ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਚੈੱਕ ਗਣਰਾਜ ਦੀ ਇੱਕ ਅਦਾਲਤ ਨੇ ਪਹਿਲੀ ਅਦਾਲਤ ਵਲੋਂ ਦਿੱਤੇ ਫੈਸਲੇ ਨੂੰ ਬਰਕਰਾਰ ਰੱਖਦਿਆਂ ਫੈਸਲਾ ਸੁਣਾਇਆ ਹੈ ਕਿ 52 ਸਾਲਾ ਭਾਰਤੀ ਵਿਅਕਤੀ ਨਿਖਿਲ ਗੁਪਤਾ ਨੂੰ ਸੰਯੁਕਤ ਰਾਜ ਅਮਰੀਕਾ ਹਵਾਲੇ ਕੀਤਾ ਜਾ ਸਕਦਾ ਹੈ, ਜਿਸ ‘ਤੇ ਸਿੱਖ ਵੱਖਵਾਦੀ ਨੇਤਾ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਦਾ ਸੰਯੁਕਤ ਰਾਜ ਅਮਰੀਕਾ ਮੁਤਾਬਿਕ ਕਥਿਤ ਤੌਰ ‘ਤੇ ਸ਼ਾਮਲ ਹੋਣ ਦਾ ਦੋਸ਼ ਹੈ। ਹਾਲਾਂਕਿ, ਗੁਪਤਾ ਦੀ ਹਵਾਲਗੀ ਲਈ, ਅਜੇ ਵੀ ਚੈੱਕ ਨਿਆਂ ਮੰਤਰੀ ਪਾਵੇਲ ਬਲਾਜ਼ੇਕ ਦੀ ਮਨਜ਼ੂਰੀ ਦੀ ਲੋੜ ਹੈ । ਗੁਪਤਾ ਨੂੰ ਅਮਰੀਕਾ-ਚੈੱਕ ਦੀ ਹਵਾਲਗੀ ਸੰਧੀ ਦੇ ਆਧਾਰ ‘ਤੇ ਪਿਛਲੇ ਸਾਲ ਜੂਨ ‘ਚ ਪ੍ਰਾਗ ‘ਚ ਨਜ਼ਰਬੰਦ ਕੀਤਾ ਗਿਆ ਸੀ ਤੇ ਓਹ ਹੁਣ ਪ੍ਰਾਗ ਦੀ ਪੈਨਕਰੈਕ ਜੇਲ੍ਹ ਵਿੱਚ ਬੰਦ ਹੈ।
ਪੰਨੂ ਦਾ ਹਵਾਲਾ ਦਿੰਦੇ ਹੋਏ, ਗੁਪਤਾ ਦੇ ਵਕੀਲ, ਪੀਟਰ ਸਲੇਪਿਕਾ ਨੇ ਹਾਈ ਕੋਰਟ ਅੰਦਰ ਆਪਣੀ ਦਲੀਲ ਵਿੱਚ ਕਿਹਾ, “ਜਿਸ ਤਰ੍ਹਾਂ ਅਮਰੀਕਾ ਲਈ ਓਸਾਮਾ ਬਿਨ ਲਾਦੇਨ ਖ਼ਤਰਾ ਸੀ, ਉਸੇ ਤਰ੍ਹਾਂ ਇਹ ਭਾਰਤ ਦੇ ਗਣਰਾਜ ਦੀ ਸੁਰੱਖਿਆ ਲਈ ਖ਼ਤਰਾ ਹੈ । ਗੁਪਤਾ ਨੇ ਆਪਣੇ ਦਾਅਵਿਆਂ ਵਿੱਚ ਦਲੀਲ ਦਿੱਤੀ ਹੈ ਕਿ ਪੰਨੂ ਨਾਲ ਸਬੰਧਤ ਕੇਸ ਦਾ ਸਿਆਸੀ ਜਾਂ ਫੌਜੀ ਪਿਛੋਕੜ ਹੈ। ਹਾਲਾਂਕਿ ਜੱਜ ਨੇ ਬਚਾਅ ਪੱਖ ਦੀ ਦਲੀਲ ਨੂੰ ਖਾਰਜ ਕਰ ਦਿੱਤਾ ਕਿ ਇਹ ਸਿਆਸੀ ਮਾਮਲਾ ਸੀ। ਨਿਆਂ ਮੰਤਰਾਲੇ ਦੇ ਬੁਲਾਰੇ ਵਲਾਦੀਮੀਰ ਸੇਪਕਾ ਨੇ ਕਿਹਾ ਕਿ ਇਹ ਅਸਪਸ਼ਟ ਹੈ ਕਿ ਗੁਪਤਾ ਦੀ ਹਵਾਲਗੀ ਲਈ ਫੈਸਲਾ ਲੈਣ ਦੀ ਪ੍ਰਕਿਰਿਆ ਵਿੱਚ ਕਿੰਨਾ ਸਮਾਂ ਲੱਗੇਗਾ।
ਇਸ ਦੌਰਾਨ ਗੁਪਤਾ ਦੇ ਵਕੀਲ ਪੇਟਰ ਸਲੇਪਿਕਾ ਨੇ ਕਿਹਾ ਕਿ ਉਹ ਅਜੇ ਵੀ ਸੰਵਿਧਾਨਕ ਅਦਾਲਤ ‘ਚ ਸ਼ਿਕਾਇਤ ਦਾਇਰ ਕਰਨਗੇ ਅਤੇ ਨਾਲ ਹੀ ਨਿਆਂ ਮੰਤਰੀ ਨੂੰ ਕਹਾਂਗੇ ਕਿ ਉਹ ਮੇਰੇ ਮੁਵੱਕਿਲ ਨੂੰ ਅਮਰੀਕਾ ਹਵਾਲੇ ਨਾ ਕਰਨ।”
ਜਿਕਰਯੋਗ ਹੈ ਕਿ ਭਾਰਤ ਦੀ ਸੁਪਰੀਮ ਕੋਰਟ ਨੇ 4 ਜਨਵਰੀ ਨੂੰ ਗੁਪਤਾ ਵੱਲੋਂ ਚੈਕ ਗਣਰਾਜ ਵਿੱਚ ਕੌਂਸਲਰ ਪਹੁੰਚ, ਕਾਨੂੰਨੀ ਸਹਾਇਤਾ ਅਤੇ ਹਵਾਲਗੀ ਦੀ ਕਾਰਵਾਈ ਲਈ ਦਾਇਰ ਪਟੀਸ਼ਨ ਨੂੰ ਇਹ ਕਹਿੰਦਿਆਂ ਕਿ ਵਿਦੇਸ਼ੀ ਅਦਾਲਤ ਦੇ ਅਧਿਕਾਰ ਖੇਤਰ ਦਾ ਸਨਮਾਨ ਕਰਨਾ ਚਾਹੀਦਾ ਹੈ, ਰੱਦ ਕਰ ਦਿੱਤਾ ਸੀ । ਅਦਾਲਤ ਵਲੋਂ ਕਿਹਾ ਗਿਆ ਕਿ “ਇੱਥੇ ਕੁਝ ਵੀ ਨਹੀਂ ਹੈ ਜੋ ਅਸੀਂ ਕਰ ਸਕਦੇ ਹਾਂ। ਇਹ ਇੱਕ ਅੰਤਰਰਾਸ਼ਟਰੀ ਮਾਮਲਾ ਹੈ, ਅਤੇ ਸਾਰੇ ਪਹਿਲੂ ਵੀਏਨਾ ਕਨਵੈਨਸ਼ਨ ਦੇ ਅਧੀਨ ਆਉਂਦੇ ਹਨ। ਜੇ ਕੌਂਸਲਰ ਪਹੁੰਚ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਹੈ, ਤਾਂ ਅਧਿਕਾਰੀਆਂ ਨਾਲ ਸਿੱਧੇ ਸੰਪਰਕ ਕੀਤਾ ਜਾ ਸਕਦਾ ਹੈ। ਹਾਲਾਂਕਿ, ਤੁਹਾਡੀਆਂ ਤਾਰੀਖਾਂ ਦੀ ਸੂਚੀ ਦੇ ਅਨੁਸਾਰ, ਤੁਹਾਨੂੰ ਦੋ ਵਾਰ ਕੌਂਸਲਰ ਪਹੁੰਚ ਦਿੱਤੀ ਗਈ ਸੀ ।
ਅਮਰੀਕੀ ਨਿਆਂ ਵਿਭਾਗ ਦੇ ਦੋਸ਼ਾਂ ਦੇ ਅਨੁਸਾਰ, ਭਾਰਤੀ ਨਾਗਰਿਕ ਨਿਖਿਲ ਗੁਪਤਾ ਜੋ ਇਸ ਸਮੇਂ ਹਿਰਾਸਤ ਵਿੱਚ ਹੈ ਅਤੇ ਉਸ ‘ਤੇ ਕਿਰਾਏ ਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ, ਜਿਸ ਵਿੱਚ ਵੱਧ ਤੋਂ ਵੱਧ 10 ਸਾਲ ਦੀ ਕੈਦ ਦੀ ਸਜ਼ਾ ਹੈ। ਚੈੱਕ ਅਧਿਕਾਰੀਆਂ ਨੇ ਸੰਯੁਕਤ ਰਾਜ ਅਤੇ ਚੈੱਕ ਗਣਰਾਜ ਦਰਮਿਆਨ ਦੁਵੱਲੀ ਹਵਾਲਗੀ ਸੰਧੀ ਦੇ ਤਹਿਤ 30 ਜੂਨ ਨੂੰ ਗੁਪਤਾ ਨੂੰ ਗ੍ਰਿਫਤਾਰ ਕਰ ਲਿਆ ਸੀ। ਅਮਰੀਕੀ ਨਿਆਂ ਵਿਭਾਗ ਨੇ ਦਾਅਵਾ ਕੀਤਾ ਸੀ ਕਿ ਇੱਕ ਭਾਰਤੀ ਸਰਕਾਰੀ ਕਰਮਚਾਰੀ, ਜਿਸਦੀ ਮੈਨਹਟਨ ਦੀ ਇੱਕ ਸੰਘੀ ਅਦਾਲਤ ਵਿੱਚ ਦਾਇਰ ਦੋਸ਼ਾਂ ਵਿੱਚ ਪਛਾਣ ਨਹੀਂ ਕੀਤੀ ਗਈ ਸੀ, ਨੇ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਕਥਿਤ ਤੌਰ ‘ਤੇ ਪੰਨੂ ਦੀ ਹੱਤਿਆ ਨੂੰ ਅੰਜਾਮ ਦੇਣ ਲਈ ਇੱਕ ਹਿੱਟਮੈਨ ਨੂੰ ਨਿਯੁਕਤ ਕਰਨ ਲਈ ਭਰਤੀ ਕੀਤਾ ਸੀ, ਜਿਸ ਨੂੰ ਅਮਰੀਕਾ ਨੇ ਨਾਕਾਮ ਕਰ ਦਿੱਤਾ ਸੀ।