ਗੁਰਮੀਤ ਸਿੰਘ ਪਲਾਹੀ ਪ੍ਰਬੁੱਧ ਨਿਬੰਧਕਾਰ ਤੇ ਕਾਲਮ ਨਵੀਸ ਹੈ। ਉਸ ਦੇ ਚਲੰਤ ਮਾਮਲਿਆਂ ‘ਤੇ ਲੇਖ ਲਗਪਗ ਹਰ ਰੋਜ਼ ਦੇਸ਼ ਵਿਦੇਸ਼ ਦੇ ਅਖ਼ਬਾਰਾਂ ਦਾ ਸ਼ਿੰਗਾਰ ਬਣਦੇ ਰਹਿੰਦੇ ਹਨ। ਸਮਾਜ ਵਿੱਚ ਵਾਪਰਨ ਵਾਲੀ ਹਰ ਘਟਨਾ ਦੀ ਉਹ ਬੇਬਾਕੀ ਨਾਲ ਪੜਚੋਲ ਕਰਦਾ ਹੈ। ਹੁਣ ਤੱਕ ਉਸ ਦੀਆਂ 9 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਦੋ ਕਹਾਣੀ, ਦੋ ਕਾਵਿ, ਦੋ ਲੇਖ, ਦੋ ਭਾਰਤ ਡਾਇਰੀ ਅਤੇ ਇਕ ਪੰਜਾਬ ਡਾਇਰੀ ਸੰਗ੍ਰਹਿ ਸ਼ਾਮਲ ਹਨ। ਚਰਚਾ ਅਧੀਨ ‘ਕਿਉਂ ਹੋ ਰਿਹੈ ਦੇਸ਼ ਬੇਗਾਨਾ’ ਉਸ ਦੀ ਦਸਵੀਂ ਪੁਸਤਕ ਹੈ। ਇਸ ਪੁਸਤਕ ਨੂੰ ਪਰਵਿੰਦਰਜੀਤ ਸਿੰਘ ਨੇ ਸੰਪਾਦਤ ਕੀਤਾ ਹੈ। ਇਸ ਪੁਸਤਕ ਵਿੱਚ 48 ਲੇਖ ਹਨ। ਇਨ੍ਹਾਂ ਵਿੱਚੋਂ ਲਗਪਗ 10 ਲੇਖ ਕਿਸਾਨੀ ਨਾਲ ਸਿੱਧੇ ਤੇ ਅਸਿਧੇ, 5 ਸਰਕਾਰਾਂ ਦੀਆਂ ਮੁੱਫ਼ਤਖ਼ੋਰੀ ਨੀਤੀਆਂ, 5 ਇਸਤਰੀਆਂ ਦੀ ਦੁਰਦਸ਼ਾ ਅਤੇ ਹਰ ਲੇਖ ਵਿੱਚ ਰਾਜਨੀਤਕ ਚਾਲਾਂ ਨਾਲ ਸੰਬੰਧਤ ਹਨ। ਗੁਰਮੀਤ ਪਲਾਹੀ ਇਕੱਲੇ ਭਾਰਤ ਵਿੱਚ ਵਾਪਰ ਰਹੀਆਂ ਘਟਨਾਵਾਂ ਬਾਰੇ ਹੀ ਨਹੀਂ ਸਗੋਂ ਸੰਸਾਰ ਵਿੱਚ ਵਾਪਰਨ ਵਾਲੀ ਹਰ ਘਟਨਾ ਬਾਰੇ ਲੇਖ ਲਿਖਦਾ ਹੈ। ਗੁਰਮੀਤ ਸਿੰਘ ਪਲਾਹੀ ਦੇ ਲੇਖ ਤੱਥਾਂ ਤੇ ਅੰਕੜਿਆਂ ‘ਤੇ ਅਧਾਰਤ ਹੁੰਦੇ ਹਨ। ਅੰਕੜਿਆਂ ਨਾਲ ਆਪਣੀ ਗੱਲ ਨੂੰ ਸਹੀ ਸਾਬਤ ਕਰਦੇ ਹਨ। ਉਨ੍ਹਾਂ ਦੇ ਲੇਖ ਪੜ੍ਹਕੇ ਪਾਠਕ ਸੰਤੁਸ਼ਟੀ ਮਹਿਸੂਸ ਕਰਦਾ ਹੈ। ਗੁਰਮੀਤ ਸਿੰਘ ਪਲਾਹੀ ਕਿਸੇ ਵਾਦ ਨਾਲ ਜੁੜਿਆ ਨਹੀਂ ਹੋਇਆ, ਜਿਸ ਕਰਕੇ ਉਹ ਨਿਰਪੱਖਤਾ ਨਾਲ ਲੇਖ ਲਿਖਦਾ ਹੈ। ਉਸ ਦੀ ਲੇਖਣੀ ‘ਤੇ ਕਿੰਤੂ ਪ੍ਰੰਤੂ ਨਹੀਂ ਹੋ ਸਕਦਾ। ਸਰਕਾਰ ਅਤੇ ਸਮਾਜਕ ਤਾਣੇ ਬਾਣੇ ਵਿੱਚ ਹੋ ਰਹੀਆਂ ਵਿਸੰਗਤੀਆਂ ਉਸ ਦੇ ਲੇਖਾਂ ਦੇ ਮੁੱਖ ਵਿਸ਼ੇ ਬਣਦੀਆਂ ਹਨ। ਇਸ ਪੁਸਤਕ ਵਿੱਚ ਉਸ ਨੇ ਮਾਨਵਤਾ ਦੇ ਹਿਤਾਂ ‘ਤੇ ਪਹਿਰਾ ਦਿੰਦੇ ਹੋਏ ਧੜੱਲੇ ਨਾਲ ਆਪਣੇ ਵਿਚਾਰ ਪ੍ਰੱਸਤਤ ਕੀਤੇ ਹਨ। ਮੁੱਖ ਤੌਰ ‘ਤੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਅਣਵੇਖੀ ਦਾ ਪਰਦਾ ਫਾਸ਼ ਕੀਤਾ ਹੈ। ਭਰਿਸ਼ਟਾਚਾਰ, ਬੇਰੋਜ਼ਗਾਰੀ, ਨਸ਼ੇ, ਰਾਜਨੀਤਕ ਅਤੇ ਅਧਿਕਾਰੀਆਂ ਦੀ ਮਿਲੀ ਭੁਗਤ, ਮਿਲਾਵਟ, ਪ੍ਰਦੂਸ਼ਣ, ਅਮਨ ਕਾਨੂੰਨ ਵਰਗੇ ਮਹੱਤਵਪੂਰਨ ਵਿਸ਼ਿਆਂ ਤੇ ਕੇਂਦਰਤ ਲੇਖ ਹਨ। ਸਰਕਾਰਾਂ ਦੀ ਝੂਠ ਨੂੰ ਸੱਚ ਸਾਬਤ ਕਰਨ ਲਈ ਕੀਤੀ ਇਸ਼ਤਿਹਾਰਬਾਜ਼ੀ, ਵਿਜੀਲੈਂਸ ਨੂੰ ਹਥਿਆਰ ਦੇ ਤੌਰ ‘ਤੇ ਵਰਤਣਾ, ਪਿੰਡਾਂ ਦੇ ਵਿਕਾਸ ਨੂੰ ਚੁਣੌਤੀ, ਮੁਲਾਜਮਾ ਦੇ ਜਲਸੇ-ਜਲੂਸ, ਧਰਨੇ, ਮੁਜ਼ਾਹਰੇ ਆਦਿ ਬਾਰੇ ਲੇਖਾਂ ਰਾਹੀਂ ਅਸਲੀਅਤ ਲੋਕਾਂ ਤੱਕ ਪਹੁੰਚਾਉਣ ਵਿੱਚ ਮੋਹਰੀ ਦੀ ਭੂਮਿਕਾ ਨਿਭਾਈ ਗਈ ਹੈ। ਸਰਕਾਰੀ ਕਰਮਚਾਰੀ ਅਤੇ ਖਾਸ ਤੌਰ ‘ਤੇ ਅਧਿਆਪਕਾਂ ਦੇ ਸੇਵਾ ਮੁਕਤ ਹੋਣ ਤੋਂ ਬਾਅਦ ਬੱਚਿਆਂ ਦੀ ਪੜ੍ਹਾਈ ਤੇ ਪੈ ਰਹੇ ਬੁਰੇ ਅਸਰ ਦਾ ਪੰਜਾਬ ਦੇ ਵਿਦਿਆਰਥੀ ਖਮਿਆਜਾ ਭੁਗਤ ਰਹੇ ਹਨ। ਅਧਿਆਪਕ ਸਰਕਾਰ ਭਰਤੀ ਨਹੀਂ ਕਰ ਰਹੀ। ਅਰਾਜਕਤਾ ਦਾ ਮਾਹੌਲ ਲੋਕਾਂ ਵਿੱਚ ਡਰ, ਸਹਿਮ ਅਤੇ ਭੈਅ ਦਾ ਵਾਤਾਵਰਨ ਪੈਦਾ ਕਰ ਰਿਹਾ ਹੈ।
ਗੈਂਗਸਟਰਾਂ ਦੀਆਂ ਸਰਗਰਮੀਆਂ ਅਤੇ ਸਰਕਾਰ ਦੀ ਅਸਫਲਤਾ ਨੂੰ ਤੱਥਾਂ ਨਾਲ ਦੱਸਿਆ ਗਿਆ ਹੈ। ਸਰਕਾਰ ਦੇ ਦਾਅ ‘ਤੇ ਲੱਗੇ ਅਕਸ ਨੇ ਲੋਕਾਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ। ਰਾਜਪਾਲ ਅਤੇ ਸਰਕਾਰ ਦੇ ਆਪਸੀ ਸੰਬੰਧਾਂ ਅਤੇ ਟਕਰਾਓ ਦੀ ਸਥਿਤੀ ਦਾ ਪੰਜਾਬ ਨੂੰ ਕਿਵੇਂ ਨੁਕਸਾਨ ਹੋ ਰਿਹਾ ਹੈ, ਇਸ ਬਾਰੇ ਪਲਾਹੀ ਸਾਹਿਬ ਨੇ ਵਿਸਤਾਰ ਨਾਲ ਦਰਸਾਇਆ ਹੈ। ਪੰਜਾਬੀ ਰਾਸ਼ਟਰਪਤੀ ਰਾਜ ਦਾ ਇਵਜਾਨਾ ਪਹਿਲਾਂ ਹੀ ਭੁਗਤ ਚੁੱਕੇ ਹਨ, ਇਸ ਲਈ ਪੰਜਾਬ ਸਰਕਾਰ ਨੂੰ ਖਾਮਖਾਹ ਦੇ ਟਕਰਾਓ ਤੋਂ ਬਚਣ ਦੀ ਤਾਕਦ ਕੀਤੀ ਹੈ। ਅਧਿਕਾਰੀਆਂ, ਕਰਮਚਾਰੀਆਂ ਅਤੇ ਸਰਕਾਰ ਦੇ ਟਕਰਾਓ ਦਾ ਨੁਕਸਾਨ ਪੰਜਾਬ ਦੇ ਲੋਕ ਭੁਗਤ ਰਹੇ ਹਨ। ਪਿੰਡਾਂ ਦਾ ਵਿਕਾਸ ਸਰਕਾਰ ਲਈ ਚੁਣੌਤੀ ਬਣਿਆ ਹੋਇਆ ਹੈ, ਕਿਉਂਕਿ ਫ਼ੰਡਾਂ ਦੀ ਘਾਟ ਕਰਕੇ ਵਿਕਾਸ ਦੇ ਕੰਮ ਅੱਧ ਵਿਚਕਾਰ ਲਟਕ ਗਏ ਹਨ। ਪੰਚਾਇਤਾਂ ਨੂੰ ਭਾਵੇਂ 1993 ਵਿੱਚ ਪਿੰਡਾਂ ਦੇ ਵਿਕਾਸ ਕਰਵਾਉਣ ਦੇ ਅਧਿਕਾਰ ਦਿੱਤੇ ਸਨ ਪ੍ਰੰਤੂ ਪਰਨਾਲਾ ਉਥੇ ਦਾ ਉਥੇ ਹੀ ਹੈ। ਪੰਚਾਇਤਾਂ ਭੰਗ ਕਰਨਾ ਵੀ ਗ਼ੈਰ-ਲੋਕਤੰਤਰਿਕ ਸੀ। ਦਰਿਆਈ ਪਾਣੀਆਂ ਦੇ ਰੇੜਕੇ ਨੇ ਸਰਕਾਰ ਦੇ ਨੱਕ ਵਿੱਚ ਦਮ ਪੈਦਾ ਕਰ ਦਿੱਤਾ ਹੈ। ਸੰਸਾਰ ਵਿੱਚ ਪਾਣੀ ਦੀ ਘਾਟ ਮਹਿਸੂਸ ਹੋ ਰਹੀ ਹੈ। ਪਾਣੀ ਵੀ ਜ਼ਹਿਰੀਲਾ ਹੋ ਗਿਆ ਹੈ। ਪ੍ਰਦੂਸ਼ਣ ਵਧ ਰਿਹਾ ਹੈ। ਜੰਗਲ ਕੱਟੇ ਜਾ ਰਹੇ ਹਨ, ਜੰਗਲਾਂ ਦਾ ਵਢਾਂਗਾ ਵੱਡੇ ਪੱਧਰ ਤੇ ਹੋ ਰਿਹਾ ਹੈ। ਜੰਗਲਾਂ ਅਧੀਨ ਰਕਬਾ ਵਧਾਇਆ ਨਹੀਂ ਸਗੋਂ ਘਟਾਇਆ ਜਾ ਰਿਹਾ ਹੈ। ਸਰਕਾਰ ਲਈ ਵਿਕਾਸ ਦੇ ਰਾਹ ਵਿੱਚ ਪੰਜਾਬ ਸਿਰ ਚੜ੍ਹਿਆ ਕਰਜ਼ਾ ਰੁਕਾਵਟ ਬਣਿਆ ਹੋਇਆ ਹੈ। ਬਹੁਤੀ ਰਕਮ ਕਰਜ਼ੇ ਦੇ ਵਿਆਜ਼ ਵਿੱਚ ਲੱਗ ਜਾਂਦੀ ਹੈ। ਭਾਰਤ ਸਰਕਾਰ ਵੀ ਕਰਜ਼ੇ ਹੇਠ ਦੱਬੀ ਹੋਈ ਹੈ। ਰੁਪਏ ਦੀ ਕੀਮਤ ਗਿਰ ਰਹੀ ਹੈ। ਫਸਲੀ ਵਿਭਿੰਨਤਾ ਅਨਾਜ ਦੀ ਕੀਮਤ ਨਾ ਮਿਲਣ ਕਰਕੇ ਨਹੀਂ ਹੋ ਰਹੀ। ਪਰਵਾਸ ਵਿੱਚ ਬਰੇਨ ਡਰੇਨ ਹੋ ਰਿਹਾ ਹੈ ਕਿਉਕਿ ਪੰਜਾਬ ਵਿੱਚ ਰੋਜ਼ਗਾਰ ਨਹੀਂ ਮਿਲ ਰਿਹਾ। ਭਾਰਤੀ ਭਾਰਤ ਦੀ ਨਾਗਰਿਕਤਾ ਛੱਡ ਕੇ ਜਾ ਰਹੇ ਹਨ। ਜਲੰਧਰ ਉਪ ਚੋਣ ਦੂਸ਼ਣਾਂ ਸਮਂੇ ਤੂਹਮਤਾਂ ਦਾ ਬਾਜ਼ਾਰ ਗਰਮ ਰਿਹਾ। ਕਿਸਾਨਾ ਦੀ ਆਰਥਿਕ ਹਾਲਤ ਬਹੁਤ ਮਾੜੀ ਹੈ, ਉਨ੍ਹਾਂ ਦੀ ਆਮਦਨ ਦੁੱਗਣੀ ਕਰਨ ਦੇ ਸਗੂਫ਼ੇ ਹਨ, ਅਮਲੀ ਤੌਰ ‘ਤੇ ਕੋਈ ਸਾਰਥਿਕ ਕਦਮ ਨਹੀਂ ਚੁੱਕੇ ਗਏ। ਬਦਲਵੀਂਆਂ ਫ਼ਸਲਾਂ ਬੀਜਣ ਲਈ ਕਿਸਾਨਾ ਨੂੰ ਉਤਸ਼ਾਹਤ ਨਹੀਂ ਕੀਤਾ ਜਾ ਰਹੀ। ਜਿਤਨੀ ਦੇਰ ਬਦਲਵੀਆਂ ਫ਼ਸਲਾਂ ਲਈ ਕੀਮਤਾਂ ਨਿਸਚਤ ਨਹੀਂ ਕੀਤੀਆਂ ਜਾਂਦੀਆਂ, ਉਤਨੀ ਦੇਰ ਕਿਸਾਨ ਕਣਕ ਅਤੇ ਚਾਉਲਾਂ ਦੇ ਫਸਲੀ ਚਕਰ ਤੋਂ ਬਾਹਰ ਨਹੀਂ ਨਿਕਲ ਸਕਦੇ। ਐਨ.ਆਰ.ਆਈ.ਸਭਾ ਨਾਮ ਦੀ ਹੀ ਹੈ, ਕੋਈ ਕੰਮ ਨਹੀਂ ਕਰਦੀ। ਪਰਵਾਸੀਆਂ ਨਾਲ ਜ਼ਿਆਦਤੀਆਂ ਦਾ ਕੋਈ ਹੱਲ ਨਹੀਂ। ਮੁਫ਼ਤਖ਼ਰੀ ਆਰਥਿਕਤਾ ਅਤੇ ਲੋਕਾਈ ਨੂੰ ਕਮਜ਼ੋਰ ਕਰਦੀ ਹੈ। 80 ਕਰੋੜ ਲੋਕਾਂ ਨੂੰ ਅੰਕੜਿਆਂ ਅਨੁਸਾਰ ਹਰ ਮਹੀਨੇ ਮੁਫ਼ਤ ਕਣਕ, ਚਾਵਲਦਿੱਤੀਆਂ ਜਾ ਰਹੀਆਂ ਹਨ। ਭਾਰਤੀ ਲੋਕਤੰਤਰ ਖ਼ਤਰੇ ਵਿੱਚ ਹੈ। ਭਾਰਤ ਵਿੱਚ ਔਰਤਾਂ ‘ਤੇ ਜ਼ੁਲਮ ਤੇ ਬਲਾਤਕਾਰ ਹੋ ਰਹੇ ਹਨ। ਪੀਲੀਭੀਤ ਵਿੱਚ ਔਰਤ ਨੂੰ ਮੋਟਰ ਸਾਈਕਲ ਦੇ ਪਿੱਛੇ ਬੰਨ੍ਹਕੇ ਘੜੀਸਿਆ ਗਿਆ, ਦਿੱਲੀ ਵਿੱਚ ਕਾਰ ਦੀ ਦੁਰਘਟਨਾ ਵਿੱਚ ਔਰਤ ਨੂੰ ਦੂਰ ਤਕ ਘੜੀਸਿਆ ਗਿਆ। ਘਰਾਂ ਵਿੱਚ ਔਰਤਾਂ ਤੇ ਅਤਿਆਚਾਰ ਹੋ ਰਹੇ ਹਨ। ਔਰਤਾਂ ਡਰ ਕਰਕੇ ਨੌਕਰੀਆਂ ਛੱਡ ਰਹੀਆਂ ਹਨ, ਯੋਨ ਹਿਸੰਾ ਤੋਂ ਪ੍ਰਭਾਵਤ ਹਨ, ਘਰਾਂ ਵਿੱਚ ਸ਼ੋਸ਼ਣ ਹੋ ਰਿਹਾ ਹੈ। ਔਰਤਾਂ ‘ਤੇ ਹਿੰਸਾ ਦਿਨ-ਬਦਿਨ ਵਧ ਰਹੀ ਹੈ। ਇਸਤਰੀਆਂ ਲਈ ਸਿਆਸਤ ਵਿੱਚ ਰਾਖਵਾਂ ਕਰਨ ਦਾ ਮੁੱਦਾ 30 ਸਾਲ ਤੋਂ ਲਟਕ ਰਿਹਾ ਹੈ। ਘੱਟ ਗਿਣਤੀਆਂ ਦੀ ਹੋਂਦ ਖ਼ਤਰੇ ਵਿੱਚ ਹੈ। ਸੰਵਿਧਾਨ ਦੀ ਰੂਹ ਦਾ ਕਤਲ ਹੋ ਰਿਹਾ ਹੈ। ਸਕੂਲਾਂ-ਕਾਲਜਾਂ ਦੀਆਂ ਪੁਸਤਕਾਂ ਵਿੱਚ ਤਬਦੀਲੀ ਕਰਕੇ ਇਤਿਹਾਸ ਵਿਗਾੜਿਆ ਜਾ ਰਿਹਾ ਹੈ। ਸੰਘੀ ਢਾਂਚੇ ਦੀਆਂ ਧਜੀਆਂ ਉਡਾਈਆਂ ਜਾ ਰਹੀਆਂ ਹਨ। ਘੱਟ ਗਿਣਤੀਆਂ ਭਾਰਤੀ ਜਨਤਾ ਪਾਰਟੀ ਦੇ ਨਿਸ਼ਾਨੇ ‘ਤੇ ਹਨ। ਇਸ ਕਰਕੇ ਇੱਕ ਦੇਸ਼, ਇੱਕ ਕਾਨੂੰਨ ਤੇ ਇੱਕ ਚੋਣ ਬਣਾਇਆ ਜਾ ਰਿਹਾ ਹੈ, ਜਿਸ ਨਾਲ ਲੋਕਤੰਤਰ ਦੀ ਪਰਿਭਾਸ਼ਾ ਬਦਲ ਜਾਵੇਗੀ। ਬੰਧੂਆ ਮਜ਼ਦੂਰ ਭਾਰਤ ਵਿੱਚ ਸੰਸਾਰ ਦੇ ਸਾਰੇ ਦੇਸ਼ਾਂ ਤੋਂ ਜ਼ਿਆਦਾ ਹੈ। ਪਲਾਹੀ ਅਨੁਸਾਰ ਵਿਰੋਧੀਅ ਪਾਰਟੀਆਂ ਦੀ ਇੱਕਮੁਠਤਾ ਤੇ ਇੱਕਜੁਟਤਾ ਤੋਂ ਬਿਨਾ ਭਾਰਤ ਵਿੱਚ ਪਰਜਾਤੰਤਰਿਕ ਪ੍ਰਣਾਲੀ ਖ਼ਤਰੇ ਵਿੱਚ ਰਹੇਗੀ। ਕੇਂਦਰ ਸਰਕਾਰ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਤੋੜ ਰਹੀ ਹੈ, ਚੋਣਾ ਜਿੱਤਣ ਦਾ ਹਰ ਹੀਲਾ ਵਰਤ ਰਹੀ ਹੈ ਅਤੇ ਬੱਧੀਜੀਵੀਆਂ ਤੇ ਦੇਸ਼ ਧ੍ਰੋਹ ਦੇ ਕੇਸ ਕੀਤੇ ਜਾ ਰਹੇ ਹਨ। ਪਿਛਲੇ ਨੌਂ ਸਾਲ ਦਾ ਲੇਖਾ ਜੋਖਾ ਕਰਦਿਆਂ ਪਲਾਹੀ ਸਰਕਾਰ ਦੇ ਦਮਗਜਿਆਂ ਦੀ ਪੋਲ ਖੋਲ੍ਹਦਾ ਹੈ। ਕਰੋਨਾ ਦੌਰਾਨ ਆਕਸੀਨ ਮਿਲਦੀ ਨਹੀਂ ਸੀ। 40 ਲੱਖ ਭਾਰਤੀਆਂ ਨੂੰ ਜਾਨਾ ਗੁਆਉਣੀਆਂ ਪਈਆਂ। ਕੇਂਦਰ ਸਰਕਾਰ ਅੰਕੜਿਆਂ ਦੀ ਖੇਡ ਰਾਹੀਂ ਸਿਆਸਤ ਕਰ ਰਹੀ ਹੈ। ਅਮਲੀ ਤੌਰ ‘ਤੇ ਕੁਝ ਵੀ ਨਹੀਂ। ਲੋਕ ਸੇਵਾ ਕਰਨ ਵਾਲੇ ਨੇਤਾ ਗਾਇਬ ਹੋ ਰਹੇ ਹਨ। ਲਾਲਚ ਪ੍ਰਧਾਨ ਹੈ। ਹਰ ਸਾਲ ਹੜ੍ਹ ਆਉਂਦੇ ਹਨ, ਪਲਾਹੀ ਦੇ ਲੇਖ ਦਸਦੇ ਹਨ ਕਿ ਸਿਆਸੀ ਨੇਤਾ ਹੜ੍ਹਾਂ ਦੇ ਹਲ ਕਰਨ ਤੋਂ ਪਾਸਾ ਵੱਟ ਰਹੇ ਹਨ। ਹੜ੍ਹਾਂ ਨਾਲ ਸੰਸਾਰ ਵਿੱਚ ਹੋ ਰਹੀਆਂ ਮੌਤਾਂ ਦਾ 20 ਫ਼ੀ ਸਦੀ ਭਾਰਤ ਵਿੱਚੋਂ ਹਨ। ਮਨੀਪੁਰ ਵਿੱਚ ਜੋ ਹਿੰਸਾ ਹੋਈ ਹੈ, ਉਥੇ 150 ਲੋਕ ਮਾਰੇ ਗਏ, 5000 ਘਰ ਸਾੜੇ ਗਏ ਅਤੇ 60000 ਲੋਕ ਘਰ ਛੱਡਕੇ ਸੁਰੱਖਿਅਤ ਥਾਵਾਂ ਤੇ ਚਲੇ ਗਏ ਪ੍ਰੰਤੂ ਕੇਂਦਰ ਸਰਕਾਰ ਚੁੱਪ ਹੈ। ਸੁਪਰੀਮ ਕੋਰਟ ਨੂੰ ਦਖ਼ਲ ਦੇਣਾ ਪਿਆ। ਪ੍ਰੈਸ ‘ਤੇ ਸਰਕਾਰ ਦਾ ਪ੍ਰਭਾਵ ਹੈ, 900 ਪ੍ਰਾਈਵੇਟ ਸੈਟੇਲਾਈਟ ਚੈਨਲ, 70 ਹਜ਼ਾਰ ਤੋਂ ਵੱਧ ਅਖ਼ਬਾਰ, ਇੰਟਰਨੈਟ ਤੇ ਸ਼ੋਸ਼ਲ ਮੀਡੀਆ ਵੱਡੀ ਪੱਧਰ ਤੇ ਵਰਤਿਆ ਜਾ ਰਿਹਾ ਹੈ। ਚੈਨਲਾਂ ਤੇ ਵੱਡੇ ਘਰਾਣਿਆਂ ਦਾ ਕਬਜ਼ਾ ਹੈ। ਸਰਕਾਰ ਆਪਣੀ ਮਰਜੀ ਦੀਆਂ ਖਬਰਾਂ ਪ੍ਰੋਸ ਰਹੀ ਹੈ। ਕੁਦਰਤੀ ਖੇਤੀ ਸ਼ੁਰੂ ਕਰਨ ਨਾਲ ਲੋਕਾਂ ਨੂੰ ਬਿਮਾਰੀਆਂ ਤੋਂ ਰਾਹਤ ਮਿਲੇਗੀ। ਜੀ 20 ਤੋਂ ਭਾਰਤ ਨੂੰ ਕੋਈ ਲਾਭ ਨਹੀਂ ਹੋਣਾ, ਅੱਛੇ ਦਿਨਾ ਦੀ ਉਡੀਕ ਕਰਦੇ ਰਹਾਂਗੇ। ਫਾਸਟ ਫੂਡ ਦੀ ਪ੍ਰਵਿਰਤੀ ਜਾਨ ਲੇਵਾ ਸਾਬਤ ਹੋ ਰਹੀ ਹੈ। ਗ਼ਰੀਬੀ ਵੱਧਣ ਕਰਕੇ ਭੁੱਖਮਰੀ ਵੱਧ ਰਹੀ ਹੈ। ਪ੍ਰਾਈਵੇਟ ਸਕੂਲ ਵਿਓਪਾਰ ਬਣ ਗਏ। ਗ਼ਰੀਬ ਲੋਕਾਂ ਲਈ ਬਾਰਾਬਰ ਦੀ ਸਿਖਿਆ ਲੈਣੀ ਅਸੰਭਵ ਹੋ ਗਈ। ਹਵਾ ਅਤੇ ਪਾਣੀ ਦਾ ਪ੍ਰਦੂਸ਼ਣ ਘਾਤਕ ਸਾਬਤ ਹੋ ਰਿਹਾ ਹੈ।
216 ਪੰਨਿਆਂ, 200 ਰੁਪਏ ਕੀਮਤ ਵਾਲੀ ਇਹ ਪੁਸਤਕ ਪੰਜਾਬੀ ਵਿਰਸਾ ਟਰੱਸਟ ਫਗਵਾੜਾ ਨੇ ਮੋਤਾ ਸਿੰਘ ਸਰਾਏ (ਯੂ.ਕੇ) ਦੇ ਸਹਿਯੋਗ ਨਾਲ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ