ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਅੰਤਰ-ਰਾਸ਼ਟਰੀ ਮਾਤਾ ਭਾਸ਼ਾ ਦਿਵਸ ਮੌਕੇ
ਪੰਜਾਬੀ ਮਾਤ-ਭਾਸ਼ਾ ਮੇਲਾ 21 ਫ਼ਰਵਰੀ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਮਨਾਇਆ ਜਾ
ਰਿਹਾ ਹੈ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ
ਨੇ ਦੱਸਿਆ ਕਿ ਮਾਤ-ਭਾਸ਼ਾ ਦਿਵਸ ਮੌਕੇ ਪੰਜਾਬ ਦੇ ਵੱਖ-ਵੱਖ ਕਾਲਜਾਂ ਦੀਆਂ ਟੀਮਾਂ
ਪੰਜਾਬੀ ਕਹਾਣੀ ਅਤੇ ਕਾਵਿ-ਸਿਰਜਣ, ਪੰਜਾਬੀ ਲੋਕਗੀਤ, ਸਭਿਆਚਾਰਕ ਪ੍ਰਸ਼ਨੋਤਰੀ, ਪੰਜਾਬੀ
ਕਵਿਤਾ ਪੋਸਟਰ ਮੁਕਾਬਲਾ, ਪੰਜਾਬੀ ਕਾਵਿ-ਉਚਾਰਣ, ਅਖਾਣ ਅਤੇ ਮੁਹਾਾਵਰੇ ਭਰਪੂਰ
ਵਾਰਤਾਲਾਪ ਅਤੇ ਕੈਲੀਗ੍ਰਾਫੀ (ਅੱਖ਼ਰਕਾਰੀ) ਮੁਕਾਬਲਿਆਂ ਵਿਚ ਹਿੱਸਾ ਲੈਂਦੀਆਂ ਹਨ।
ਪੰਜਾਬੀ ਮਾਤ-ਭਾਸ਼ਾ ਮੇਲੇ ਦੇ ਸੰਯੋਜਕ ਸ੍ਰੀ ਤ੍ਰੈਲੋਚਨ ਲੋਚੀ ਨੇ ਦੱਸਿਆ ਕਿ ਪਿਛਲੇ
ਸਾਲ ਪੰਜਾਬ ਦੇ ਵੀਹ ਕਾਲਜਾਂ ਦੀਆਂ ਟੀਮਾਂ ਨੇ ਭਾਗ ਲਿਆ ਸੀ ਤੇ ਇਸ ਵਾਰ ਹੋਰ ਵੀ
ਜ਼ਿਆਦਾ ਕਾਲਜਾਂ ਦੀਆਂ ਟੀਮਾਂ ਵਲੋਂ ਭਾਗ ਲੈਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ
ਵੱਖ-ਵੱਖ ਮੁਕਾਬਲਿਆਂ ਵਿਚੋਂ ਜੇਤੂ ਵਿਦਿਆਰਥੀਆਂ ਨੂੰ ਪੁਸਤਕਾਂ ਦੇ ਰੂਪ ਵਿਚ ਪਹਿਲਾ,
ਦੂਜਾ ਤੇ ਤੀਜਾ ਇਨਾਮ ਦਿੱਤੇ ਜਾਣਗੇ ਅਤੇ ਜਿਸ ਕਾਲਜ ਦੀ ਟੀਮ ਨੇ ਸਮੁੱਚੇ ਰੂਪ ਵਿਚ
ਜ਼ਿਆਦਾ ਅੰਕ ਪ੍ਰਾਪਤ ਕੀਤੇ ਉਸ ਨੂੰ ਅਕਾਡਮੀ ਵਲੋਂ ਮਾਤ-ਭਾਸ਼ਾ ਟਰਾਫ਼ੀ ਪ੍ਰਦਾਨ ਕੀਤੀ
ਜਾਵੇਗੀ।
ਪੰਜਾਬੀ ਮਾਤ-ਭਾਸ਼ਾ ਮੇਲੇ ਦੀ ਸਹਿ ਸੰਯੋਜਕ ਡਾ. ਗੁਰਚਰਨ ਕੌਰ ਕੋਚਰ ਨੇ ਦੱਸਿਆ ਕਿ
ਸਮਾਗਮ ਦੀਆਂ ਸਭ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਭਾਗ ਲੈਣ ਵਾਲੇ ਕਾਲਜਾਂ ਦੇ
ਵਿਦਿਆਰਥੀ ਆਪਣੀ ਸੰਸਥਾ ਦੇ ਮੁਖੀ ਤੋਂ ਅਧਿਕਾਰ ਪੱਤਰ ਨਾਲ ਲੈ ਕੇ ਆਉਣਗੇ ਅਤੇ ਉਨ੍ਹਾਂ
ਦੀ ਰਜਿਸਟ੍ਰੇਸ਼ਨ ਸਵੇਰੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਪੰਜਾਬੀ ਭਵਨ, ਲੁਧਿਆਣਾ
ਵਿਖੇ ਹੋਵੇਗੀ। ਉਪਰੰਤ ਸਾਹਿਤਕ ਮੁਕਾਬਲੇ ਸ਼ੁਰੂ ਹੋ ਜਾਣਗੇ।