ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- 9 ਮਾਰਚ 1846 ਨੂੰ ਬਰਤਾਨੀਆ ਦੀ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ ਮਹਾਰਾਜਾ ਦਲੀਪ ਸਿੰਘ ਨਾਲ ਇੱਕ ਸੰਧੀ ਕੀਤੀ ਗਈ ਸੀ ਜਿਸ ਵਿੱਚ ਇਹ ਲਿਖਿਆ ਗਿਆ ਸੀ ਕਿ 18 ਸਾਲ ਦੀ ਉਮਰ ਤੋਂ ਬਾਅਦ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਵਾਪਸ ਕਰ ਦਿੱਤਾ ਜਾਵੇਗਾ ਅਤੇ ਮਹਾਰਾਜਾ ਦਲੀਪ ਸਿੰਘ ਨੂੰ ਤਖਤ ਤੇ ਬਿਠਾਇਆ ਜਾਵੇਗਾ । ਆਪਣੀ ਫਿਤਰਤ ਮੁਤਾਬਕ ਬਰਤਾਨੀਆ ਸਰਕਾਰ ਇਸ ਸੰਧੀ ਤੋਂ ਮੁੱਕਰ ਗਈ ਅਤੇ ਅੱਜ ਤੱਕ ਸਿੱਖ ਕੌਮ ਆਪਣੇ ਰਾਜ ਭਾਗ ਲਈ ਜੂਝ ਰਹੀ ਹੈ ।
ਚੰਡੀਗੜ੍ਹ ਦੀ ਬੁੜੈਲ ਜੇਲ੍ਹ ਅੰਦਰ ਨਜ਼ਰਬੰਦ ਕੌਮੀ ਜਰਨੈਲ ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਪਰਮਜੀਤ ਸਿੰਘ ਭਿਓਰਾ ਨੇ ਪਿਛਲੇ ਸਾਲ ਸਿੱਖ ਕੌਮ ਨੂੰ ਬੇਨਤੀ ਕੀਤੀ ਸੀ ਕਿ ਉਹ 9 ਮਾਰਚ ਨੂੰ ਵਿਸ਼ਵਾਸ ਘਾਤ ਦਿਵਸ ਵਜੋਂ ਮਨਾਇਆ ਕਰੇ । ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਕੇ ਅਤੇ ਯੂਥ ਅਕਾਲੀ ਦਲ ਅੰਮ੍ਰਿਤਸਰ ਯੂਕੇ ਵੱਲੋਂ ਇਹ ਦਿਨ ਮਹਾਰਾਜਾ ਦਲੀਪ ਸਿੰਘ ਦੀ ਸਮਾਧ ਜੋ ਥੈਟਫੋਰਡ ਵਿਖੇ 9 ਮਾਰਚ 2024 ਦਿਨ ਸ਼ਨੀਵਾਰ ਸਮਾਂ ਇਕ ਵਜੇ ਦੁਪਹਿਰ ਪਹੁੰਚ ਕੇ ਵਿਸ਼ਵਾਸਘਾਤ ਦਿਵਸ ਮਨਾਇਆ ਜਾਵੇਗਾ । ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਕੇ ਦੇ ਜਨਰਲ ਸਕੱਤਰ ਸਤਿੰਦਰ ਪਾਲ ਸਿੰਘ ਮੰਗੂਵਾਲ ਅਤੇ ਯੂਥ ਅਕਾਲੀ ਦਲ ਅੰਮ੍ਰਿਤਸਰ ਯੂਕੇ ਦੇ ਪ੍ਰਧਾਨ ਵਰਿੰਦਰਜੀਤ ਸਿੰਘ ਖਹਿਰਾ ਨੇ ਸਮੁੱਚੀ ਸਿੱਖ ਕੌਮ ਨੂੰ ਬੇਨਤੀ ਕੀਤੀ ਹੈ ਕਿ ਉਹ ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਪਰਮਜੀਤ ਸਿੰਘ ਭਿਓਰਾ ਵੱਲੋ ਕੀਤੀ ਇਸ ਬੇਨਤੀ ਨੂੰ ਮੰਨਦੇ ਹੋਏ ਵੱਧ ਤੋਂ ਵੱਧ ਮਹਾਰਾਜਾ ਦਲੀਪ ਸਿੰਘ ਜੀ ਸਮਾਧ ਤੇ ਪਹੁੰਚਣ ।