ਅੰਮ੍ਰਿਤਸਰ : ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਖੂਹ ਦੀ ਖੋਜ ਕਰਕੇ ਉਸ ’ਚ 157 ਵਰਿ੍ਹਆਂ ਤੋਂ ਦਫ਼ਨ ਭਾਰਤੀ ਸੈਨਿਕਾਂ ਦੀਆਂ ਪਿੰਜਰ ਬਣ ਚੁੱਕੀਆਂ ਲਾਸ਼ਾਂ ਨੂੰ ਬਾਹਰ ਕਢਵਾਉਣ ਵਾਲੇ ਇਤਿਹਾਸਕਾਰ ਤੇ ਖੋਜ-ਕਰਤਾ ਸੁਰਿੰਦਰ ਕੋਛੜ ਦੀ ਇਸ ਖੋਜ ਨੂੰ ਲਗਭਗ 9 ਸਾਲ ਬਾਅਦ ਦਿੱਲੀ ਸਥਿਤ ਲਾਲ ਕਿਲ੍ਹਾ ਵਿਚਲੇ ਅਜਾਇਬ ਘਰ ’ਚ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤਾ ਗਿਆ ਹੈ। ‘1857-ਅਜਨਾਲਾ ਨਰ ਸੰਹਾਰ’ ਪੁਸਤਕ ਦੇ ਲੇਖਕ ਕੋਛੜ ਨੇ ਦੱਸਿਆ ਕਿ ਸੰਨ 1857 ’ਚ ਲਾਹੌਰ ਦੀ ਮੀਆਂਮੀਰ ਛਾਉਣੀ ਤੋਂ ਭੱਜੇ ਤਕਰੀਬਨ 500 ਭਾਰਤੀ ਨਿਹੱਥੇ ਫ਼ੌਜੀਆਂ ’ਚੋਂ ਕੁਝ ਦੀ ਅੰਮ੍ਰਿਤਸਰ ਦੇ ਤਤਕਾਲੀ ਡਿਪਟੀ ਕਮਿਸ਼ਨਰ ਫਰੈਡਰਿਕ ਐੱਚ. ਕੂਪਰ ਦੇ ਹੁਕਮਾਂ ’ਤੇ ਦਰਿਆ ਰਾਵੀ ਦੇ ਕੰਡੇ ’ਤੇ ਹੱਤਿਆ ਕਰ ਦਿੱਤੀ ਗਈ, ਜਦਕਿ ਕੁਝ ਨੇ ਪਾਣੀ ’ਚ ਛਲਾਂਗਾ ਲਗਾ ਕੇ ਖ਼ੁਦ ਨੂੰ ਖ਼ਤਮ ਕਰ ਲਿਆ। ਪਿੰਡ ਡੱਡੀਆਂ ਦੀ ਬਾਲ ਘਾਟ ਤੋਂ ਹਿਰਾਸਤ ’ਚ ਲਏ ਗਏ ਬਾਕੀ ਬਚੇ ਸਿਪਾਹੀਆਂ ਨੂੰ ਤਹਿਸੀਲ ਅਜਨਾਲਾ ’ਚ ਬੇਰਹਿਮੀ ਨਾਲ ਕਤਲ ਕਰਕੇ ਅਤੇ ਕੁਝ ਸੈਨਿਕਾਂ ਨੂੰ ਜਿਉਂਦਾ ਖੂਹ ’ਚ ਸੁੱਟ ਕੇ ਖੂਹ ਨੂੰ ਹਮੇਸ਼ਾ ਲਈ ਬੰਦ ਕਰ ਦਿੱਤਾ ਗਿਆ। ਲਗਭਗ 10 ਵਰ੍ਹੇ ਤਕ ਉਕਤ ਖੂਹ ਦੀ ਖੋਜ ਕਰਨ ਬਾਅਦ ਉਨ੍ਹਾਂ ਨੇ 28 ਫਰਵਰੀ 2014 ਨੂੰ ਖੂਹ ’ਚ ਦਫ਼ਨ 282 ਭਾਰਤੀ ਸੈਨਿਕਾਂ ਦੇ ਪਿੰਜਰਾਂ ਨੂੰ ਆਪਣੀ ਖੋਜ ਦੇ ਆਧਾਰ ’ਤੇ ਖੂਹ ’ਚੋਂ ਬਾਹਰ ਕਢਾਉਣ ਵਿਚ ਸਫਲਤਾ ਹਾਸਲ ਕੀਤੀ। ਖੋਜ-ਕਰਤਾ ਸੁਰਿੰਦਰ ਕੋਛੜ ਨੇ ਕਿਹਾ ਕਿ ਅਜਨਾਲਾ ’ਚ ਸੰਨ 1972 ਤੋਂ ਗੁਰਦੁਆਰਾ ਸਥਾਪਿਤ ਕਰਕੇ ਮਨੁੱਖੀ ਲਾਸ਼ਾਂ ਨਾਲ ਭਰੇ ਖੂਹ ਦੇ ਬਿਲਕੁਲ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾ ਰਿਹਾ ਸੀ। ਇਸ ਦੌਰਾਨ ਗੁਰਦੁਆਰੇ ਨਾਲ ਸੰਬੰਧਿਤ ਕਈ ਕਮੇਟੀਆਂ ਹੋਂਦ ਵਿਚ ਆਈਆਂ ਪਰ ਖੂਹ ਦੇ ਉਪਰ ਪ੍ਰਕਾਸ਼ ਨਿਰੰਤਰ ਜਾਰੀ ਰਿਹਾ। ਜਿਸ ਕਾਰਨ ਉੱਥੇ ਲੰਬੇ ਸਮੇਂ ਸਿੱਖਾਂ ਦੀਆਂ ਧਾਰਮਿਕ ਮਰਿਆਦਾਵਾਂ ਅਤੇ ਭਾਵਨਾਵਾਂ ਦਾ ਘਾਣ ਹੋ ਰਿਹਾ ਸੀ।
ਖੂਹ ’ਚ ਦਫ਼ਨ ਫ਼ੌਜੀਆਂ ’ਚੋਂ ਇਕ ਦਾ ਪਰਿਵਾਰ ਆਇਆ ਸਾਹਮਣੇ : ਕੋਛੜ
ਇਤਿਹਾਸਕਾਰ ਕੋਛੜ ਨੇ ਦੱਸਿਆ ਕਿ ਕੈਨੇਡਾ ਦੇ ਟੋਰਾਂਟੋ ’ਚ ਰਹਿੰਦੇ ਇੰਜੀਨੀਅਰ ਸਮੀਰ ਪਾਂਡੇ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਪੁਰਖੇ ਅਤੇ ਹੋਰ ਲੋਕ ਸੰਨ 1857 ਤੋਂ ਬਾਅਦ ਡਮਟਹਾਰ (ਰਾਏਬਰੇਲੀ) ਤੋਂ ਭੱਜ ਕੇ ਤਾਮਿਲਨਾਡੂ ’ਚ ਕ੍ਰਿਸ਼ਨਾਗਿਰੀ ਦੇ ਸੰਤੁਰ ਨਾਮੀ ਪਿੰਡ ’ਚ ਜਾ ਕੇ ਵੱਸ ਗਏ ਸਨ। ਕੋਛੜ ਨੇ ਦੱਸਿਆ ਕਿ ਇੰਜੀਨੀਅਰ ਸਮੀਰ ਪਾਂਡੇ ਨੇ ਬਨਾਰਸ ਹਿੰਦੂ ਯੂਨੀਵਰਸਿਟੀ (ਬੀ. ਐੱਚ. ਯੂ.) ’ਚ ਜੀਵ ਵਿਗਿਆਨ ਵਿਭਾਗ ’ਚ ਪ੍ਰੋਫੈਸਰ ਗਿਆਨੇਸ਼ਵਰ ਚੌਬੇ ਨਾਲ ਫ਼ੋਨ ’ਤੇ ਸੰਪਰਕ ਕਰਕੇ ਦਾਅਵਾ ਕੀਤਾ ਹੈ ਕਿ ਉਸ ਦੇ ਪੁਰਖਿਆਂ ’ਚੋਂ ਕੁਝ ਲੋਕ ਸੰਨ 1857 ’ਚ ਅਜਨਾਲਾ ਵਿਖੇ ਕਤਲ ਕਰਕੇ ਖੂਹ ’ਚ ਦਫ਼ਨ ਕੀਤੇ ਗਏ ਸਨ। ਕੋਛੜ ਨੇ ਕਿਹਾ ਕਿ ਸਮੀਰ ਪਾਂਡੇ ਦੇ ਡੀ. ਐੱਨ. ਏ. ਮਿਲਾਣ ਤੋਂ ਬਾਅਦ ਹੀ ਇਹ ਸਾਫ਼ ਹੋ ਸਕੇਗਾ ਕਿ ਖੂਹ ’ਚੋਂ ਮਿਲੇ ਫ਼ੌਜੀਆਂ ਦੇ ਪਿੰਜਰਾਂ ’ਚੋਂ ਕੋਈ ਉਸ ਦਾ ਵੀ ਪੁਰਖਾ ਸੀ ਜਾਂ ਨਹੀਂ।