ਜਗਦੇਵ ਕਲਾਂ ( ਅੰਮ੍ਰਿਤਸਰ )ਵਿਚ ਹਾਸ਼ਮ ਸ਼ਾਹ ਦਾ , ਜਲੰਧਰ ਵਿਚ ਗਦਰੀ ਬਾਬਿਆਂ ਦਾ ਅਤੇ ਲੁਧਿਆਣੇ ਵਿੱਚ ਪ੍ਰੋ: ਮੋਹਨ ਸਿੰਘ ਦੇ ਲੱਗਦੇ ਮੇਲਿਆਂ ਵਾਂਗ ਖਤਰਾਏ ਕਲਾਂ ( ਅੰਮ੍ਰਿਤਸਰ ) ‘ਚ ਆਜ਼ਾਦੀ ਘੁਲਾਟੀਏ ਕਾਮਰੇਡ ਉਜਾਗਰ ਦੀ ਯਾਦ ਵਿਚ ਲੱਗਦਾ ਸੱਭਿਆਚਾਰਕ ਮੇਲਾ ਵੀ ਆਪਣੀ ਇੱਕ ਵੱਖਰੀ ਪਛਾਣ ਬਣਾ ਚੁੱਕਾ ਹੈ । ਜੇ ਇਹ ਕਹਿ ਲਈਏ ਕਿ ਇਹ ਮੇਲਾ ਇਸ ਖਿੱਤੇ ਦੇ ਲੋਕਾਂ ਦੀ ਰੂਹ ਦੇ ਹਾਣ ਦਾ ਹੋ ਗਿਆ ਹੈ ਤਾਂ ਇਸ ਵਿਚ ਕੋਈ ਵੀ ਅਤਿਕਥਨੀ ਨਹੀਂ ਹੋਵੇਗੀ । ਦੇਸ਼ ਭਗਤ ਕਾਮਰੇਡ ਉਜਾਗਰ ਸਿੰਘ ਮੈਮੋਰੀਅਲ ਫਾਉਂਡੇਸ਼ਨ ਅੰਮ੍ਰਿਤਸਰ ਵੱਲੋਂ ਕਰਵਾਏ ਜਾਂਦੇ ਇਸ ਮੇਲੇ ਨੂੰ ਸ਼ੁਰੂ ਕਰਵਾਉਣ ਦਾ ਸਿਹਰਾ ਵੀ ਸਭਿਆਚਾਰਕ ਮੇਲਿਆਂ ਦੇ ਸਿਰਜਕ ਸ੍ਰ. ਜਗਦੇਵ ਸਿੰਘ ਜੱਸੋਵਾਲ ਦੇ ਹੀ ਸਿਰ ਸੱਜਦਾ ਹੈ । ਜਿੰਨ੍ਹਾਂ ਨੇ ਕਾਮਰੇਡ ਉਜਾਗਰ ਸਿੰਘ ਦੇ ਪੋਤਰੇ ਸ੍ਰ ਦਿਲਬਾਗ ਸਿੰਘ ਨੂੰ ਪ੍ਰੇਰਣਾ ਦੇ ਕੇ ਇਹ ਮੇਲਾ 2008 ਵਿਚ ਸ਼ੁਰੂ ਕਰਵਾਇਆ ਸੀ । ਇਸ ਮੇਲੇ ਦਾ ਮਕਸਦ ਸਿਰਫ ਮਨੋਰੰਜਨ ਹੀ ਨਹੀਂ ਸਗੋਂ ਦੇਸ਼ ਭਗਤਾਂ ਦੇ ਅਸਲੀ ਸ਼ੰਦੇਸ ਨੂੰ ਅੱਗੇ ਤੋਰਨਾ ਵੀ ਹੈ। ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਨਿੰਦਿਆ ਜਾਂਦਾ ਹੈ । ਦੇਸ਼ ਭਗਤਾਂ ਨੂੰ ਅਸਲ ਸ਼ਰਧਾਜਲੀ ਕੀ ਹੈ ਦਾ ਸੰਦੇਸ਼ ਲੈ ਕੇ ਲੋਕ ਮੇਲੇ ਵਿੱਚੋਂ ਘਰਾਂ ਨੂੰ ਮੁੜਦੇ ਹਨ।ਭਾਈਚਾਰਕ ਸਾਂਝ ਦਾ ਝੰਡਾ ਬਰਦਾਰ ਇਹ ਮੇਲਾ ਹੋਰ ਲੱਗਣ ਵਲੇ ਮੇਲਿਆਂ ਲਈ ਮਾਰਗਦਰਸ਼ਕ ਬਣਨ ਦਾ ਵੀ ਕੰਮ ਕਰ ਰਿਹਾ। ਖਤਰਾਏ ਕਲਾਂ ਦੇ ਮੇਲੇ ਨੇ ਪੰਜਾਬ ,ਪੰਜਾਬੀ ਅਤੇ ਪੰਜਾਬੀਅਤ ਨੂੰ ਹਮੇਸ਼ਾ ਉਤਸ਼ਾਹਿਤ ਕੀਤਾ ਹੈ ਕਿਉਂਕਿ ਇਸ ਦੇ ਨਾਲ ਦੇਸ਼ ਭਗਤਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ । ਦੇਸ਼ ਭਗਤਾਂ ਦੀ ਹੀ ਪੈੜ ਨੱਪਣ ਕਰਕੇ ਲੋਕ ਇਸ ਮੇਲੇ ਨਾਲ ਦਿਲੋਂ ਜੁੜੇ ਹੋਏ ਹਨ ।ਦੇਸ਼ ਭਗਤ ਕਾਮਰੇਡ ਉਜਾਗਰ ਸਿੰਘ ਮੈਂਮੋਰੀਅਲ ਫਾਉਂਡੇਸ਼ਨ ,ਪਿੰਡ ਖਤਰਾਏ ਕਲਾਂ ਜਿਲਾ ਅੰਮ੍ਰਿਤਸਰ ਨੇ ਹੁਣ ਤੱਕ ਜਿੰਨ੍ਹੀਆਂ ਵੀ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਨੂੰ ਗੂੜ੍ਹਾ ਕਰਨ ਲਈ ਪੈੜਾਂ ਪਾਈਆਂ ਹਨ ਉਹ ਇਤਿਹਾਸਕ ਹੋ ਨਿਬੜੀਆਂ ਹਨ ਕਿਉਂਕਿ ਉਨ੍ਹਾਂ ਕੋਲ ਆਜ਼ਾਦੀ ਘੁਲਾਟੀਆਂ ਦਾ ਉਹ ਮਹਾਨ ਅਤੇ ਅਮੀਰ ਵਿਰਸਾ ਹੈ ਜਿਸ ‘ਤੇ ਜਿੰਨ੍ਹਾਂ ਵੀ ਉਹ ਮਾਣ ਕਰਨ ਥੋੜ੍ਹਾ ਹੈ। ਉਨ੍ਹਾਂ ਨੇ ਆਪਣੇ ਮੋਢਿਆਂ ‘ਤੇ ਹੁਣ ਸਿਰਫ ਏਨੀ ਕੁ ਹੀ ਜਿੰਮੇਵਾਰੀ ਹੈ ਕਿ ਅਸੀਂ ਇਸ ਵਿਰਸੇ ਨੂੰ ਸਾਂਭਲ ਕੇ ਰੱਖਣਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦਾ ਕਾਰਜ ਕਰਦੇ ਰਹਿਣਾ ਹੈ ਤਾਂ ਜੋ ਇਹ ਅਲੌਕਿਕ ਵਿਰਸਾ ਊਰਜਾ ਪ੍ਰਦਾਨ ਕਰਦਾ ਰਹੇ । ਇਹ ਗੱਲ ਸਹੀ ਹੈ ਕਿ ਜਦੋਂ ਅਸੀਂ ਆਪਣੇ ਅਮੀਰ ਵਿਰਸੇ ਦੇ ਇਤਿਹਾਸ ਤੋਂ ਜਾਣੂ ਹੁੰਦੇ ਹਾਂ ਤਾਂ ਸਾਡੇ ਅੰਦਰ ਆਪਣੇ ਆਪ ਹੀ ਦੇਸ਼ , ਸਮਾਜ ਅਤੇ ਧਰਮ ਖਾਤਰ ਕੁੱਝ ਕਰਨ ਗੁਜ਼ਾਰਨ ਦਾ ਜਜ਼ਬਾ ਭਰ ਦਿੰਦਾ ਹੈ। ਇਸ ਵਾਰ 20 ਫਰਵਰੀ 2024 ਨੂੰ ਕਰਵਾਏ ਜਾ ਰਹੀ ਹੈ ਇਸ ਮੇਲੇ ਵਿਚ ਆਜ਼ਾਦੀ ਘੁਲਾਟੀਏ ਸ੍ਰ. ਉਜਾਗਰ ਸਿੰਘ ਖਤਰਾਏ ਕਲਾਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕਿਵੇਂ ਘਾਲਨਾਵਾਂ ਕੀਤੀਆਂ ਨੂੰ ਜਿੱਥੇ ਯਾਦ ਕੀਤਾ ਜਾਵੇਗਾ ਉੱਥੇ ਜੋ ਲੋਕ ਅੱਜ ਵੀ ਉਨ੍ਹਾਂ ਦੇ ਦੱਸੇ ਰਸਤੇ ‘ਤੇ ਚੱਲ ਕਿ ਸਮਾਜ ਪ੍ਰਤੀ ਆਪਣੀਆਂ ਉਮਦਾਂ ਸੇਵਾਵਾਂ ਦੇ ਰਹੇ ਹਨ ਨੂੰ ਵੀ ਪਿਛਲੇ ਸਾਲਾਂ ਵਾਂਗ ਸਨਮਾਨਿਤ ਕੀਤਾ ਜਾਣਾ ਹੈ। ਜਿਸ ਦਾ ਵੇਰਵਾ ‘ਵਗਦਾ ਦਰਿਆ’ ਸੋਵੀਨਰ ਵਿਚ ਕੀਤਾ ਗਿਆ ਹੈ।ਕਾਮਰੇਡ ਉਜਾਗਰ ਸੁਝਾਅ ਨੂੰ ਫੱਤੋਵਾਲ ਦੇ ਮਸ਼ਹੂਰ ਕੇਸ ਵਿੱਚ ਵੀ ਸ਼ਾਮਲ ਕੀਤਾ ਗਿਆ ਪਰ ਬਾਅਦ ਵਿੱਚ ਰਿਹਾ ਕਰ ਦਿੱਤਾ। ਇਹਨਾਂ ਸਮਿਆਂ ਵਿੱਚ ਬਾਪੂ ਉਜਾਗਰ ਸਿੰਘ ਨੇ ਕਾ ਸੋਹਣ ਸਿੰਘ ਜੋਸ. ਕਾ.ਦਲੀਪ ਸਿੰਘ ਟਪਿਆਲਾ, ਕਾ ਅੰਛਰ ਸਿੰਘ ਛੀਨਾ ਕਾ. ਸੋਹਨ ਸਿੰਘ ਭਕਨਾ ,ਕਾ. ਗੁਰਸ਼ਰਨ ਸਿੰਘ ਜਗਦੇਵ ਕਲਾ, ਕਾ. ਪ੍ਰਕਾਸ ਸਿੰਘ ਸਹਿੰਸਰਾ, ਹਜ਼ਾਰਾ ਸਿੰਘ ਜੱਸੜ ਬਾਊ ਦਾਨ ਸਿੰਘ ਵਿਛੋਆ, ਕਾ. ਮੋਹਨ ਸਿੰਘ ਬਾਠ, ਕਾ. ਰਜੇਸ਼ਵਰ ਸਿੰਘ ਚਮਿਆਰੀ, ਅਜੈਬ ਸਿੰਘ ਝੰਡੇਰ ਆਦਿ ਦੇ ਸਾਥ ਤੇ ਸੇਧ ਦਾ ਭਰਵਾ ਨਿੱਘ ਮਾਣਿਆ ਤੇ ਵਿਚਾਰਾਂ ਦੀ ਭਰਵੀ ਸਾਂਝ ਬਣਾ ਕੇ ਰੱਖੀ ਅਤੇ ਮਾਣੀ । ਬਾਅਦ ਵਿਚ ਕਾਮਰੇਡ ਬਲਦੇਵ ਸਿੰਘ ਮਾਨ ਤੇ ਉਹਨਾਂ ਦੇ ਸਾਥੀ ਵੀ ਉਹਨਾਂ ਦੇ ਸੰਗੀ ਸਾਥੀ ਬਣੇ ਰਹੇ। ਦੇਸ਼ ਭਗਤਾ ਦਾ ਮਕਸਦ ਅਜੇ ਅਧੂਰਾ ਹੈ । ਅੱਜ ਵੀ ਸਾਡੇ ਲੋਕ ਗਰੀਬੀ, ਬੇਕਾਰੀ ,ਅਨਪੜਤਾ ਤੇ ਭੁੱਖਮਰੀ ਵਰਗੀਆਂ ਬੀਮਾਰੀਆਂ ਨਾਲ ਲੜ ਰਹੇ ਸਨ । ਇਸ ਬੀਮਾਰੀ ਦੇ ਇਲਾਜ ਲਈ ਸਾਨੂੰ ਸੱਭ ਨੂੰ ਅੱਗੇ ਆਉਣਾ ਚਾਹੀਦਾ ਹੈ।ਕਮਿਊਨਿਸਟ ਆਗੂ ਕਾ. ਹਰਕ੍ਰਿਸ਼ਨ ਸਿੰਘ ਸੁਰਜੀਤ ਦੇ ਦਸਖਤਾਂ ਵਾਲਾ ਪਾਰਟੀ ਮੈਂਬਰ ਦਾ ਸ਼ਨਾਖਤੀ ਕਾਰਡ ਅੱਜ ਵੀ ਪਰਿਵਾਰ ਕੋਲ ਹੈ । ਉਹ ਕਮਿਊਨਿਸਟ ਪਾਰਟੀ ਦੇ ਇਲਾਕੇ ਦੇ ਸਿਰਕੱਢ ਵਰਕਰਾਂ ਵਿੱਚ ਸਨ । ਪਾਰਟੀ ਦੇ ਪ੍ਰੋਗਰਾਮ ਅਨੁਸਾਰ ਇਹਨਾਂ ਨੇ ਇਲਾਕੇ ਦੇ ਪਿੰਡਾਂ ਵਿੱਚ ਅਮਨ ਕਮੇਟੀਆ ਬਣਾਈਆਂ ਤੇ ਵੰਡ ਪਿੱਛੋਂ ਮੁਸਲਮਾਨ ਪਰਿਵਾਰਾਂ ਨੂੰ ਸੁਰਖਿਅਤ ਕੱਢਣ ਲਈ ਲਗਾਤਾਰ ਯਤਨ ਕੀਤਾ । ਕਾਮਰੇਡ ਉਜਾਗਰ ਸਿੰਘ ਗੁਰਮੁੱਖੀ, ਫਾਰਸੀ, ਉਰਦੂ, ਅੰਗਰੇਜ਼ੀ ਤੇ ਹਿੰਦੀ ਭਾਸ਼ਾਵਾਂ ਦੇ ਚੰਗੇ ਗਿਆਤਾ ਸਨ । ਉਨ੍ਹਾਂ ਦਾ ਵਿਆਹ 19 ਸਾਲ ਦੀ ਉਮਰ ‘ਚ ਜੱਸੜ ਪਿੰਡ ਦੀ ਬੀਬੀ ਗੰਗ ਕੌਰ ਨਾਲ ਹੋਇਆ। ਉਹਨਾਂ ਦੇ ਦੋ ਸਪੁੱਤਰ ਸ. ਅਜੀਤ ਸਿੰਘ ਤੇ ਸ. ਗੁਰਮੀਤ ਸਿੰਘ ਤੋਂ ਇਲਾਵਾਂ ਮਹਿੰਦਰ ਕੌਰ, ਸੁਰਿੰਦਰ ਕੌਰ, ਬਚਨ ਕੌਰ, ਲਖਵਿੰਦਰ ਕੌਰ ਤੇ ਜਿੰਦੋ ਪੈਦਾ ਹੋਈਆਂ । ਪਿੰਡ ਖਤਰਾਏ ਕਲਾ ਇਤਿਹਾਸਕ ਗੁਰੂਦੁਆਰਾ ਗੁਰੂ-ਕੇ-ਬਾਗ਼ ਦੇ ਕੋਲ ਸਥਿਤ ਹੈ। ਇਸ ਲਈ ਇਹਨਾਂ ਪਿੰਡਾ ਦੇ ਲੋਕਾਂ 27 ਜੁਲਾਈ, 1922 ਤੋਂ ਸ਼ੁਰੂ ਹੋਏ ਅੰਗਰੇਜ਼ ਪ੍ਰਸਤ ਮਹੰਤਾ ਖਿਲਾਫ਼ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਲੈਣ ਲਈ ਚੱਲੇ ਮੋਰਚੇ ਦਾ ਉਨ੍ਹਾਂ ਬਹੁਤ ਤਿੱਖਾ ਪ੍ਰਭਾਵ ਪਿਆ ਸੀ । ਉਸ ਤੋਂ ਪਹਿਲਾਂ 30-31 ਜੁਲਾਈ 1857 ਨੂੰ ਲਾਹੌਰ ਛਾਉਣੀ ਤੋਂ ਹਥਿਆਰਬੰਦ ਬਾਗ਼ੀ ਸਿਪਾਹੀਆਂ ਦੀ ਅਜਨਾਲਾ ਨੇੜੇ ਰਾਵੀ ਕਦੇ ਰਤੋਵਾਲ ਤੋਂ ਗ੍ਰਿਫ਼ਤਾਰ ਕਰਕੇ ਸੈਂਕੜੇ ਦੇਸ ਭਗਤਾਂ ਨੂੰ ਮਾਰਿਆ ਗਿਆ ਤੇ ਅਜਨਾਲਾ ਵਿਖੇ ਕਾਲਿਆ ਵਾਲੇ ਖੂਹ ਵਿੱਚ ਸੁੱਟ ਕੇ ਉੱਤੇ ਲੂਣ ਪਾ ਕੇ ਦਫਨਾਉਣ ਦੀ ਹਿਰਦੇਵੇਦਕ ਘਟਨਾ, 19 ਅਪ੍ਰੈਲ, 1919 ਨੂੰ ਜਲਿਆਂ ਵਾਲੇ ਬਾਗ ਦੇ ਸਾਕਾ ਅਤੇ 23 ਮਾਰਚ, 1931 ਨੂੰ ਸ. ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੇਣ ਦੀਆਂ ਘਟਨਾਵਾਂ ਦੇ ਸਖਤ ਰੋਹ ਸੀ । ਲਾਹੌਰ ਕਿਸਾਨ ਮੋਰਚਾ ਤੇ ਹਰਸ਼ਾ ਛੀਨਾ ਮੋਘਾ ਮੋਰਚਾ ਵਿੱਚ ਹਿੱਸਾ ਲੈਣ ਦੀ ਪ੍ਰੇਰਨਾ ਦਿੱਤੀ। ਵੱਧ ਨਹਿਰੀ ਪਾਣੀ ਲੈਣ ਲਈ ਤੇ ਹੋਰ ਜਜ਼ੀਏ ਟੈਕਸਾਂ ਦੇ ਖਿਲਾਫ਼, ਇਹ ਮੋਘਾ ਮੋਰਚਾ ਜੁਲਾਈ 1946 ਵਿੱਚ ਸ਼ੁਰੂ ਹੋਇਆ ਸੀ। ਇਸ ਲਈ ਪਹਿਲਾ ਜੱਥਾ ਕਾ. ਅੱਛਰ ਸਿੰਘ ਛੀਨਾ ਦੀ ਅਗਵਾਈ ਵਿੱਚ ਨਹਿਰੀ ਵਿਭਾਗ ਅੰਮ੍ਰਿਤਸਰ ਦੇ ਦਫਤਰ ਵੱਲੋਂ ਤੁਰਿਆ ਸੀ। ਇਸ ਮੋਰਚੇ ਲਈ ਕਿਸਾਨ ਲਾਮਬੰਦੀ ਲਈ ਕਾ. ਉਜਾਗਰ ਸਿੰਘ ਖ਼ਤਰਾਏ ਕਲਾਂ ਨੇ ਲਾਮਿਸਾਲ ਕੰਮ ਕੀਤਾ ਤੇ ਅੰਤ ਉਹਨਾਂ ਤੇ ਭਾਰੀ ਲਾਠੀ ਚਾਰਜ ਕਰਕੇ 18 ਜੁਲਾਈ, 1946 ਨੂੰ ਗ੍ਰਿਫਤਾਰ ਕਰਕੇ ਲਾਹੌਰ ਸੈਂਟਰਲ ਜੇਲ ਵਿੱਚ ਭੇਜ ਦਿੱਤਾ ਗਿਆ । ਜਿਸ ਜੇਲ੍ਹ ਦੀ ਸਜਾ ਨੂੰ ਮੌਤ ਦੀ ਸਜਾਂ ਤੋਂ ਵੀ ਬੱਦਤਰ ਮੰਨਿਆ ਜਾਂਦਾ ਸੀ ਕਿਉਂਕਿ ਇੱਥੇ ਕੈਦੀਆਂ ਤੇ ਪੁਲਸੀਆ ਜਬਰ ਦਾ ਕਹਿਰ ਅਕਸਰ ਵਾਪਰਦਾ ਸੀ । ਇਸ ਜੇਲ ਵਿੱਚ ਉਹ 25 ਜਨਵਰੀ 1947 ਨੂੰ ਰਿਹਾ ਹੋਏ । ਇਸ ਤੋਂ ਪਹਿਲਾਂ ਉਹ ਲਾਹੌਰ ਕਿਸਾਨ ਮੋਰਚੇ ਵਿੱਚ ਹੀ ਕੈਦ ਰਹੇ।ਸਮੇਂ ਦੇ ਹਾਲਾਤਾਂ ਨੇ ਉਨ੍ਹਾਂ ਅੰਦਰ ਦੇਸ਼ ਭਗਤੀ ਦਾ ਅਜਿਹਾ ਜਜਬਾ ਪੈਦਾ ਕਰ ਦਿੱਤਾ ਸੀ ਕਿ ਉਨ੍ਹਾਂ ਦੀ ਸੋਚ ਹੀ ਤਬਦੀਲ ਹੋ ਗਈ ।ਉਹ ਦੇਸ਼ ਨੂੰ ਆਜ਼ਾਦ ਕਰਵਾਉਣ ਦੀਆਂ ਚੱਲ ਰਹੀਆਂ ਸਰਗਰਮੀਆਂ ਦੇ ਨੇੜੇ -ਨੇੜੇ ਹੁੰਦੇ ਚੱਲੇ ਗਏ। ਜਿਸ ਨਾਲ ਉਨ੍ਹਾਂ ਦੀ ਸੋਚ ਪ੍ਰਪੱਕ ਹੁੰਦੀ ਗਈ ਕਿ ਜਿੰਨ੍ਹਾਂ ਚਿਰ ਤੱਕ ਹਰੇਕ ਭਾਰਤੀ ਨੇ ਆਪਣੀ ਯਥਾ ਸ਼ਕਤੀ ਅਨੁਸਾਰ ਦੇਸ਼ ਭਗਤੀ ਦੀ ਭਬੂਤੀ ਆਪਣੇ ਮੱਥੇ ‘ਤੇ ਨਾ ਮਲੀ ਤਾਂ ਲੋਕਾਂ ਨੂੰ ਆਜ਼ਾਦੀ ਦਾ ਨਿੱਘ ਮਿਲਣਾ ਨਹੀਂ ਹੈ। ਕਾਮਰੇਡ ਉਜਾਗਰ ਸਿੰਘ ਦੇ ਕਦਮ ਸਾਂਝੇ ਸੰਘਰਸ਼ਾਂ ਵੱਧ ਗਏ। ਜਿਸ ਵਿਚ ਕਦਮ -ਕਦਮ ‘ਤੇ ਮੁਸ਼ਕਲਾਂ ਨਾਲ ਹੀ ਵਾਸਤਾ ਪਿਆ ਪਰ ਫਿਰ ਵੀ ਉਹ ਪੈੜਾਂ ਛੱਡਦੇ ਅੱਗੇ ਵੱਧਦੇ ਗਏ ।ਉਨ੍ਹਾਂ ਨੇ ਦੂਰ ਦ੍ਰਿਸ਼ਟੀ ਤੇ ਪਰਉਪਕਾਰੀ ਵਾਲੀ ਸੂਝ ਕਾਮਰੇਡ ਸ. ਉਜਾਗਰ ਸਿੰਘ ਖਤਰਾਏ ਕਲਾ ਨੇ ਆਪਣੇ ਸਾਥੀਆਂ ਤੋਂ ਪ੍ਰਾਪਤ ਕੀਤੀ ।ਉਨ੍ਹਾਂ ਦਾ ਜਨਮ 12 ਜੂਨ 1896 ਨੂੰ ਪਿੰਡ ਖ਼ਤਰਾਏ ਕਲਾ ਵਿਖੇ ਹੋਇਆ । ਉਨ੍ਹਾਂ ਦੇ ਪਿਤਾ ਦਾ ਨਾਂ ਸੰਤਾ ਸਿੰਘ ਤੇ ਮਾਤਾ ਦਾ ਨਾਂ ਮਹਿਤਾਬ ਕੌਰ ਸੀ ।ਉਹਨਾਂ ਖਤਰਾਏ ਕਲਾਂ ਦੀ ਮਿੱਟੀ ਵਿੱਚ ਹੀ ਬਚਪਨ ਤੋਂ ਬੁਢਾਪੇ ਤੱਕ ਦਾ ਸਫਰ ਆਜ਼ਾਦੀ ਨਾਲ ਹੀ ਵਾਬਸਤਾ ਰਿਹਾ । ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਬਾਅਦ ਦੇਸ਼ ਵਾਸੀਆਂ ਦੀਆਂ ਜਿੰਮੇਵਾਰੀਆਂ ਘੱਟੀਆਂ ਨਹੀਂ ਹਨ । ਇਸ ਗੱਲ ਦਾ ਗੂੜ੍ਹਾ ਅਹਿਸਾਸ ਕਰਵਾਉਣ ਵਾਲਾ ਇਹ ਮੇਲਾ ਚਿੰਤਾ ਤੋਂ ਚਿੰਤਨ ਵੱਲ ਲੈ ਕੇ ਜਾਂਦਾ ਹੈ। ਬਿਟ੍ਰਸ਼ ਰਾਜ ਵਿਚ ਜਦੋਂ ਅੰਗਰੇਜ਼ ਭਾਰਤੀਆਂ ਨੂੰ ਫੌਜ ਵਿਚ ਜਬਰੀ ਭਰਤੀ ਕਰਕੇ ਬਾਹਰਲੇ ਦੇਸ਼ਾਂ ਵਿਚ ਭੇਜਦੇ ਸਨ ਤਾਂ ਮਾਵਾਂ ਦਾ ਦੁੱਖ ਭਾਰਤੀਆਂ ਦੇ ਹਿਰਦਿਆਂ ਨੂੰ ਚੀਰ ਸੁੱਟਦਾ ਸੀ ।ਅੱਜ ਵੀ ਉਨ੍ਹਾਂ ਮਾਵਾਂ ਦੇ ਜਿਗਰਿਆਂ ਨੂੰ ਫੋਲ ਕੇ ਵੇਖੋ ਜਿੰਨ੍ਹਾਂ ਦੇ ਲਾਲ ਰੋਜ਼ੀ-ਰੋਟੀ ਖਾਤਰ ਵਿਦੇਸ਼ਾਂ ਵਿਚ ਰੁੱਲ ਰਹੇ ਹਨ । ਪੰਜਾਬ ਆਪਣੇ ਪੁੱਤਾਂ ਤੋਂ ਵਿਰਵਾ ਹੋ ਰਿਹਾ ਹੈ। ਅੰਕੜੇ ਹੈਰਾਨ ਕਰਨ ਵਾਲੇ ਹਨ ਜੋ ਹਾਲ ਵਿਚ ਹੀ ਸਾਹਮਣੇ ਆਏ ਹਨ।ਸਰਕਾਰਾਂ ਨੂੰ ਚਾਹੀਦਾ ਹੈ ਕਿ ਦੇਸ਼ ਭਗਤਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਾਲਾ ਹੀ ਦੇਸ਼ ਵਿਚ ਵਾਤਾਵਰਣ ਬਣਾਇਆ ਜਾਵੇ ਤੋਂ ਜੋ ਨੌਜਵਾਨਾਂ ਨੂੰ ਵਿਦੇਸ਼ਾ ਵਿਚ ਨਾ ਰੁਲਣਾ ਪਵੇ। ਨਵੀਂ ਪੀੜੀ ਨੂੰ ਆਜ਼ਾਦੀ ਦੇ ਸੰਘਰਸ਼ ਦੇ ਨਾਲ-ਨਾਲ ਅੱਜ ਦੇ ਗਲੋਬਲੀ ਜਗਤ ਦੇ ਹਾਣ ਦਾ ਬਣਾਉਣ ਲਈ ਜ਼ਰੂਰੀ ਕਦਮਾਂ ਤੋਂ ਜਾਣੂ ਕਰਵਾਉਣ , ਉਹਨਾਂ ਵਿਚ ਦੇਸ਼ ਭਗਤੀ ਦੇ ਨਾਲ-ਨਾਲ ਨੈਤਿਕ ਕਦਰਾਂ ਕੀਮਤਾਂ ਨੂੰ ਅਪਣਾਉਣ ‘ਤੇ ਜ਼ੋਰ ਦਿੰਦਾ ਇਹ ਮੇਲਾ ਸ਼ਾਲਾ ! ਇੰਝ ਹੀ ਲੱਗਦਾ ਰਹੇ।ਇਸ ਵਾਰ ਮੇਲੇ ਦਾ ਉਦਘਾਟਨ ਕਰਨ ਲਈ ਉਚੇਚੇ ਤੌਰ ਤੇ ਡੁਬਈ ਤੋਂ ਡਾ. ਐਸ.ਪੀ ਸਿੰਘ ਓਬਰਾਏ ਆ ਰਹੇ ਹਨ ।ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ੍ਰ ਕੁਲਦੀਪ ਸਿੰਘ ਧਾਲੀਵਾਲ , ਪੀ.ਏ.ਯੂ ਲੁਧਿਆਣਾ ਦੇ ਡਾਇਰੈਕਟਰ ਡਾ ਨਿਰਮਲ ਜੋੜਾ , ਸ੍ਰੀਮਤੀ ਕਮਲਾ ਦੇਵੀ ਖਤਰਾਏ ਕਲਾਂ , ਐਸ.ਪੀ ਸ੍ਰ ਪ੍ਰਿਥੀਪਾਲ ਸਿੰਘ ਅਤੇ ਸੁਖਵੰਤ ਚੇਤਨਪੁਰੀ ਨੂੰ ਵੱਖ -ਵੱਖ ਐਵਾਰਡ ਦੇ ਕੇ ਸਨਮਾਨਿਤ ਕੀਤਾ ਜਾਣਾ ਹੈ । ਗੁਰਲੇਜ਼ ਅਖਤਰ ਅਤੇ ਕੁਲਵਿੰਦਰ ਕੈਲੀ ਦੀ ਗਾਇਕ ਜੋੜੀ ਤੋਂ ਇਲਾਵਾ ਹੋਰ ਵੀ ਗਾਇਕ ਸਭਿਆਚਾਰਕ ਗੀਤਾਂ ਦੀ ਛਹਿਬਰ ਲਾਉਣਗੇ ਅਤੇ ਵਿਦਵਾਨ ਮੌਜੂਦਾ ਹਾਲਾਤਾਂ ਤੇ ਆਪਣੀਆਂ ਵਿਚਾਰ ਰੱਖਣਗੇ।