ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ 31ਵੀਂ ਬਰਸੀ ਮਨਾਈ ਜਾਵੇਗੀ ਤੇ ਇਸ ਵਾਸਤੇ 8 ਜਨਵਰੀ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਹੋਣਗੇ ਜਿਹਨਾਂ ਦੇ ਭੋਗ 10 ਜਨਵਰੀ ਨੂੰ ਪਾਏ ਜਾਣਗੇ ਤੇ ਇਸ ਉਪਰੰਤ ਪੰਥਕ ਧਿਰਾਂ ਵੱਲੋਂ ਵਿਚਾਰਾਂ ਹੋਣਗੀਆਂ। ਇਹ ਪ੍ਰਗਟਾਵਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕੀਤਾ ਹੈ।
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਇਹ ਬਰਸੀ ਮਨਾਉਣ ਲਈ ਪੰਥਕ ਧਿਰਾਂ ਨੂੰ ਬਕਾਇਦਾ ਵਿਸ਼ੇਸ਼ ਟੀਮਾਂ ਜਾ ਕੇ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸੱਦਾ ਪੱਤਰ ਵੀ ਦੇਣਗੀਆਂ। ਉਹਨਾਂ ਕਿਹਾ ਕਿ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਪੰਥ ਨੂੰ ਦਰਪੇਸ਼ ਮਾਮਲਿਆਂ ’ਤੇ ਵਿਚਾਰਾਂ ਕੀਤੀਆਂ ਜਾਣਗੀਆਂ।
ਪੰਜਾਬ ਦੀ ਪਿਛਲੀ ਬਾਦਲ ਸਰਕਾਰ ’ਤੇ ਵਰ੍ਹਦਿਆਂ ਦੋਵਾਂ ਆਗੂਆਂ ਨੇ ਕਿਹਾ ਕਿ ਜਥੇਦਾਰ ਕਾਉਂਕੇ ਨੂੰ 1992 ਵਿਚ ਬੇਅੰਤ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਬਣਨ ਉਪਰੰਤ 25 ਦਸੰਬਰ 1992 ਨੂੰ ਉਹਨਾਂ ਦੇ ਘਰੋਂ 200 ਲੋਕਾਂ ਦੀ ਹਾਜ਼ਰੀ ਵਿਚ ਚੁੱਕਿਆ ਗਿਆ ਸੀ। ਉਹਨਾਂ ਦੱਸਿਆ ਕਿ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਜਸਟਿਸ ਅਜੀਤ ਸਿੰਘ ਬੈਂਸ ਨੇ ਇਸ ਮਾਮਲੇ ਵਿਚ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪੀ ਇਕ ਜਾਂਚ ਰਿਪੋਰਟ ਵਿਚ ਸਾਰਾ ਕੁਝ ਸਪਸ਼ਟ ਹੋਇਆ ਹੈ।
ਉਹਨਾਂ ਦੱਸਿਆ ਕਿ 1997 ਦੀਆਂ ਚੋਣਾਂ ਤੋਂ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਬਣਨ ’ਤੇ ਜਥੇਦਾਰ ਕਾਉਂਕੇ ਦਾ ਕਤਲ ਕਰਨ ਦੇ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇਗੀ। ਉਹਨਾਂ ਦੱਸਿਆ ਕਿ 1998 ਵਿਚ ਏ ਡੀ ਜੀ ਪੀ ਤਿਵਾੜੀ ਦੀ ਅਗਵਾਈ ਹੇਠ ਇਕ ਟੀਮ ਗਠਿਤ ਕੀਤੀ ਗਈ ਸੀ ਜਿਸਨੇ ਸਾਰੇ ਮਾਮਲੇ ਦੀ ਜਾਂਚ ਕਰ ਕੇ ਰਿਪੋਰਟ ਸੌਂਪੀ ਸੀ ਪਰ ਨਾ ਤਾਂ 1997 ਤੋਂ 2002 ਤੇ ਫਿਰ 2007 ਤੋਂ 2017 ਤੱਕ ਅਕਾਲੀ ਦਲ ਦੀ ਸਰਕਾਰ ਸਮੇਂ ਕਿਸੇ ਵੀ ਦੋਸ਼ੀ ਖਿਲਾਫ ਕੋਈ ਕਾਰਵਾਈ ਕੀਤੀ ਗਈ। ਉਹਨਾਂ ਕਿਹਾ ਕਿ ਕਾਰਵਾਈ ਤਾਂ ਕੀ ਕਰਨੀ ਸੀ ਸਗੋਂ ਪੁਲਿਸ ਅਫਸਰ ਸੁਮੇਧ ਸਿੰਘ ਸੈਣੀ ਜੋ 1992 ਵਿਚ ਆਈ ਜੀ ਲੁਧਿਆਣਾ ਸੀ ਤੇ ਉਸਨੇ ਜਗਰਾਓਂ ਥਾਣੇ ਵਿਚ ਆ ਕੇ ਜਥੇਦਾਰ ਕਾਉਂਕੇ ਤੋਂ ਪੁੱਛ-ਗਿੱਛ ਕੀਤੀ ਤੇ ਸਿਗਰਟ ਦਾ ਧੂੰਆਂ ਉਹਨਾਂ ਦੇ ਮੂੰਹ ’ਤੇ ਮਾਰਿਆ ਤਾਂ ਜਥੇਦਾਰ ਕਾਉਂਕੇ ਨੇ ਉਸਦੇ ਥੱਪੜ ਜੜ੍ਹ ਦਿੱਤਾ ਜਿਸ ਤੋਂ ਬੌਖਲਾ ਕੇ ਉਸਨੇ ਹੁਕਮ ਦਿੱਤਾ ਕਿ ਇਸਨੂੰ ਅਜਿਹੀ ਸਜ਼ਾ ਦਿਓ ਕਿ ਕੌਮ ਤੇ ਪੰਥ ਦੀ ਰੂਹ ਕੰਬ ਉਠੇ ਜਿਸ ਮਗਰੋਂ ਜਥੇਦਾਰ ਕਾਉਂਕੇ ਦੇ ਸਰੀਰ ਦੇ ਟੁਕੜੇ ਟੁਕੜੇ ਕਰ ਕੇ ਦਰਿਆ ਵਿਚ ਵਹਾ ਦਿੱਤੇ ਗਏ, ਅਜਿਹੇ ਸੈਣੀ ਨੂੰ ਉਸ ਵੇਲੇ ਦੇ ਗ੍ਰਹਿ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਡੀ ਜੀ ਪੀ ਨਿਯੁਕਤ ਕਰਕੇ ਸਿੱਖਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਦਾ ਕੰਮ ਕੀਤਾ।
ਉਹਨਾਂ ਕਿਹਾ ਕਿ ਕਾਂਗਰਸ ਦੀਆਂ ਸਰਕਾਰਾਂ ਵੀ ਪੰਜਾਬ ਵਿਚ ਰਹੀਆਂ ਹਨ ਪਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ਤੇ ਸ੍ਰੀ ਦਰਬਾਰ ਸਾਹਿਬ ’ਤੇ ਟੈਂਕਾਂ ਤੇ ਤੋਪਾਂ ਨਾਲ ਹਮਲੇ ਕਰਨ ਵਾਲੀ ਪਾਰਟੀ ਤੋਂ ਕੌਮ ਤੇ ਪੰਥ ਨੂੰ ਕਦੇ ਕੋਈ ਆਸ ਨਹੀਂ ਰਹੀ ਪਰ ਅਫਸੋਸ ਦੀ ਗੱਲ ਹੈ ਕਿ ਪੰਥ ਦੀ ਆਪਣੀ ਪਾਰਟੀ ਹੋਣ ਦੇ ਬਾਵਜੂਦ ਅਕਾਲੀ ਦਲ ਦੀ ਸਰਕਾਰ ਨੇ ਇਸ ਮਾਮਲੇ ਵਿਚ ਕਦੇ ਵੀ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ।
ਉਹਨਾਂ ਕਿਹਾ ਕਿ ਹੁਣ ਵੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ’ਤੇ ਜਥੇਦਾਰ ਕਾਉਂਕੇ ਨਮਿਤ ਸਮਾਗਮ ਹੋਇਆ ਹੈ, ਉਸਦੀ ਰੂਪ ਰੇਖਾ ਪਹਿਲਾਂ ਹੀ ਪੰਥਕ ਧਿਰਾਂ ਨੇ ਉਲੀਕ ਦਿੱਤੀ ਸੀ ਤੇ ਜਾਂਚ ਰਿਪੋਰਟ ਮਿਲਣ ਮਗਰੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਹੀ ਸ਼੍ਰੋਮਣੀ ਕਮੇਟੀ ਨੂੰ ਇਸ ਮਾਮਲੇ ਵਿਚ ਅਗਲੇਰੀ ਕਾਰਵਾਈ ਦੀ ਹਦਾਇਤ ਕੀਤੀ ਹੈ ਜਿਸ ਲਈ ਉਹ ਮਜਬੂਰੀ ਵਸ ਹੁਣ ਕਾਰਵਾਈ ਕਰ ਰਹੀ ਹੈ ਨਹੀਂ ਤਾਂ ਪਹਿਲਾਂ ਤਾਂ ਇਸੇ ਸ਼੍ਰੋਮਣੀ ਕਮੇਟੀ ਨੇ ਜਥੇਦਾਰ ਕਾਉਂਕੇ ਦਾ ਕਤਲ ਕਰਨ ਵਾਲੇ ਸਤਿੰਦਰ ਸਿੰਘ ਦੇ ਭੋਗ ’ਤੇ ਜਾ ਕੇ ਕੀਰਤਨ ਕਰਨ ਲਈ ਜਥੇਦਾਰ ਬਲਦੇਵ ਸਿੰਘ ਵਡਾਲਾ ਨੂੰ ਹੁਕਮ ਜਾਰੀ ਕੀਤੇ ਸਨ ਜਿਹਨਾਂ ਨੇ ਜਲੰਧਰ ਉਹਨਾਂ ਦੇ ਭੋਗ ’ਤੇ ਜਾਣ ਤੋਂ ਨਾਂਹ ਕਰ ਦਿੱਤੀ ਸੀ ਤੇ ਕਿਹਾ ਸੀ ਕਿ ਉਹ ਅਜਿਹੇ ਕਾਤਲ ਦੇ ਭੋਗ ’ਤੇ ਨਹੀਂ ਜਾਣਗੇ।
ਉਹਨਾਂ ਕਿਹਾ ਕਿ ਸਿੱਖ ਕੌਮ ਨੂੰ ਅੱਜ ਅਨੇਕਾਂ ਮੁਸ਼ਕਿਲਾਂ ਦਰਪੇਸ਼ ਹਨ ਜੋ ਤਾਂ ਹੀ ਹੱਲ ਹੋ ਸਕਦੀਆਂ ਹਨ ਜੇਕਰ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਲਾਂਭੇ ਹੋਣ ਅਤੇ ਸ਼੍ਰੋਮਣੀ ਕਮੇਟੀ ਇਕ ਪਰਿਵਾਰ ਦੇ ਕਬਜ਼ੇ ਦੇ ਹੇਠੋਂ ਕੱਢੀ ਜਾਵੇ।
ਮੀਡੀਆ ਦੇ ਸਵਾਲਾਂ ਦੇ ਜਵਾਬ ਵਿਚ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ.ਕੇ. ਨੂੰ ਵੀ ਆਖਿਆਕਿ ਉਹ ਸਿੱਖ ਸੰਗਤਾਂ ਨੂੰ ਜਵਾਬ ਦੇਣ ਕਿ ਉਹ ਪੰਥ ਨੂੰ ਇਨਸਾਫ ਨਾ ਦੇਣ ਸਕਣ ਵਾਲੇ ਪਰਿਵਾਰ ਦੀ ਅਗਵਾਈ ਹੇਠ ਕਿਉਂ ਸ਼ਾਮਲ ਹੋਏ ਹਨ।
ਇਕ ਹੋਰ ਸਵਾਲ ਦੇ ਜਵਾਬ ਵਿਚ ਸਰਦਾਰ ਕਾਲਕਾ ਨੇ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਹੋਰ ਬੰਦੀ ਸਿੰਘਾਂ ਦੇ ਮਾਮਲੇ ’ਤੇ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਬਣਾਈ ਹੈ ਨਾ ਕਿ ਕਿਸੇ ਇਕ ਰਾਜਸੀ ਪਾਰਟੀ ਨੇ ਬਣਾਈ ਹੈ। ਉਹਨਾਂ ਕਿਹਾ ਕਿ ਪੰਜ ਮੈਂਬਰੀ ਕਮੇਟੀ ਨੇ ਫੈਸਲਾ ਲਿਆ ਸੀ ਕਿ ਨਵਾਂ ਸਾਲ ਚੜ੍ਹ ਰਿਹਾ ਹੈ ਜਿਸਦੇ ਮੱਦੇਨਜ਼ਰ ਅਸੀਂ 4 ਜਨਵਰੀ ਤੋਂ ਬਾਅਦ ਸਰਕਾਰਾਂ ਨਾਲ ਮੀਟਿੰਗਾਂ ਕਰ ਕੇ ਮਸਲੇ ਨੂੰ ਹੱਲ ਕਰਾਂਗੇ।