ਅੰਮ੍ਰਿਤਸਰ – ਨਵੰਬਰ 1984 ਸਮੇਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਹੋਏ ਸਿੱਖ ਕਤਲੇਆਮ ਦੌਰਾਨ ਵਾਪਰੀਆਂ ਘਟਨਾਵਾਂ ਨੂੰ ਬਿਆਨ ਕਰਦੀ ਸ. ਜਸਵੰਤ ਸਿੰਘ ਈਸੇਵਾਲ ਵੱਲੋਂ ਤਿਆਰ ਕੀਤੀ ਪੁਸਤਕ ‘ਸੀਨੇ ਵਿੱਚੋਂ ਨਿਕਲਦੀ ਰਹੇਗੀ ਹੂਕ’ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ ਨੂੰ ਭੇਟ ਕੀਤੀ ਗਈ।
ਪੁਸਤਕ ਸਬੰਧੀ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ 1984 ਵਿਚ ਸਮੇਂ ਦੀ ਹਕੂਮਤ ਵੱਲੋਂ ਸਿੱਖਾਂ ’ਤੇ ਵੱਡੇ ਅੱਤਿਆਚਾਰ ਹੋਏ। ਨਵੰਬਰ 1984 ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਸਿੱਖਾਂ ਦਾ ਕਤਲੇਆਮ ਹੋਇਆ, ਜਿਸ ਨੂੰ ਸਿੱਖ ਕੌਮ ਕਦੇ ਵੀ ਭੁਲਾ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਸ. ਜਸਵੰਤ ਸਿੰਘ ਈਸੇਵਾਲ ਨੇ ਇਸ ਸੰਤਾਪ ਨੂੰ ਹੰਢਾਉਣ ਵਾਲੇ ਪਰਿਵਾਰਾਂ ਦੀ ਆਪ-ਬੀਤੀ ਨੂੰ ਦਰਜ ਕਰਕੇ ਸਾਰੇ ਦੁਖਾਂਤ ਨੂੰ ਪੁਸਤਕ ਰੂਪ ਵਿਚ ਸਾਂਭਿਆ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿੱਖਾਂ ’ਤੇ ਹੋਏ ਜ਼ੁਲਮਾਂ ਤੋਂ ਜਾਣੂ ਕਰਵਾਏਗਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ, ਓਐਸਡੀ ਸ. ਸਤਬੀਰ ਸਿੰਘ ਧਾਮੀ, ਵਧੀਕ ਸਕੱਤਰ ਸ. ਸੁਖਮਿੰਦਰ ਸਿੰਘ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਗੁਰਿੰਦਰ ਸਿੰਘ ਮਥਰੇਵਾਲ, ਮੀਤ ਸਕੱਤਰ ਸ. ਜਸਵਿੰਦਰ ਸਿੰਘ ਜੱਸੀ, ਚੀਫ਼ ਅਕਾਊਂਟੈਂਟ ਸ. ਮਿਲਖਾ ਸਿੰਘ ਆਦਿ ਹਾਜ਼ਰ ਸਨ।