ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਕੇਂਦਰ ਦੀ ਭਾਜਪਾ ਸਰਕਾਰ ਵਲੋਂ ਕਿਸਾਨਾਂ ਨੂੰ ਦੋ ਸਾਲ ਪਹਿਲਾਂ ਫਸਲਾਂ ਉਪਰ ਐਮਐਸਪੀ ਦੇਣ ਦੀ ਗਰੰਟੀ ਦਿੱਤੀ ਸੀ ਜਿਸ ਉਪਰੰਤ ਉਨ੍ਹਾਂ ਵਲੋਂ ਲਗਾਇਆ ਗਿਆ ਮੋਰਚਾ ਖ਼ਤਮ ਕੀਤਾ ਗਿਆ ਸੀ ਪਰ ਦੋ ਸਾਲ ਬੀਤ ਜਾਣ ਮਗਰੋਂ ਵੀ ਸਰਕਾਰ ਆਪਣੇ ਵਾਅਦੇ ਉਪਰ ਖਰੀ ਨਹੀਂ ਉਤਰੀ ਜਿਸ ਕਰਕੇ ਹੁਣ ਮੁੜ ਕਿਸਾਨ ਦਿੱਲੀ ਨੂੰ ਘੇਰਣ ਲਈ ਵੱਖ ਵੱਖ ਰਾਜਾ ਤੋਂ ਚਾਲੇ ਪਾ ਚੁੱਕੇ ਹਨ । ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਇਸਤਰੀ ਵਿੰਗ ਦੇ ਮੁੱਖ ਸੇਵਾਦਾਰ ਬੀਬੀ ਰਣਜੀਤ ਕੌਰ ਨੇ ਮੀਡੀਆ ਨੂੰ ਜਾਰੀ ਕੀਤੇ ਆਪਣੇ ਬਿਆਨ ਰਾਹੀਂ ਕਿਹਾ ਕਿ ਕੇਂਦਰ ਅਤੇ ਹਰਿਆਣਾ ਸਰਕਾਰ ਵਲੋਂ ਕਿਸਾਨਾਂ ਨੂੰ ਰੋਕਣ ਲਈ ਜਿਸ ਤਰ੍ਹਾਂ ਦੀਆਂ ਰੋਕਾਂ ਲਗਾਈ ਗਈਆਂ ਹਨ ਓਹ ਦੇਖ ਕੇ ਇਹ ਮਹਿਸੂਸ ਹੋ ਰਿਹਾ ਹੈ ਕਿ ਓਹ ਇਸ ਦੇਸ਼ ਦੇ ਨਾਗਰਿਕ ਹੀ ਨਹੀਂ ਹਨ । ਇਸ ਨਾਲ ਪੰਜਾਬ ਅਤੇ ਦਿੱਲੀ ਵਿਚਕਾਰ ਫਾਸਲਾ ਵਧੇਗਾ ਅਤੇ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਹੋਰ ਗਹਿਰਾ ਹੋਏਗਾ । ਅਸੀ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਓਹ ਟਕਰਾਅ ਅਤੇ ਜਬਰ ਜ਼ੁਲਮ ਦਾ ਰਾਹ ਛੱਡ ਕੇ ਕਿਸਾਨਾਂ ਦੀਆਂ ਮੰਗਾ ਨੂੰ ਤੁਰੰਤ ਹੱਲ ਕਰੇ ।
ਉਨ੍ਹਾਂ ਕਿਹਾ ਕਿ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨਾ ਸਾਡਾ ਸੰਵਿਧਾਨਿਕ ਹੱਕ ਹੈ ਪਰ ਕਿਸਾਨਾਂ ਦੇ ਰਸਤੇ ਵਿੱਚ ਰੁਕਾਵਟਾਂ ਪਾਉਣਾ ਇਨ੍ਹਾਂ ਹੱਕਾਂ ਦਾ ਘਾਣ ਹੈ। ਸ਼ੰਭੂ ਬਾਰਡਰ ਤੇ ਹਰਿਆਣਾ ਸਰਕਾਰ ਵਲੋਂ ਕਿਸਾਨਾਂ ਤੇ ਛੱਡੇ ਗਏ ਅੱਥਰੂ ਗੈਸ ਅਤੇ ਵਾਟਰ ਕੈਨਨ ਦੀ ਬੋਛਾੜਾ ਦੀ ਜਿਤਨੀ ਨਿੰਦਾ ਕੀਤੀ ਜਾਏ ਓਹ ਘੱਟ ਹੈ ।
ਅੰਤ ਵਿਚ ਉਨ੍ਹਾਂ ਕਿਹਾ ਕਿ ਅਸੀ ਸਮੂਹ ਪੰਥਕ, ਰਾਜਨੀਤਿਕ ਅਤੇ ਸਮੂਹ ਜਥੇਬੰਦੀਆਂ ਦੇ ਨਾਲ ਹਰ ਇਨਸਾਨ ਨੂੰ ਕਿਸਾਨ ਵੀਰਾਂ ਦੀ ਹਮਾਇਤ ਲਈ ਅੱਗੇ ਆਉਣ ਦੀ ਅਪੀਲ ਕਰਦੇ ਹਾਂ ਜਿਸ ਨਾਲ ਉਨ੍ਹਾਂ ਵਲੋਂ ਆਪਣੀ ਮੰਗਾ ਮਨਵਾਉਣ ਲਈ ਲਗਾਏ ਜਾ ਰਹੇ ਮੋਰਚੇ ਵਿਚ ਬਲ ਮਿਲੇਗਾ ।