ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਯੂਰੋਪ ਦੇ ਮੁੱਖ ਸ਼ਹਿਰ ਬੈਲਜੀਅਮ ਵਿਖੇ ਬੰਦੀ ਸਿੰਘ ਅਤੇ ਕਿਸਾਨਾਂ ਦੇ ਹਕ਼ ਵਿਚ ਰੋਸ ਪ੍ਰਦਰਸ਼ਨ ਕੀਤੇ ਗਏ ਹਨ । ਪ੍ਰਦਰਸ਼ਨ ਬਾਰੇ ਜਾਣਕਾਰੀ ਦੇਂਦਿਆਂ ਯੂਰੋਪਿਅਨ ਸਿੱਖ ਓਰਗੇਨਾਇਜੇਸ਼ਨ ਦੇ ਮੁੱਖੀ ਬਿੰਦਰ ਸਿੰਘ ਨੇ ਦਸਿਆ ਕਿ ਆਪਣੇ ਹਕਾਂ ਦੀ ਮੰਗ ਕਰ ਰਹੇ ਕਿਸਾਨਾਂ ਉਪਰ ਹਿੰਦੁਸਤਾਨ ਅੰਦਰ ਜਿਸ ਤਰ੍ਹਾਂ ਤਸ਼ੱਦਦ ਕੀਤਾ ਗਿਆ ਹੈ ਓਹ ਨਾ ਸਹਿਣ ਯੋਗ ਹੈ ਇਸ ਦੀ ਜਿਤਨੀ ਨਿਖੇਧੀ ਕੀਤੀ ਜਾਏ ਓਹ ਘੱਟ ਹੈ । ਉਨ੍ਹਾਂ ਕਿਹਾ ਪੈਲੇਟ ਗਂਨ, ਰਸਾਇਨੀਕ ਗੈਸਾਂ ਦੀ ਆਮ ਇਨਸਾਨਾਂ ਉਪਰ ਵਰਤੋਂ ਕੀਤੀ ਗਈ ਜਿਸ ਦੀ ਵਰਤੋਂ ਉਪਰ ਸਖ਼ਤ ਮਨਾਹੀ ਹੈ । ਉਨ੍ਹਾਂ ਕਿਹਾ ਕਿ ਸਿੱਖ ਧਰਮ ਦਾ ਪ੍ਰਚਾਰ ਕਰ ਰਹੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਨੂੰ ਪੰਜਾਬ ਤੋਂ ਹਜਾਰਾਂ ਮੀਲ ਦੂਰ ਅਸਾਮ ਅੰਦਰ ਬੰਦ ਕਰਕੇ, ਸਿੱਖਾਂ ਨੂੰ ਤੀਜੇ ਦਰਜੇ ਦੇ ਨਾਗਰਿਕ ਹੋਣਾ ਦਸਿਆ ਗਿਆ । ਹੁਣ ਉਨ੍ਹਾਂ ਉਪਰ ਹੋ ਰਹੇ ਤਸ਼ੱਦਦ ਵਿਰੁੱਧ ਭੁੱਖ ਹੜਤਾਲ ਤੇ ਹਨ ਤੇ ਉਨ੍ਹਾਂ ਦੇ ਹਕ਼ ਵਿਚ ਉਨ੍ਹਾਂ ਦੇ ਮਾਤਾ ਪਿਤਾ ਅਤੇ ਹੋਰ ਸੰਗਤਾਂ ਵੀਂ ਭੁੱਖ ਹੜਤਾਲ ਤੇ ਹਨ ਪਰ ਸਰਕਾਰ ਉਨ੍ਹਾਂ ਵਲ ਧਿਆਨ ਨਹੀਂ ਦੇ ਰਹੀ ਹੈ । ਅਸੀ ਇਨ੍ਹਾਂ ਗੱਲਾਂ ਦਾ ਧਿਆਨ ਯੂਰੋਪਿਅਨ ਪਾਰਲੀਮੈਂਟ ਅੰਦਰ ਵੀਂ ਲਿਆਂਦਾ ਹੈ ਅਤੇ ਜੇਕਰ ਇਹ ਮੁੱਦੇ ਜਲਦ ਹੱਲ ਨਹੀਂ ਹੁੰਦੇ ਤਾਂ ਯੂਰੋਪਿਅਨ ਕਮਿਸ਼ਨ ਮੂਹਰੇ ਵੀਂ ਬੰਦੀ ਸਿੰਘ ਅਤੇ ਕਿਸਾਨਾਂ ਦਾ ਮਸਲਾ ਚੁੱਕਿਆ ਜਾਏਗਾ । ਹਿੰਦੁਸਤਾਨ ਸਰਕਾਰ ਅਤੇ ਸਟੇਟ ਸਰਕਾਰ ਦੇ ਧਿਆਨ ਵਿਚ ਬੰਦੀ ਸਿੰਘਾਂ ਦੇ ਮੁੱਦੇ ਅਤੇ ਕਿਸਾਨਾਂ ਦੀਆਂ ਮੰਗਾ ਨੂੰ ਲਿਆਉਣ ਲਈ ਅਸੀ ਇਕ ਵੱਡਾ ਰੋਸ ਪ੍ਰਦਰਸ਼ਨ ਬੈਲਜੀਅਮ ਦੇ ਗੁਰਦੁਆਰਾ ਸਾਹਿਬ ਦੇ ਗਰਾਉਂਡ ਵਿਚ ਕੀਤਾ ਹੈ ਜਿਸ ਨਾਲ ਓਹ ਤੁਰੰਤ ਉਨ੍ਹਾਂ ਦੇ ਮਸਲੇ ਨੂੰ ਹੱਲ ਕਰੇ । ਇਸ ਰੋਸ ਪ੍ਰਦਰਸ਼ਨ ਮੌਕੇ ਯੂਕੇ ਤੋਂ ਭਾਈ ਤਰਸੇਮ ਸਿੰਘ ਖਾਲਸਾ, ਭਾਈ ਰਮਨ ਸਿੰਘ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਕਰਮ ਸਿੰਘ ਸਮੇਤ ਵੱਡੀ ਗਿਣਤੀ ਅੰਦਰ ਬੀਬੀਆਂ, ਬੱਚੇ, ਨੌਜੁਆਨ ਅਤੇ ਬਜ਼ੁਰਗ ਆਪਣਾ ਰੋਸ ਪ੍ਰਗਟ ਕਰਣ ਲਈ ਸ਼ਾਮਿਲ ਹੋਏ ਹਨ ।