ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀ 2024-2026 ਦੀ ਚੋਣ ਵਿਚ ਡਾ. ਸਰਬਜੀਤ ਸਿੰਘ ਅਕਾਡਮੀ ਦੇ ਪ੍ਰਧਾਨ, ਡਾ. ਪਾਲ ਕੌਰ ਸੀਨੀਅਰ ਮੀਤ ਪ੍ਰਧਾਨ ਅਤੇ ਡਾ. ਗੁਲਜ਼ਾਰ ਸਿੰਘ ਪੰਧੇਰ ਜਨਰਲ ਸਕੱਤਰ ਵੱਡੇ ਫ਼ਰਕ ਨਾਲ ਜੇਤੂ ਹੋਏ। ਮੁੱਖ ਚੋਣ ਅਧਿਕਾਰੀ ਸ. ਕੁਲਦੀਪ ਸਿੰਘ ਬੇਦੀ ਨੇ ਦੱਸਿਆ ਕਿ ਕੁੱਲ 827 ਵੋਟਾਂ ਪਈਆਂ ਜਿਨ੍ਹਾਂ ਵਿਚੋਂ ਪ੍ਰਧਾਨਗੀ ਲਈ ਡਾ. ਸਰਬਜੀਤ ਸਿੰਘ ਨੂੰ 497, ਡਾ. ਲਖਵਿੰਦਰ ਸਿੰਘ ਜੌਹਲ ਨੂੰ 279 ਅਤੇ ਸ੍ਰੀਮਤੀ ਬੇਅੰਤ ਕੌਰ ਗਿੱਲ ਨੂੰ 41 ਵੋਟਾਂ ਮਿਲੀਆਂ। ਇਸ ਤਰ੍ਹਾਂ ਡਾ. ਸਰਬਜੀਤ ਸਿੰਘ 218 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ। ਸੀਨੀਅਰ ਮੀਤ ਪ੍ਰਧਾਨ ਲਈ ਪਾਲ ਕੌਰ ਨੂੰ 479 ਅਤੇ ਡਾ. ਸ਼ਿੰਦਰਪਾਲ ਸਿੰਘ ਨੂੰ 329 ਵੋਟਾਂ ਮਿਲੀਆਂ। 150 ਵੋਟਾਂ ਦੇ ਫ਼ਰਕ ਨਾਲ ਡਾ. ਪਾਲ ਕੌਰ ਜੇਤੂ ਰਹੇ। ਉਨ੍ਹਾਂ ਦਸਿਆ ਜਨਰਲ ਸਕੱਤਰ ਦੇ ਅਹੁਦੇ ਲਈ ਡਾ. ਗੁਲਜ਼ਾਰ ਸਿੰਘ ਪੰਧੇਰ ਨੂੰ 464 ਵੋਟਾਂ ਅਤੇ ਡਾ. ਗੁਰਇਕਬਾਲ ਸਿੰਘ ਨੂੰ 344 ਵੋਟਾਂ ਮਿਲੀਆਂ। ਡਾ. ਗੁਲਜ਼ਾਰ ਸਿੰਘ ਪੰਧੇਰ 120 ਵੋਟਾਂ ਦੇ ਫ਼ਰਕ ਨਾਲ ਅਕਾਡਮੀ ਦੇ ਜਨਰਲ ਸਕੱਤਰ ਬਣ ਗਏ। ਤਿੰਨਾਂ ਅਹੁਦਿਆਂ ਵਿਚ ਇਕੋ ਪੈਨਲ ਜੇਤੂ ਰਿਹਾ।
ਮੀਤ ਪ੍ਰਧਾਨ ਦੇ ਅਹੁਦੇ ਲਈ ਡਾ. ਅਰਵਿੰਦਰ ਕੌਰ ਕਾਕੜਾ ਨੇ 581 ਵੋਟਾਂ, ਡਾ. ਗੁਰਚਰਨ ਕੌਰ ਕੋਚਰ 464, ਤ੍ਰੈਲੋਚਨ ਲੋਚੀ 449, ਡਾ. ਹਰਵਿੰਦਰ ਸਿੰਘ (ਪੰਜਾਬੋਂ ਬਾਹਰ) 428 ਅਤੇ ਜਸਪਾਲ ਮਾਨਖੇੜਾ 375 ਵੋਟਾਂ ਨਾ ਜੇਤੂ ਰਹੇ। ਪ੍ਰਬੰਧਕੀ ਬੋਰਡ ਦੇ ਮੈਂਬਰਾਂ ਦੀ ਗਿਣਤੀ ਜਾਰੀ ਹੈ।
ਮੁੱਖ ਚੋਣ ਅਧਿਕਾਰੀ ਸ. ਕੁਲਦੀਪ ਸਿੰਘ ਬੇਦੀ ਅਤੇ ਸਹਾਇਕ ਚੋਣ ਅਧਿਕਾਰੀ ਸ੍ਰੀਮਤੀ ਸੁਰਿੰਦਰ ਦੀਪ ਨੇ ਸਮੂਹ ਲੇਖਕਾਂ ਅਤੇ ਚੋਣ ਅਮਲੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਭ ਨੇ ਬੜੇ ਜਾਬਤੇ ’ਚ ਰਹਿ ਕੇ ਜ਼ਮਹੂਰੀ ਕਦਰਾਂ ਕੀਮਤਾਂ ਨੂੰ ਬਹਾਲ ਰੱਖਦੇ ਹੋਏ ਸਾਨੂੰ ਸਹਿਯੋਗ ਦੇ ਕੇ ਚੋਣਾਂ ਨੂੰ ਨਿਰਵਿਘਨ ਨੇਪਰੇ ਚਾੜਿ੍ਹਆ। ਉਨ੍ਹਾਂ ਨੇ ਸਮੂਹ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਚੋਣ ਮੌਕੇ ਪੂਰੇ ਭਾਰਤ ਵਿਚੋਂ ਹੁੰਮ-ਹੁੰਮਾ ਕੇ ਲੇਖਕ ਵੋਟਾਂ ਪਾਉਣ ਲਈ ਪੰਜਾਬੀ ਭਵਨ ਵਿਚ ਪਹੁੰਚੇ। ਸ੍ਰੀ ਸਤਿਗੁਰੂ ਉਦੇ ਸਿੰਘ ਜੀ ਦੇ ਹੁਕਮ ਅਨੁਸਾਰ ਸੂਬਾ ਹਰਭਜਨ ਸਿੰਘ ਜੀ ਦੀ ਸਰਪ੍ਰਸਤੀ ਹੇਠ ਨਾਮਧਾਰੀ ਸੰਗਤ ਦੀ ਟੀਮ ਵਲੋਂ ਪੂਰੀ ਸੇਵਾ ਭਾਵ ਨਾਲ ਲੰਗਰ ਦੀ ਸੇਵਾ ਨਿਭਾਉਣ ਲਈ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਮੂਹ ਅਹੁਦੇਦਾਰਾਂ ਨੇ ਧੰਨਵਾਦ ਕੀਤਾ।