ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਵਿਦੇਸ਼ਾਂ ਅੰਦਰ ਆਜ਼ਾਦੀ ਪਸੰਦ ਸਿੱਖਾਂ ਦੇ ਕੀਤੇ ਗਏ ਕੱਤਲ ਉਪਰੰਤ ਹਿੰਦੁਸਤਾਨ ਵਲੋਂ 20 ਸਿੱਖਾਂ ਦੀ ਲਿਸਟ ਜਾਰੀ ਕਰਨ ਨਾਲ ਬਰਤਾਨੀਆ ਵਿੱਚ ਰਹਿ ਰਹੇ ਸਿੱਖ ਕਾਰਕੁਨਾਂ ਦੀ ਸੁਰੱਖਿਆ ਨੂੰ ਲੈ ਕੇ ਸੰਸਦ ਮੈਂਬਰਾਂ ਦਾ ਇੱਕ ਕਰਾਸ ਪਾਰਟੀ ਵਫ਼ਦ ਸਰਕਾਰ ਦੇ ਰੱਖਿਆ ਮੰਤਰੀ ਨਾਲ ਮੁਲਾਕਾਤ ਕਰੇਗਾ ।
ਲੇਬਰ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਕਈ ਹਿੰਦੁਸਤਾਨੀ ਮੀਡੀਆ ਚੈਨਲਾਂ ‘ਤੇ “ਖ਼ੂਫੀਆ ਹਿੱਟ ਲਿਸਟ” ਦੇ ਸਾਹਮਣੇ ਆਉਣ ਤੋਂ ਬਾਅਦ ਚਿੰਤਾਵਾਂ ਪੈਦਾ ਹੋਈਆਂ ਹਨ। ਉਨ੍ਹਾਂ ਨੇ ਕਿਹਾ ਇਸ ਵਿੱਚ 20 ਸਿੱਖਾਂ ਬਾਰੇ ਗੱਲ ਕੀਤੀ ਗਈ ਹੈ ਜੋ ਹਿੰਦੁਸਤਾਨ ਵਿੱਚ ਨਹੀਂ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਹਿੰਦੁਸਤਾਨ ਰਾਜ ਦੇ ਦੁਸ਼ਮਣ ਦੱਸਿਆ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਜਾਰੀ ਕੀਤੀ ਗਈ ਲਿਸਟ ਅੰਦਰ ਛੇ ਬ੍ਰਿਟਿਸ਼ ਸਿੱਖਾਂ ਦੇ ਨਾਮ ਵੀ ਲਏ ਗਏ ਸਨ, ਜਿਨ੍ਹਾਂ ਵਿੱਚੋਂ ਕੁਝ ਹੁਣ ਪੁਲਿਸ ਸੁਰੱਖਿਆ ਹੇਠ ਹਨ। ਕੁਝ ਸਿੱਖ ਕਾਰਕੁੰਨਾਂ ਨਾਲ ਪੁਲਿਸ ਨੇ ਸੰਪਰਕ ਕੀਤਾ ਅਤੇ ਦੱਸਿਆ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਧਮਕੀਆਂ ਮਿਲੀਆਂ ਹਨ । ਅਸੀਂ ਕੌਮਾਂਤਰੀ ਦਮਨ ਬਾਰੇ ਚਿੰਤਾਵਾਂ ਦੇ ਪੱਧਰ ਨੂੰ ਦੇਖ ਰਹੇ ਹਾਂ ਜਿੱਥੇ ਬਰਤਾਨੀਆ ਦੇ ਲੋਕਾਂ ਨੂੰ ਦਬਾ ਕੇ ਉਨ੍ਹਾਂ ‘ਤੇ ਆਪਣੀ ਵਿਚਾਰਾਧਾਰਾ ਥੋਪਣ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਜਦੋਂ ਤੋਂ ਕੈਨੇਡਾ ਤੋਂ ਮਿਲੇ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਕੈਨੇਡੀਅਨ ਸਿੱਖ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਹਿੰਦੁਸਤਾਨ ਸਰਕਾਰ ਦੀ ਭੂਮਿਕਾ ਸੀ, ਵਿਦੇਸ਼ਾਂ ਅੰਦਰ ਰਹਿੰਦੇ ਸਿੱਖ ਕਾਰਕੁਨ ਹਾਈ ਅਲਰਟ ‘ਤੇ ਹਨ। ਇਸਦੇ ਨਾਲ ਹੀ ਨਵੰਬਰ ਵਿੱਚ ਅਮਰੀਕੀ ਵਕੀਲਾਂ ਨੇ ਇੱਕ ਹਿੰਦੁਸਤਾਨੀ ਵਿਅਕਤੀ ਉੱਤੇ ਉੱਤਰੀ ਅਮਰੀਕਾ ਵਿੱਚ ਘੱਟੋ-ਘੱਟ ਚਾਰ ਸਿੱਖ ਵੱਖਵਾਦੀਆਂ ਨੂੰ ਮਾਰਨ ਦੀ ਸਾਜ਼ਿਸ਼ ਦਾ ਇਲਜ਼ਾਮ ਵੀ ਲਗਾਇਆ ਸੀ। ਯੂਕੇ ਰਹਿੰਦੇ ਖਾਲਸਾ ਰਾਜ ਦੇ ਹਮਾਇਤੀ ਅਵਤਾਰ ਸਿੰਘ ਖੰਡਾ ਦੀ ਪਿਛਲੇ ਸਾਲ ਬਰਮਿੰਘਮ ਵਿੱਚ ਸ਼ਕੀ ਹਾਲਾਤਾਂ ਅੰਦਰ ਮੌਤ ਹੋ ਗਈ ਸੀ, ਉਸ ਦੇ ਕੁਝ ਨਜ਼ਦੀਕੀਆਂ ਦਾ ਕਹਿਣਾ ਸੀ ਕਿ ਇਸ ਵਿੱਚ ਕੁਝ ਗ਼ਲਤ ਹੋਇਆ ਹੈ।
ਪ੍ਰੀਤ ਕੌਰ ਗਿੱਲ ਨੇ ਕਿਹਾ ਅਸੀਂ ਅਸਲ ਵਿੱਚ ਰੱਖਿਆ ਮੰਤਰੀ ਤੋਂ ਸਰਕਾਰ ਤੋਂ ਇਹ ਭਰੋਸਾ ਚਾਹੁੰਦੇ ਹਾਂ ਕਿ ਓਹ ਬ੍ਰਿਟਿਸ਼ ਸਿੱਖ ਭਾਈਚਾਰੇ ਨੂੰ ਕਿਸੇ ਵੀ ਗ਼ੈਰ-ਕਾਨੂੰਨੀ ਖ਼ਤਰਿਆਂ ਜਾਂ ਹਮਲਿਆਂ ਤੋਂ ਬਚਾਉਣ ਅਤੇ ਸਮਰਥਨ ਲਈ ਉਚਿਤ ਕਦਮ ਚੁੱਕ ਰਹੀ ਹੈ ਅਤੇ ਸਾਨੂੰ ਇਹ ਯਕੀਨੀ ਬਣਾਉਣਾ ਪਏਗਾ ਕਿ ਸਰਕਾਰ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ। ਸਰਕਾਰ ਨੂੰ ਉਨ੍ਹਾਂ ਵਿਅਕਤੀਆਂ ਨੂੰ ਸੁਣਨਾ ਹੋਵੇਗਾ ਕਿ ਉਨ੍ਹਾਂ ਕੀ ਤਜ਼ਰਬਾ ਕੀਤਾ ਹੈ ਤਾਂ ਜੋ ਅਸੀਂ ਇਨ੍ਹਾਂ ਸਾਰੀਆਂ ਚਿੰਤਾਵਾਂ ਨੂੰ ਹਿੰਦੁਸਤਾਨੀ ਹਮਰੁਤਬਾ ਅਹੁਦੇਦਾਰਾਂ ਕੋਲ ਚੁੱਕ ਸਕੀਏ। ਮੀਡੀਆ ਅੰਦਰ ਜਾਰੀ ਹੋਈ ਖ਼ਬਰ ਮੁਤਾਬਿਕ ਲੰਡਨ ਸਥਿਤ ਭਾਰਤੀ ਦੂਤਾਵਾਸ ਨੇ ਕਿਹਾ ਕਿ ਉਨ੍ਹਾਂ ਕੋਲ ਕੋਈ ਟਿੱਪਣੀ ਨਹੀਂ ਹੈ ਅਤੇ ਯੂਕੇ ਸਰਕਾਰ ਨੇ ਕਿਹਾ ਕਿ ਉਹ ਵਿਅਕਤੀਆਂ ਦੇ ਅਧਿਕਾਰਾਂ, ਆਜ਼ਾਦੀ ਅਤੇ ਰੱਖਿਆ ਦੀ ਸੁਰੱਖਿਆ ਨੂੰ ਗੰਭੀਰਤਾ ਨਾਲ ਲੈਂਦੀ ਹੈ। ਇਸ ਤੋਂ ਪਹਿਲਾਂ ਸਿੱਖ ਪਾਰਲੀਮੈਂਟ ਮੈਂਬਰ ਤਨਮਨਜੀਤ ਸਿੰਘ ਢੇਸੀ ਵੀ ਬ੍ਰਿਟਿਸ਼ ਸੰਸਦ ਅੰਦਰ ਹਿੰਦੁਸਤਾਨ ਮੀਡੀਆ ਵਲੋਂ ਜਾਰੀ ਕੀਤੀ ਹਿੱਟ ਲਿਸਟ ਬਾਰੇ ਗੱਲ ਚੁੱਕ ਚੁੱਕੇ ਹਨ ।