ਡਾ.ਭਗਵੰਤ ਸਿੰਘ ਖੋਜੀ ਵਿਦਵਾਨ ਹੈ। ਉਹ ਸਾਹਿਤ ਦੇ ਅਣਗੌਲੇ ਹੀਰਿਆਂ ਬਾਰੇ ਖੋਜ ਕਰਕੇ ਸਾਹਿਤ ਦੇ ਖੋਜੀ ਵਿਦਿਆਰਥੀਆਂ ਦਾ ਰਾਹ ਦਸੇਰਾ ਬਣਦਾ ਜਾ ਰਿਹਾ ਹੈ। ਇਸੇ ਲੜੀ ਵਿੱਚ ਉਸ ਵੱਲੋਂ ਸੰਪਾਦਿਤ ਕੀਤੀ ਪੁਸਤਕ ‘ਸੂਫ਼ੀਆਨਾ ਰਹੱਸ ਅਨੁਭੂਤੀ’ ਹੈ, ਜਿਹੜੀ ਖੋਜਾਰਥੀਆਂ ਲਈ ਲਾਭਦਾਇਕ ਸਾਬਤ ਹੋਵੇਗੀ। ਆਮ ਤੌਰ ‘ਤੇ ਸਾਹਿਤ ਦੇ ਤਿੰਨ ਰੂਪਾਂ ਨਾਵਲ, ਕਹਾਣੀ ਅਤੇ ਕਵਿਤਾ ਵਿੱਚ ਅਤੇ ਬਾਰੇ ਲਿਖਿਆ ਜਾ ਰਿਹਾ ਹੈ। ਸਾਹਿਤ ਦੇ ਇਹ ਰੂਪ ਵੀ ਮਹੱਤਵਪੂਰਨ ਹਨ, ਜੋ ਪਾਠਕਾਂ ਵਿੱਚ ਦਿਲਚਸਪੀ ਪੈਦਾ ਕਰਦੇ ਹਨ ਪ੍ਰੰਤੂ ਖੋਜ ਦੇ ਸਾਹਿਤਕ ਰੂਪ ਨੂੰ ਪੜ੍ਹਨ ਅਤੇ ਲਿਖਣ ਵਿੱਚ ਵਿਦਵਾਨ ਉਤਨੀ ਗੰਭੀਰਤਾ ਨਹੀਂ ਵਿਖਾ ਰਹੇ। ਖੋਜ ਸਾਹਿਤ ਦੇ ਇਤਿਹਾਸ ਨੂੰ ਸੰਭਾਲ ਕੇ ਰੱਖਦੀ ਹੈ, ਜਿਸ ਤੋਂ ਭਵਿਖ ਦੇ ਵਿਦਵਾਨ ਅਗਵਾਈ ਲੈਂਦੇ ਹਨ। ਡਾ.ਭਗਵੰਤ ਸਿੰਘ ਦੀ ਖੂਬੀ ਹੈ ਕਿ ਉਹ ਅਣਗੌਲੇ ਵਿਦਵਾਨਾ ਦੇ ਰਚੇ ਸਾਹਿਤ ਦੀ ਖੋਜ ਕਰਕੇ ਸੰਭਾਲਣ ਦਾ ਕੰਮ ਕਰ ਰਹੇ ਹਨ। ਇਸ ਪੁਸਤਕ ਵਿੱਚ ਫ਼ਕੀਰ ਈਸ਼ਵਰ ਦਾਸ ਦੇ ਸਾਹਿਤਕ ਯੋਗਦਾਨ ਬਾਰੇ 26 ਵੱਖ-ਵੱਖ ਖੇਤਰਾਂ ਦੇ ਪ੍ਰਬੁੱਧ ਵਿਦਵਾਨਾ ਦੇ ਲੇਖ ਸ਼ਾਮਲ ਕੀਤੇ ਗਏ ਹਨ। ਇਹ ਪੁਸਤਕ ਫ਼ਕੀਰ ਈਸ਼ਵਰ ਦਾਸ ਦੀ ਸਮੁੱਚੀ ਸਾਹਿਤਕ ਦੇਣ ਜਿਸ ਵਿੱਚ 9 ਪੰਜਾਬੀ ਕਾਵਿ, 7 ਹਿੰਦੀ ਕਾਵਿ ਅਤੇ 9 ਅੰਗਰੇਜ਼ੀ ਕਾਵਿ ਪੁਸਤਕਾਂ ਬਾਰੇ ਖੋਜ ਭਰਪੂਰ ਲੇਖ ਹਨ। ਸੂਫ਼ੀ ਪਰੰਪਰਾ ਬਾਬਾ ਫਰੀਦ ਤੋਂ ਸ਼ੁਰੂ ਹੋਈ ਜੋ ਵਰਤਮਾਨ ਸਮੇਂ ਤੱਕ ਪ੍ਰਚਲਤ ਹੈ। ਅਧਿਆਤਮਕ ਰਹੱਸਵਾਦ ਵੀ ਸੂਫ਼ੀ ਮਤ ਤੋਂ ਹੀ ਸ਼ੁਰੂ ਹੁੰਦਾ ਗਿਣਿਆਂ ਜਾਂਦਾ ਹੈ। ਉਹ ਧਾਰਮਿਕਤਾ ਦੀ ਵਲੱਗਣ ਨੂੰ ਤੋੜਕੇ ਮਾਨਵਵਾਦੀ ਪ੍ਰਚਾਰ ਕਰਦੇ ਹਨ। ਧਰਮ ਦੇ ਆਪੇ ਬਣੇ ਠੇਕੇਦਾਰਾਂ ਦੀ ਪ੍ਰਵਾਹ ਨਹੀਂ ਕਰਦੇ। ਫ਼ਕੀਰ ਈਸ਼ਵਰਦਾਸ ਦਾ ਰਹੱਸਵਾਦ ਵੀ ਉਸੇ ਪਰੰਪਰਾ ਨੂੰ ਅੱਗੇ ਤੋਰਦਾ ਹੈ। ਫ਼ਕੀਰ ਈਸ਼ਵਰਦਾਸ ਵੀ ਇਨਸਾਨ ਨੂੰ ਆਪਣੀ ਅੰਤਹਕਰਨ ਦੀ ਆਵਾਜ਼ ਨੂੰ ਪਛਾਣਕੇ ਸੁਣਨ ਦੀ ਪ੍ਰੇਰਨਾ ਦਿੰਦਾ ਹੈ। ਇਸ ਨੂੰ ਸਵੈ ਚੇਤਨਾ ਜਾਂ ਰੂਹਾਨੀ ਜਾਗ੍ਰਤੀ ਵੀ ਕਿਹਾ ਜਾ ਸਕਦਾ ਹੈ। ਵਰਤਮਾਨ ਸਮਾਜ ਦਾ ਖੋਖਲਾਪਣ ਵੀ ਆਪੇ ਨਾਲੋ ਟੁੱਟਣ ਦਾ ਹੀ ਨਤੀਜਾ ਹੈ। ਫ਼ਕੀਰ ਈਸ਼ਵਰਦਾਸ ਇਸ ਦੀ ਪਛਾਣ ਕਰਕੇ ਜੀਵਨ ਬਸਰ ਕਰਨ ਦੀ ਤਾਕੀਦ ਕਰਦਾ ਹੈ। ਫ਼ਕੀਰ ਦੀਆਂ ਸਾਰੀਆਂ ਰਚਨਾਵਾਂ ਭਾਵੇਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੀਆਂ ਹਨ ਪ੍ਰੰਤੂ ਉਹ ਸਾਰੀਆਂ ਹੀ ਅਧਿਆਤਮਿਕ ਰਹੱਸਵਾਦੀ ਹਨ। ਉਨ੍ਹਾਂ ਦੀ ਬੋਲੀ ਤੇ ਸ਼ੈਲੀ ਸਰਲ ਅਤੇ ਸਪਸ਼ਟ ਹੈ, ਜਿਹੜੀ ਆਮ ਲੋਕਾਂ ਦੇ ਸੌਖਿਆਂ ਹੀ ਸਮਝ ਵਿੱਚ ਆ ਜਾਂਦੀ ਹੈ। ਇਹ ਰਹੱਸਵਾਦ ਇਨਸਾਨ ਦੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਮਜ਼ਬੂਤ ਕਰਦਾ ਹੈ। ਉਹ ਸਮਾਜਿਕ ਗਿਰਾਵਟਾਂ ਨੂੰ ਆੜੇ ਹੱਥੀਂ ਲੈਂਦਾ ਹੋਇਆ ਉਨ੍ਹਾਂ ‘ਤੇ ਤਿੱਖੇ ਵਿਅੰਗ ਕਰਦਾ ਹੈ। ਉਸਦਾ ਸਾਰਾ ਕਾਵਿ ਹੀ ਦਾਰਸ਼ਨਿਕ ਹੈ। ਫ਼ਕੀਰ ਦੀਆਂ ਕਾਫ਼ੀਆਂ ਅਤੇ ਰੁਬਾਈਆਂ ਬਹੁਤ ਸਰਲ ਅਤੇ ਅਧਿਆਤਮਿਕ ਰਹੱਸ ਦਾ ਬਿਹਤਰੀਨ ਨਮੂਨਾ ਹਨ। ਇਹ ਸਾਰਾ ਕੁਝ ਇਸ ਕਰਕੇ ਹੀ ਸੰਭਵ ਹੋਇਆ ਕਿ ਫ਼ਕੀਰ ਈਸ਼ਵਰਦਾਸ ਨੇ ਜ਼ਿੰਦਗੀ ਨੂੰ ਨੇੜਿਉਂ ਵੇਖਦਿਆਂ ਅਨੁਭਵ ਕੀਤਾ ਕਿ ਸਾਧਨਾ ਕਰਨੀ ਜ਼ਰੂਰੀ ਹੈ। ਫਿਰ ਉਹ ਜੇ.ਪੀ.ਐਸ.ਸਿੱਧੂ ਤੋਂ ਫ਼ਕੀਰ ਈਸ਼ਵਰਦਾਸ ਤਿਆਗ ਦੀਆਂ ਅਨੇਕਾਂ ਸਥਿਤੀਆਂ ਵਿੱਚੋਂ ਲੰਘ ਕੇ ਬਣਿਆਂ। ਫਿਰ ਉਸ ਨੂੰ ਆਤਮਬੋਧ ਹੋਇਆ ਹੈ। ਫ਼ਕੀਰ ਈਸ਼ਵਰਦਾਰ ਸੂਫ਼ੀਆਨ ਰਹੱਸ ਦਾ ਜ਼ਿਕਰ ਕਰਦਾ ਹੋਇਆ ਮਹਿਸੂਸ ਕਰਦਾ ਹੈ ਕਿ ਮੈਂ ਨੂੰ ਤਿਆਗਣ, ਆਪਣੀ ਤੇ ਸੰਸਾਰ ਦੀ ਹੋਂਦ ਨੂੰ ਪਹਿਚਾਣ ਕੇ ਪ੍ਰਾਪਤ ਕਰਨਾ, ਤਿਆਗ ਦੀ ਮੂਰਤੀ, ਕੱਟੜਤਾ, ਸੰਕੀਰਣਤਾ, ਪਾਖੰਡਾਂ ਦੇ ਉਲਟ ਹਕੀਕਤ ਪਸੰਦ, ਸਰਲ ਜੀਵਨ ਜਿਓਣ ਵਾਲੇ, ਬਾਹਰਲੇ ਵਿਖਾਵੇ ਨਾਲੋਂ ਅੰਦਰ ਦੀ ਪਵਿਤਰਤਾ ਵਾਲੇ, ਸੱਚਾਈ ਤੇ ਸਭ ਵਿੱਚ ਰੱਬ ਮੰਨਣ ਵਾਲੇ, ਗ਼ਰੀਬੀ, ਆਜਜ਼ੀ, ਹਲੀਮੀ, ਲਾਜ, ਮਿੱਠਤ, ਨਿਮ੍ਰਤਾ ਸੂਫ਼ੀ ਰਹੱਸ ਦੇ ਗੁਣ ਹਨ। ਸੂਫ਼ੀ ਅਧਿਅਤਮਵਾਦ ਵਿੱਚ ਰਹੱਸ ਅਤੇ ਆਦਰਸ਼ ਦਾ ਸੁਮੇਲ ਹੁੰਦਾ ਹੈ। ਰੱਬ ਹਰ ਚੀਜ਼ ਵਿੱਚ ਹੈ ਪ੍ਰੰਤੂ ਉਸ ਦਾ ਨਿਸਚਤ ਰੂਪ ਨਹੀਂ। ਬਿਰਹਾ ਵੀ ਸੂਫ਼ੀਵਾਦ ਦਾ ਹਿੱਸਾ ਹੈ। ਫ਼ਕੀਰ ਈਸ਼ਵਰਦਾਸ ਨੇ ਕਾਫ਼ੀਆਂ ਅਤੇ ਦੋਹੇ ਲਿਖੇ ਹਨ। ਉਹ ਆਪਣੇ ਕਾਵਿ ਵਿੱਚ ਵਿਅੰਗ ਮਾਰਦੇ ਹਨ ਪ੍ਰੰਤੂ ਉਨ੍ਹਾਂ ਦਾ ਵਿਅੰਗ ਦੁਨੀਆਂਦਾਰੀ ਤੋਂ ਉਪਰ ਹੁੰਦਾ ਹੈ। ਉਨ੍ਹਾਂ ਨੇ ਪ੍ਰੇਰਨਾ ਗੁਰੂਆਂ, ਸੰਤਾਂ, ਭਗਤਾਂ ਤੋਂ ਲਈ ਹੈ। ਉਹ ਰੱਬ ਨਾਲ ਸਿੱਧਾ ਰਸਤਾ ਜੋੜਦਾ ਹੈ। ਉਸ ਨੂੰ ਇਲਾਹੀ ਸਿਰਜਣਾ ਦਾ ਅਨੁਭਵ ਹੈ। ਉਸ ਨੇ ਆਪਣੇ ਵਿੱਚੋਂ ਵਿਸ਼ੇ-ਵਿਕਾਰਾਂ ਨੂੰ ਦੂਰ ਕੀਤਾ ਹੋਇਆ ਹੈ। ਉਨ੍ਹਾਂ ਦੀ ਰਚਨਾ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਪਹਿਲਾਂ ਇਨਸਾਨੀਅਤ ਨਾਲ ਪਿਆਰ ਕੀਤਾ ਤਾਂ ਹੀ ਰੱਬ ਨੂੰ ਪ੍ਰਾਪਤ ਕਰਨ ਵਿੱਚ ਸਫਲ ਹੋਇਆ ਹੈ। ਉਹ ਸੂਫ਼ੀ ਪਰੰਪਰਾ ਵਿੱਚ ਰੌਸ਼ਨ ਚਿਰਾਗ ਹੈ। ਉਹ ਬੇਬਾਕੀ ਨਾਲ ਲਿਖਦਾ ਹੈ। ਫ਼ਕੀਰ ਦੀ ਰਚਨਾਂ ਦਾ ਇਖਲਾਕੀ ਪੱਖ ਵੀ ਵਿਲੱਖਣ ਹੈ, ਉਹ ਖੁਦ ਵੀ ਉਚੇ ਸੁੱਚੇ ਇਖਲਾਕ ਦਾ ਮਾਲਕ ਹੈ। ਇਖਲਾਕ ਦੀ ਸਰਵੋਤਮਤਾ ਉਸ ਦੀਆਂ ਰਚਨਾਵਾਂ ਵਿੱਚ ਵਿਖਾਈ ਦਿੰਦੀ ਹੈ। ਉਹ ਮਜ਼੍ਹਬਾਂ ਦੀਆਂ ਵਲੱਗਣਾ ਤੋਂ ਬਾਹਰ ਹੈ। ਮਾਨਵਵਾਦੀ ਕੀਮਤਾਂ ਦਾ ਮੁੱਦਈ ਤੇ ਇਨਸਾਨੀ ਧੋਖਿਆਂ ਦਾ ਵਿਰੋਧੀ ਬਣਕੇ ਨਿਖਰਿਆ ਹੈ। ‘ਸੂਲੀ ਚੜ੍ਹੇ ਨਾ ਮੁੜਦੇ’ ਕਾਵਿ ਸੰਗ੍ਰਹਿ ਗੂੜ੍ਹੇ ਰਹੱਸਵਾਦੀ ਰੰਗ ਵਿੱਚ ਰੰਗਿਆ ਹੋਇਆ ਹੈ। ਆਧੁਨਿਕ ਪੰਜਾਬੀ ਕਾਵਿ ਪਰੰਪਰਾ ਵਿੱਚ ਉਸ ਨੇ ਸੂਫ਼ੀ ਸ਼ਾਇਰੀ ਮੁੜ ਸੁਰਜੀਤ ਕੀਤੀ ਹੈ। ਉਸ ਦੀ ਸ਼ਬਦਾਵਲੀ ਵਿੱਚ ਵਿਰਸਾ ਘੁਲਿਆ-ਮਿਲਿਆ ਹੈ। ਉਹ ਸੂਫ਼ੀ ਕਾਵਿ ਧਾਰਾ ਦਾ ਅਲੰਬਰਦਾਰ ਹੈ, ਇਉਂ ਲੱਗਦਾ ਹੈ ਉਹ ਭਵਿਖ ‘ਚ ਸੂਫ਼ੀ ਕਾਵਿ ਦਾ ਸੂਰਜ ਬਣਕੇ ਚੜ੍ਹੇਗਾ। ਉਸ ਦੀ ਕਵਿਤਾ ਇਨਸਾਨ ਨੂੰ ਇਕੋ ਰੱਬ ਦੀ ਹੋਂਦ ਤੇ ਮਨੁੱਖ ਨੂੰ ਬਾਂਦਰ ਟਪੂਸੀਆਂ ਨਾਲ ਤੁਲਨਾ ਦਿੰਦੇ ਹੋਏ ਸਰਲ ਭਾਸ਼ਾ ਵਿੱਚ ਲਿਖਦੇ ਹਨ:
ਬਾਂਦਰਾ ਛੱਡ ਟਪੂਸੀਆਂ ਇਕ ਉਹੀ ਸਾਰ।
ਰੱਬ-ਰਾਮ-ਖੁਦਾ ਇਕਹੋ, ਪਰਵਰਦਿਗਾਰ।
ਫ਼ਕੀਰ ਨੇ ਹਰ ਮਨੁੱਖ ਨੂੰ ਰੱਬ ਦਾ ਰੂਪ, ਰੱਬੀ ਲਿਵ ਲਈ ਬੰਦਗੀ, ਬੰਦਗੀ ਲਈ ਮੁਰਸ਼ਦ ਅਤੇ ਸਾਧਨਾ ਦੀ ਲੋੜ ਕਹੀ ਹੈ। ਫ਼ਕੀਰ ਦੀਆਂ ਕਾਫ਼ੀਆਂ ਅਤੇ ਰੁਬਾਈਆਂ ਵਿੱਚੋਂ ਪੰਜਾਬੀ ਮਿੱਟੀ ਦੀ ਖ਼ੁਸ਼ਬੋ ਆਉਂਦੀ ਹੈ। ਉਸ ਨੇ ਮਾਇਆਵਾਦੀ ਸੰਸਾਰ ਵਿੱਚ ਸੱਚੀ ਸੁੱਚੀ ਰੂਹ ਤੇ ਨਿਰੋਲ ਸੱਚ ਨੂੰ ਪੇਸ਼ ਕਰਕੇ ਨਵੀਂ ਪੀੜ੍ਹੀ ਦਾ ਮਾਰਗ ਦਰਸ਼ਕ ਬਣਿਆਂ ਹੈ। ਧਰਮ ਦੇ ਠੇਕੇਦਾਰਾਂ ਦੀ ਫੈਲਾਈ ਸੰਕੀਰਣਤਾ ਬਾਰੇ ਲਿਖਦਾ ਹੈ:
ਕਿਤੇ ਮੰਦਰ-ਮਸਜਿਦ ਕਿਤੇ ਗਿਰਜਾ, ਗੁਰਦੁਆਰੇ, ਗੱਲੀਂ ਖ਼ੂਨ-ਬਹਾਉਂਦੇ,
ਕਿਤੇ ਕੋਈ ਮੁੱਦਾ ਕਿਤੇ ਲੱਭ ਮੁੱਦਾ, ਬੇਮੁੱਦਾ ਲੜਦੇ-ਲੋਕਾਂ ਲੜਾਉਂਦੇ,
ਕਾਫ਼ਿਰ ਹੱਕ ਨਾ ਫੜਦੇ, ਹੱਥ ਫੜਦੇ ‘ਦੂਈ’ ਦੇ ਮੂਏ-ਬੀਮਾਰਾਂ ਦੇ।
ਇਸੇ ਤਰ੍ਹਾਂ ਲਿਖਦੇ ਹਨ ਬੱਕਰਿਆਂ ਨੂੰ ਹਲਾਲ ਕਰਨ ਦੀ ਥਾਂ ਖ਼ੁਦ ਬੱਕਰਾ ਬਣੋ:
ਗਲ ਵੱਢ, ਖ਼ੁਦ ਨੂੰ ਕਹਿਣ ਹਲਾਲੀ, ਸੀਸ ਤਲੀ ਰੱਖ ਕੋਈ ਨਾ ਆਉਂਦਾ,
ਅੱਲਾਹ ਰਾਮ ਦੇ ਬਣਨ ਦਾ ਬੇਲੀ।
ਪ੍ਰਭੂ ਨਾਲ ਸੰਜੋਗ ਤੇ ਵਿਯੋਗ ਦੋਹਾਂ ਪ੍ਰਸਥਿਤੀਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਵਰਣਨ ਕੀਤਾ ਹੈ। ਇਸ਼ਕ ਮਿਜ਼ਾਜ਼ੀ ਤੋਂ ਇਸ਼ਕ ਹਕੀਕੀ ਦੇ ਸਫਰ ਨੂੰ ਦਰਸਾਇਆ ਹੈ। ਉਨ੍ਹਾਂ ਹੱਕ ਸੱਚ ਪਰਮਾਰਥ ਨੂੰ ਰੁਬਾਈਆਂ ਰਾਹੀਂ ਮੁਕਤੀ ਦਾ ਇਕੋ ਇਕ ਰਾਹ ਪ੍ਰੇਮ ਦਰਸਾਇਆ ਹੈ। ‘ਮੈਂ ਹੋਇਆ ਮਸਤ ਕਲੰਦਰ’ ਪੁਸਤਕ ਦੀਆਂ 108 ਕਾਫ਼ੀਆਂ ਵਿੱਚ ਪਰਮਾਤਮਾ ਤੱਕ ਪਹੁੰਚਣ ਦਾ ਤਰੀਕਾ ਦੱਸਿਆ ਹੈ। ਅਸਲ ਵਿੱਚ ਫ਼ਕੀਰ ਈਸ਼ਵਰਦਾਸ ਦੀ ਸਮੁੱਚੀ ਰਚਨਾ ਸੂਫ਼ੀ ਮੱਤ ਦੇ ਰਹੱਸਮਈ ਅਨੁਭਵ ਨੂੰ ਜ਼ੁਬਾਨ ਦਿੰਦੀ ਹੈ, ਇਸ ਦੇ ਨਾਲ ਹੀ ਸੂਫ਼ੀਅਨ ਮਸਤੀ ਨੂੰ ਅਨੁਭਵ ਕਰਵਾਉਣ ਦੀ ਸਮਰੱਥਾ ਰੱਖਦੀ ਹੈ। ਸਿਰਜਨਾਂ ਜ਼ਿਕਰ ਤੋਂ ਫ਼ਿਕਰ ਭਾਵ ਸਿਮਰਨ ਤੋਂ ਚਿੰਤਨ ਤੱਕ ਦਾ ਸਫਰ ਸਾਕਾਰ ਕਰਦੀ ਹੈ। ਉਨ੍ਹਾਂ ਦੀ ਕਾਵਿ ਸਿਰਜਨਾ ਰਾਜਨੀਤਕ ਵਿਵਸਥਾ ਦੇ ਕੂੜ ਉਤੇ ਸੰਕੇਤਕ ਕਿੰਤੂ ਪ੍ਰੰਤੂ ਕਰਦੀਆਂ ਹਨ। ਰੱਬ ਨੂੰ ਸਾਰੇ ਕਰਮ ਕਾਂਡਾਂ ਤੋਂ ਪਰ੍ਹੇ ਦਰਸਾਉਂਦੀਆਂ ਹਨ। ਜ਼ਿੰਦਗੀ ਦੀ ਸਚਾਈ ਨੂੰ ਸਾਦ ਮੁਰਾਦੇ ਸਰਲ ਢੰਗ ਪ੍ਰਗਟਾਉਂਦੀਆਂ ਹੋਈਆਂ ਸਮਾਜਿਕ ਸਰੋਕਾਰਾਂ ਦੀ ਪ੍ਰੋੜ੍ਹਤਾ ਕਰਦੀਆਂ ਹਨ।
150 ਪੰਨਿਆਂ, 350 ਰੁਪਏ ਕੀਮਤ ਵਾਲੀ ਇਹ ਪੁਸਤਕ ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ) ਰਾਹੀਂ ‘ਯੂਨੀਸਟਾਰ ਬੁਕਸ ਪ੍ਰਾਈਵੇਟ ਲਿਮ’ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ