ਹਜੂਰ ਸਾਹਿਬ ਨਾਂਦੇੜ / ਅੰਮ੍ਰਿਤਸਰ – ਭਾਈ ਅੰਮ੍ਰਿਤਪਾਲ ਸਿੰਘ ਤੇ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜ ਤੱਖਤ ਸਾਹਿਬਾਨ ਤੇ ਅਰਦਾਸ ਸਮਾਗਮਾਂ ਦੀ ਲੜੀ ਸੱਚਖੰਡ ਸ਼੍ਰੀ ਹਜੂਰ ਸਾਹਿਬ ਨਾਂਦੇੜ ਵਿਖੇ ਸੰਪੰਨ ਹੋਈ। ਪੰਜਵੇਂ ਤੇ ਆਖਰੀ ਪੜਾਅ ਦੀ ਅਰਦਾਸ ਸਮਾਗਮ ਰੋਕਣ ਲਈ ਪਿਛਲੇ ਇਕ ਹਫਤੇ ਤੋ ਸਰਕਾਰ ਦੀ ਕੀਤੀ ਸਖਤੀ ਦੇ ਬਾਵਜੂਦ ਕਲਗੀਧਰ ਪਾਤਸ਼ਾਹ ਵਲੋਂ ਵਰਤਾਈ ਕਲਾ ਤੇ ਸੰਗਤਾਂ ਦੇ ਸਹਿਯੋਗ ਨਾਲ ਸਿਰੇ ਚੜੀ ॥ ਆਖਰੀ ਪੜਾਅ ਦੇ ਅਰਦਾਸ ਸਮਾਗਮ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਤੀ ਅਰਦਾਸ ਵਿੱਚ ਉਸ ਦੇ ਮਾਤਾ ਪਿਤਾ ਬਾਕੀ ਸੰਗਤਾਂ ਦੇ ਨਾਲ ਸ਼ਾਮਲ ਹੋ ਸਕੇ ।
ਇਸ ਸਬੰਧੀ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ ਇਸ ਅਰਦਾਸ ਸਮਾਗਮ ਨੂੰ ਰੋਕਣ ਲਈ ਪਹਿਲੇ ਦਿਨ ਤੋਂ ਹੀ ਉਥੋ ਦੀ ਪੁਲਿਸ ਫੋਰਸ ਦੇ ਵੱਡੇ ਵੱਡੇ ਅਫਸਰ ਆ ਕੇ ਬੈਠ ਗਏ ਅਤੇ ਦਬਾਅ ਬਣਾਉਣ ਲਗੇ ਕਿ ਇਹ ਸਮਾਗਮ ਨਾ ਹੋ ਸਕੇ ।ਪੁਲਿਸ ਦਬਾਅ ਪਾਉਦੀ ਸੀ ਕਿ ਅਰਦਾਸ ਨਾਮ ਲੈ ਕੇ ਤੇ ਬੰਦੀ ਸਿੰਘਾਂ ਦਾ ਜਿਕਰ ਕਰਕੇ ਨਾ ਕੀਤੀ ਜਾਵੇ ।ਉਨਾਂ ਕਿਹਾ ਕਿ ਪਹਿਲੇ ਚਾਰ ਤੱਖਤ ਸਾਹਿਬਾਨ ਤੇ ਅਖੰਡ ਪਾਠ ਸਾਹਿਬ ਤੱਖਤ ਸਾਹਿਬ ਦੇ ਚੌਗਿਰਦੇ ਵਿੱਚ ਕਿਸੇ ਹੋਰ ਸਥਾਨ ਤੇ ਹੁੰਦੇ ਸੀ ਤੇ ਬਾਦ ਵਿੱਚ ਅਰਦਾਸ ਤੱਖਤ ਸਾਹਿਬ ਦੇ ਸਾਹਮਣੇ ਖੜੇ ਹੋ ਕੇ ਸੰਗਤੀ ਰੂਪ ਵਿੱਚ ਹੁੰਦੀ ਸੀ ਪਰ ਕਲਗੀਧਰ ਪਾਤਸ਼ਾਹ ਨੇ ਐਸੀ ਕਲਾ ਵਰਤਾਈ ਕਿ ਇਸ ਵਾਰ ਸ਼੍ਰੀ ਅਖੰਡ ਪਾਠ ਸਾਹਿਬ ਤਖੱਤ ਸਾਹਿਬ ਦੇ ਅੰਦਰ ਹੀ ਨਾਲ ਵਾਲੇ ਕਮਰੇ ਵਿੱਚ ਹੋਏ ਅਤੇ ਭੋਗ ਵੇਲੇ ਹੀ ਅੰਮ੍ਰਿਤਪਾਲ ਸਿੰਘ ਤੇ ਸਮੂਹ ਬੰਦੀ ਸਿੰਘਾਂ ਦਾ ਬੋਲ ਕੇ ਅਰਦਾਸ ਹੋ ਗਈ ।ਜੇਕਰ ਤੱਖਤ ਸਾਹਿਬ ਦੇ ਅੰਦਰ ਨਾਲ ਵਾਲੇ ਕਮਰੇ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਨਾ ਹੁੰਦੇ ਤਾਂ ਬਾਦ ਵਿੱਚ ਪਹੁੰਚੀ ਸੰਗਤ ਨੂੰ ਤੱਖਤ ਸਾਹਿਬ ਦੇ ਸਨਮੁਖ ਅਰਦਾਸ ਕਰਨ ਦੀ ਪੁਲਿਸ ਫੋਰਸ ਨੇ ਆਗਿਆ ਨਹੀ ਦੇਣੀ ਸੀ ।
ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਜੋ ਤੱਖਤ ਸਾਹਿਬ ਦੇ ਅੰਦਰ ਹੀ ਸੀ ਭੋਗ ਦੀ ਅਰਦਾਸ ਸਮੇ ਸਵੇਰੇ ਅੱਠ ਵਜੇ ਹੀ ਭਾਈ ਅੰਮ੍ਰਿਤਪਾਲ ਸਿੰਘ ਤੇ ਸਮੂਹ ਬੰਦੀ ਸਿੰਘਾਂ ਦਾ ਨਾਮ ਲੈ ਕੇ ਅਰਦਾਸ ਹੋ ਗਈ ।
ਇਸ ਉਪਰੰਤ ਪਹੁੰਚੀ ਹੋਈ ਸੰਗਤ ਬਜਿਦ ਸੀ ਕਿ ਬਾਦ ਵਿੱਚ ਤੱਖਤ ਸਾਹਿਬ ਦੇ ਸਨਮੁਖ ਬਾਹਰ ਖੜੇ ਹੋ ਕੇ ਸੰਗਤੀ ਰੂਪ ਵਿੱਚ ਵੀ ਨਾਮ ਲੈ ਕੇ ਬੰਦੀ ਸਿੰਘਾਂਦੀ ਰਿਹਾਈ ਦੀ ਅਰਦਾਸ ਕਰਨੀ ਹੈ ।ਪ੍ਰੰਤੂ ਪੁਲਿਸ ਫੋਰਸ ਨੇ ਤੱਖਤ ਸਾਹਿਬ ਦੇ ਅਰਦਾਸੀਏ ਸਿੰਘ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ।
ਉਨਾਂ ਕਿਹਾ ਕਿ ਇਸ ਉਪਰੰਤ ਉਥੇ ਪਹੁੰਚੀ ਸੰਗਤ ਨੇ ਤੱਖਤ ਸਾਹਿਬ ਦੇ ਸਨਮੁਖ ਸੰਗਤੀ ਰੂਪ ਵਿੱਚ ਅਰਦਾਸ ਸ੍ਰੀ ਤਰਨਤਾਰਨ ਸਾਹਿਬ ਤੋ ਨਾਲ ਆਏ ਅਰਦਾਸੀਏ ਸਿੰਘ ਤੋਂ ਕਰਾਈ ਤੇ ਇਹ ਪੰਜਵੇਂ ਤੇ ਆਖਰੀ ਪੜਾਅ ਦਾ ਅਰਦਾਸ ਸਮਾਗਮ ਕਲਗੀਧਰ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਸਦਕਾ ਸਿਰੇ ਚੜਿਆ।
ਉਨਾਂ ਕਿਹਾ ਕਿ ਪੰਜਾਂ ਤਖਤਾਂ ਤੇ ਭਾਈ ਅੰਮ੍ਰਿਤਪਾਲ ਸਿੰਘ ਤੇ ਸਮੂਹ ਬੰਦੀ ਸਿੰਘਾਂਦੀ ਰਿਹਾਈ ਲਈ ਉਲੀਕੇ ਅਰਦਾਸ ਸਮਾਗਮ ਨਿਰੋਲ ਧਾਰਮਿਕ ਪੱਖ ਤੋਂ ਅਧਿਆਤਮਕ ਆਸਥਾ ਵਜੋਂ ਕੀਤੇ ਗਏ ਹਨ ।ਇਹ ਪ੍ਰੋਗਰਾਮ ਉਲੀਕਣ ਵਾਲੀ ਸੰਗਤ ਦਾ ਅਥਾਹ ਵਿਸ਼ਵਾਸ਼ ਹੈ ਕਿ ਪੰਜ ਤੱਖਤ ਸਾਹਿਬਾਨ ਤੇ ਇਸ ਅਰਦਾਸ ਦੀ ਸ਼ਕਤੀ ਦਾ ਸਦਕਾ ਕਲਗੀਧਰ ਪਾਤਸ਼ਾਹ ਕ੍ਰਿਸ਼ਮਾ ਵਰਤਾਉਣਗੇ ਤੇ ਜਲਦੀ ਹੀ ਭਾਈ ਅੰਮ੍ਰਿਤਪਾਲ ਸਿੰਘ ਤੇ ਬੰਦੀ ਸਿੰਘਾਂ ਦੀਆਂ ਰਿਹਾਈਆਂ ਹੋਣਗੀਆਂ ।
ਉਨਾਂ ਕਿਹਾ ਕਿ ਜਿਸ ਤਰਾਂ ਤੱਖਤ ਸਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਨਾਮ ਲੈ ਕੇ ਬੰਦੀ ਸਿੰਘਾਂਦੀ ਰਿਹਾਈ ਦਾ ਅਰਦਾਸ ਸਮਾਗਮ ਰੋਕਣ ਲਈ ਭਾਰਤ ਸਰਕਾਰ ਦੀਆਂ ਏਜੰਸੀਆਂ ਨੇ ਅੱਡੀ ਚੋਟੀ ਦਾ ਜੋਰ ਪਿਛਲੇ ਇਕ ਹਫਤੇ ਤੋਂ ਲਾਇਆ ਹੋਇਆ ਸੀ ਇਸ ਨਾਲ ਸਿੱਖਾਂ ਨੂੰ ਬਾਰ ਬਾਰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ । ਸੋ ਸੰਗਤਾਂ ਭਾਈ ਅੰਮ੍ਰਿਤਪਾਲ ਸਿੰਘ ਵਲੋੰ ਰੋਡੇ ਵਿਖੇ ਗ੍ਰਿਫਤਾਰੀ ਦੇਣ ਸਮੇਂ ਜੋ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਦਾ ਸੱਦਾ ਦਿੰਦਿਆਂ ਖਾਸ ਕਰਕੇ ਨੌਜਵਾਨਾਂ ਨੂੰ ਜੋ ਅਪੀਲ ਕੀਤੀ ਸੀ ਵੱਧ ਤੋ ਵੱਧ ਨੌਜਵਾਨ ਨਸ਼ੇ ਛੱਡ ਕੇ ਕਲਗੀਧਰ ਪਾਤਸ਼ਾਹ ਦੇ ਲੜ ਲਗਣ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਲੋਂ ਅਰੰਭੇ ਕੌਮੀ ਸੰਘਰਸ਼ ਨੂੰ ਪ੍ਰਚੰਡ ਕਰਨ ਇਸ ਵਿੱਚ ਹੀ ਜਾਲਮ ਸਰਕਾਰ ਦੀ ਹਾਰ ਹੈ ।ਇਸ ਪ੍ਰੋਗਰਾਮ ਵਿੱਚ ਬਾਬਾ ਬਲਵਿੰਦਰ ਸਿੰਘ ਹਜੂਰ ਸਾਹਿਬ ਵਾਲਿਆਂ ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ ਭਾਈ ਗੁਰਪ੍ਰੀਤ ਸਿੰਘ ਸਮੇਤ ਪੰਜਾਬ ਤੋਂ ਅਰਦਾਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਹੁੰਚੀਆਂ ਸੰਗਤਾਂ ਨੇ ਸਰਕਾਰ ਦੀ ਭਾਰੀ ਸਖਤੀ ਦੇ ਬਾਵਜੂਦ ਕਸ਼ਮਕਸ਼ ਦੇ ਚਲਦਿਆਂ ਵੱਡੀ ਗਿਣਤੀ ਵਿੱਚ ਹਾਜਰੀ ਭਰਦਿਆਂ ਅਰਦਾਸ ਸਮਾਗਮ ਨੂੰ ਕਲਗੀਧਰ ਪਾਤਸ਼ਾਹ ਦੀ ਕ੍ਰਿਪਾ ਸਦਕਾ ਸਿਰੇ ਚਾੜਿਆ ।
ਇਸ ਦੇ ਨਾਲ ਹੀ ਮਾਤਾ ਬਲਵਿੰਦਰ ਕੌਰ ਨੇ ਗੁਰੂ ਸਾਹਿਬ ਦਾ ਇਹ ਪੰਜ ਤਖਤਾਂ ਤੇ ਅਰਦਾਸ ਸਮਾਗਮ ਸਿਰੇ ਚੜਾਉਣ ਲਈ ਕੋਟਿਨ ਕੋਟਿ ਸ਼ੁਕਰਾਨਾਂ ਕੀਤਾ । ਉਨਾਂ ਨਾਲ ਹੀ ਇਨਾਂ ਪੰਜਾਂ ਅਰਦਾਸ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਹਰੇਕ ਮਾਈ ਭਾਈ ਪ੍ਰਬੰਧਕ ਤੇ ਖਾਸ ਕਰ ਸਿੱਖ ਨੌਜਵਾਨੀ ਨੇ ਜੋ ਸਾਥ ਦਿੱਤਾ ਉਸ ਲਈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਕਲਗੀਧਰ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਸੰਗਤਾਂ ਦੀਆਂ ਅਰਦਾਸਾਂ ਸੁਣਨਗੇ ਤੇ ਦੁਬਾਰਾ ਭਾਈ ਅੰਮ੍ਰਿਤਪਾਲ ਸਿੰਘ ਬਾਹਰ ਆ ਕੇ ਖਾਲਸਾ ਵਹੀਰ ਅਰੰਭ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣ ਦੀ ਲਹਿਰ ਅਰੰਭਣਗੇ ਤਾਂ ਕਿ ਨੌਜਵਾਨੀ ਨੂੰ ਨਸ਼ੇ ਛੁਡਾ ਕੇ ਕੌਮੀ ਨਿਸ਼ਾਨੇ ਪ੍ਰਤੀ ਜਾਗਰੂਕ ਕੀਤਾ ਜਾ ਸਕੇ ।