ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਅੰਤਰਰਾਸ਼ਟਰੀ ਸੰਗਠਨ ਹਿਊਮਨ ਰਾਈਟਸ ਵਾਚ ਨੇ ਆਪਣੀ ਵਿਸ਼ਵ ਰਿਪੋਰਟ 2024 ਜਾਰੀ ਕੀਤੀ, ਜਿਸ ਵਿਚ ਭਾਰਤ ਦੀ ਮੌਜੂਦਾ ਸਥਿਤੀ ‘ਤੇ ਚਿੰਤਾ ਪ੍ਰਗਟਾਈ ਹੈ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਹਿੰਦੂ ਰਾਸ਼ਟਰਵਾਦੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਕਾਰਕੁਨਾਂ, ਪੱਤਰਕਾਰਾਂ, ਵਿਰੋਧੀ ਸਿਆਸਤਦਾਨਾਂ ਅਤੇ ਸਰਕਾਰ ਦੇ ਹੋਰ ਆਲੋਚਕਾਂ ਨੂੰ ਸਿਆਸੀ ਤੌਰ ‘ਤੇ ਪ੍ਰੇਰਿਤ ਅਪਰਾਧਿਕ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਹੈ। ਹਿਊਮਨ ਰਾਈਟਸ ਵਾਚ ਦੀ ਏਸ਼ੀਆ ਦੀ ਡਿਪਟੀ ਡਾਇਰੈਕਟਰ ਮੀਨਾਕਸ਼ੀ ਗਾਂਗੁਲੀ ਮੁਤਾਬਕ, ਭਾਜਪਾ ਸਰਕਾਰ ਦੀਆਂ ਵਿਤਕਰੇ ਭਰੀ ਅਤੇ ਵੰਡਣ ਵਾਲੀਆਂ ਨੀਤੀਆਂ ਕਾਰਨ ਭਾਰਤ ਵਿੱਚ ਘੱਟ ਗਿਣਤੀਆਂ ਵਿਰੁੱਧ ਹਿੰਸਾ ਵਿੱਚ ਵਾਧਾ ਹੋਇਆ ਹੈ।
ਰਿਪੋਰਟ ਵਿੱਚ ਹਰਿਆਣਾ ਦੇ ਨੂਹ ਵਿੱਚ ਇੱਕ ਹਿੰਦੂ ਜਲੂਸ ਦੌਰਾਨ ਭੜਕੀ ਫਿਰਕੂ ਹਿੰਸਾ ਅਤੇ ਹਿੰਸਾ ਤੋਂ ਬਾਅਦ ਪ੍ਰਸ਼ਾਸਨ ਦੁਆਰਾ ਸੈਂਕੜੇ ਮੁਸਲਿਮ ਜਾਇਦਾਦਾਂ ਨੂੰ ਨਜਾਇਜ਼ ਢਾਹੇ ਜਾਣ ਅਤੇ ਮੁਸਲਿਮ ਲੜਕਿਆਂ ਨੂੰ ਹਿਰਾਸਤ ਵਿੱਚ ਲੈਣ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਜਾਇਦਾਦਾਂ ਨੂੰ ਨਜਾਇਜ਼ ਢਾਹੇ ਜਾਣ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਭਾਜਪਾ ਦੀ ਅਗਵਾਈ ਵਾਲੀ ਰਾਜ ਸਰਕਾਰ ਤੋਂ ਪੁੱਛਣ ਲਈ ਵੀ ਪ੍ਰੇਰਿਆ ਸੀ ਕਿ ਕੀ ਉਹ “ਨਸਲੀ ਸਫਾਈ”ਕਰ ਰਹੀ ਹੈ।
ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਭਾਰਤੀ ਅਧਿਕਾਰੀਆਂ ਨੇ ਜੰਮੂ-ਕਸ਼ਮੀਰ ਵਿਚ ਆਜ਼ਾਦੀ ਦੇ ਪ੍ਰਗਟਾਵੇ, ਸ਼ਾਂਤੀਪੂਰਨ ਇਕੱਠ ਅਤੇ ਹੋਰ ਅਧਿਕਾਰਾਂ ‘ਤੇ ਪਾਬੰਦੀਆਂ ਜਾਰੀ ਰੱਖੀਆਂ ਹਨ ਅਤੇ ਉਥੇ ਸੁਰੱਖਿਆ ਬਲਾਂ ਦੁਆਰਾ ਗੈਰ-ਨਿਆਇਕ ਹੱਤਿਆਵਾਂ ਦੀਆਂ ਰਿਪੋਰਟਾਂ ਸਾਲ ਭਰ ਜਾਰੀ ਰਹੀਆਂ।