ਕਾਫੀ ਸਮੇਂ ਤੋਂ ਉਹ ਬੁੱਢੀ ਮਾਂ ਸੜਕ ਪਾਰ ਕਰਨ ਲਈ ਖੜੀ ਸੀ ਪਰ ਕੋਈ ਵੀ ਰਾਹਗੀਰ ਉਥੋਂ ਉਸ ਵਕਤ ਲੰਘਦਾ ਨਾ ਹੋਣ ਕਰਕੇ ਕੋਈ ਐਸਾ ਨਾ ਆਇਆ ਜੋ ਉਸਨੂੰ ਸੜਕ ਪਾਰ ਕਰਵਾ ਸਕਦਾ ਸੀ ਵੇਚਾਰੀ ਬੁੱਢੀ ਕਦੇ-ਕਦੇ ਆਪਣਾ ਬੁਢੇਪੇ ਕਾਰਣ ਡੋਲਦਾ ਪੈਰ ਸੜਕ ਪਾਰ ਕਰਨ ਲਈ ਅੱਗੇ ਵਧਾਉਂਦੀ ਤਾਂ ਤੇਜ਼ ਲੰਘਣ ਵਾਲੀ ਕਿਸੇ ਬੱਸ ਗੱਡੀ ਦੀ ਅਵਾਜ਼ ਤੋਂ ਡਰਦੇ ਹੀ ਉਹ ਆਪਣਾ ਪੈਰ ਪਿੱਛੇ ਕਰ ਲੈਂਦੀ। ਸਬੱਬ ਨਾਲ ਬਜ਼ਾਰ ਵੱਲੋਂ ਵਾਪਿਸ ਮੁੜਦੀਆਂ ਅੰਬੀਕਾ ਤੇ ਗੋਪੀਕਾ ਦੀ ਨਜ਼ਰ ਇਸ ਬੁੱਢੀ ਤੇ ਪੈ ਗਈ ਤਾਂ ਉਹ ਉਸਨੂੰ ਸੜਕ ਪਾਰ ਕਰਾਉਣ ਖਾਤਿਰ ਉਸਦੇ ਕੋਲ ਆ ਗਈਆਂ।
‘ਅੰਮਾ ਹੱਥ ਫੜ ਨਾਲ ਆਹ ਝੋਲਾ ਫੜਾ ਦੇ ਉਧਰਲੇ ਪਾਰ ਜਾ ਕੇ ਫੜ ਲਵੀਂ।
”ਰਾਜ਼ੀ ਰਹੋ ਧੀਓ ਮੈਂ ਕਦੋਂ ਦੀ ਦੇਖਦੀ ਸੀ ਕੋਈ ਲੰਘਿਆ ਈ ਨੀ ਪੈਦਲ ਇਧਰੋਂ।
‘ਅੰਮਾ ਤੂੰ ਐਡੀ ਸਿਖਰ ਦੁਪਹਿਰੇ ਕਿਧਰ ਤੁਰੀ ਫਿਰਦੀ ਆਂ ਇਸ ਉਮਰੇ ਤੈਨੂੰ ਅਰਾਮ ਕਰਨਾ ਚਾਹੀਦਾ।
”ਅਰਾਮ ਕਾਹਦਾ ਬੱਚੀਓ ਔਰਤ ਦੀ ਜ਼ਿੰਦਗੀ ਵਿੱਚ ਅਰਾਮ ਕਿੱਥੇ ਬੁੱਢੇ ਬਾਰੇ ਵੀ ਕਈ ਕੰਮ ਕਰਨੇ ਪੈਂਦੇ ਆ ਮੈਂ ਆਪਣੀ ਧੀ ਨੂੰ ਮਿਲ ਕੇ ਆਈ ਆਂ ਉਸਦੀ ਗੋਦੀ ਕਾਕਾ ਆ ਸੁੱਖ ਨਾਲ।
‘ਠੀਕ ਹੈ ਅੰਮਾ ਮੁਬਾਰਕਾਂ ਫਿਰ ਤਾਂ।
”ਲੈ ਅੰਮਾ ਹੁਣ ਸੜਕ ਪਾਰ ਹੋ ਗਈ ਹੁਣ ਤੂੰ ਹੌਲੀ-ਸਹਿਜੇ ਤੁਰੀ ਚੱਲ।
‘ਚੰਗਾ ਧੀਓ ਰਾਜੀ ਖੁਸ਼ੀ ਰਵੋ ਤੁਸੀਂ ਬੁੱਢ ਸੁਹਾਗਣ ਹੋਵੋਂ ਦੁੱਧੀ ਨਾਵੋਂ ਪੁੱਤੀ ਫਲੋ।
”ਹਾ-ਹਾ ਅੰਮਾ ਇਹ ਤੂੰ ਕੀ ਕਹਿ ਤਾਂ ਅਸੀਂ ਤਾਂ ਹਜੇ ਵਿਆਹੀਆਂ ਨੀ ਕੁਆਰੀਆਂ ਆਂ।
‘ਚੰਗਾ ਧੀਓ ਮੁਆਫ਼ ਕਰੋ ਪਰ ਅੱਗੇ ਤਾਂ ਇਹਨੀ ਕੰਮੀਂ ਪੈਣਾ ਆਂ।
ਬੁੱਢੀ ਦੇ ਜਾਣ ਤੋਂ ਬਾਅਦ ਦੋਵੇਂ ਸਹੇਲੀਆਂ ਆਪਸ ਵਿੱਚ ਸੋਚਣ ਲੱਗੀਆਂ ਕੀ ਅਸੀਂ ਕੁਆਰੀਆਂ ਆ ਜਾਂ ਵਿਆਹੀਆਂ? ਫਿਰ ਉਹ ਕੋਠੇ ਵੱਲ ਹੋ ਤੁਰੀਆਂ।
ਦੀਦੀਆਂ
ਆਨੰਦੀ ਤੇ ਖੇਮਿਕਾ ਦੋਵੇਂ ਪਾਰਕ ਵਿੱਚ ਬੈਠੀਆਂ ਆਪਸੀ ਗੱਲਾਂ ਕਰ ਰਹੀਆਂ ਸੀ ਕੁਛ ਸਮਾਂ ਪਹਿਲਾਂ ਆਨੰਦੀ ਇੱਕ ਰੇਹੜੀ ਵਾਲੇ ਤੋਂ ਹਲਕਾ ਫੁਲਕਾ ਕੁਝ ਖਾਣ ਲਈ ਵੀ ਲੈ ਆਈ ਸੀ। ਆਪਣੀਆਂ ਗੱਲਾਂ ਵਿੱਚ ਮਸਤ ਹੋਣ ਦੇ ਬਾਵਜੂਦ ਵੀ ਉਹ ਦੋਵੇਂ ਸਮੇਂ ਦਾ ਖਿਆਲ ਵੀ ਰੱਖ ਰਹੀਆਂ ਸੀ ਕਿਉਂਕਿ ਜੇ ਉਹਨਾਂ ਨੂੰ ਕੋਠੇ ਤੇ ਸਮੇਂ ਸਿਰ ਪਹੁੰਚਣ ਵਿੱਚ ਜਰਾ ਵੀ ਦੇਰੀ ਹੋਈ ਤਾਂ ਅੱਗੋਂ ਖਾਲਾ ਦੀਆਂ ਤੱਤੀਆਂ-ਠੰਢੀਆਂ ਵੀ ਸੁਣਨੀਆਂ ਪੈ ਸਕਦੀਆਂ ਸੀ। ਫਿਰ ਅਚਾਨਕ ਪਾਰਕ ਵਿੱਚ ਖੇਡਦਾ ਹੋਇਆ ਇੱਕ ਬੱਚਾ ਉਹਨਾਂ ਵੱਲ ਆ ਗਿਆ ਜਿਸਦੀ ਮੰਮੀ ਪਾਸੇ ਬੈਠੀ ਆਪਣੀ ਕਿਸੇ ਸਹੇਲੀ ਨਾਲ ਗੱਪਾਂ ਲੜਾ ਰਹੀ ਸੀ।
‘ਹਾਏ ਕਿੰਨਾ ਪਿਆਰਾ ਬੱਚਾ ਆ ਨਾ ਆਨੰਦੀ?
”ਤੇ ਹੋਰ ਕੀ ਗੋਲੂ-ਮੌਲੂ ਜਿਹਾ ਕਿੰਨਾ ਸੋਹਣਾ ਲੱਗਦਾ।
‘ਹੈਲੋ ਕੀ ਨਾਮ ਆ ਕਾਕੇ ਤੇਰਾ?
”ਮੇਰਾ ਨਾਮ ਤਾਂ ਅਰਜੁਨ ਆ ਦੀਦੀ….
‘ਹਾਏ ਕਿੰਨਾ ਪਿਆਰਾ ਬੋਲਦਾ ਆ ਐਧਰ ਆ ਬੈਠ ਜਾ ਸਾਡੇ ਕੋਲ
”ਤੂੰ ਕੱਲਾ ਈ ਆਇਆ ਐਥੇ?
‘ਨਹੀਂ ਅੰਮਾ ਜੀ ਵੀ ਆਏ ਆ ਉਹ ਓਧਰ ਬੈਠੇ ਆਂਟੀ ਨਾਲ ਗੱਲਾਂ ਕਰਦੇ ਆ।
ਜਦ ਨੂੰ ਖੇਮਿਕਾ ਨੇ ਆਪਣਾ ਪਰਸ ਖੋਹਲ ਲਿਆ ਕਿ ਬੱਚੇ ਨੂੰ ਕੋਈ ਟੌਫੀ ਵਗੈਰਾ ਦੇ ਦਵੇ ਪਰ ਫਿਰ ਉਸਨੇ ਇਹ ਸੋਚਿਆ ਕੀ ਉਸਦੀ ਮੰਮੀ ਗੁੁੱਸੇ ਹੋਓੂ।
”ਕਾਕੇ ਤੂੰ ਤਾਂ ਬਹੁਤ ਪਿਆਰਾ ਆ ਆਹ ਲੈ ਫੜ ਛੋਲੇ ਖਾਹ।
”ਨਹੀਂ ਓ ਮੰਮਾ ਜੀ ਕਹਿੰਦੇ ਕਿਸੇ ਤੋਂ ਚੀਜ਼ ਨੀ ਲੈ ਕੇ ਖਾਣੀ ਸੌਰੀ ਦੀਦੀ।
‘ਹਾ-ਹਾ-ਹਾ ਦੀਦੀ ਵੀ ਕਹਿੰਦਾ ਤੇ ਗੱਲ ਵੀ ਨੀ ਮੰਨਦਾ ਚਲਾਕਾ। ਉਧਰੋਂ ਫਟਾ-ਫਟ ਉਸ ਬੱਚੇ ਦੀ ਮੰਮੀ ਆ ਗਈ।
‘ਓਏ ਅਰਜੁਨ ਐਥੀ ਕੀ ਕਰਦਾ ਫਿਰਦਾਂ? ਨਾਲ਼ੇ ਤੁਸੀਂ ਗੰਦੀਓ ਕਿਉਂ ਲੈ ਕੇ ਬੈਠੀਆਂ ਮੁੰਡੇ ਨੂੰ ਵਿਗਾੜਨਾ ਆ ਉਹਨੂੰ ਧੰਦਾ ਕਰਨ ਵਾਲੀਉ।
”ਨਹੀਂ ਮੰਮਾ ਉਹ ਤਾਂ ਮੈਨੂੰ ਪਿਆਰ ਕਰਦੀਆਂ।
”ਚੁੱਪ ਕਰ ਚੱਕਿਆ ਪਿਆਰ ਦਾ ਗੰਦੀਆਂ ਆ ਇਹ ਰੰਡੀਆਂ ਕੁੱਤੀਆਂ ਹਰਾਮਣਾਂ….
”ਨਹੀਂ ਅੰਮਾ ਇਹ ਤਾਂ ਦੀਦੀਆ ਆਂ ਗੰਦੀਆਂ ਕੀ ਹੁੰਦੀਆਂ ਮੈਨੂੰ ਤਾਂ ਪਤਾ ਨੀ?
ਬੱਚੇ ਦੀ ਮਾਸੂਮੀਅਤ ਮੂਹਰੇ ਹੁਣ ਉਸਦੀ ਮਾ ਚੁੱਪ ਸੀ ਆਨੰਦੀ ਤੇ ਖੇਮਿਕਾ ਦੀਆਂ ਅੱਖਾਂ ਵਿੱਚ ਪਿਆਰ ਸੀ।