ਇਹ ਇਕ ਸੁੱਖਦ ਵਰਤਾਰਾ ਹੈ ਕਿ ਅੱਜ ਦੇਹਧਾਰੀ ਗੁਰੂ ਡੰਮ੍ਹ, ਪਖੰਡੀ ਡੇਰੇਦਾਰ ਅਤੇ ਝੂਠੇ ਸਾਧਾਂ ਤੋਂ ਤੇਜ਼ੀ ਨਾਲ ਮੋਹ ਭੰਗ ਹੋ ਕੇ ਸਿੱਖ ਸਮਾਜ ਦਾ ਵੱਡਾ ਹਿੱਸਾ ਸੰਗਤੀ ਰੂਪ ’ਚ ਗੁਰੂਘਰ ਪ੍ਰਤੀ ਸ਼ਰਧਾ, ਪ੍ਰੇਮ ਅਤੇ ਭਰੋਸੇ ਦਾ ਵੱਧ ਚੜ੍ਹ ਕੇ ਪ੍ਰਗਟਾਵਾ ਕਰ ਰਹੀਆਂ ਹਨ। ਕੌਮਾਂਤਰੀ ਪ੍ਰਸਿੱਧੀ ਹਾਸਲ ਅਤੇ ਸਿੱਖ ਕੌਮ ਦਾ ਹੀ ਨਹੀਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਦੀ ਆਸਥਾ ਦਾ ਮਹਾਨ ਧਾਰਮਿਕ ਤੇ ਰੂਹਾਨੀਅਤ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਜਿਸ ਦੇ ਦਰਸ਼ਨ ਇਸ਼ਨਾਨ ਲਈ ਹਰੇਕ ਧਾਰਮਿਕ ਜਿਗਿਆਸੂ ਮਨ ਵਿਚ ਲੋਚਾ ਰੱਖਦਾ ਹੈ, ’ਤੇ ਰੋਜ਼ਾਨਾ ਅੰਮ੍ਰਿਤ ਵੇਲੇ ਤੋਂ ਹੀ ਭਾਰੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਹਨ। ਸ਼ਨੀ- ਐਤਵਾਰ ਅਤੇ ਗੁਰਪੁਰਬ ਤੋਂ ਇਲਾਵਾ ਵਿਸ਼ੇਸ਼ ਦਿਨ ਤਿਉਹਾਰ ਵਾਲੇ ਦਿਹਾੜਿਆਂ ’ਚ ਸ੍ਰੀ ਦਰਬਾਰ ਸਾਹਿਬ ਵਿਚ ਪੈਰ ਰੱਖਣ ਲਈ ਵੀ ਜਗਾ ਨਹੀਂ ਹੁੰਦੀ ਅਤੇ ਦਰਸ਼ਨਾਂ ਲਈ ਲੰਮੀ ਲਾਈਨ ਹੁੰਦੀ ਹੈ।
ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਅਸਥਾਨਾਂ ’ਤੇ ਚੌਪਹਿਰਾ ਸਾਹਿਬ ਸਮਾਗਮਾਂ ਦੀ ਅੱਜ ਕਲ ਵਿਸ਼ੇਸ਼ ਚਰਚਾ ਹੋ ਰਹੀ ਹੈ। ਜਿੱਥੇ ਹਰ ਐਤਵਾਰ ਲੱਖਾਂ ਸੰਗਤਾਂ ਚੌਪਹਿਰਿਆਂ ’ਚ ਹਾਜ਼ਰੀ ਲਵਾ ਰਹੀਆਂ ਹਨ। ਬਾਬਾ ਦੀਪ ਸਿੰਘ ਜੀ ਸ਼ਹੀਦ, ਜਿਨ੍ਹਾਂ ਦਾ ਜਨਮ ਦਿਹਾੜਾ ਆਪਾਂ 27 ਜਨਵਰੀ ਨੂੰ ਮਨਾਇਆ ਅਤੇ 10 ਫਰਵਰੀ ਨੂੰ ਸ਼ਹੀਦੀ ਦਿਹਾੜਾ ਮਨਾਉਣ ਜਾ ਰਹੇ ਹਾਂ, ਨੇ ਦਮਦਮਾ ਸਾਹਿਬ ਵਿਖੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਸੰਪੂਰਨਤਾ ਸਮੇਂ ਵਿਸ਼ੇਸ਼ ਸੇਵਾ ਨਿਭਾਈ, ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਹੱਥੀਂ ਉਤਾਰਾ ਕਰਨ ਦੀ ਸੇਵਾ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਮਿਸਲਾਂ ਨਾਲ ਸਹਿਯੋਗ ਕਰਦਿਆਂ ਔਖੇ ਸਮੇਂ ਸਿੱਖ ਪੰਥ ਦੀ ਅਗਵਾਈ ਕੀਤੀ। ਅਠਾਰਵੀਂ ਸਦੀ ਦੇ ਅੱਧ ਭਾਵ 1757 ਈਸਵੀ ਵਿਚ ਜਦੋਂ ਅਹਿਮਦ ਸ਼ਾਹ ਅਬਦਾਲੀ ਵੱਲੋਂ ਕੀਤੀ ਗਈ ਸ੍ਰੀ ਹਰਿਮੰਦਰ ਸਾਹਿਬ ਅਤੇ ਅੰਮ੍ਰਿਤ ਸਰੋਵਰ ਦੀ ਬੇਅਦਬੀ ਕਰਨ ਦੀ ਖ਼ਬਰ ਮਿਲੀ ਤਾਂ ਇਸ ਪਾਵਨ ਅਸਥਾਨ ਨੂੰ ਅਜ਼ਾਦ ਕਰਾਉਣ ਲਈ ਬਾਬਾ ਦੀਪ ਸਿੰਘ ਜੀ ਨੇ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਰਦਾਸ ਕਰਨ ਉਪਰੰਤ ਜਥੇ ਦੇ ਸਿੰਘਾਂ ਸਮੇਤ ਨਗਾਰਿਆਂ ’ਤੇ ਚੋਟਾਂ ਲਾਉਂਦਿਆਂ ਅੰਮ੍ਰਿਤਸਰ ਨੂੰ ਚਾਲੇ ਪਾ ਦਿੱਤਾ ਸੀ। ਸ੍ਰੀ ਅੰਮ੍ਰਿਤਸਰ ਤੋਂ ਕੁਝ ਦੂਰ ਤਰਨ ਤਾਰਨ ਵਲ ਪਿੰਡ ਗੋਹਲਵੜ ਅਤੇ ਚੱਬਾ ਕੋਲ ਅਫ਼ਗਾਨੀ ਫ਼ੌਜਾਂ ਨਾਲ ਸਿੰਘਾਂ ਦਾ ਆਹਮੋ ਸਾਹਮਣੇ ਭਾਰੀ ਘਮਸਾਣ ਦਾ ਜੰਗ ਹੋਇਆ, ਜਿੱਥੇ ਹੁਣ ਗੁਰਦੁਆਰਾ ਟਾਹਲਾ ਸਾਹਿਬ ਸੁਸ਼ੋਭਿਤ ਹੈ ਉਸ ਅਸਥਾਨ ’ਤੇ ਬਾਬਾ ਦੀਪ ਸਿੰਘ ਜੀ ਅਤੇ ਅਫ਼ਗਾਨੀ ਕਮਾਂਡਰ ਦੇ ਸੀਸ ਸਾਂਝੇ ਵਾਰ ਨਾਲ ਲੱਥ ਗਏ। ਬਾਬਾ ਜੀ ਦਾ ਸੀਸ ਅਲੱਗ ਹੋ ਜਾਣ ਸਦਕਾ ਧੜ ਜ਼ਮੀਨ ਤੇ ਡਿੱਗ ਪਿਆ ਤਾਂ ਇਕ ਸਿੰਘ ਨੇ ਹੱਥ ਜੋੜ ਕੇ ਬਾਬਾ ਜੀ ਵੱਲ ਬੇਨਤੀ ਕੀਤੀ ਕਿ ਬਾਬਾ ਜੀ ਤੁਸਾਂ ਅਰਦਾਸ ਕੀਤੀ ਸੀ, ਸੀਸ ਸੁਧਾਸਰ ਜਾ ਕੇ ਗੁਰੂ ਰਾਮਦਾਸ ਜੀ ਦੇ ਚਰਨਾਂ ‘ਚ ਭੇਟ ਕਰਨਾ ਹੈ, ਇਹ ਹੁਣ ਕੀ ਭਾਣਾ ਵਰਤਾਇਆ ਜੇ? ਸੁਧਾ ਸਰ ਦੋ ਕੋਹ ਦੂਰ ਹੈ।
‘ ਆਗੇ ਏਕ ਧਰਮ ਸਿੰਘ ਕਹਯੋ, ਬਚਨ ਤੁਮਾਰਾ ਦੀਪ ਸਿੰਘ ਰਹਯੋ ‘
ਫੇਰ ਕੀ ਸੀ ਬਚਨ ਕੇ ਬਲੀ ਸੂਰਬੀਰ ਯੋਧੇ ਬਾਬਾ ਜੀ ਦਾ ਧੜ ਹਰਕਤ ਵਿਚ ਆ ਗਿਆ ਤੇ ਉਹਨਾਂ ਆਪਣਾ ਪਾਵਨ ਸ਼ੀਸ਼ ਖੱਬੇ ਹੱਥ ਤੇ ਧਰ ਕੇ ਆਪਣਾ ਅਠਾਰ੍ਹਾਂ ਸੇਰ ਦਾ ਖੰਡਾ ਸੱਜੇ ਹੱਥ ’ਚ ਲੈ ਕੇ ਵਾਹੁੰਦੇ ਹੋਏ ਲੜਨ ਲੱਗੇ। ਇਹ ਦੇਖ ਅਫ਼ਗਾਨੀ ਸੈਨਾ ਨੂੰ ਭਾਜੜਾਂ ਪੈ ਗਈਆਂ। ਬਾਬਾ ਜੀ ਦੁਸ਼ਮਣ ਦੇ ਆਹੂ ਲਾ ਰਹੇ ਸਨ। ਪਿੱਛੇ ਪਿੱਛੇ ਸਿੰਘ ਰਣ ਸਿੰਗਾ ਵਜਾਉਂਦੇ ਹੋਏ ਜੌਹਰ ਨਾਲ ਲੜ ਰਹੇ ਸਨ। ਬਾਬਾ ਦੀਪ ਸਿੰਘ ਜੀ ਲੜਦੇ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਤਕ ਜਾ ਪਹੁੰਚੇ। ਸਿੰਘਾਂ ਨੇ ਜਿੱਤ ਦੇ ਜੈਕਾਰੇ ਗੁੰਜਾਏ ਤਾਂ ਬਾਬਾ ਦੀਪ ਸਿੰਘ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ’ਚ ਜਿੱਥੇ ਗੁਰਦੁਆਰਾ ਸ਼ਹੀਦ ਬੁੰਗਾ ਹੈ, ਪਹੁੰਚ ਕੇ ਸੀਸ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ’ਚ ਭੇਟ ਕਰਦਿਆਂ ਸੱਚਖੰਡ ਨੂੰ ਪਿਆਨਾ ਕੀਤਾ।
ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਯਾਦ ਵਿਚ ਅੰਮ੍ਰਿਤਸਰ ਚਾਟੀਵਿੰਡ ਕੋਲ ਗੁਰਦੁਆਰਾ ਸ਼ਹੀਦ ਗੰਜ ਸੁਭਾਏਮਾਨ ਹੈ। ਇਹ ਪਵਿੱਤਰ ਅਸਥਾਨ ਪਿਛਲੀ ਢਾਈ ਸਦੀ ਤੋਂ ਸਿੱਖ ਪੰਥ ਲਈ ਸ਼ਰਧਾ, ਦ੍ਰਿੜ੍ਹਤਾ, ਸੇਵਾ ਸਿਮਰਨ ਅਤੇ ਕੁਰਬਾਨੀ ਦੀ ਪ੍ਰੇਰਨਾ ਸ਼ਕਤੀ ਦਾ ਪ੍ਰਮੁੱਖ ਸਰੋਤ ਰਿਹਾ ਹੈ। ਜਿੱਥੇ ਰੋਜ਼ਾਨਾ ਅਣਗਿਣਤ ਸੰਗਤਾਂ ਬਾਬਾ ਦੀਪ ਸਿੰਘ ਜੀ ਸ਼ਹੀਦ ਨੂੰ ਸਿੱਜਦਾ ਕਰਨ ਆਉਂਦੇ ਹਨ।
ਅੰਮ੍ਰਿਤਸਰ ਵਿਚ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਜਿਸ ਨੂੰ ਗੁਰਦੁਆਰਾ ਸ਼ਹੀਦਾਂ ਸਾਹਿਬ ਅਤੇ ਸ਼ਹੀਦੀ ਅਸਥਾਨ ਗੁਰਦੁਆਰਾ ਟਾਹਲਾ ਸਾਹਿਬ, ਚੱਬਾ (ਤਰਨ ਤਾਰਨ ਰੋਡ) ਅੰਮ੍ਰਿਤਸਰ ਸਾਹਿਬ ਤੋਂ ਇਲਾਵਾ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਮਾਡਲ ਟਾਊਨ ਲੁਧਿਆਣਾ, ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਗੰਗਾਨਗਰ ਰਾਜਸਥਾਨ ਅੱਜ ਚੌਪਹਿਰਾ ਸਮਾਗਮ ਦੇ ਕੇਂਦਰ ਬਣੇ ਹੋਏ ਹਨ। ਇਨ੍ਹਾਂ ਅਸਥਾਨਾਂ ’ਤੇ ਹਰ ਐਤਵਾਰ ਚੌਪਹਿਰਾ ਸਮਾਗਮ ਸੰਗਤ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ। ਲੱਖਾਂ ਸੰਗਤਾਂ ਚੌਪਹਿਰਾ ਕੱਟਣ ਆਉਂਦੀਆਂ ਹਨ। ਚੌਪਹਿਰਾ ਗੁਰੂ ਸਾਹਿਬਾਨ ਜਾਂ ਬਾਬਾ ਦੀਪ ਸਿੰਘ ਜੀ ਵੱਲੋਂ ਸਥਾਪਿਤ ਪੁਰਾਤਨ ਮਰਯਾਦਾ ਜਾਂ ਵਿਧੀ ਨਹੀਂ ਹੈ। ਪਰ ਇਹ ਅਜੋਕੇ ਪਦਾਰਥਵਾਦੀ ਯੁੱਗ ਸਮੇਂ ਐਤਵਾਰ ਵਰਗੇ ਛੁੱਟੀ ਵਾਲੇ ਦਿਨ ਰੁਝੇਵਿਆਂ ਅਤੇ ਕੰਮਕਾਜ ਤੋਂ ਸਮਾਂ ਕੱਢ ਕੇ ਗੁਰੂਘਰ ਨਾਲ ਜੁੜ ਕੇ ਸਤਸੰਗ ਕਰਨ ਦੀ ਇਕ ਵਿਵਸਥਾ ਜ਼ਰੂਰ ਹੈ। ਜਿਸ ਨੂੰ ਕੁਝ ਗੁਰਸਿੱਖ ਸਿੱਖ ਸੰਗਤਾਂ ਵੱਲੋਂ ਸ਼ੁਰੂ ਕੀਤਾ ਗਿਆ। ਜਿੱਥੇ ਹਰੇਕ ਐਤਵਾਰ ਨੂੰ ਚੌਥੇ ਪਹਿਰ ਭਾਵ ਦੁਪਹਿਰੇ 12 ਵਜੇ ਤੋਂ ਸ਼ਾਮ ਦੇ 4 ਵਜੇ ਤਕ ਚੌਪਹਿਰਾ ਕੱਟੇ ਜਾਂਦੇ ਹਨ। ਇਹ ਸਮਾਗਮ ਮੂਲ ਮੰਤਰ ਨਾਲ ਆਰੰਭ ਹੁੰਦਾ ਹੈ ਅਤੇ ਜਪੁਜੀ ਸਾਹਿਬ ਦੇ ਪੰਚ ਪਾਠ, ਚੌਪਈ ਸਾਹਿਬ ਦੇ ਦੋ ਪਾਠ, ਸ੍ਰੀ ਸੁਖਮਨੀ ਸਾਹਿਬ ਸਾਹਿਬ ਦਾ ਪਾਠ ਅਤੇ 6 ਪੌੜੀਆਂ ਅਨੰਦ ਸਾਹਿਬ ਦੇ ਪਾਠ ਉਪਰੰਤ ਅਰਦਾਸ ਅਤੇ ਹੁਕਮਨਾਮਾ – ਮੁਖਵਾਕ ਲਿਆ ਜਾਂਦਾ ਹੈ, ਇਸ ਤੋਂ ਬਾਅਦ ਕੜਾਹ ਪ੍ਰਸਾਦਿ ਦੀ ਦੇਗ ਵਰਤਾਏ ਜਾਣ ਨਾਲ ਸਮਾਪਤੀ ਹੁੰਦੀ ਹੈ।
ਚੌਪਹਿਰਾ ਜਪ- ਤਪ ਅਤੇ ਸਿਮਰਨ ਸਮਾਗਮ ਹੈ। ਜਿੱਥੇ ਕੱਚੀ ਬਾਣੀ ਦੀ ਕੋਈ ਭੂਮਿਕਾ ਨਹੀਂ ਹੁੰਦੀ। ਲੱਖਾਂ ਸੰਗਤਾਂ ਦੀ ਆਮਦ ਨਾਲ ਗੁਰਦੁਆਰਿਆਂ ’ਚ ਪ੍ਰਬੰਧ ਛੋਟੇ ਅਤੇ ਫਿੱਕੇ ਪੈਂਦੇ ਹਨ। ਜਿੱਥੇ ਦੂਰ ਨੇੜੇ, ਦਿਲੀ, ਕਲਕੱਤਾ ਅਤੇ ਮੁੰਬਈ ਤੋਂ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਸੰਗਤਾਂ ਹਾਜ਼ਰੀ ਲਵਾਉਂਦੀਆਂ ਹਨ। ਆਪਣੀ ਹਾਜ਼ਰੀ ਲਵਾਉਣ ਲਈ ਕਈ ਤਾਂ ਸਵੇਰ ਤੋਂ ਹੀ ਨਹੀਂ ਸਗੋਂ ਇਕ ਦਿਨ ਪਹਿਲਾਂ ਜਗਾ ਮੱਲ ਕੇ ਬੈਠ ਜਾਂਦੇ ਹਨ। ਬਚੇ ਬੁੱਢੇ ਅਤੇ ਔਰਤਾਂ ਮੂੰਹ ਮੰਗੀਆਂ ਮੁਰਾਦਾਂ ਪਾਉਣ ਅਤੇ ਸ਼ਰਧਾ ਵੱਸ ਗੁਰਦੁਆਰਿਆਂ ਤੋਂ ਬਾਹਰ ਲੰਗਰ ਹਾਲ, ਕਾਰ ਪਾਰਕਿੰਗ ਅਤੇ ਇੱਥੋਂ ਤਕ ਕਿ ਸੜਕ ’ਤੇ ਬੈਠਣ ਤੋਂ ਵੀ ਗੁਰੇਜ਼ ਨਹੀਂ ਕਰਦੀਆਂ ਹਨ। ਨਾ ਉਹਨਾਂ ਨੂੰ ਧੁੱਪ ਦੀ ਪਰਵਾਹ ਹੈ ਨਾ ਮੀਂਹ ਹਨੇਰੀ ਜਾਂ ਠੰਡ ਦੀ। ਸੜਕ ’ਤੇ ਗੱਡੀਆਂ ਕਾਰਾਂ ਲਈ ਤਾਂ ਕੀ ਸਾਈਕਲ ਮੋਟਰਸਾਈਕਲ ਲਈ ਵੀ ਦੂਰ ਦੂਰ ਤਕ ਥਾਂ ਨਹੀਂ ਹੁੰਦੀ। ਸੁਭਾਵਕ ਜਾਮ ਲਗਦੇ ਹਨ। ਚੌਪਹਿਰਾ ਕੱਟਣ ਲਈ ਸੰਗਤਾਂ ਦਾ ਠਾਠਾਂ ਮਾਰਦਾ ਹੜ੍ਹ ਵਰਗਾ ਇਕੱਠ ਹਰ ਵਾਰ ਅਲੌਕਿਕ ਨਜ਼ਾਰਾ ਪੇਸ਼ ਕਰਦਾ ਹੈ। ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਪ੍ਰਸੰਨਤਾ ਲੈਣ ’ਚ ਹਰ ਕੋਈ ਆਪਣੇ ਆਪ ਨੂੰ ਭਾਗਾਂ ਵਾਲਾ ਅਤੇ ਖ਼ੁਸ਼ਨਸੀਬ ਸਮਝ ਦਾ ਹੈ।
ਗੁਰਬਾਣੀ ਪੜ੍ਹਨ ਸਿਮਰਨ ਕਰਨ ਦੀ ਇੱਛਾ ਚਾਹੇ ਕਿਸੇ ਦੁਨਿਆਵੀ ਪਦਾਰਥ ਨੂੰ ਮੁੱਖ ਰੱਖ ਕੇ ਹੀ ਜਾਗੇ ਪਰ ਜੇਕਰ ਇੱਕ ਵਾਰ ਕੋਈ ਇਸ ਰਾਹੇ ਪੈ ਗਿਆ ਹਿਰਦੇ ’ਤੇ ਗੁਰਬਾਣੀ ਨੇ ਅਸਰ ਕਰ ਹੀ ਜਾਣਾ ਹੁੰਦਾ। ਜਦੋਂ ਤੱਕ ਹਿਰਦੇ ’ਚ ਵੈਰਾਗ ਨਹੀਂ ਉਪਜਦਾ ਉਦੋਂ ਤੱਕ ਗੁਰੂਘਰ ਜਾਣ ਦਾ, ਸੇਵਾ ਕਰਨ ਦਾ, ਨਿੱਤਨੇਮ ਕਰਨ ਜਾਂ ਸਿਮਰਨ ਕਰਨ ਦਾ ਹੰਕਾਰ ਉਪਜਣਾ ਸੁਭਾਵਕ ਹੈ । ਪਰ ਜਦੋਂ ਗੁਰੂ ਕਿਰਪਾ ਨਾਲ ਸਾਧਕ ਦੇ ਹਿਰਦੇ ਚ ਵੈਰਾਗ ਉਪਜਣਾ ਸ਼ੁਰੂ ਹੋ ਜਾਂਦਾ ਹੈ ਫਿਰ ਹੰਕਾਰ ਉਸ ਨੂੰ ਤੰਗ ਨਹੀਂ ਕਰ ਸਕਦਾ। ਗੁਰੂ ਕਿਰਪਾ ਤੋਂ ਬਿਨਾ ਹੰਕਾਰ ਰੂਪੀ ਅੜਿੱਕਾ ਪਾਰ ਕਰਨਾ ਅਸੰਭਵ ਹੈ । ਸੋ ਗੁਰੂ ਸਾਹਿਬ ਜੀ ਦੇ ਚਰਨਾਂ ਚ ਬਾਰ ਬਾਰ ਨਿਮਾਣੇ ਹੋ ਅਰਦਾਸ ਬੇਨਤੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
ਚੌਪਹਿਰੇ ’ਚ ਸੰਗਤਾਂ ਦੀ ਭਾਰੀ ਆਮਦ ਦੇਖ ਕੁਝ ਲੋਕਾਂ ਅਤੇ ਅਖੌਤੀ ਪ੍ਰਚਾਰਕਾਂ ’ਚ ਇਸ ਪ੍ਰਤੀ ਵਿਰੋਧੀ ਭਾਵਨਾਵਾਂ ਹੀ ਨਹੀਂ, ਸਗੋਂ ਗੁਰੂਘਰ ਦੇ ਦੋਖੀ ਤੇ ਨਿੰਦਕਾਂ ਦੀਆਂ ਤਕਲੀਫ਼ ਨਾਲ ’ਚੀਕਾਂ’ ਵੀ ਨਿਕਲ ਦੀਆਂ ਹਨ। ਕਈ ਅਖੌਤੀ ਪ੍ਰਚਾਰਕ ਤਾਂ ਸੰਗਤ ਵਿਚ ਦੁਬਿਧਾ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਵੀ ਕਰਦੇ ਦੇਖੇ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਚੌਪਹਿਰੇ ਦੀ ਗੁਰਮਤਿ ’ਚ ਕੋਈ ਵਿਧੀ ਵਿਧਾਨ ਜਾਂ ਮਰਯਾਦਾ ਨਹੀਂ, ਇਸ ਲਈ ਇਹ ਮਨਮਤ ਹੈ, ਵਹਿਮ ਹੈ। ਪਰ ਅਸਲੀਅਤ ਤਾਂ ਇਹ ਹੈ ਕਿ ਗੁਰੂਘਰ ਅਤੇ ਬਾਣੀ ਪ੍ਰਤੀ ਸੰਗਤ ਦੀ ਅਥਾਹ ਸ਼ਰਧਾ ਦੇਖ ਕੇ ਸ਼ਾਹਿਦ ਇਹਨਾਂ ਅਖੌਤੀ ਪ੍ਰਚਾਰਕਾਂ ਨੂੰ ਆਪਣੀਆਂ ਦੁਕਾਨਦਾਰੀਆਂ ਬੰਦ ਹੋਣ ਦਾ ਡਰ ਸਤਾ ਰਹੇ ਹਨ। ਵਰਨਾ, ਅਕਾਲ ਪੁਰਖ ਦੀ ਉਸਤਤ ਕਰਨ, ਗੁਰੂ ਦਾ ਓਟ ਆਰਾ ਲੈਣ ਅਤੇ ਗੁਰੂ ਚਰਨਾਂ ’ਚ ਮਿਲ ਬੈਠ ਕੇ ਸੰਗਤੀ ਰੂਪ ਵਿਚ ਬਾਣੀ ਪੜ੍ਹਨ ਅਤੇ ਇਕ ਮਨ ਇਕ ਚਿੱਤ ਲਾ ਕੇ ਸਿਮਰਨ ਕਰਨ ’ਚ ਮਨਮਤ ਦਾ ਸਵਾਲ ਹੀ ਕਿਥੋਂ ਪੈਦਾ ਹੁੰਦਾ ਹੈ? ਨੌਜਵਾਨ ਕੁਰਾਹੇ ਪੈਣ ਦੀ ਥਾਂ ਹੁੰਮ੍ਹ ਹੁੰਮਾ ਕੇ ਗੁਰੂਘਰ ’ਚ ਜਾ ਕੇ ਪ੍ਰੇਮ ਨਾਲ ਭਿੱਜ ਕੇ ਬਾਣੀ ਪੜ੍ਹ ਦੇ ਹਨ ਤਾਂ ਇਸ ’ਚ ਮਾੜਾ ਕੀ ਹੈ? ਇਸ ਨਾਲ ਸੰਥਿਆ ਵੀ ਹੋ ਜਾਂਦੀ ਹੈ। ਇਨ੍ਹਾਂ ਆਲੋਚਕਾਂ ਨੂੰ ਬੰਦਾ ਪੁੱਛੇ, ਸਿੱਖ ਗੁਰੂ ’ਤੇ ਭਰੋਸਾ ਨਾ ਰੱਖੇ ਤਾਂ ਕਿਸ ’ਤੇ ਰੱਖੇ?
“ਆਵਹੁ ਸਿੱਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ ॥ ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ ॥’’
ਸੰਗਤਾਂ ਦਾ ਵਿਸ਼ਵਾਸ ਹੈ ਕਿ ਚੌਪਹਿਰੇ ਸਮਾਗਮਾਂ ’ਹਾਜ਼ਰੀ ਲਵਾਉਣ ਨਾਲ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਭਾਈ ਜੀ ਮਨੋਕਾਮਨਾਵਾਂ ਪੂਰੀਆਂ ਕਿਉਂ ਨਾ ਹੋਣ? ਦਿਲ ਤੇ ਰੂਹ ਨੂੰ ਸਕੂਨ ਕਿਉਂ ਨਾ ਮਿਲੇ? ਇਥੇ ਕੋਈ ਪਖੰਡ ਨਹੀਂ, ਕਿਸੇ ਵਿਅਕਤੀ ਵਿਸ਼ੇਸ਼ ਦੀ ਪੂਜਾ ਨਹੀਂ, ਸੰਗਤਾਂ ਗੁਰੂ ਦੇ ਲੜ੍ਹ ਲੱਗੀਆਂ ਹੋਈਆਂ ਹਨ। ਬਾਣੀ ਪੜ੍ਹ ਕੇ ਗੁਰੂ ਸਾਹਿਬਾਨ ਅਤੇ ਸ਼ਹੀਦਾਂ ਦੇ ਚਰਨਾਂ ’ਚ ਅਰਦਾਸ ਬੇਨਤੀਆਂ ਹੁੰਦੀਆਂ ਹਨ। ਗੁਰੂ ਸਾਹਿਬ ਦੀ ਰਹਿਮਤ ਹੋ ਰਹੀ ਹੁੰਦੀ ਹੈ। ਜ਼ਿੰਦਗੀ ’ਚ ਹਾਰਾਂ ਦੀ ਇਹ ਦਵਾ ਹੈ। ਵੈਸੇ ਤਾਂ ਗੁਰਸਿੱਖ ਦਾ ਪ੍ਰਥਮ ਆਸਰਾ ਹੀ ਗੁਰਬਾਣੀ ਤੇ ਗੁਰੂ ਚਰਨ ਹੀ ਹਨ ਪਰ ਫੇਰ ਵੀ ਜੇ ਕੋਈ ਭੁੱਲ ਭੁਲੇਖੇ ਵਿੱਚ ਸਿਧਾਂਤ ਤੋਂ ਥਿੜਕ ਜਾਵੇ ਤਾਂ ਉਸ ਦਾ ਭਲਾ ਇੱਥੇ ਗੁਰੂ ਚਰਨਾਂ ਵਿੱਚ ਝੋਲੀ ਅੱਡ ਕੇ ਹੀ ਹੋਵੇਗਾ। ਸਤਿਗੁਰੂ ਅੱਗੇ ਸਦਾ ਹੀ ਅਰਦਾਸ ਕਰੀਏ ਕਿ ਗ਼ਰੀਬ ਨਿਵਾਜ ਜੀ ਕਿਰਪਾ ਕਰਨ ਜਿੱਥੇ ਸਾਨੂੰ ਤਨ ਦੀ ਹਾਜ਼ਰੀ ਨਸੀਬ ਹੋਵੇ ਉੱਥੇ ਨਾਲ ਨਾਲ ਮਨ ਕਰਕੇ, ਸੁਰਤ ਕਰਕੇ ਵੀ ਸਦਾ ਸਤਿਗੁਰੂ ਦੇ ਚਰਨ ਕਮਲਾਂ ਦਾ ਪਿਆਰ ਪ੍ਰਾਪਤ ਹੁੰਦਾ ਰਹੇ। ਸੱਚ ਤਾਂ ਇਹੀ ਹੈ ਕਿ ਚੌਪਹਿਰਿਆਂ ’ਚ ਸੰਗਤਾਂ ਬੜੀ ਵੱਡੀ ਤਾਦਾਦ ਵਿੱਚ ਸਤਿਗੁਰੂ ਸਾਹਿਬ ਜੀ ਦੀ ਰਹਿਮਤ ਸਦਕਾ ਗੁਰਬਾਣੀ ਨਾਲ ਜੁੜ ਰਹੀਆਂ ਹਨ ਅਤੇ ਗੁਰੂ ਪਿਆਰ ਵਿਚ ਭਿੱਜੀਆਂ ਸੰਗਤਾਂ ਹਰ ਪਲ ਦਾ ਲਾਹਾ ਲੈ ਰਹੀਆਂ ਹਨ। ਗੁਰੂ ਸਾਹਿਬ ਸੰਗਤਾਂ ਨੂੰ ਆਪਣੀਆਂ ਰਹਿਮਤਾਂ ਨਾਲ ਨਿਵਾਜ ਦੇ ਰਹਿਣ !