ਡਾ.ਗੁਰਦੇਵ ਸਿੰਘ ਸਿੱਧੂ ਵਿਦਵਾਨ, ਬੁੱਧੀਜੀਵੀ, ਖੋਜਕਾਰ ਅਤੇ ਸਿਰੜ੍ਹੀ ਵਿਅਕਤੀ ਹੈ, ਜਿਹੜਾ ਆਜ਼ਾਦੀ ਦੀ ਜਦੋਜਹਿਦ ਵਿੱਚ ਵਿਲੱਖਣ ਯੋਗਦਾਨ ਪਾਉਣ ਵਾਲੇ ਅਣਗੌਲੇ ਆਜ਼ਾਦੀ ਘੁਲਾਟੀਆਂ ਦੇ ਵਡਮੁੱਲੇ ਯੋਗਦਾਨ ਨੂੰ ਆਪਣੀਆਂ ਪੁਸਤਕਾਂ ਰਾਹੀਂ ਇਤਿਹਾਸ ਦਾ ਹਿੱਸਾ ਬਣਾ ਰਿਹਾ ਹੈ। ਉਸ ਦੀਆਂ ਵੱਖ-ਵੱਖ ਵਿਸ਼ਿਆਂ ‘ਤੇ ਤਿੰਨ ਦਰਜਨ ਪੁਸਤਕਾਂ ਹੁਣ ਤੱਕ ਪ੍ਰਕਾਸ਼ਤ ਹੋਈਆਂ ਹਨ। ਅਣਗੌਲੇ ਆਜ਼ਾਦੀ ਘੁਲਾਟੀਆਂ ਦੀਆਂ ਪੁਸਤਕਾਂ ਪ੍ਰਕਾਸ਼ਤ ਕਰਵਾਉਣ ਦੀ ਲੜੀ ਵਿੱਚ ਇਹ ਉਨ੍ਹਾਂ ਦੀ ਦੂਜੀ ਪੁਸਤਕ ਹੈ। ਪਹਿਲੀ ਪੁਸਤਕ ‘ਅਣਗੌਲਿਆ ਆਜ਼ਾਦੀ ਘੁਲਾਟੀਆ ਗ਼ਦਰੀ ਬਾਬਾ ਨਿਧਾਨ ਸਿੰਘ ਮਹੇਸਰੀ’ ਪ੍ਰਕਾਸ਼ਤ ਹੋਈ ਸੀ। ਗੱਜਣ ਸਿੰਘ ਦੀਆਂ ਇਨਕਲਾਬੀ ਸਰਗਰਮੀਆਂ ਬਾਰੇ ਡਾ.ਗੁਰਦੇਵ ਸਿੰਘ ਸਿੱਧੂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਜਾਣਕਾਰੀ ਦਿੱਤੀ ਹੈ। ਇਹ ਉਨ੍ਹਾਂ ਦਾ ਨਿਵੇਕਲਾ ਕਾਰਜ ਹੈ। ਇਸ ਤੋਂ ਪਹਿਲਾਂ ਇਤਿਹਾਸ ਦੇ ਵਿਦਿਆਰਥੀਆਂ ਨੂੰ ਵੀ ਗੱਜਣ ਸਿੰਘ ਦੇ ਆਜ਼ਾਦੀ ਸੰਗਰਾਮ ਵਿੱਚ ਪਾਏ ਯੋਗਦਾਨ ਬਾਰੇ ਜਾਣਕਾਰੀ ਨਹੀਂ ਸੀ। ਡਾ.ਗੁਰਦੇਵ ਸਿੰਘ ਸਿੱਧੂ ਸਾਰੀ ਸਰਵਿਸ ਦੌਰਾਨ ਪੰਜਾਬੀ ਦੇ ਪ੍ਰੋਫ਼ੈਸਰ ਦੇ ਤੌਰ ‘ਤੇ ਵੱਖ-ਵੱਖ ਕਾਲਜਾਂ ਵਿੱਚ ਪੜ੍ਹਾਉਂਦਾ ਰਿਹਾ। ਉਸ ਨੇ ਆਪਣੀ ਪੀ.ਐਚ.ਡੀ ‘ਮਾਲਵੇ ਦਾ ਕਿੱਸਾ-ਸਾਹਿਤ’ ਦੇ ਵਿਸ਼ੇ ‘ਤੇ ਕੀਤੀ। ਆਪਣੀ ਸਰਵਿਸ ਦੌਰਾਨ ਉਹ ਖੋਜ ਕਾਰਜ ਵਿੱਚ ਕਿ੍ਰਆਸ਼ੀਲ ਰਿਹਾ। ਡਾ.ਗੁਰਦੇਵ ਸਿੰਘ ਸਿੱਧੂ 82 ਸਾਲ ਦੀ ਉਮਰ ਵਿੱਚ ਵੀ ਸਰਗਰਮੀ ਨਾਲ ਖੋਜ ਕਾਰਜ ਵਿੱਚ ਰੁਝਿਆ ਹੋਇਆ ਹੈ। ਅਖ਼ਬਾਰਾਂ ਵਿੱਚ ਉਨ੍ਹਾਂ ਦੇ ਲੇਖ ਲਗਾਤਾਰ ਪ੍ਰਕਾਸ਼ਤ ਹੋ ਰਹੇ ਹਨ। ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਉਪ ਚੇਰਅਮੈਨ ਵੀ ਰਿਹਾ ਪ੍ਰੰਤੂ ਇਤਿਹਾਸ ਨਾਲ ਬਾਵਾਸਤਾ ਰਿਹਾ ਹੈ। ਭਾਰਤ ਦੀ ਆਜ਼ਾਦੀ ਵਿੱਚ ਸਿੱਖਾਂ/ਪੰਜਾਬੀਆਂ ਦੇ ਯੋਗਦਾਨ ਨੂੰ ਪ੍ਰਸਿੱਧ ਇਤਿਹਾਸਕਾਰਾਂ ਵੱਲੋਂ ਅਣਡਿਠ ਕਰਨ ਦਾ ਉਸ ਨੂੰ ਦੁੱਖ ਹੈ, ਜਿਸ ਕਰਕੇ ਉਸ ਨੇ ਅਣਗੌਲੇ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਬਾਰੇ ਸਿੱਖਾਂ/ਪੰਜਾਬੀਆਂ ਨੂੰ ਜਾਣਕਾਰੀ ਦੇਣ ਦਾ ਫ਼ੈਸਲਾ ਕੀਤਾ ਹੈ। ਡਾ.ਫੌਜਾ ਸਿੰਘ ਇਤਿਹਾਸਕਾਰ ਦੀ ਅਗਵਾਈ ਵਿੱਚ ਇਤਿਹਾਸਕਾਰਾਂ ਦੀ ਟੀਮ ਵੱਲੋਂ ਪੰਜਾਬ ਦੇ ਸੁਤੰਤਰਤਾ ਸੰਗਰਾਮੀਆਂ ਦੀ ਤਿਆਰ ਕੀਤੀ ਨਾਮਵਲੀ “Who’s Who Punjab Freedom Fighters”
ਵੱਡ-ਆਕਾਰੀ ਪੁਸਤਕ ਵਿੱਚ ਮਾਸਟਰ ਗੱਜਣ ਸਿੰਘ ਗੋਬਿੰਦਗੜ੍ਹ ਦਾ ਨਾਮ ਹੀ ਨਹੀਂ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਭਾਰਤ ਦੇ ਇਤਿਹਾਸਕਾਰਾਂ ਨੂੰ ਪਤਾ ਨਹੀਂ ਅੰਗਰੇਜ਼ਾਂ ਨੇ ਉਨ੍ਹਾਂ ਦੀਆਂ ਸਰਗਰਮੀਆਂ ਦਾ ਪੂਰਾ ਵੇਰਵਾ ਫਾਈਲਾਂ ਵਿੱਚ ਲਿਖਿਆ ਹੋਇਆ ਹੈ। ਇਹ ਪੁਸਤਕ ਇਤਿਹਾਸ ਦੇ ਵਿਦਿਆਰਥੀਆਂ ਲਈ ਵਧੇਰੇ ਲਾਭਦਾਇਕ ਹੋਵੇਗੀ। ਡਾ.ਗੁਰਦੇਵ ਸਿੰਘ ਸਿੱਧੂ ਨੇ ਆਪਣੀ ਇਸ ਪੁਸਤਕ ਨੂੰ 10 ਅਧਿਆਇ ਵਿੱਚ ਵੰਡਿਆ ਹੈ। ਪਹਿਲੇ ਆਧਿਆਇ ਵਿੱਚ ਗੱਜਣ ਸਿੰਘ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਹੈ। ਗੱਜਣ ਸਿੰਘ ਦੀ ਜਨਮ ਤਾਰੀਕ ਬਾਰੇ ਪੱਕੇ ਸਬੂਤ ਨਹੀਂ ਮਿਲੇ। ਉਸ ਦਾ ਜਨਮ ਲੁਧਿਆਣਾ ਜਿਲ੍ਹੇ ਵਿੱਚ ਸਾਹਨੇਵਾਲ ਨਜ਼ਦੀਕ ਗੋਬਿੰਦਗੜ੍ਹ ਪਿੰਡ ਵਿੱਚ ਮਾਤਾ ਰਤਨ ਕੌਰ ਅਤੇ ਪਿਤਾ ਰਤਨ ਸਿੰਘ ਦੇ ਘਰ ਹੋਇਆ। ਉਹ 6 ਭੈਣ ਭਰਾ ਸਨ। ਗੱਜਣ ਸਿੰਘ ਸਭ ਤੋਂ ਛੋਟਾ ਸੀ। ਉਹ ਔਜਲਾ ਗੋਤ ਦੇ ਸਨ। ਉਸ ਦੀ ਮਾਤਾ ਗੱਜਣ ਸਿੰਘ ਦੇ ਬਚਪਨ ਵਿੱਚ ਹੀ ਸਵਰਗਵਾਸ ਹੋ ਗਈ ਸੀ। ਉਨ੍ਹਾਂ ਦਸਵੀਂ ਤੱਕ ਦੀ ਪੜ੍ਹਾਈ ਢੰਡਾਰੀ ਖੁਰਦ ਦੇ ਸਰਕਾਰੀ ਸਕੂਲ ਤੋਂ ਕੀਤੀ। ਉਹ ਫੁੱਟਵਾਲ ਦੇ ਖਿਡਾਰੀ ਵੀ ਸਨ। ਗੱਜਣ ਸਿੰਘ ਦਾ ਵਿਆਹ ਮਹਿੰਦਰ ਕੌਰ ਨਾਲ ਹੋਇਆ ਜੋ ਢੰਡਾਰੀ ਕਲਾਂ ਦੀ ਰਹਿਣ ਵਾਲੀ ਸੀ। ਮਹਿੰਦਰ ਕੌਰ ਦਾ ਪਰਿਵਾਰ ਭਾਈ ਰਣਧੀਰ ਸਿੰਘ ਦੇ ਅਖੰਡ ਕੀਰਤਨੀ ਜੱਥੇ ਨਾਲ ਜੁੜਿਆ ਹੋਇਆ ਸੀ। 1919 ਵਿੱਚ ਗੱਜਣ ਸਿੰਘ ਚੀਨ ਦੇ ਸ਼ੰਘਾਈ ਸ਼ਹਿਰ ਵਿੱਚ ਚਲਾ ਗਿਆ। ਦੂਜਾ ਅਧਿਆਇ ‘ਸ਼ੰਘਾਈ ਦਾ ਇਨਕਲਾਬੀ ਵਿਰਸਾ’ ਹੈ, ਜਿਸ ਵਿੱਚ ਦੱਸਿਆ ਕਿ ਸ਼ੰਘਾਈ ਦੇ ਇਨਕਲਾਬੀਆਂ ਦਾ ਕੇਂਦਰ ਖਾਲਸਾ ਦੀਵਾਨ ਗੁਰਦੁਆਰਾ 1907 ਵਿੱਚ ਸਥਾਪਤ ਕੀਤਾ ਸੀ। ਡਾਕ ਰਾਹੀਂ ਇਸ ਗੁਰੂ ਘਰ ਵਿੱਚ ਗ਼ਦਰ ਅਖ਼ਬਾਰ ਵੀ ਆਉਂਦਾ ਸੀ। ਕਾਮਾਗਾਟਾ ਮਾਰੂ ਜਹਾਜ ਦਾ ਪਹਿਲਾ ਪੜਾਅ ਸ਼ੰਘਾਈ ਸੀ। ਆਜ਼ਾਦੀ ਘੁਲਾਟੀਆ ਗਿਆਨੀ ਭਗਵਾਨ ਕੁਝ ਸਮਾਂ ਏਥੇ ਠਹਿਰਿਆ। ਨਿਧਾਨ ਸਿੰਘ ਚੁੱਘਾ ਅਤੇ ਮੂਲਾ ਸਿੰਘ ਵੀ ਆਏ ਉਨ੍ਹਾਂ ਨੂੰ ਸੰਗਤਾਂ ਨੇ 500 ਡਾਲਰ ਆਜ਼ਾਦੀ ਦੀ ਜਦੋਜਹਿਦ ਲਈ ਦਿੱਤੇ। ਆਤਮਾ ਰਾਮ ਨੇ ਸ਼ੰਘਾਈ ਵਿੱਚ ਹੀ ਪੁਲਿਸ ਕਰਮੀ ਹਰਨਾਮ ਸਿੰਘ ਦਾ ਕਤਲ ਇਸ ਕਰਕੇ ਕੀਤਾ ਕਿ ਉਹ ਉਨ੍ਹਾਂ ਦੀਆਂ ਸਰਗਰਮੀਆਂ ਸਰਕਾਰ ਦਾ ਮੁਖ਼ਬਰ ਸੀ। ਆਤਮਾ ਰਾਮ ਨੂੰ ਸ਼ੰਘਾਈ ਵਿੱਚ 2 ਜੂਨ 1917 ਨੂੰ ਫਾਂਸੀ ਦਿੱਤੀ ਗਈ। ਜਦੋਂ ਗੱਜਣ ਸਿੰਘ ਸ਼ੰਘਾਈ ਪਹੁੰਚਿਆ ਤਾਂ ਇਨਕਲਾਬੀ ਸਰਗਰਮ ਸਨ। ਤੀਜੇ ਅਧਿਆਏ ‘ ਸ਼ੰਘਾਈ ਵਿੱਚ ਗੱਜਣ ਸਿੰਘ ਦੀਆਂ ਸਰਗਰਮੀਆਂ’ ਵਿੱਚ ਦੱਸਿਆ ਗਿਅ ਕਿ ਗੱਜਣ ਸਿੰਘ ਨੂੰ ਪੜ੍ਹੇ ਲਿਖੇ ਹੋਣ ਕਰਕੇ 1920 ਵਿੱਚ ਥਾਮਸ ਹਾਂਬਰੀ ਸਕੂਲ ਦੀ ਇੰਡੀਅਨ ਸਕੂਲ ਸ਼ਾਖਾ ਵਿੱਚ ‘ਇੰਡੀਅਨ ਮਾਸਟਰ’ ਵਜੋਂ ਨਿਯੁਕਤੀ ਹੋ ਗਈ। ਇਸ ਕਰਕੇ ਉਸ ਦੇ ਨਾਮ ਨਾਲ ਮਾਸਟਰ ਸ਼ਬਦ ਜੁੜ ਗਿਆ। ਫਿਰ ਉਸ ਨੇ ਸ਼ੰਘਾਈ ਵਿੱਚ ਗ਼ਦਰੀ ਕਰਾਂਤੀਕਾਰੀ ਸੰਗਠਨ ਬਣਾ ਲਿਆ। ਉਸ ਦੀਆਂ ਇਨਕਲਾਬੀ ਸਰਗਰਮੀਆਂ ਕਰਕੇ 1923 ਵਿੱਚ ਨੌਕਰੀ ਵਿੱਚੋਂ ਬਰਖਾਸਤ ਕਰ ਦਿੱਤਾ। ਸਕੂਲ ਤੋਂ ਹੱਟਣ ਤੋਂ ਬਾਅਦ ਉਸ ਨੇ ਹੋਟਲ ਦਾ ਕਾਰੋਬਾਰ ਸ਼ੁਰੂ ਕਰ ਲਿਆ, ਜਿਥੇ ਭਾਰਤੀ ਖਾਣਾ ਮਿਲਦਾ ਸੀ। ਉਸ ਦਾ ਹੋਟਲ ਇਨਕਲਾਬੀਆਂ ਦਾ ਟਿਕਾਣਾ ਬਣ ਗਿਆ। ਫਿਰ ਉਸ ਨੇ ‘ਹਿੰਦੁਸਤਾਨ ਐਸੋਸੀਏਸ਼ਨ’ ਸੰਸਥਾ ਬਣਾ ਲਈ ਅਤੇ ‘ਹਿੰਦ ਜਗਾਵਾ’ ਸਪਤਾਹਿਕ ਗ਼ਦਰ ਅਖ਼ਬਾਰ ਦੀ ਤਰ੍ਹਾਂ ਸ਼ੁਰੂ ਕਰ ਲਿਆ। ਸਰਕਾਰ ਨੇ ਹਿੰਦ ਜਗਾਵਾ ਨੂੰ ਭਾਰਤ ਭੇਜਣ ਤੇ ਪਾਬੰਦੀ ਲਗਾ ਦਿੱਤੀ। ਉਸ ਦੀਆਂ ਸਰਗਰਮੀਆਂ ਨੂੰ ਮੁੱਖ ਰਖਦਿਆਂ ਖਾਲਸਾ ਦੀਵਾਨ ਸ਼ੰਘਾਈ ਦਾ ਸਕੱਤਰ ਬਣਾਕੇ ਸ਼ੰਘਾਈ ਗੁਰਦੁਆਰੇ ਦਾ ਇਨਚਾਰਜ ਬਣਾ ਦਿੱਤਾ ਗਿਆ। ਜੈਤੋ ਦੇ ਮੋਰਚੇ ਲਈ ਉਸ ਨੇ ਆਜ਼ਾਦੀ ਘੁਲਾਟੀਆਂ ਨੂੰ ਲਾਮਬੰਦ ਕਰਕੇ ਭੇਜਿਆ। 1925 ਵਿੱਚ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ। 1926 ਵਿੱਚ ਉਸ ਦੀ ਪਤਨੀ ਮਹਿੰਦਰ ਕੌਰ ਸਵਰਗਵਾਸ ਹੋ ਗਈ। ਉਸ ਦੇ ਆਜ਼ਾਦੀ ਦੀ ਲਹਿਰ ਵਿੱਚ ਸਰਗਰਮ ਹੋਣ ਕਰਕੇ ਕੁਝ ਸਮਾਂ ਬੱਚਿਆਂ ਨੂੰ ਉਸ ਦੇ ਦੋਸਤਾਂ ਨੇ ਸਾਂਭਿਆ। ਫਿਰ ਉਸਦਾ ਪਿਤਾ ਸ਼ੰਘਾਈ ਜਾ ਕੇ ਬੱਚਿਆਂ ਨੂੰ ਭਾਰਤ ਲੈ ਆਇਆ। ਚੌਥਾ ਅਧਿਆਇ ‘ਸ਼ੰਘਾਈ ਵਿੱਚ ਗ਼ਦਰੀ ਇਨਕਲਾਬੀਆਂ ਦੇ ਸੰਗ’ ਸਿਰਲੇਖ ਵਿੱਚ ਦੱਸਿਆ ਗਿਆ ਹੈ ਕਿ ਹੈਂਕਾਓ ਵਿਖੇ ਗੱਜਣ ਸਿੰਘ ਇਨਕਲਾਬੀਆਂ ਦੀਆਂ ਸਰਗਮੀਆਂ ਦਾ ਕੇਂਦਰੀ ਬਿੰਦੂ ਸੀ। ਜਿਤਨੇ ਵੀ ਇਨਕਲਾਬੀ ਚੀਨ ਆਉਂਦੇ ਉਹ ਸਭ ਤੋਂ ਪਹਿਲਾਂ ਗੱਜਣ ਸਿੰਘ ਨਾਲ ਸੰਪਰਕ ਕਰਦੇ। ਬੁੱਢਾ ਸਿੰਘ ਪੁਲਿਸ ਇਨਸਪੈਕਟਰ ਦੇ ਕਤਲ ਦਾ ਸਾਜ਼ਸ਼ਕਾਰ ਸਰਕਾਰ ਗੱਜਣ ਸਿੰਘ ਨੂੰ ਮੰਨਦੀ ਸੀ। ਪੰਜਵਾਂ ਅਧਿਆਇ ‘ਗਿ੍ਰਫਤਾਰੀ, ਮੁਕੱਦਮਾ ਅਤੇ ਦੇਸ਼-ਨਿਕਾਲੇ ਦੀ ਸਜ਼ਾ’ ਅਨੁਸਾਰ 5 ਮਈ 1927 ਨੂੰ ਇਨਕਲਾਬੀਆਂ ਦੀ ਮੀਟਿੰਗ ਕਰਦੇ ਸਮੇਂ ਗੱਜਣ ਸਿੰਘ ਨੂੰ ਗਿ੍ਰਫਤਾਰ ਕਰ ਲਿਆ। ਗੱਜਣ ਸਿੰਘ ਦੇ ਗਿ੍ਰਫ਼ਤਾਰ ਹੋਣ ਤੋਂ ਬਾਅਦ ਗੁਰਦੁਆਰਾ ਸਾਹਿਬ ਨੂੰ ਤਾਲਾ ਲਗਾ ਦਿੱਤਾ ਗਿਆ। ਗ਼ਦਰ ਢੰਡੋਰਾ ਅਖ਼ਬਾਰ ਦੇ ਕੰਮ ਨੂੰ ਧੱਕਾ ਲੱਗਾ। ਗੱਜਣ ਸਿੰਘ ਨੂੰ ਇਕ ਸਾਲ ਦੀ ਸਜ਼ਾ ਅਤੇ ਸਜ਼ਾ ਪੂਰੀ ਹੋਣ ‘ਤੇ ਦੇਸ਼ ਨਿਕਾਲਾ ਦੇ ਹੁਕਮ ਸੀ। ਕਿਰਤੀ ਰਸਾਲੇ ਨੂੰ ਸਰਕਾਰ ਵਿਰੁੱਧ ਸਮਗਰੀ ਪ੍ਰਕਾਸ਼ਤ ਕਰਨ ਵਾਲਾ ਸਮਝਿਆ ਜਾਂਦਾ ਸੀ। ਗੱਜਣ ਸਿੰਘ ਅਤੇ ਉਸ ਦੇ ਦੋ ਸਾਥੀਆਂ ਭਾਈ ਦਸੌਂਧਾ ਸਿੰਘ ਅਤੇ ਭਾਈ ਗੇਂਦਾ ਸਿੰਘ ਨੂੰ ਇਹ ਰਸਾਲਾ ਰੱਖਣ ਲਈ ਸੁਪਰੀਮ ਕੋਰਟ ਨੇ ਇਕ-ਇਕ ਸਾਲ ਦੀ ਸਜਾ ਦਿੱਤੀ ਗਈ। ਛੇਵੇਂ ਅਧਿਆਇ ਵਿੱਚ ‘ਹਿੰਦੁਸਤਾਨੀ ਜੇਲ੍ਹਾਂ ਵਿੱਚ’ ਦੱਸਿਆ ਕਿ 24 ਮਾਰਚ ਨੂੰ ਭਾਰਤ ਪਹੁੰਚਣ ‘ਤੇ ਦਸੌਂਧਾ ਸਿੰਘ ਅਤੇ ਗੱਜਣ ਸਿੰਘ ਨੂੰ ਬੰਗਾਲ ਦੀ ਪਹਿਲਾਂ ਪ੍ਰੈਜੀਡੈਂਸੀ ਜੇਲ੍ਹ ਫਿਰ ਮਿਦਾਨਪੁਰ ਜੇਲ੍ਹ ਵਿੱਚ ਬੰਦ ਕਰ ਦਿੱਤਾ, ਗੇਂਦਾ ਸਿੰਘ ਨੂੰ ਪੰਜਾਬ ਭੇਜ ਦਿੱਤਾ। ਗੱਜਣ ਸਿੰਘ ਨੂੰ ਢਾਕਾ ਜੇਲ੍ਹ ਭੇਜ ਦਿੱਤਾ ਗਿਆ। ਫਿਰ ਉਸ ਨੂੰ ਲੁਧਿਆਣਾ ਜੇਲ੍ਹ ਅਤੇ ਦਸੌਂਧਾ ਸਿੰਘ ਨੂੰ ਜਲੰਧਰ ਭੇਜ ਦਿੱਤਾ। ਲੁਧਿਆਣਾ ਜੇਲ੍ਹ ਵਿੱਚ ਉਹ ਭਾਈ ਸਾਹਿਬ ਭਾਈ ਰਣਧੀਰ ਸਿੰਘ ਅਤੇ ਭਗਤ ਸਿੰਘ ਨੂੰ ਵੀ ਮਿਲੇ ਸਨ। 4 ਜੂਨ 1929 ਨੂੰ ਗੱਜਣ ਸਿੰਘ ਨੂੰ ਰਿਹਾ ਕਰ ਦਿੱਤਾ ਗਿਆ ਅਤੇ ਨਿਗਰਾਨੀ ਰੱਖਣ ਦੀ ਹਦਾਇਤ ਕੀਤੀ ਗਈ। ਅਧਿਆਇ 7 ‘ਕੀ ਮਾਸਟਰ ਗੱਜਣ ਸਿੰਘ ਮਾਸਕੋ ਗਿਆ?’ ਇਸ ਸੰਬੰਧੀ ਕੋਈ ਪੁਖਤਾ ਸਬੂਤ ਨਹੀਂ ਹਨ, ਸਰਕਾਰੀ ਕਿਰਾਰਡ ਵਿੱਚ ਦੋ ਥਾਂ ‘ਤੇ ਮਾਸਕੋ ਤੋਂ ਸਿਖਿਆ ਲੈਣ ਵਾਲੇ ਵਿਅਕਤੀਆਂ ਦੀ ਸੂਚੀ ਵਿੱਚ ਗੱਜਣ ਸਿੰਘ ਦਾ ਨਾਮ ਲਿਖਿਆ ਮਿਲਦਾ ਹੈ ਪ੍ਰੰਤੂ ਉਸ ਸਮੇਂ ਗੱਜਣ ਸਿੰਘ ਦੀਆਂ ਸ਼ੰਘਾਈ ਵਿੱਚ ਸਰਗਰਮੀਆਂ ਔਨ ਰਿਕਾਰਡ ਹਨ। ਅੱਠਵੇਂ ਅਧਿਆਇ ਵਿੱਚ ‘ਮਾਸਟਰ ਗੱਜਣ ਸਿੰਘ ਦੀ ਘਰ ਵਾਪਸੀ ਅਤੇ ਸਿਆਸੀ ਸਰਗਰਮੀਆਂ’ ਸਿਰਲੇਖ ਵਿੱਚ ਪਿੰਡ ਵਾਪਸ ਆ ਕੇ ਪਰਿਵਾਰ ਨਾਲ ਰਹਿਣ ਦੀ ਥਾਂ ਜੂਹਬੰਦੀ ਕਰਕੇ ਖੇਤ ਵਿੱਚ ਕੋਠਾ ਪਾ ਕੇ ਰਹਿੰਦਾ ਰਿਹਾ ਅਤੇ ਉਥੇ ਹੀ ਸਾਰੀਆਂ ਸਿਆਸੀ ਸਰਗਰਮੀਆਂ ਕਰਦਾ ਰਿਹਾ। 1932 ਵਿੱਚ ਗਿ੍ਰਫ਼ਤਾਰ ਹੋਇਆ ਅਤੇ ਤਿੰਨ ਮਹੀਨੇ ਜੇਲ੍ਹ ਵਿੱਚ ਬਿਤਾਏ। ਕਿਰਤੀ ਕਿਸਾਨ ਪਾਰਟੀ ਲੁਧਿਆਣਾ ਜਿਲ੍ਹੇ ਵਿੱਚ ਸੰਗਠਤ ਕੀਤੀ, ਛਪਾਰ ਦੇ ਮੇਲੇ ਵਿੱਚ ਕਾਨਫਰੰਸ ਕਰਕੇ ਸਮੁਚੇ ਜਿਲ੍ਹੇ ਵਿੱਚ ਕਾਨਫਰੰਸਾਂ ਦਾ ਸਿਲਸਿਲਾ ਜ਼ਾਰੀ ਰਿਹਾ। ਉਹ ਹਰ ਕਾਨਫ਼ਰੰਸ ਵਿੱਚ ਮੁੱਖ-ਬੁਲਾਰਾ ਹੁੰਦਾ ਸੀ। ਲਾਹੌਰ ਕਿਸਾਨ ਮੋਰਚਾ, ਮੁਜ਼ਾਰਾ ਲਹਿਰ, ਰਾਜਸੀ ਕੈਦੀ ਛੁਡਾਊ ਕਮੇਟੀ, ਦੇਸ਼ ਭਗਤ ਇਲੈਕਸ਼ਨ ਪ੍ਰਾਪੇਗੰਡਾ ਬੋਰਡ ਦੇ ਮੈਂਬਰ ਅਤੇ ਮੈਂਬਰ ਸਕੱਤਰ ਰਹੇ। ਹਮੇਸ਼ਾ ਪੁਲਿਸ ਨਾਲ ਲੁਕਣ ਮੀਟੀ ਖੇਡ ਖੇਡਦਾ ਰਿਹਾ ਪ੍ਰੰਤੂ ਸਿਆਸੀ ਸਰਗਰਮੀਆਂ ਵਿੱਚੋਂ ਹਿੱਸਾ ਲੈਣ ਤੋਂ ਨਹੀਂ ਹਟਿਆ। ਪੰਡਿਤ ਜਵਾਹਰ ਲਾਲ ਨਹਿਰੂ ਮਾਸਟਰ ਗੱਜਣ ਸਿੰਘ ਨੂੰ ਉਸ ਦੇ ਕੋਠੇ ਵਿੱਚ ਮਿਲਣ ਵੀ ਆਏ ਸਨ। ਨੌਵੇਂ ਅਧਿਆਇ ‘ਦੂਜੀ ਸੰਸਾਰ ਜੰਗ ਸਮੇਂ ਜੇਲ੍ਹ ਯਾਤਰਾ ਅਤੇ ਪਿੱਛੋਂ’ ਵਿੱਚ ਦੱਸਿਆ ਗਿਆ ਕਿ ਉਨ੍ਹਾਂ ਨੂੰ ਗਿ੍ਰਫ਼ਤਾਰ ਕਰਕੇ ਪਹਿਲਾਂ ਡੇਰਾ ਗਾਜ਼ੀ ਖ਼ਾਂ ਜੇਲ੍ਹ ਅਤੇ ਫਿਰ ਦਿਓਲੀ ਕੈਂਪ ਜੇਲ੍ਹ ਵਿੱਚ ਭੇਜਿਆ ਗਿਆ। ਦਿਓਲੀ ਜੇਲ੍ਹ ਦੇ ਮਾੜੇ ਪ੍ਰਬੰਧਾਂ ਕਰਕੇ ਭੁੱਖ ਹੜਤਾਲ ਕਰ ਦਿੱਤੀ। ਕਿਰਤੀ ਪਾਰਟੀ ਅਤੇ ਕਮਿਊਨਿਸਟਾਂ ਨੂੰ ਇਕੱਠੇ ਤੋਰਨ ਵਿੱਚ ਗੱਜਣ ਸਿੰਘ ਨੇ ਵੱਡਮੁੱਲਾ ਕੰਮ ਕੀਤਾ। ਦਸਵਾਂ ਅਧਿਆਇ ‘ਗੈਰ ਸਰਗਰਮੀ ਦੇ ਤਿੰਨ ਦਹਾਕੇ, ਪਰਿਵਾਰਿਕ ਜੀਵਨ ਅਤੇ ਸ਼ਖ਼ਸੀਅਤ’ ਵਿੱਚ ਦੱਸਿਆ ਗਿਆ ਕਿ ਉਹ ਆਜ਼ਾਦੀ ਤੋਂ ਬਾਅਦ ਸਰਕਾਰ ਦੀ ਕਾਰਗੁਜ਼ਾਰੀ ਤੋਂ ਅਸੰਤੁਸ਼ਟ ਅਤੇ ਨਿਰਾਸ਼ ਸੀ, ਜਿਸ ਕਰਕੇ ਆਪਣਾ ਸਮਾਂ ਪੁਸਤਕਾਂ ਪੜ੍ਹਨ ਨਾਲ ਗੁਜ਼ਾਰਦਾ ਰਿਹਾ। ਇਸ ਸਮੇਂ ਦੌਰਾਨ ਇਕ ਵਾਰ ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਉਸ ਦੇ ਖੇਤਾਂ ਵਿਚਲੇ ਕੋਠੇ ਵਿੱਚ ਮਿਲਣ ਆਏ ਸਨ। ਉਨ੍ਹਾਂ ਦੇ ਦੋ ਸਪੁੱਤਰ ਗੁਰਦਿਆਲ ਸਿੰਘ ਅਤੇ ਕਰਤਾਰ ਸਿੰਘ ਸਨ। ਉਹ ਗੁਰਮਤਿ ਨੂੰ ਪ੍ਰਣਾਏ ਹੋਏ, ਨਿਡਰ ਤੇ ਦਬੰਗ ਵਿਅਕਤੀ ਸਨ। ਉਹ 6 ਸਤੰਬਰ 1976 ਨੂੰ ਸਵਰਗਵਾਸ ਹੋ ਗਏ ਸਨ। ਅਖੀਰ ਵਿੱਚ ਇਕ ਲੇਖ ਉਨ੍ਹਾਂ ਦੀ ਪੋਤਰੀ ਪਰਮਜੀਤ ਕੌਰ ਦਾ ਲਿਖਿਆ ਹੋਇਆ ਵੀ ਪੁਸਤਕ ਵਿੱਚ ਸ਼ਾਮਲ ਕੀਤਾ ਗਿਆ। ਕੁਝ ਰੰਗਦਾਰ ਤਸਵੀਰਾਂ ਵੀ ਪੁਸਤਕ ਦਾ ਹਿੱਸਾ ਹਨ। ਡਾ.ਗੁਰਦੇਵ ਸਿੰਘ ਨੂੰ ਇਸ ਪੁਸਤਕ ਲਈ ਮੈਟਰ ਇਕੱਠਾ ਕਰਨ ਲਈ ਦਲਜੀਤ ਸਿੰਘ ਭੰਗੂ ਸੇਵਾ ਮੁਕਤ ਪੀ.ਸੀ.ਐਸ.ਅਧਿਕਾਰੀ ਅਤੇ ਉਨ੍ਹਾਂ ਦੀ ਪਤਨੀ ਹਰਜੀਤ ਕੌਰ ਨੇ ਮਦਦ ਕੀਤੀ। ਹਰਜੀਤ ਕੌਰ ਗੱਜਣ ਸਿੰਘ ਦੇ ਪਰਿਵਾਰ ਨਾਲ ਸੰਬੰਧ ਰਖਦੀ ਹੈ।
180 ਰੁਪਏ ਕੀਮਤ, 94 ਪੰਨੇ ਵਾਲੀ ਇਹ ਪੁਸਤਕ ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ