ। ਕਹਾਣੀਆਂ ਵਾਰਤਾਲਾਪ ਸ਼ੈਲੀ ਵਿੱਚ ਲਿਖੀਆਂ ਗਈਆਂ ਹਨ। ਕਹਾਣੀਆਂ ਦੇ ਵਿਸ਼ੇ ਰੋਜ਼ ਮਰਰ੍ਹਾ ਦੀ ਸ਼ਹਿਰੀ ਤੇ ਦਿਹਾਤੀ ਜ਼ਿੰਦਗੀ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਅਤੇ ਉਨ੍ਹਾਂ ਦੀਆਂ ਪ੍ਰਤੀਕਿ੍ਰਆਵਾਂ ਹਨ। ਭਾਵ ਉਨ੍ਹਾਂ ਦੀਆਂ ਕਹਾਣੀਆਂ ਦੀ ਇਹ ਪੁਸਤਕ ਸਮਜਿਕ ਸਰੋਕਾਰਾਂ ਨਾਲ ਸੰਬੰਧਤ ਹੈ। ਸਾਰੀਆਂ ਕਹਾਣੀਆਂ ਵਿੱਚ ਦਿਲਚਸਪੀ ਵੀ ਬਰਕਰਾਰ ਰਹਿੰਦੀ ਹੈ, ਇਹ ਜਾਨਣ ਲਈ ਕਿ ਅੱਗੇ ਕੀ ਹੋਵੇਗਾ? ਸਮਾਜਿਕ ਪ੍ਰਣਾਲੀ ਵਿੱਚ ਜੋ ਵਾਪਰ ਰਿਹਾ ਹੈ, ਕਹਾਣੀਕਾਰ ਨੂੰ ਉਹ ਪ੍ਰਭਾਵਤ ਕਰ ਰਿਹਾ ਹੈ। ਬਿੰਦਰ ਸਿੰਘ ਖੁੱਡੀ ਕਲਾਂ ਨੂੰ ਯਥਾਰਥਵਾਦੀ ਕਹਾਣੀਕਾਰ ਵੀ ਕਿਹਾ ਜਾ ਸਕਦਾ ਹੈ। ਉਸ ਦੀਆਂ ਕਹਾਣੀਆਂ ਸਮਾਜਿਕ ਜੀਵਨ ਵਿੱਚ ਆ ਰਹੀ ਗਿਰਾਵਟ ਦੀ ਤ੍ਰਾਸਦੀ ਦਾ ਜ਼ਿਕਰ ਵੀ ਕਰਦੀਆਂ ਹਨ। ਸਮਾਜਿਕ ਤਾਣੇ ਬਾਣੇ ਵਿੱਚ ਲੋਭ, ਲਾਲਚ, ਫਰੇਬ, ਨਸ਼ੇ, ਗ਼ਰੀਬੀ, ਇਸਤਰੀਆਂ ਦੀ ਦੁਰਦਸ਼ਾ ਅਤੇ ਰਿਸ਼ਤਿਆਂ ਵਿੱਚ ਆ ਰਹੀ ਗਿਰਾਵਟ ਆਦਿ ਨੂੰ ਵਿਸ਼ੇ ਬਣਾਇਆ ਗਿਆ ਹੈ। ਕਹਾਣੀਆਂ ਵਿੱਚ ਦਿਹਾਤੀ ਅਤੇ ਸ਼ਹਿਰੀ ਜੀਵਨ ਦੇ ਅੰਤਰ ਦਾ ਪ੍ਰਗਟਾਵਾ ਵੀ ਕੀਤਾ ਹੋਇਆ ਹੈ। ਇਸ ਕਹਾਣੀ ਸੰਗ੍ਰਹਿ ਦੀਆਂ ਕਹਾਣੀਆਂ ਮੁੱਖ ਤੌਰ ‘ਤੇ ਇਸਤਰੀ ਜਾਤੀ ਦੀ ਤ੍ਰਾਸਦੀ ਅਤੇ ਸਫਲਤਾ ਨਾਲ ਸੰਬੰਧਤ ਹਨ। ਇਸਤਰੀਆਂ ਨਾਲ ਸਮਾਜ ਵਿੱਚ ਹੋ ਰਹੇ ਵਿਤਕਰੇ ਅਤੇ ਜ਼ਿਆਦਤੀਆਂ ਬਾਰੇ ਦਿ੍ਰਸ਼ਟਾਂਤਿਕ ਰੂਪ ਵਿੱਚ ਦਰਸਾਇਆ ਗਿਆ ਹੈ। ਕਹਾਣੀਕਾਰ ਨੇ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਔਰਤ ਹੀ ਔਰਤ ਦੀ ਸਿੱਧੇ ਜਾਂ ਅਸਿੱਧੇ ਤੌਰ ‘ਤੇ ਕਿਸ ਪ੍ਰਕਾਰ ਦੁਸ਼ਮਣ ਬਣਦੀ ਹੈ। ਕਹਾਣੀ ਸੰਗ੍ਰਹਿ ਦੀਆਂ 7 ਕਹਾਣੀਆਂ, ਮੇਰੇ ਹਿੱਸੇ ਦਾ ਇਨਸਾਫ਼, ਡਰਪੋਕ, ਮੋਹ, ਸਪੀਡ ਬਰੇਕਰ, ਤਾਜ, ਕਸੂਰਵਾਰ ਅਤੇ ਇੱਜ਼ਤ ਕਹਾਣੀਆਂ ਵਿੱਚ ਇਸਤਰੀਆਂ ਵੱਲੋਂ ਕੀਤੀਆਂ ਜਾਂਦੀਆਂ ਆਤਮਹੱਤਿਆਵਾਂ, ਸਮਾਜ ਵੱਲੋਂ ਲੜਕੀਆਂ ਦੇ ਪੈਦਾ ਹੋਣ ਨੂੰ ਸਰਾਪ ਸਮਝਿਆ ਜਾਣਾ, ਵਿਆਹਾਂ ਦੇ ਬੇਮੁਹਾਰੇ ਖ਼ਰਚੇ, ਔਰਤ ਨੂੰ ਮਰਦ ਤੋਂ ਨੀਵਾਂ ਸਮਝਣਾ, ਔਰਤ ਦੀ ਲਿਆਕਤ ਦੀ ਕਦਰ ਨਾ ਕਰਨੀ, ਔਰਤ ਨੂੰ ਅਬਲਾ ਕਹਿਣ ਅਤੇ ਔਰਤ ਦੀ ਅਣਖ਼ ਨੂੰ ਚੁਣੌਤੀ ਦੇਣ ਆਦਿ ਬਾਰੇ ਹਨ। ਸਪੀਡ ਬਰੇਕਰ ਕਹਾਣੀ ਵਿੱਚ ਪਿੰਡਾਂ ਅਤੇ ਸ਼ਹਿਰਾਂ ਦੇ ਵਿਦਿਆਰਥੀਆਂ ਦੇ ਮਨੋਬਲ ਵਿਚਲੇ ਅੰਤਰ ਨੂੰ ਦਰਸਾਇਆ ਗਿਆ ਹੈ ਕਿ ਲਿਆਕਤ ਕਿਸੇ ਵੀ ਦਿਹਾਤੀ ਅਤੇ ਸ਼ਹਿਰੀ ਇਨਸਾਨ ਵਿੱਚ ਘੱਟ ਵੱਧ ਨਹੀਂ ਹੁੰਦੀ ਪ੍ਰੰਤੂ ਉਸ ਦੀ ਵਰਤੋਂ ਕਿਵੇਂ ਤੇ ਕਿਸ ਸਮਂੇ ਕਰਨਾ ਹੈ, ‘ਤੇ ਨਿਰਭਰ ਕਰਦਾ ਹੈ। ਪਿੰਡਾਂ ਦੇ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ਼ ਦੀ ਪ੍ਰਵਿਰਤੀ ਦੀ ਘਾਟ ਹੁੰਦੀ ਹੈ, ਹਾਲਾਂਕਿ ਉਹ ਵੀ ਸ਼ਹਿਰੀ ਸ਼ਹਿਰੀਆਂ ਵਰਗੇ ਹੀ ਰੌਸ਼ਨ ਦਿਮਾਗ ਹੁੰਦੇ ਹਨ। ਪਿੰਡਾਂ ਵਿੱਚ ਲੜਕੀਆਂ ਨੂੰ ਬਹੁਤੀ ਆਜ਼ਾਦੀ ਨਹੀਂ ਹੁੰਦੀ, ਇਸ ਲਈ ਉਨ੍ਹਾਂ ਤੇ ਲਗਾਈਆਂ ਬੰਦਸ਼ਾਂ ਹੀ ਉਨ੍ਹਾਂ ਦੇ ਰਾਹ ਦਾ ਰੋੜਾ ਬਣਦੀਆਂ ਹਨ। ਆਤਮ ਵਿਸ਼ਵਾਸ਼ ਦੀ ਘਾਟ ਕਈ ਵਾਰ ਸਪੀਡ ਬਰੇਕਰ ਦਾ ਕੰਮ ਕਰਦੀ ਹੈ। ਸਪੀਡ ਬਰੇਕਰ ਕਹਾਣੀ ਸਿੰਬਾਲਿਕ ਹੈ, ਸਪੀਡ ਬਰੇਕਰਾਂ ਤੋਂ ਘਬਰਾਉਣਾ ਨਹੀਂ ਚਾਹੀਦਾ, ਸਗੋਂ ਉਹ ਤਾਂ ਹਿੰਮਤ ਦਿੰਦੇ ਹਨ। ਲੜਕੀਆਂ ਵਿੱਚ ਉਨ੍ਹਾਂ ਨੂੰ ਸਹਿਜਤਾ ਨਾਲ ਪਾਰ ਕਰਨ ਦੀ ਹਿੰਮਤ ਹੋਣੀ ਚਾਹੀਦੀ ਹੈ। ਚੁਣੌਤੀਆਂ ਲੜਕੀਆਂ ਨੂੰ ਸਫਲਤਾ ਪ੍ਰਾਪਤ ਕਰਨ ਵਿੱਚ ਸਹਾਈ ਹੋ ਸਕਦੀਆਂ ਹਨ। ਚੁਣੌਤੀ ਤੋਂ ਘਬਰਾਉਣਾ ਬਿਲਕੁਲ ਨਹੀਂ ਚਾਹੀਦਾ। ‘ਮਾਂ ਦਾ ਝੋਲਾ’ ਕਹਾਣੀ ਔਰਤ ਦੀ ਲਾਲਚੀ ਪ੍ਰਵਿਰਤੀ ਦਾ ਪ੍ਰਗਟਾਵਾ ਕਰਦੀ ਹੈ। ਜਦੋਂ ਔਰਤ ਵਿਆਹੀ ਜਾਂਦੀ ਹੈ ਤਾਂ ਉਸ ਨੂੰ ਆਪਣੇ ਪੇਕਿਆਂ ਦੇ ਪਰਿਵਾਰ ਵਿੱਚ ਦਖ਼ਲਅੰਦਾਜ਼ੀ ਨਹੀਂ ਕਰਨੀ ਚਾਹੀਦੀ, ਜਦੋਂ ਉਹ ਕਿਸੇ ਦੇ ਘਰ ਵਿੱਚ ਦਖ਼ਲ ਦਿੰਦੀ ਹੈ ਤਾਂ ਪਰਿਵਾਰਿਕ ਰਿਸ਼ਤੇ ਵਿਗੜਦੇ ਹਨ। ‘ਤਾਜ’ ਕਹਾਣੀ ਲੜਕੀਆਂ ਦੇ ਆਤਮ ਵਿਸ਼ਵਾਸ਼ ਦੀ ਪ੍ਰਤੀਕ ਬਣਦੀ ਹੈ, ਜਦੋਂ ਸਿਮਰਨ ਦਾ ਪਿਤਾ ਲੜਕੀਆਂ ਨੂੰ ਆਪਣੇ ਤੇ ਬੋਝ ਸਮਝਦਾ ਹੈ ਤਾਂ ਅਧਿਆਪਿਕਾ ਉਸ ਦੀ ਲੜਕੀ ਸਿਮਰਨ ਨੂੰ ਤਾਜ ਕਹਿੰਦੀ ਹੈ। ਸਿਮਰਨ ਆਪਣੇ ਪਿਤਾ ਨੂੰ ਪਰਵਾਸ ਵਿੱਚ ਪੜ੍ਹਾਈ ਕਰਨ ਲਈ ਜਾਣ ਵਾਸਤੇ ਕਿਸੇ ਲੜਕੇ ਦੀ ਡੰਗੋਰੀ ਦਾ ਸਹਾਰਾ ਲੈਣ ਤੋਂ ਮਨ੍ਹਾਂ ਕਰਦੀ ਹੈ। ਇਥੇ ਹੀ ਬਸ ਨਹੀਂ ਸਗੋਂ ਆਪਣੀ ਲਿਆਕਤ ਤੇ ਮਿਹਨਤ ਕਰਕੇ ਆਪਣੀਆਂ ਦੂਜੀਆਂ ਭੈਣਾਂ ਨੂੰ ਪਰਵਾਸ ਭੇਜਣ ਵਾਸਤੇ ਲਏ ਕਰਜ਼ੇ ਨੂੰ ਵੀ ਵਾਪਸ ਕਰਨ ਦੀ ਜ਼ਿੰਮੇਵਾਰੀ ਖੁਦ ਲੈਂਦੀ ਹੈ। ‘ਕਸੂਰਵਾਰ’ ਕਹਾਣੀ ਵਿੱਚ ਗ਼ਰੀਬੀ, ਨਸ਼ਾ, ਮਤਰੇਏ ਬਾਪ ਵੱਲੋਂ ਲੜਕੀ ਤੇ ਖ਼ਰਾਬ ਨਿਗਾਹ ਰੱਖਣਾ ਰਿਸ਼ਤਿਆਂ ਦੀ ਗਿਰਾਵਟ ਦੀ ਤਸਦੀਕ ਕਰਦੀ ਹੈ। ਇਸੇ ਤਰ੍ਹਾਂ ‘ਇੱਜ਼ਤ’ ਕਹਾਣੀ ਕਿਸਾਨ ਅਤੇ ਸਾਂਝੀ/ਮਜ਼ਦੂਰ ਦੇ ਆਪਸੀ ਸੰਬੰਧਾਂ ਅਤੇ ਵੱਡੇ ਘਰਾਂ ਦੇ ਕਾਕਿਆਂ ਵੱਲੋਂ ਗ਼ਰੀਬਾਂ ਦੀਆਂ ਲੜਕੀਆਂ ਦੀ ਇੱਜ਼ਤ ਨਾਲ ਖਿਲਵਾੜ ਕਰਨ ਦਾ ਪਰਦਾ ਫਾਸ਼ ਕਰਦੀ ਹੈ। ‘ਮੈਂ ਚੋਰ ਨਹੀਂ’ ਕਹਾਣੀ ਵੀ ਗ਼ਰੀਬਾਂ ਦੇ ਦਰਦ ਦੀ ਦਾਸਤਾਂ ਹੈ। ਸਰਕਾਰ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮੁਫ਼ਤ ਖਾਣਾ ਦਿੰਦੀ ਹੈ ਪ੍ਰੰਤੂ ਗ਼ਰੀਬਾਂ ਦੇ ਘਰ ਰੋਟੀ ਦਾ ਜੁਗਾੜ ਨਹੀਂ ਕਰ ਸਕਦੀ। ਸਗੋਂ ਉਨ੍ਹਾਂ ਦੇ ਆਤਮ ਨਿਰਭਰ ਹੋਣ ਦੇ ਰਸਤੇ ਵਿੱਚ ਰੋੜੇ ਅਟਕਾਉਂਦੀ ਹੈ। ‘ਚੀਕ’ ਕਹਾਣੀ ਪਿੰਡਾਂ ਵਿੱਚ ਹਾਈਵੇ ਬਣਨ ਦੇ ਰਾਹ ਵਿੱਚ ਕੁਝ ਕਿਸਾਨਾ ਵੱਲੋਂ ਰੁਕਾਵਟ ਬਣਦੇ ਹੋਏ, ਉਹ ਕਿਸਾਨ ਸਰਕਾਰ ਵੱਲੋਂ ਹਾਈਵੇ ਬਣਾਉਣ ਨੂੰ ਕਾਰਪੋਰੇਟ ਘਰਾਣਿਆਂ ਦੀ ਮਦਦ ਕਰਨਾ ਕਹਿੰਦੇ ਹਨ। ਪ੍ਰੰਤੂ ਸਰਕਾਰ ਆਪਣੇ ਹੱਥ ਕੰਡੇ ਵਰਤਕੇ ਕਿਸਾਨਾ ਦੀ ਮਜ਼ਬੂਰੀ ਦਾ ਲਾਭ ਉਠਾਉਂਦੀ ਹੈ। ਕਿਸਾਨ ਆਪਣੀ ਆਰਥਿਕ ਮਜ਼ਬੂਰੀ ਕਰਕੇ ਬੇਬਸ ਹੋ ਜਾਂਦੇ ਹਨ। ਪੁਸਤਕ ਦੇ ਸਿਰਲੇਖ ਵਾਲੀ ਕਹਾਣੀ ‘ਵਾਪਸੀ ਟਿਕਟ’ ਪੰਜਾਬ ਦੇ ਨੌਜਵਾਨਾ ਦੇ ਪਰਵਾਸ ਵਿੱਚ ਜਾ ਕੇ ਵਸ ਜਾਣ ਕਾਰਨ ਮਾਪਿਆਂ ਵੱਲੋਂ ਪਰਵਾਸ ਦੀ ਥਾਂ ਆਪਣੀ ਜਨਮ ਭੂਮੀ ਦੇ ਮੋਹ ਦਾ ਪ੍ਰਗਟਾਵਾ ਕਰਦੀ ਹੈ। ਬਜ਼ੁਰਗਾਂ ਨੂੰ ਪਰਵਾਸ ਦੀ ਜ਼ਿੰਦਗੀ ਰਾਸ ਨਹੀਂ ਆਉਂਦੀ ਕਿਉਂਕਿ ਉਹ ਆਪਣੀ ਜ਼ਮੀਨ ਜਾਇਦਾਦ ਅਤੇ ਵਿਰਾਸਤ ਨਾਲੋਂ ਟੁੱਟਣਾ ਨਹੀਂ ਚਾਹੁੰਦੇ। ‘ਝੂਟਾ’ ਕਹਾਣੀ ਨੌਜਵਾਨਾ ਵੱਲੋਂ ਪੜ੍ਹਾਈ ਨਾ ਕਰਨ ਦੀ ਤ੍ਰਾਸਦੀ ਦਰਸਾਉਂਦੀ ਹੈ, ਜਦੋਂ ਨਿੱਕਾ ਕਰਮ ਸਿੰਘ ਦੀ ਕਾਰ ਵਿੱਚ ਬੈਠਣਾ ਲੋਚਦਾ ਹੈ। ਜੇਕਰ ਉਹ ਪੜ੍ਹ ਲੈਂਦਾ ਤਾਂ ਉਹ ਵੀ ਕਾਰ ਦੇ ਝੂਟੇ ਲੈ ਸਕਦਾ ਸੀ। ‘ਨਾਸੂਰ’ ਕਹਾਣੀ ਪੰਜਾਬ ਦੇ ਮਾੜੇ ਦਿਨਾ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਨਿਰਦੋਸ਼ ਨੌਜਵਾਨਾ ਨੂੰ ਮਾਰਨ ਦਾ ਪਰਦਾ ਫਾਸ਼ ਕਰਦੀ ਹੈ। ਕਹਾਣੀ ਵਿੱਚ ਪੁਲਿਸ ਦੀ ਬੋਲੀ ਅਤੇ ਉਨ੍ਹਾਂ ਦੇ ਕਿਰਦਾਰ ਬਾਰੇ ਜਾਣਕਾਰੀ ਦਿੰਦੀ ਹੈ। ‘ਦੁਖਦੀ ਰਗ’ ਕਹਾਣੀ ਦੇਸ਼ ਦੀ ਵੰਡ ਦੀ ਤ੍ਰਾਸਦੀ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੀ ਹੈ, ਜਦੋਂ ਇਨਸਾਨਾਂ ਦਾ ਕਤਲੇਆਮ ਹੋਇਆ ਅਤੇ ਔਰਤਾਂ ਨਾਲ ਬਲਾਤਕਾਰ ਹੋਏ। ਇਸ ਕਹਾਣੀ ਵਿੱਚ ਚਾਚੀ ਕਰਤਾਰੋ ਭਾਈਚਾਰਕ ਸਾਂਝ ਦਾ ਨਮੂਨਾ ਹੈ। ‘ਪ੍ਰਾਹੁਣੇ’ ਕਹਾਣੀ ਪ੍ਰਵਾਸ ਵਿੱਚ ਵਸੇ ਲੜਕੇ ਅਤੇ ਲੜਕੀਆਂ ਦੇ ਪੰਜਾਬ ਗੇੜੀ ਮਾਰਨ ਨੂੰ ਪ੍ਰਾਹੁਣਾ ਹੀ ਦਰਸਾਇਆ ਗਿਆ ਹੈ ਕਿਉਂਕਿ ਉਹ ਮੁੜਕੇ ਪੰਜਾਬ ਵਸਣਾ/ਆਉਣਾ ਨਹੀਂ ਚਾਹੁੰਦੇ। ‘ਉਦਾਸ ਕੋਠੀਆਂ’ ਕਹਾਣੀ ਵੀ ਪੰਜਾਬ ਵਿੱਚੋਂ ਪਰਵਾਸ ਦੇ ਨਾਮ ‘ਤੇ ਉਜਾੜਾ ਹੋਣ ਬਾਰੇ ਦੱਸਦੀ ਹੈ। ‘ਝੂਠਾ ਸੱਚ’ ਆਜ਼ਾਦੀ ਦੇ ਜਸ਼ਨਾ ਸਮੇਂ ਘਰਾਂ ‘ਤੇ ਤਿਰੰਗੇ ਝੰਡੇ ਝੁਲਾਉਣ ‘ਤੇ ਵਿਅੰਗ ਕਰਦੀ ਹੈ, ਜਦੋਂ ਗ਼ਰੀਬਾਂ ਦੇ ਤਾਂ ਅਜੇ ਘਰ ਹੀ ਨਹੀਂ ਬਣ ਸਕੇ। ਉਹ ਤਿਰੰਗੇ ਝੰਡੇ ਕਿਥੇ ਝੁਲਾਉਣਗੇ? ਆਜ਼ਾਦੀ ਦਾ ਉਨ੍ਹਾਂ ਨੂੰ ਕੋਈ ਲਾਭ ਨਹੀਂ ਹੋਇਆ। ਕਹਾਣੀਆਂ ਦੀ ਸ਼ਬਦਾਵਲੀ ਠੇਠ ਮਲਵਈ ਹੈ। ਉਦਾਹਰਣ ਲਈ ਚਿਕਣੀਆਂ-ਚੋਪੜੀਆਂ, ਭਰਿਆੜ, ਵਣਾਂ ਦੀ ਲੱਕੜ, ਖੇਖਣ, ਸਿੰਹੁ, ਟੁਕੜੇ, ਮੁੰਡੀਰ, ਗਿੜਗਿੜਾ, ਬੁੜ ਬੁੜ, ਜੈ ਖਾਣੀ, ਹਵਸ, ਸੋਹਲੀ, ਜੁਆਕ, ਨਿਆਣਾ ਅਤੇ ਵੇ ਫੋਟ ਆਦਿ ਸ਼ਬਦ ਵਰਤੇ ਗਏ ਹਨ। ‘ਵਾਪਸੀ ਟਿਕਟ’ ਕਹਾਣੀ ਸੰਗ੍ਰਹਿ ਪੜ੍ਹਨ ਤੋਂ ਬਾਅਦ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਬਿੰਦਰ ਸਿੰਘ ਖੁਡੀਕਲਾਂ ਤੋਂ ਭਵਿਖ ਵਿੱਚ ਹੋਰ ਵਧੀਆ ਕਹਾਣੀਆਂ ਲਿਖਣ ਦੀ ਉਮੀਦ ਕੀਤੀ ਜਾ ਸਕਦੀ ਹੈ।
200 ਰੁਪਏ ਕੀਮਤ, 96 ਪੰਨਿਆਂ ਅਤੇ ਰੰਗਦਾਰ ਸਰਵਰਕ ਵਾਲਾ ਇਹ ਕਹਾਣੀ ਸੰਗ੍ਰਹਿ ਪ੍ਰੀਤ ਪਬਲੀਕੇਸ਼ਨ ਨਾਭ ਨੇ ਪ੍ਰਕਾਸ਼ਤ ਕੀਤਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ