ਇਹ ਦੁਨੀਆਂ ਬੜੀ ਅਜੀਬੋ ਗਰੀਬ ਚੀਜਾਂ ਨਾਲ ਭਰੀ ਹੋਈ ਹੈ। ਕਈ ਚੀਜ਼ਾਂ ਤਾਂ ਅਜਿਹੀਆਂ ਹਨ ਜਿਨ੍ਹਾਂ ਬਾਰੇ ਜਾਣ ਕੇ ਅਜਿਹਾ ਲਗਦਾ ਹੈ ਕਿ ਇਹ ਹੋ ਹੀ ਨਹੀਂ ਸਕਦਾ। ਸਾਡੇ ਸੂਰਜੀ ਮੰਡਲ ਦੇ ਅੱਠ ਗ੍ਰਹਿ, ਕੁਝ ਉਪ੍ਰਗਹਿ ਆਦਿ ਲੱਭਣ ਤੋਂ ਬਾਅਦ ਹੁਣ ਵਿਗਿਆਨੀ ਸੂਰਜੀ ਮੰਡਲ ਤੋਂ ਬਾਹਰ ਵੱਲ ਨੂੰ ਹੋ ਤੁਰੇ ਹਨ। ਪਰ ਹਾਲੇ ਵੀ ਸੂਰਜੀ ਮੰਡਲ ਵਿੱਚ ਬਹੁਤ ਕੁਝ ਅਜਿਹਾ ਹੈ ਜਿਹੜਾ ਲੱਭਣ-ਦੇਖਣ-ਭਾਲਣ ਵਾਲਾ ਹੈ। ਦੂਰੀ ਦੇ ਹਿਸਾਬ ਨਾਲ ਸੂਰਜ ਤੋਂ ਚੋਥੇ ਅਤੇ ਪੰਜਵੇਂ ਗ੍ਰਹਿ ਮੰਗਲ ਅਤੇ ਬ੍ਰਹਿਸਪਤੀ ਦੇ ਵਿਚਕਾਰ ਬਹੁਤ ਸਾਰੇ ਐਸਟ੍ਰਾਇਡ ਹਨ। ਇਹਨਾਂ ਨੂੰ ਸਮੁੱਚੇ ਤੌਰ ਤੇ ਐਸਟਰਾਈਡ ਬੈਲਟ ਕਿਹਾ ਜਾਂਦਾ ਹੈ। ਐਸਟਰਾਇਡ ਬੈਲਟ ਸੂਰਜੀ ਸਿਸਟਮ ਵਿੱਚ ਇੱਕ ਟੋਰਸ-ਆਕਾਰ ਦਾ ਖੇਤਰ ਹੈ, ਜੋ ਸੂਰਜ ‘ਤੇ ਕੇਂਦਰਿਤ ਹੈ ਅਤੇ ਮੋਟੇ ਤੌਰ ‘ਤੇ ਜੁਪੀਟਰ ਅਤੇ ਮੰਗਲ ਦੇ ਚੱਕਰਾਂ ਦੇ ਵਿਚਕਾਰ ਸਪੇਸ (ਸਾਡੇ ਸੂਰਜੀ ਪਰਿਵਾਰ) ਵਿੱਚ ਫੈਲਿਆ ਹੋਇਆ ਹੈ। ਇਸ ਵਿੱਚ ਵੱਡੀ ਗਿਣਤੀ ਵਿੱਚ ਠੋਸ, ਅਨਿਯਮਿਤ ਆਕਾਰ ਦੀਆਂ ਚੀਜ਼ਾਂ ਸ਼ਾਮਲ ਹਨ ਜਿਨ੍ਹਾਂ ਨੂੰ ਐਸਟੋਰਾਇਡ ਜਾਂ ਛੋਟੇ (ਬੌਣੇ) ਗ੍ਰਹਿ ਕਹਿੰਦੇ ਹਨ। ਪਛਾਣੀਆਂ ਗਈਆਂ ਵਸਤੂਆਂ ਦਾ ਆਕਾਰ ਹੁੰਦਾ ਹੈ, ਪਰ ਇਹਨਾਂ ਦਾ ਸਾਇਜ਼ ਗ੍ਰਹਿਆਂ ਨਾਲੋਂ ਬਹੁਤ ਛੋਟਾ ਹੈ। ਹੁਣ ਅਮਰੀਕੀ ਪੁਲਾੜ ਏਜੰਸੀ ਨੇ ਹਾਲ ਹੀ ਵਿੱਚ ਇੱਕ ਕੀਤੇ ਗਏ ਤਜਰਬੇ ਨੂੰ ਪ੍ਰਕਾਸ਼ਿਤ ਕੀਤਾ ਹੈ ਕਿ ਮੰਗਲ ਅਤੇ ਬ੍ਰਹਿਸਪਤੀ ਵਿਚਾਲੇ 16 ਦਾ ਜਿਹੜਾ ਬੌਨਾ ਗ੍ਰਹਿ ਹੈ ਅਤੇ ਧਨਾਢ ਹੈ । ਜਿਆਦਾਤਰ ਗ੍ਰਹਿਆਂ ਨਾਲੋਂ ਬਿਲਕੁਲ ਵਖਰਾ ਅਤੇ ਪੂਰੀ ਤਰ੍ਹਾਂ ਧਾਤਾਂ ਨਾਲ ਬਣਿਆ ਹੋਇਆ ਹੈ। ਇਸਦੀ ਬਣਤਰ 95 ਫੀਸਦੀ ਸ਼ੁੱਧ ਧਾਤਵੀ ਹੈ। ਤੇ ਧਾਤਾਂ ਵੀ ਅਜਿਹੀਆਂ ਕਿ ਤੁਸੀਂ ਜਾਣ ਕੇ ਵੀ ਹੈਰਾਨ ਹੋ ਜਾਵੋਗੇ। ਇਸਦੀ ਕੋਰ ਵਿੱਚ ਜਿਆਦਾਤਰ ਸੋਨਾ, ਪਲਾਟੀਨਮ ਅਤੇ ਨਿੱਕਲ ਭਾਰੀ ਧਾਤਾਂ ਹਨ। ਨਾਸਾ ਮੁਤਾਬਿਕ ਇਸ ਵਿੱਚ ਪੂਰੀ ਧਰਤੀ ‘ਤੇ ਸੋਨੇ ਦੀ ਮਾਤਰਾ ਨਾਲੋਂ ਲੱਖਾਂ ਟਨ ਜ਼ਿਆਦਾ ਸੋਨਾ ਲੱਭਿਆ ਹੈ। ਅੱਜ ਦੇ ਹਿਸਾਬ ਨਾਲ ਇਸ ਵਿੱਚ ਮੋਜੂਦ ਸੋਨੇ ਦਾ ਮੁੱਲ ਲਗਭਗ 10 ਕੁ ਹਜ਼ਾਰ ਕੌਵਾਡਰਿਲੀਅਨ (10 ਸੰਖ/1 ਕੁਵਾਨਟੀਲੀਅਨ/1019) ਅਮਰੀਕੀ ਡਾਲਰ ਹੈ। ਹੁਣ ਇਹ ਕਿੰਨਾ ਪੈਸਾ ਹੈ, ਤੁਸੀਂ ਇਸ ਦਾ ਅੰਦਾਜ਼ਾ ਖੁਦ ਲਗਾ ਸਕਦੇ ਹੋ।
ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਐਸਟੇਰੋਇਡ ਕਿਸੇ ਸ਼ੁਰੂਆਤੀ ਗ੍ਰਹਿ ਦਾ ਐਕਸਪੋਜ਼ਡ ਕੋਰ ਵੀ ਹੋ ਸਕਦਾ ਹੈ। ਜੋ ਸਮੇਂ ਦੇ ਨਾਲ ਕਈ ਭਿਆਨਕ ਟੱਕਰਾਂ ਕਾਰਨ ਆਪਣੀ ਬਾਹਰੀ ਪਰਤ ਗੁਆ ਚੁੱਕਾ ਹੋ ਸਕਦਾ ਹੈ ਅਤੇ ਹੋ ਸਕਦਾ ਹੈ ਕਿ ਹੁਣ ਸਿਰਫ ਇਸਦਾ ਅੰਦਰੂਨੀ ਕੋਰ ਹੀ ਬਚਿਆ ਹੋਵੇ। ਨਾਸਾ ਅਨੁਸਾਰ, ਇਸ ਆਲੂ ਵਰਗੇ ਗ੍ਰਹਿ ਦਾ ਵਿਆਸ ਲਗਭਗ 140 ਮੀਲ ਹੈ ਅਤੇ ਇਹ ਧਰਤੀ ਤੋਂ ਲਗਭਗ 370 ਮਿਲੀਅਨ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ ਇਹ 5 ਸਾਲਾਂ ਵਿੱਚ ਸੂਰਜ ਦਾ ਇੱਕ ਚੱਕਰ ਪੂਰਾ ਕਰਦਾ ਹੈ। ਇਸ ਦਾ ਨਾਮ , ’16 ਸਾਈਕ’ ਰੱਖਿਆ ਗਿਆ ਹੈ। ਅਸਲ ਵਿੱਚ ਸਭ ਤੋਂ ਪਹਿਲਾਂ ਇਹ ਰਹੱਸਮਈ ਗ੍ਰਹਿ 17 ਮਾਰਚ, 1852 ਨੂੰ ਇਤਾਲਵੀ ਖਗੋਲ ਵਿਗਿਆਨੀ ਐਨੀਬੇਲ ਡੀ ਗੈਸਪਾਰਿਸ ਦੁਆਰਾ ਖੋਜਿਆ ਗਿਆ ਸੀ। ਇਸਦਾ ਨਾਮ ਆਤਮਾ ਦੀ ਪ੍ਰਾਚੀਨ ਯੂਨਾਨੀ ਦੇਵੀ ਸਾਈਕੇ ਦੇ ਨਾਮ ‘ਤੇ ਰੱਖਿਆ ਗਿਆ ਸੀ। ਕਿਉਂਕਿ ਇਹ ਵਿਗਿਆਨੀਆਂ ਦੁਆਰਾ ਖੋਜਿਆ ਜਾਣ ਵਾਲਾ 16ਵਾਂ ਗ੍ਰਹਿ ਹੈ, ਇਸ ਲਈ ਇਸਦੇ ਨਾਮ ਵਿੱਚ 16 ਜੋੜਿਆ ਗਿਆ ਹੈ।
ਪੁਲਾੜ ਵਿਗਿਆਨੀਆਂ ਨੇ ਇਸ ਬੋਨੇ ਗ੍ਰਹਿ ਦਾ ਅਲਟਰਾਵਾਇਲਟ ਨਿਰੀਖਣ ਵੀ ਕੀਤਾ ਗਿਆ ਹੈ, ਜਿਸ ਤੋਂ ਪਹਿਲੀ ਵਾਰ ਇਸ ਗ੍ਰਹਿ ਦੀ ਬਣਤਰ ਦੀ ਤਸਵੀਰ ਵੀ ਹਾਸਲ ਹੋਈ ਹੈ, ਜਿਸ ਨੇ ਇਸ ਦੇ ਕਈ ਰਾਜ਼ ਖੋਲੇ ਹਨ। ਇਸ ਦੇ ਹੋਰ ਰਾਜ ਪਤਾ ਕਰਨ ਲਈ ਨਾਸਾ ਨੇ ਇੱਕ ਪੁਲਾੜ ਮਿਸ਼ਨ ਇਸ ਵਾਸਤੇ ਉਲੀਕਿਆ ਹੋਇਆ ਹੈ 2026 ਚ ਇਸ ਮਿਸ਼ਨ ਦੇ ਪੁਲਾੜ ਜਹਾਜ ਦੇ ਉੱਥੇ ਪਹੁੰਚਣ ਦੀ ਉਮੀਦ ਹੈ। ਇਸ ਸ੍ਪੇਸ ਕਰਾਫਟ ਲਗਭਗ ੨੧ ਮਹੀਨੇ ਉਸਦੇ ਆਲੇ ਦੁਆਲੇ ਚੱਕਰ ਲਗਾਵੇਗਾ ਤੇ ਇਸ ਦੀ ਹੋਰ ਖ਼ੁਰਾ-ਖੋਜ ਲਭੇਗਾ।
ਇਹ ਬੌਨਾ ਗ੍ਰਹਿ ਕਿਉਂਕਿ ਧੰਨ-ਸੰਪਦਾ ਦਾ ਭੰਡਾਰ ਹੈ ਅਤੇ ਧਰਤੀ ਦੀ ਕੁੱਲ ਇਕਾਨਮੀ ਤੋਂ ਵੀ ਵੱਧ ਇਸ ਵਿੱਚ ਸੋਨਾ ਹੈ, ਆਉਣ ਵਾਲੇ ਸਮੇਂ ਵਿੱਚ ਦੁਨੀਆ ਦੀਆਂ ਵੱਡੀਆਂ ਪਾਵਰਾਂ ਵਿਚਾਲੇ ਜੰਗ ਵੀ ਕਰਵਾ ਸਕਦਾ ਹੈ। ਅਮਰੀਕਾ ਇਸ ਵਿੱਚ ਬਾਜ਼ੀ ਮਾਰਨਾ ਚਾਹੁੰਦਾ ਹੈ। ਚੀਨ ਵੀ ਪਿਛੇ ਨਹੀਂ ਰਹਿਣਾ ਚਾਹੁੰਦਾ ‘ਤੇ ਭਾਰਤ ਵੀ ਹੁਣ ਪੁਲਾੜ ਵੱਲ ਨੂੰ ਕਈ ਹੋਰ ਦੇਸ਼ਾਂ ਵਾਂਗ ਕਦਮ ਵਧਾ ਰਿਹਾ ਹੈ। ਇਸ ਗ੍ਰਹਿ ‘ਤੇ ਧਰਤੀ ਦੇ ਪੁਲਾੜ ਵਿਗਿਆਨੀ ਕਦੋਂ ਪਹੁੰਚਣਗੇ ? ਕੀ ਇਸ ਤੇ ਮਾਈਨਿੰਗ ਸ਼ੁਰੂ ਹੋਵੇਗੀ? ਇਸ ਦਾ ਸੋਨਾ ਧਰਤੀ ‘ਤੇ ਕਦੋਂ ਤੇ ਕਿਵੇਂ ਆਵੇਗਾ ? ਇਹ ਕੁਝ ਸਵਾਲਾਤ ਹਨ ਜਿਨ੍ਹਾਂ ਦੇ ਜਵਾਬ ਹਾਲੇ ਭਵਿੱਖ ਦੀ ਕੋਖ ਵਿੱਚ ਹਨ। ਪਰ ਇਸ ਨੂੰ ਪਾਉਣ ਦੀ ਹੋੜ ਇਸਦੇ ਕਈ ਰਾਜ ਖੋਲੇਗੀ। ਸੂਰਜੀ ਟੱਬਰ ਬਾਰੇ ਹੋਰ ਜਾਣਕਾਰੀ ਪੁਖਤਾ ਹੋਵੇਗੀ ਜੋ ਹੋਰ ਖੋਜਾਂ ਦਾ ਰਾਹ ਖੋਲੇਗੀ।