ਚੰਡੀਗੜ੍ਹ – “ਜੋ ਬੀਜੇਪੀ-ਆਰ.ਐਸ.ਐਸ. ਹਕੂਮਤ ਵਾਲਾ ਹਰਿਆਣਾ ਸੂਬਾ ਅੱਜ ਸੈਂਟਰ ਦੇ ਗੈਰ ਕਾਨੂੰਨੀ ਹੁਕਮਾਂ ਉਤੇ ਗੈਰ ਜਮਹੂਰੀਅਤ ਢੰਗ ਨਾਲ ਜੀ.ਟੀ. ਰੋਡ ਦੇ ਬਾਰਡਰਾਂ ਉਤੇ ਰੋਕਾਂ ਲਗਾਕੇ ਕਿਸਾਨ, ਖੇਤ ਮਜਦੂਰ ਵਰਗ ਦੇ ਸੰਘਰਸ਼ ਵਿਰੁੱਧ ਜਿਆਦਤੀ ਕਰਦਾ ਆ ਰਿਹਾ ਹੈ, ਉਸਦੇ ਆਪਣੇ ਸੂਬੇ ਦੀ ਕਾਨੂੰਨੀ ਵਿਵਸਥਾਂ ਐਨੀ ਨਿੱਘਰ ਚੁੱਕੀ ਹੈ ਕਿ ਉਥੇ ਬੀਤੇ ਕੁਝ ਸਮੇ ਤੋ ਵੱਡੀ ਗਿਣਤੀ ਵਿਚ ਕਤਲ ਹੁੰਦੇ ਆ ਰਹੇ ਹਨ । ਜਿਸ ਨਾਲ ਸਥਿਤੀ ਵਿਸਫੋਟਕ ਬਣਦੀ ਜਾ ਰਹੀ ਹੈ । ਕਹਿਣ ਤੋ ਭਾਵ ਹੈ ਕਿ ਇਨੈਲੋ ਪਾਰਟੀ ਦੇ ਹਰਿਆਣਾ ਸੂਬੇ ਦੇ ਪ੍ਰਧਾਨ ਨਫੇ ਸਿੰਘ ਰਾਠੀ ਦਾ ਜੋ ਕਤਲ ਹੋਇਆ ਹੈ, ਉਸ ਪਿੱਛੇ ਕੋਈ ਵੱਡੀ ਸਾਜਿਸ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ। ਇਸੇ ਹੁਣੇ ਹੀ ਹਿਸਾਰ ਜ਼ਿਲ੍ਹੇ ਦੇ ਪਿੰਡ ਕਨਵਾਰੀ ਦੇ ਸਰਪੰਚ ਨਰ ਸਿੰਘ ਦੂਹਾਨ ਦਾ ਕਤਲ ਕੀਤਾ ਗਿਆ । ਫਿਰ ਬੀਤੇ ਸਾਲ ਕਨਵਾਰੀ ਦੇ ਸਾਬਕਾ ਸਰਪੰਚ ਦੇ ਪੁੱਤਰ ਕਰਨਪਾਲ ਸਿੰਘ ਨੂੰ ਵੀ ਮਾਰ ਦਿੱਤਾ ਗਿਆ ਸੀ । ਇਨ੍ਹਾਂ ਕਤਲਾਂ ਵਿਚ ਹਰਿਆਣਾ ਸਰਕਾਰ ਤੇ ਪੁਲਿਸ ਵੱਲੋ ਕਿਸੇ ਤਰ੍ਹਾਂ ਦੀ ਵੀ ਕੋਈ ਕਾਰਵਾਈ ਨਾ ਹੋਣਾ ਦਰਸਾਉਦਾ ਹੈ ਕਿ ਹਰਿਆਣੇ ਵਿਚ ਵੀ ਸਿਆਸੀ ਕਤਲ ਹੋ ਰਹੇ ਹਨ ਅਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ । ਫਿਰ ਉਥੋ ਦੀ ਕਾਨੂੰਨੀ ਵਿਵਸਥਾਂ ਨੂੰ ਕਿਵੇ ਸਹੀ ਕਰਾਰ ਦਿੱਤਾ ਜਾ ਸਕਦਾ ਹੈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਰਿਆਣੇ ਦੀ ਕਾਨੂੰਨੀ ਵਿਵਸਥਾਂ ਦੀ ਦਿਨੋ ਦਿਨ ਵਿਗੜਦੀ ਜਾ ਰਹੀ ਸਥਿਤੀ ਉਤੇ ਗਹਿਰੀ ਚਿੰਤਾ ਜਾਹਰ ਕਰਦੇ ਹੋਏ ਅਤੇ ਹਰਿਆਣਾ ਦੀ ਬੀਜੇਪੀ ਦੀ ਖੱਟਰ ਸਰਕਾਰ ਵੱਲੋ ਆਪਣੀ ਸੈਂਟਰ ਦੀ ਕੱਟੜਵਾਦੀ ਸੋਚ ਦਾ ਗੁਲਾਮ ਬਣਕੇ ਬੀਤੇ ਲੰਮੇ ਸਮੇ ਤੋ ਕਿਸਾਨ, ਖੇਤ ਮਜਦੂਰ ਦੇ ਜਮਹੂਰੀਅਤ ਪੱਖੀ ਸੰਘਰਸ਼ ਨੂੰ ਗੈਰ ਜਮਹੂਰੀਅਤ, ਗੈਰ ਕਾਨੂੰਨੀ ਢੰਗ ਨਾਲ ਜ਼ਬਰ ਜੁਲਮ ਕਰਨ, ਕਿਸਾਨਾਂ, ਖੇਤ ਮਜਦੂਰਾਂ ਉਤੇ ਪਾਈਲਟ ਗੰਨਾਂ ਨਾਲ ਗੋਲਾਬਾਰੀ ਕਰਨ, ਅੱਥਰੂ ਗੈਸ ਛੱਡਣ, ਪਾਣੀ ਦੀਆਂ ਬੁਛਾੜਾ, ਬੁਲਟ ਪਰੂਫ ਜੈਕਟਾਂ ਪਾ ਕੇ ਵਰਦੀ ਤੋ ਬਗੈਰ ਪ੍ਰਾਈਵੇਟ ਬਦਮਾਸ਼ਾਂ, ਗੁੰਡਿਆਂ ਰਾਹੀ ਕਿਸਾਨਾਂ ਉਤੇ ਗੋਲੀਆਂ ਚਲਾਕੇ ਕਿਸਾਨਾਂ ਨੂੰ ਸਹੀਦ ਕਰਨ ਤੇ ਜਖਮੀ ਕਰਨ ਦੀਆਂ ਕਾਰਵਾਈਆ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪੰਜਾਬ ਸਰਕਾਰ ਵੱਲੋ ਇਸ ਗੰਭੀਰ ਵਿਸੇ ਉਤੇ ਤੁਰੰਤ ਐਫ.ਆਈ.ਆਰ ਦਰਜ ਕਰਨ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਸੈਂਟਰ ਦੀ ਮੋਦੀ ਹਕੂਮਤ ਮੁਲਕ ਦੇ ਕਿਸਾਨਾਂ, ਖੇਤ ਮਜਦੂਰਾਂ ਅਤੇ ਆਮ ਜਨਤਾ ਉਤੇ ਜ਼ਬਰ ਜੁਲਮ ਢਾਹੁੰਦੀ ਆ ਰਹੀ ਹੈ ਤਾਂ ਹਰਿਆਣਾ ਦੀ ਖੱਟਰ ਸਰਕਾਰ ਵੀ ਉਸਦੇ ਗੈਰ ਵਿਧਾਨਿਕ ਪਦਚਿਨ੍ਹਾਂ ਉਤੇ ਚੱਲਦੇ ਹੋਏ ਇਸ ਜ਼ਬਰ ਜੁਲਮ ਦਾ ਨਿਰੰਤਰ ਹਿੱਸਾ ਬਣਦੀ ਆ ਰਹੀ ਹੈ । ਜਿਸ ਨੂੰ ਮੁਲਕ ਦੇ ਕਿਸਾਨ, ਪੰਜਾਬੀ, ਸਿੱਖ ਕੌਮ ਅਤੇ ਘੱਟ ਗਿਣਤੀ ਕੌਮਾਂ ਬਿਲਕੁਲ ਬਰਦਾਸਤ ਨਹੀ ਕਰਨਗੀਆਂ । ਇਸ ਖੱਟਰ ਸਰਕਾਰ ਦੀ ਹਕੂਮਤ ਅਤੇ ਪੁਲਿਸ ਵਿਰੁੱਧ ਸ. ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਤੁਰੰਤ ਐਫ.ਆਈ.ਆਰ ਦਰਜ ਕਰਕੇ ਇਸਦੀ ਉੱਚ ਪੱਧਰੀ ਜਾਂਚ ਕਰਵਾਏ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਜਿੰਮੇਵਾਰੀ ਨਿਭਾਏ ।