ਜੈਤੋ ਮੋਰਚੇ ਦੀ 100 ਸਾਲਾ ਸ਼ਤਾਬਦੀ ਦੇ ਸਮਾਗਮ ਪੰਥਕ ਰਵਾਇਤਾਂ ਅਨੁਸਾਰ ਹੋਏ ਆਰੰਭ

Screenshot_2024-02-19_11-05-37.resizedਜੈਤੋ/ਅੰਮ੍ਰਿਤਸਰ – ਸਿੱਖ ਕੌਮ ਵੱਲੋਂ ਤਤਕਾਲੀ ਅੰਗਰੇਜ਼ ਹਕੂਮਤ ਦੇ ਜਬਰ ਜੁਲਮ ਵਿਰੁੱਧ ਲਗਾਏ ਗਏ ਜੈਤੋ ਦੇ ਮੋਰਚੇ ਦੀ 100 ਸਾਲਾ ਸ਼ਤਾਬਦੀ ਦੇ ਸਮਾਗਮ ਅੱਜ ਇਥੇ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਜੈਤੋ ਵਿਖੇ ਪੰਥਕ ਰਵਾਇਤਾਂ ਅਨੁਸਾਰ ਆਰੰਭ ਹੋਏ। ਇਨ੍ਹਾਂ ਸਮਾਗਮਾਂ ਦੀ ਆਰੰਭਤਾ ਮੌਕੇ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਤੋਂ ਗੁਰਦੁਆਰਾ ਅੰਗੀਠਾ ਸਾਹਿਬ ਤੱਕ ਵਿਸ਼ਾਲ ਨਗਰ ਸਜਾਇਆ ਗਿਆ। ਇਸ ਤੋਂ ਪਹਿਲਾਂ ਸ੍ਰੀ ਅਖੰਠ ਪਾਠ ਸਾਹਿਬ ਦੀ ਆਰੰਭਤਾ ਵੀ ਕੀਤੀ ਗਈ।

ਨਗਰ ਕੀਰਤਨ (ਸ਼ਹੀਦੀ ਮਾਰਚ) ਦੀ ਸ਼ੁਰੂਆਤ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਜੈਤੋ ਮੋਰਚੇ ਦੇ ਇਤਿਹਾਸ ਨੂੰ ਯਾਦ ਕਰਨ ਦੇ ਨਾਲ-ਨਾਲ ਮੌਜੂਦਾ ਸਮੇਂ ਸਿੱਖ ਕੌਮ ਨੂੰ ਦਰਪੇਸ਼ ਚੁਣੌਤੀਆਂ ਦੀ ਗੱਲ ਵੀ ਕੀਤੀ। ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਕੌਮ ਅੰਦਰ ਹੱਕ ਸੱਚ ਦੀ ਪਹਿਰੇਦਾਰੀ ਵਾਸਤੇ ਵੱੱਡੀਆਂ ਕੁਰਬਾਨੀਆਂ ਹੋਈਆਂ। ਉਨ੍ਹਾਂ ਕਿਹਾ ਕਿ ਕੌਮ ਅੰਦਰ ਸ਼ਹਾਦਤਾਂ ਦਾ ਮੁੱਢ ਗੁਰੂ ਸਾਹਿਬਾਨ ਨੇ ਆਪ ਬੰਨ੍ਹਿਆ, ਜਿਸ ਦੀ ਲੜੀ ਨੂੰ ਸਿੱਖਾਂ ਨੇ ਕਾਇਮ ਰੱਖਿਆ। ਜੈਤੋ ਦਾ ਮੋਰਚਾ ਇਸੇ ਹੀ ਸ਼ਾਨਾਂਮੱਤੇ ਇਤਿਹਾਸ ਦੀ ਤਰਜ਼ਮਾਨੀ ਕਰਦਾ ਹੈ। ਇਹ ਮੋਰਚਾ ਜਬਰ, ਜੁਲਮ ਅਤੇ ਅਨਿਆਂ ਵਿਰੁੱਧ ਇਕ ਸੰਘਰਸ਼ ਦਾ ਬਿਗਲ ਸੀ, ਜਿਸ ਨੇ ਜਾਲਮ ਹਕੂਮਤਾਂ ਦੀ ਧੱਕੇਸ਼ਾਹੀ ਨੂੰ ਚੁਣੌਤੀ ਦਿੱਤੀ। ਇਸ ਵਿੱਚੋਂ ਸਿੱਖ ਕੌਮ ਜੇਤੂ ਹੋ ਕੇ ਨਿਕਲੀ, ਜੋ ਇਤਿਹਾਸ ਅੰਦਰ ਸੁਨਹਿਰੀ ਅੱਖਰਾਂ ਵਿਚ ਦਰਜ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਇਹ ਇਤਿਹਾਸ ਸੰਗਤਾਂ ਅਤੇ ਖਾਸਕਰ ਨੌਜੁਆਨੀ ਲਈ ਪ੍ਰੇਰਣਾ ਸਰੋਤ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਮੌਜੂਦਾ ਸਮੇਂ ਵੀ ਸਿੱਖ ਧਰਮ ਨੂੰ ਲੁਕਵੇਂ ਰੂਪ ਵਿਚ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਰਪੇਸ਼ ਹਨ, ਜਿਨ੍ਹਾਂ ਨੂੰ ਪਛਾਣ ਕੇ ਇਕਜੁੱਟਤਾ ਨਾਲ ਮੁਕਾਬਲਾ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾਵਾਂ ਦੀ ਮਜ਼ਬੂਤੀ ਅੱਜ ਕੌਮ ਲਈ ਬਹੱਦ ਜ਼ਰੂਰੀ ਹੈ, ਜਿਸ ਲਈ ਸਮੁੱਚੀ ਕੌਮ ਯੋਗਦਾਨ ਪਾਵੇ।

ਇਸੇ ਦੌਰਾਨ ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਵਿਖੇ ਸੰਪੂਰਨ ਹੋਇਆ। ਨਗਰ ਕੀਰਤਨ ਦਾ ਸੰਗਤ ਵੱੱਲੋਂ ਥਾਂ-ਥਾਂ ਭਰਵਾਂ ਸਵਾਗਤ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲੇ ਭੇਟ ਕਰਕੇ ਸਤਿਕਾਰ ਦਿੱਤਾ ਗਿਆ। ਸੰਗਤ ਨੇ ਪੰਜ ਪਿਆਰੇ ਸਾਹਿਬਾਨ ਅਤੇ ਨਿਸ਼ਾਨਚੀ ਸਿੰਘਾਂ ਨੂੰ ਵੀ ਵੱਖ-ਵੱਖ ਪੜਾਵਾਂ ’ਤੇ ਸਿਰੋਪਾਓ ਦਿੱਤੇ। ਨਗਰ ਕੀਰਤਨ ਵਿਚ ਨਿਹੰਗ ਸਿੰਘ ਦਲਾਂ ਵੱਲੋਂ ਊਠਾਂ ਤੇ ਘੋੜਿਆਂ ਨਾਲ ਸ਼ਮੂਲੀਅਤ ਕੀਤੀ ਗਈ। ਜੈਤੋ ਮੋਰਚੇ ਨਾਲ ਸਬੰਧਤ ਵੱਖ-ਵੱਖ ਇਤਿਹਾਸਕ ਝਾਕੀਆਂ ਵੀ ਸੰਗਤ ਲਈ ਖਿੱਚ ਦਾ ਕੇਂਦਰ ਬਣੀਆਂ। ਇਨ੍ਹਾਂ ਵਿਚ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀ ਗਈ ਨਾਭਾ ਜੇਲ੍ਹ ਦੀ ਝਾਕੀ ਵੀ ਸ਼ਾਮਲ ਸੀ। ਸਕੂਲਾਂ/ਕਾਲਜਾਂ ਦੇ ਵਿਦਿਆਰਥੀ ਵੀ ਵੱਡੀ ਗਿਣਤੀ ਵਿਚ ਨਗਰ ਕੀਰਤਨ ਦਾ ਹਿੱਸਾ ਬਣੇ ਅਤੇ ਗਤਕਾ ਪਾਰਟੀਆਂ ਨੇ ਸਿੱਖ ਜੰਗਜੂ ਕਲਾ ਦੇ ਜੌਹਰ ਵਿਖਾਏ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ, ਮੈਂਬਰ ਕੇਵਲ ਸਿੰਘ ਬਾਦਲ, ਸ. ਸ਼ੇਰ ਸਿੰਘ ਮੰਡਵਾਲਾ, ਬੀਬੀ ਗੁਰਿੰਦਰ ਕੌਰ ਭੋਲੂਵਾਲ, ਬੀਬੀ ਜੋਗਿੰਦਰ ਕੌਰ, ਹਲਕਾ ਇੰਚਾਰਜ ਸ. ਸੂਬਾ ਸਿੰਘ ਬਾਦਲ, ਸ. ਹਰਵਿੰਦਰ ਸਿੰਘ ਖਾਲਸਾ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਵਧੀਕ ਸਕੱਤਰ ਸ. ਬਿਜੈ ਸਿੰਘ, ਮੀਤ ਸਕੱਤਰ ਸ. ਬਲਵਿੰਦਰ ਸਿੰਘ ਖੈਰਾਬਾਦ, ਸ. ਮਨਜੀਤ ਸਿੰਘ ਤਲਵੰਡੀ, ਸ. ਸੁਖਬੀਰ ਸਿੰਘ, ਸ. ਹਰਭਜਨ ਸਿੰਘ ਵਕਤਾ, ਬੁੱਢਾ ਦਲ ਵੱਲੋਂ ਬਾਬਾ ਸਰਵਨ ਸਿੰਘ ਮਝੈਲ, ਬਾਬਾ ਬਲਦੇਵ ਸਿੰਘ ਵੱਲ੍ਹਾ, ਬਾਬਾ ਸਤਨਾਮ ਸਿੰਘ ਖਾਪੜਖੇੜੀ, ਬਾਬਾ ਸਤਪਾਲ ਸਿੰਘ, ਬਾਬਾ ਬਲਬੀਰ ਸਿੰਘ ਹਰੜਾ ਵਾਲੇ, ਸ. ਦਵਿੰਦਰ ਸਿੰਘ ਧਾਮੀ, ਬਾਬਾ ਹਰਭਜਨ ਸਿੰਘ ਲੁਧਿਆਣਾ, ਬਾਬਾ ਰਘਬੀਰ ਸਿੰਘ, ਮੈਨੇਜਰ ਸ. ਸੁਖਰਾਜ ਸਿੰਘ, ਸ. ਸੁਮੇਰ ਸਿੰਘ, ਸ. ਰੇਸ਼ਮ ਸਿੰਘ, ਸ. ਜਰਨੈਲ ਸਿੰਘ, ਇੰਚਾਰਜ ਗੁਰਦੀਪ ਸਿੰਘ, ਸ. ਕਰਤਾਰ ਸਿੰਘ, ਸ. ਲਖਵਿੰਦਰ ਸਿੰਘ, ਬੀਬੀ ਮਨਜੀਤ ਕੌਰ, ਡਾ. ਅਮਰਜੀਤ ਕੌਰ, ਹੈੱਡ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਸਮੇਤ ਵੱਡੀ ਗਿਣਤੀ ਵਿਚ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸੰਗਤਾਂ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>