ਅੰਮ੍ਰਿਤਸਰ :- ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਚੱਲ ਰਹੇ ਪੁੱਸਤਕ ਮੇਲੇ ਵਿੱਚ ਅਮਰੀਕਾ ਨਿਵਾਸੀ ਡਾ. ਅਜੀਤ ਸਿੰਘ ਦੀ ਨਵ-ਪ੍ਰਕਾਸ਼ਿਤ ਪੁੱਸਤਕ ਗੁਰਮੁਖਿ ਖੋਜਤ ਭਏ ਉਦਾਸੀ( ਸਿੱਧ ਗੋਸ਼ਟਿ ) ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ, ਕਾਲਜ ਦੇ ਅੰਡਰ ਸੈਕਟਰੀ ਸ. ਧਰਮਿੰਦਰ ਸਿੰਘ ਰਟੌਲ, ਰਾਜ ਸਭਾ ਦੇ ਸਾਬਕਾ ਮੈਂਬਰ ਸ. ਰਾਜ ਮਹਿੰਦਰ ਸਿੰਘ ਮਜੀਠੀਆ, ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਪ੍ਰੋ. ਮੋਹਣ ਸਿੰਘ, ਡਾ. ਚਰਨਜੀਤ ਸਿੰਘ ਗੁਮਟਾਲਾ, ਸ. ਮਨਮੋਹਨ ਸਿੰਘ ਬਰਾੜ, ਪ੍ਰਿ. ਕੁਲਵੰਤ ਸਿੰਘ ਅਣਖੀ, ਪੁਸਤਕ ਦੇ ਪ੍ਰਕਾਸ਼ਕ ਆਜ਼ਾਦ ਬੁੱਕ ਡੀਪੂ, ਅੰਮ੍ਰਿਤਸਰ ਦੇ ਸ. ਕੁਲਦੀਪ ਸਿੰਘ ਵੱਲੋਂ ਰਲੀਜ਼ ਕੀਤੀ ਗਈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਾਮਕਲੀ ਮਹਲਾ ਪਹਿਲਾ ਵਿੱਚ ਲਿਖੀ ਬਾਣੀ ਸਿੱਧ ਗੋਸ਼ਿਟ ‘ਤੇ ਇਸ ਪੁਸਤਕ ਵਿੱਚ ਬਾਣੀ ਦੇ ਸਟੀਕ ਤੋਂ ਇਲਾਵਾ ਬਾਣੀ ਦਾ ਆਲੋਚਨਾਤਮਿਕ ਅਧਿਐਨ ਪੇਸ਼ ਕੀਤਾ ਗਿਆ ਹੈ।
ਇਹ ਲੇਖਕ ਦੀ ਛੇਵੀਂ ਪੁਸਤਕ ਹੈ। ਇਸ ਤੋਂ ਪਹਿਲਾਂ ਉਹ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਚਾਰ ਪੁਸਤਕਾਂ ਪੰਛੀ ਝਾਤ (ਲੇਖ ਸੰਗ੍ਰਹਿ), ਗੁਰੂ ਨਾਨਕ ਸਾਹਿਬ, ਜੀਵਨ ਕਾਲ ਤੇ ਫਿਲਾਸਫ਼ੀ (ਸ਼ਾਹਮੁੱਖੀ ਵਿੱਚ), ਸਮੇਂ ਦੀ ਮਲ੍ਹਮ (ਕਹਾਣੀ ਸੰਗ੍ਰਹਿ), ਕੰਡਿਆਲੀ ਤਾਰ (ਕਹਾਣੀ ਸੰਗ੍ਰਹਿ ਸ਼ਾਹਮੁਖੀ ਵਿੱਚ ) ਤੇ ਇੱਕ ਪੁਸਤਕ ਭਗਤ ਰਵਿਦਾਸ ਜੀ ਦੀ ਬਾਣੀ ‘ਤੇ ਆਧਾਰਿਤ ਅੰਗਰੇਜ਼ੀ ਸਾਹਿਤ ਵਿੱਚ ਬੇਗਮਪੁਰਾ ਸਿਟੀ (ਏ ਸਿਟੀ ਵਿਧਾਉਟ ਪੇਨਜ਼) ਪਾ ਚੁੱਕੇ ਹਨ।