ਸੀਨੀਅਰ ਲੀਡਰ ਹਾਂ ਅਸੀਂ
ਸੀਨੀਅਰ ਲੀਡਰ!
ਇਸ ਪਾਰਟੀ ਵਿਚ
ਅਸੀਂ ਵਰਕਰ ਸਾਂ ਪਹਿਲੋਂ
ਫੇਰ ਬਲਾਕ ਪ੍ਰਧਾਨ
ਜਿ਼ਲ੍ਹਾ ਪ੍ਰਧਾਨ ਤੋਂ
ਸੂਬਾ ਪ੍ਰਧਾਨ ਹੁੰਦਿਆਂ
ਐੱਮ.ਐੱਲ.ਏ. ਵੀ ਰਹੇ
ਫੇਰ ਮੰਤਰੀ ਪਦ ਮਾਣਿਆ
ਦਮ ਘੁਟਣ ਲੱਗਾ ਫਿਰ
ਇਸ ਪਾਰਟੀ ਵਿਚ ਸਾਡਾ
ਅਚਵੀ ਜਿਹੀ ਲੱਗਣ ਲੱਗੀ
ਖੜੋਤ ਜਿਹੀ ਜਾਪਣ ਲੱਗੀ
ਰਾਜਨੀਤਕ ਖੜੋਤ
ਸਥਿਤੀਆਂ ਬਦਲੀਆਂ
ਸਮੀਕਰਨ ਬਦਲੇ
ਮਾਰ ਛੜੱਪੇ ਫੇਰ ਅਸੀਂ
ਕਦੀ ਏਸ ਪਾਰਟੀ
ਕਦੀ ਓਸ ਪਾਰਟੀ
ਪਰ ਦੇਖੋ!
ਕਮਾਲ ਅਸਾਡਾ
ਨਵੀਂ ਪਾਰਟੀ ਵਿਚ ਵੀ
ਰਹਿੰਦੇ ਅਸੀਂ
ਸੀਨੀਅਰ ਲੀਡਰ ਹੀ ਹਾਂ
ਅਸੀਂ ਜਿਸ ਵੀ ਪਾਰਟੀ
ਵਿਚ ਹੁੰਦੇ ਹਾਂ ਸ਼ਾਮਿਲ
ਆਪਣੀ ਸੀਨੀਆਰਤਾ
ਨਾਲ ਲੈ ਕੇ ਜਾਂਦੇ ਹਾਂ
ਅਸੀਂ ਕੋਈ ਮੁਲਾਜ਼ਮ ਥੋੜ੍ਹੇ ਹਾਂ
ਜੋ ਸੀਨੀਆਰਤਾ ਛੱਡਾਂਗੇ
ਦੂਜੇ ਵਿਭਾਗ ਵਿਚ ਜਾ ਕੇ
ਜਿਸ ਮਰਜ਼ੀ ਪਾਰਟੀ ਵਿਚ ਹੋਈਏ
ਟਿਕਟਾਂ ਸਾਨੂੰ ਹੀ ਮਿਲਦੀਆਂ ਹਨ
ਲਤਾੜਕੇ ਹੇਠਲੇ ਵਰਕਰਾਂ ਨੂੰ
ਰੌਂਦ ਕੇ ਟਕਸਾਲੀ ਲੀਡਰਾਂ ਨੂੰ
ਦੇਖਿਆ!
ਲੀਡਰ, ਲੀਡਰ ਹੀ ਰਹਿੰਦੇ ਨੇ
ਤੇ ਵਰਕਰ, ਵਰਕਰ ਹੀ
ਦਰੀਆਂ ਵਿਛਾਉਣ ਨੂੰ
ਰੈਲੀਆਂ’ਚ ਨਾਹਰੇ ਲਾਉਣ ਨੂੰ