ਪਹਿਲਾਂ ਸੋਚ ਵਿਚਾਰ ਕਰੀਂ ਤੂੰ,
ਫਿਰ ਬਣਦੀ ਤਕਰਾਰ ਕਰੀਂ ਤੂੰ।
ਦੱਸ ਕੇ ਸੀਨੇ ਖੰਜ਼ਰ ਮਾਰੀਂ,
ਪਿੱਠ ਤੇ ਨਾ ਪਰ ਵਾਰ ਕਰੀਂ ਤੂੰ।
ਹਰ ਪਹਿਲੂ ਨੂੰ ਸੋਚੀਂ ਸਮਝੀਂ,
ਫਿਰ ਜਾ ਕੇ ਇਤਬਾਰ ਕਰੀਂ ਤੂੰ।
ਉਹ ਜੋ ਅੱਜਕਲ੍ਹ ਛਾਪੇ ਗੱਪਾਂ,
ਖੁਦ ਨੂੰ ਨਾ ਅਖ਼ਬਾਰ ਕਰੀਂ ਤੂੰ।
ਜਿੱਥੇ ਰਿਸ਼ਤੇ ਤੱਕ ਵਿਕਦੇ ਨੇ,
ਖੁਦ ਨੂੰ ਨਾ ਬਾਜ਼ਾਰ ਕਰੀਂ ਤੂੰ।
ਧੌਣ ਉਡਾਉਣੀ ਜੇ ਨ੍ਹੇਰੇ ਦੀ,
ਲਫ਼ਜ਼ਾਂ ਨੂੰ ਤਲਵਾਰ ਕਰੀਂ ਤੂੰ।
ਨਫ਼ਰਤ ਜਿਸ ਨਾਲ ਵੱਧਦੀ ਹੋਵੇ,
ਐਸਾ ਨਾ ਪ੍ਰਚਾਰ ਕਰੀਂ ਤੂੰ।
ਜਿਸਤੋਂ ਸੱਚ ਵੀ ਕਹਿ ਨਾ ਹੋਵੇ,
ਇੰਝ ਨਾ ਖ਼ੁਦੀ ਲਾਚਾਰ ਕਰੀਂ ਤੂੰ।