ਲੁਧਿਆਣਾ – ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ , ਟਰੱਸਟ ਜਰਖੜ ਵੱਲੋਂ ਕਰਵਾਈਆਂ ਗਈਆਂ 36ਵੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ ਅੱਜ ਧੂਮ ਧੜੱਕੇ ਨਾਲ ਸਮਾਪਤ ਹੋਈਆਂ । ਆਖਰੀ ਦਿਨ ਵੱਖ ਵੱਖ ਖੇਡਾਂ ਦੇ ਫਾਈਨਲ ਮੁਕਾਬਲਿਆਂ ਵਿੱਚ ਕੁੜੀਆਂ ਵਿੱਚ ਰੇਲ ਕੋਚ ਫੈਕਟਰੀ ਕਪੂਰਥਲਾ ਨੇ ਜੂਨੀਅਰ ਮੁੰਡਿਆਂ ਵਿੱਚ ਜਰਖੜ ਹਾਕੀ ਅਕੈਡਮੀ ਅਤੇ ਸੀਨੀਅਰ ਵਰਗ ਵਿੱਚ ਕਿਲਾ ਰਾਏਪੁਰ, ਕਬੱਡੀ ਓਪਨ ਵਿੱਚ ਘਲੋਟੀ ਨੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।
ਅੱਜ ਖੇਡੇ ਗਏ ਫਾਈਨਲ ਮੁਕਾਬਲਿਆਂ ਵਿੱਚ ਕੁੜੀਆਂ ਦੇ ਵਰਗ ਵਿੱਚ ਰੇਲ ਕੋਚ ਫੈਕਟਰੀ ਕਪੂਰਥਲਾ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ 3-1 ਨਾਲ ਹਰਾ ਕੇ ਕੁੜੀਆਂ ਦਾ ਹਾਕੀ ਮੁਕਾਬਲਾ ਜਿੱਤਿਆ । ਜਦਕਿ ਮੁੰਡਿਆਂ ਦੇ ਵਰਗ ਵਿੱਚ ਕਿਲਾ ਰਾਏਪੁਰ ਨੇ ਮਾਲਵਾ ਅਕੈਡਮੀ ਨੂੰ 3-1 ਗੋਲਾਂ ਨਾਲ ਹਰਾ ਕੇ ਜੇਤੂ ਰਹੀ । ਜੂਨੀਅਰ ਵਰਗ ਵਿੱਚ ਵੀ ਜਰਖੜ ਅਕੈਡਮੀ ਨੇ ਅਮਰਗੜ੍ਹ ਅਕੈਡਮੀ ਨੂੰ 5-2 ਨਾਲ ਹਰਾ ਕੇ ਜਗਤਾਰ ਸਿੰਘ ਯਾਦਗਾਰੀ ਹਾਕੀ ਕੱਪ ਜਿੱਤਿਆ। ਕਬੱਡੀ ਓਪਨ ਦੇ ਫਾਈਨਲ ਵਿੱਚ ਅਨੰਦਪੁਰ ਨੇ ਘਲੋਟੀ ਨੂੰ 19-16 ਅੰਕਾਂ ਨਾਲ ਹਰਾ ਕੇ ਨਾਇਬ ਸਿੰਘ ਗਰੇਵਾਲ ਜੋਧਾ ਕਬੱਡੀ ਕੱਪ ਜਿੱਤਿਆ।
ਰੁਸਤਮੇ ਪੰਜਾਬ ਵਿੱਚ ਜੱਸਾ ਮੰਡੋਰ ਨੇ ਪਹਿਲਾ ਸਥਾਨ ਨੂਰ ਆਲਮਗੀਰ ਦਾ ਦੂਜਾ ਪੰਜਾਬ ਕੁਮਾਰ ਟਾਈਟਲ ਵਿੱਚ ਸਹਿਵਾਜ ਆਲਮਗੀਰ ਨੇ ਪਹਿਲਾ ਸਥਾਨ, ਪ੍ਰਦੀਪ ਮੋਹਾਲੀ ਨੇ ਦੂਸਰਾ ਸਥਾਨ ਹਾਸਿਲ ਕੀਤਾ ਜਦਕਿ ਸ਼ੇਰੇ ਪੰਜਾਬ ਖਿਤਾਬ ਵਿੱਚ ਤਰਨ ਵੀਰ ਆਲਮਗੀਰ ਨੇ ਅਬਦੁਲ ਮਡੌਰ ਨੂੰ ਹਰਾ ਕੇ ਖਿਤਾਬ ਜਿੱਤਿਆ।
6 ਸਖਸ਼ੀਅਤਾਂ ਦਾ ਹੋਇਆ ਵਿਸ਼ੇਸ਼ ਸਨਮਾਨ
ਜਰਖੜ ਖੇਡਾਂ ਦੇ ਫਾਈਨਲ ਸਮਾਰੋਹ ਤੇ 6 ਸ਼ਖਸੀਅਤਾਂ ਦਾ ਵੱਖ ਵੱਖ ਐਵਾਰਡਾਂ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਹਨਾਂ ਵਿੱਚ ਪੱਤਰਕਾਰ ਗੁਰਜਤਿੰਦਰ ਸਿੰਘ ਰੰਧਾਵਾ ਨੂੰ ” ਪੱਤਰਕਾਰੀ ਦਾ ਮਾਣ ਐਵਾਰਡ” ਰੋਪੜ ਹਾਕੀ ਦੇ ਪਿਤਾਮਾ ਸਵਿੰਦਰ ਸਿੰਘ ਸੈਣੀ ਨੂੰ ” ਓਲੰਪੀਅਨ ਸਰਜੀਤ ਸਿੰਘ ਰੰਧਾਵਾ ਐਵਾਰਡ ” “ਗੁਰਜੀਤ ਸਿੰਘ ਪਰੇਵਾਲ ਹਕੀਮਪੁਰ ਨੂੰ ਖੇਡ ਪ੍ਰਮੋਟਰ ਵਜੋਂ “ਅਮਰਜੀਤ ਸਿੰਘ ਗਰੇਵਾਲ ਖੇਡ ਪ੍ਰਮੋਟਰ ਐਵਾਰਡ” ਜਦਕਿ ਲੋਕ ਗਾਇਕ ਹਰਜੀਤ ਹਰਮਨ ਨੂੰ “ਸੱਭਿਆਚਾਰ ਦਾ ਮਾਣ ਐਵਾਰਡ” ਦੇ ਕੇ ਸਨਮਾਨਿਤ ਕੀਤਾ ਗਿਆ । ਮੈਡਮ ਸ੍ਰੀ ਮਤੀ ਸੁਰਿੰਦਰ ਕੌਰ ਨੂੰ ਸਿੱਖਿਆ ਦੇ ਖੇਤਰ ਦਾ ” ਪੰਜਾਬ ਦੇ ਧੀਆਂ ਦਾ ਮਾਣ ਐਵਾਰਡ ” ਦੇ ਕੇ ਸਨਮਾਨਿਆ ਗਿਆ। ਸਾਬਕਾ ਕਬੱਡੀ ਸਟਾਰ ਮਨਜੀਤ ਸਿੰਘ ਮੋਹਲਾ ਖੱਡੂਰ ਨੂੰ ਕੋਚ ਦੇਵੀ ਦਿਆਲ ਕੱਬਡੀ ਐਵਾਰਡ ਨਾਲ 50 ਹਜ਼ਾਰ ਦੀ ਇਨਾਮੀ ਰਾਸ਼ੀ ਦਿੱਤੀ ਗਈ।
ਹਰਜੀਤ ਹਰਮਨ ਨੇ ਆਪਣੀ ਗਾਇਕੀ ਨਾਲ ਜਰਖੜ ਦਾ ਮੇਲਾ ਲੁੱਟਿਆ
ਲੋਕ ਗਾਇਕ ਹਰਜੀਤ ਹਰਮਨ ਨੇ ਆਪਣੇ ਚੋਣਵੇਂ ਗੀਤ ਪੰਜੇਬਾਂ ,ਮਿੱਤਰਾਂ ਦਾ ਨਾਮ ਚੱਲਦਾ, ਗੱਲ ਦਿਲ ਦੀ ਦੱਸ ਸੱਜਣਾ ਆਦਿ ਹੋਰ ਨਾਮੀ ਗੀਤ ਗਾਕੇ ਦਰਸ਼ਕਾ ਨੂੰ ਲੰਬਾ ਸਮਾਂ ਕੀਲੀ ਰੱਖਿਆ ਇਸ ਮੌਕੇ ਡਰੈਗਨ ਸਭਿਆਚਾਰ ਅਕੈਡਮੀ ਦੇ ਬੱਚਿਆਂ ਨੇ ਵੀ ਹਰਜੀਤ ਹਰਮਨ ਦੇ ਗੀਤਾਂ ਤੇ ਕੋਰੀਓਗ੍ਰਾਫੀ ਕਰਕੇ ਦਰਸ਼ਕਾਂ ਦਾ ਮਨ ਮੋਹਿਆ।
ਕੁਲ ਮਿਲਾ ਕੇ ਮਈ ਮਹੀਨੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਤੇ ਫਿਰ ਮਿਲਣ ਦੇ ਵਾਅਦੇ ਨਾਲ 36ਵੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ ਧੂਮ ਧੜੱਕੇ ਨਾਲ ਸਮਾਪਤ ਹੋਈਆ।