ਨਵੀਂ ਦਿਲੀ - ਅਮਰੀਕਾ ਦੇ ਸਾਬਕਾ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਸਰਕਾਰੀ ਗਲਿਆਰਿਆਂ ’ਚ ਗੁਰੂ ਨਗਰੀ ਅੰਮ੍ਰਿਤਸਰ ਦੀ ਅਵਾਜ਼ ਬੁਲੰਦ ਕਰ ਰਹੇ ਹਨ। ਉਨ੍ਹਾਂ ਅੱਜ ਨਵੀਂ ਦਿਲੀ ਵਿਖੇ ਭਾਰਤ ਸਰਕਾਰ ਦੇ ਸਿੱਖਿਆ ਅਤੇ ਹੁਨਰ ਵਿਕਾਸ ਅਤੇ ਉਦਮਤਾ ਮੰਤਰੀ ਧਰਮਿੰਦਰ ਪ੍ਰਧਾਨ ਜੋ ਉਨ੍ਹਾਂ ਦੇ ਚੰਗੇ ਮਿੱਤਰ ਵੀ ਹਨ, ਨਾਲ ਮੁਲਾਕਾਤ ਕੀਤੀ। ਉਨ੍ਹਾਂ ਅੰਮ੍ਰਿਤਸਰ ਦੇ ਨੌਜਵਾਨਾਂ ਨੂੰ ਗਲੋਬਲ ਚੁਨੌਤੀਆਂ ਨਾਲ ਨਜਿੱਠਣ ’ਚ ਸਮਰੱਥ ਅਤੇ ਅੱਗੇ ਵਧਣ ਲਈ ਬਿਹਤਰੀਨ ਸਿੱਖਿਆ ਅਤੇ ਹੁਨਰ ਵਿਕਾਸ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਕੀਤੀ। ਰਾਜਦੂਤ ਸੰਧੂ ਨੇ ਨੌਜਵਾਨੀ ਨੂੰ ਦਰਪੇਸ਼ ਚੁਨੌਤੀਆਂ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਾਡੇ ਨੌਜਵਾਨ ਇੱਕ ਬਿਹਤਰ ਸਮਾਜ-ਸੰਸਾਰ ਦਾ ਨਿਰਮਾਣ ਕਰਨਾ ਚਾਹੁੰਦੇ ਹਨ, ਇੱਕ ਸੁਰੱਖਿਅਤ, ਸਿਹਤਮੰਦ, ਵਧੇਰੇ ਖ਼ੁਸ਼ਹਾਲ ਭਵਿੱਖ ਬਣਾਉਣਾ ਚਾਹੁੰਦੇ ਹਨ, ਜਿਸ ਲਈ ਉਨ੍ਹਾਂ ਨੂੰ ਮੌਕੇ ਅਤੇ ਸਹੀ ਮਾਰਗ ਦਰਸ਼ਨ ਦੀ ਲੋੜ ਹੈ। ਸਰਦਾਰ ਸੰਧੂ ਨੇ ਅੰਮ੍ਰਿਤਸਰ ਲਈ ਆਈ. ਆਈ. ਟੀ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਮਿਆਰੀ ਤੇ ਤਕਨੀਕੀ ਸਿੱਖਿਆ ਅਤੇ ਹੁਨਰ ਵਿਕਾਸ ਉਨ੍ਹਾਂ ਲਈ ਪ੍ਰਮੁੱਖ ਤਰਜੀਹ ਹਨ। ਉਨ੍ਹਾਂ ਕੇਂਦਰੀ ਸਿੱਖਿਆ ਅਤੇ ਹੁਨਰ ਵਿਕਾਸ ਮੰਤਰੀ ਨੂੰ ਵੀ ਇਸ ਮਕਸਦ ਦੀ ਪੂਰਤੀ ’ਚ ਹਿੱਸਾ ਪਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਮਿਆਰੀ ਸਿੱਖਿਆ ਦਿੱਤੀ ਜਾਵੇ ਤਾਂ ਉਨ੍ਹਾਂ ਲਈ ਆਪਣੇ ਦੇਸ਼ ਵਿਚ ਵੀ ਅੱਗੇ ਵਧਣ ਦੇ ਕਈ ਮੌਕੇ ਹਨ, ਜੇ ਉਹ ਵਿਦੇਸ਼ਾਂ ਨੂੰ ਜਾਣਾ ਚਾਹੁੰਦੇ ਹਨ ਤਾਂ ਵੀ ਉਨ੍ਹਾਂ ਕੋਲ ਲੋੜੀਂਦਾ ਚੰਗਾ ਹੁਨਰ ਹੋਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਵਿਦੇਸ਼ਾਂ ਵਿਚ ਰੁਜ਼ਗਾਰ ਲਈ ਖੱਜਲ ਖ਼ੁਆਰੀ ਨਾ ਸਹਿਣੀ ਪਵੇ ਅਤੇ ਨਾ ਹੀ ਮਾਪਿਆਂ ਦੇ ਸ਼ਰਮਾਏ ਦੀ ਕਿਸੇ ਵੀ ਏਜੰਟ ਹੱਥੋਂ ਲੁੱਟ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਏਜੰਡੇ ਦੀ ਪੂਰਤੀ ਅਤੇ ਸਮਾਜ ਦੇ ਸਾਰੇ ਵਰਗਾਂ ਤੱਕ ਤੱਕ ਮਿਆਰੀ ਸਿੱਖਿਆ ਤੇ ਹੁਨਰ ਵਿਕਾਸ ਪਹੁੰਚਾਉਣ ਲਈ ਵਿਸ਼ੇ ਮਾਹਿਰਾਂ ਨੂੰ ਅੰਮ੍ਰਿਤਸਰ ਨਾਲ ਜੋੜਾਂਗੇ ਅਤੇ ਟਾਪ ਦੀਆਂ 20 ਅਮਰੀਕੀ ਕੰਪਨੀਆਂ -ਸਿੱਖਿਆ ਸੰਸਥਾਵਾਂ ਨੂੰ ਵੀ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ ਉੱਚ-ਸ਼੍ਰੇਣੀ ਦੇ ਵਿੱਦਿਅਕ ਅਦਾਰੇ ਅਤੇ ਉੱਨਤ ਤਕਨਾਲੋਜੀਆਂ ਹਨ ਤਾਂ ਭਾਰਤ ਵਿੱਚ ਵਿਸ਼ਵ ਦੀ ਸਭ ਤੋਂ ਵੱਡੀ ਯੁਵਾ ਸ਼ਕਤੀ ਹੈ। ਭਾਰਤ-ਅਮਰੀਕਾ ਸਾਂਝੇਦਾਰੀ ਟਿਕਾਊ ਅਤੇ ਪਰਸਪਰ ਵਿਕਾਸ ਦੀਆਂ ਸੰਭਾਵਨਾਵਾਂ ਮੌਜੂਦ ਹਨ। ਉਨ੍ਹਾਂ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਅਮਰੀਕੀ ਪੰਜਾਬੀ ਡਾਇਸਪੋਰਾ ਵੱਲੋਂ ਹੁਨਰ ਤੇ ਸਿੱਖਿਆ ਲਈ ਅੰਮ੍ਰਿਤਸਰ ਨੂੰ ਇਕ ਹਫ਼ਤੇ ਦੌਰਾਨ 250 ਸਕਾਲਰਸ਼ਿਪ ਪ੍ਰਦਾਨ ਕੀਤੇ ਜਾਣ ਦਾ ਐਲਾਨ ਕੀਤੇ ਜਾ ਚੁੱਕੇ ਹਨ। ਜੋ ਭਵਿਖ ਵਿਚ ਇਸ ’ਚ ਭਾਰੀ ਵਾਧਾ ਹੋ ਜਾਵੇਗਾ। ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਰਹੇ ਸੰਧੂ ਨੇ ਰਣਨੀਤਕ ਮਹੱਤਵ ਦੇ ਖੇਤਰਾਂ ਵਿੱਚ ਖੋਜ, ਡਿਜੀਟਲ ਸਿਖਲਾਈ ਅਤੇ ਵਿਦਿਆਰਥੀ ਆਦਾਨ-ਪ੍ਰਦਾਨ ਸਮੇਤ ਵਿੱਦਿਅਕ ਭਾਈਵਾਲੀ ਰਾਹੀਂ ਭਾਰਤ ਤੇ ਅਮਰੀਕਾ ਵਿਚਕਾਰ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕੀਤੇ ਜਾਣ ਨੂੰ ਯਾਦ ਕੀਤਾ । ਰਾਜਦੂਤ ਵਜੋਂ ਆਪਣੇ ਕਾਰਜਕਾਲ ਦੌਰਾਨ, ਸੰਯੁਕਤ ਰਾਜ ਅਮਰੀਕਾ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ 180 ਤੋਂ ਵੱਧ ਨੇਤਾਵਾਂ ਮਾਹਿਰਾਂ ਨਾਲ ਗੋਸ਼ਟੀ ਕਰ ਚੁੱਕੇ ਰਾਜਦੂਤ ਸੰਧੂ ਨੇ ਕਿਹਾ ਕਿ ਹੁਨਰ ਵਿਕਾਸ ਦੇ ਖੇਤਰ ’ਚ ਉੱਘੇ ਉਦਯੋਗ ਅਤੇ ਸੰਸਥਾਵਾਂ ਦੇ ਨੇਤਾਵਾਂ ਜਿਨ੍ਹਾਂ ’ਚ ਮਾਈਕ੍ਰੋਸਾਫਟ, ਗੂਗਲ, ਆਈਬੀਐਮ, ਸਟਾਰਬਕਸ, ਐਲਏਐਮ ਖੋਜ, ਸਿਮਫਨੀ ਟੈਕ, ਕਾਗਨੀਜ਼ੈਂਟ, ਮੈਰੀਅਟ, ਨਾਸਕਾਮ, ਇੰਟੇਲ, ਪੈਨ ਆਈ ਆਈ ਟੀ, ਨੋਰਡਸਟ੍ਰੋਮ, ਐਚ.ਸੀ.ਐਲ.,ਅਤੇ ਹੋਰ ਬਹੁਤ ਸਾਰੇ ਅਦਾਰੇ ਉਨ੍ਹਾਂ ਦੇ ਸੰਪਰਕ ’ਚ ਹਨ।
ਉਸ ਵਕਤ ਭਾਰਤੀ ਦੂਤਾਵਾਸ ਵੱਲੋਂ ‘ਐਡਵਾਂਸਿੰਗ ਇੰਡੀਆ-ਯੂਐਸ ਐਜੂਕੇਸ਼ਨ ਪਾਰਟਨਰਸ਼ਿਪ’ ਸਮਾਗਮ ’ਚ ਭਾਰਤ ਅਤੇ ਅਮਰੀਕਾ ਦੀਆਂ ਯੂਨੀਵਰਸਿਟੀਆਂ ਦੇ ਪ੍ਰਿੰਸੀਪਲ ਅਤੇ ਚਾਂਸਲਰ ਸ਼ਾਮਲ ਹੋਏ ਸਨ। ਭਾਰਤ-ਅਮਰੀਕਾ ਵਰਕਿੰਗ ਗਰੁੱਪ ਵੱਲੋਂ 2022 ਵਿੱਚ ਸ਼ੁਰੂ ਕੀਤਾ ਗਿਆ ਸਿੱਖਿਆ ਅਤੇ ਹੁਨਰ ਵਿਕਾਸ ‘ਤੇ ਹੁਨਰ ਅਤੇ ਕਿੱਤਾਮੁਖੀ ਸਿੱਖਿਆ, ਪ੍ਰਮਾਣਿਕ ਅਤੇ ਮਾਨਤਾ, ਅਤੇ ਵਿੱਦਿਅਕ ਸੰਸਥਾਵਾਂ ਵਿਚਕਾਰ ਮੈਚਮੇਕਿੰਗ ਨੂੰ ਵਧਾਏਗਾ। ਅਮਰੀਕੀ ਯੂਨੀਵਰਸਿਟੀਆਂ ਦੀ ਐਸੋਸੀਏਸ਼ਨ ਅਤੇ ਸਮੂਹ ਆਈ. ਆਈ. ਟੀ ਸਮੇਤ ਪ੍ਰਮੁੱਖ ਭਾਰਤੀ ਵਿੱਦਿਅਕ ਸੰਸਥਾਵਾਂ ਦੀ ਇੱਕ ਨਵੀਂ ਜੁਆਇੰਟ ਟਾਸਕ ਫੋਰਸ ਦੀ 2023 ਵਿੱਚ ਸਥਾਪਨਾ ਕੀਤੀ ਗਈ, ਜਿਸ ਦਾ ਮਕਸਦ ਖੋਜ ਅਤੇ ਯੂਨੀਵਰਸਿਟੀਆਂ ’ਚ ਭਾਈਵਾਲੀ ਦਾ ਵਿਸਤਾਰ ਕਰਨਾ ਸੀ। 2023 ਵਿੱਚ ਇੰਡੋ-ਯੂ.ਐਸ. ਗਲੋਬਲ ਚੈਲੰਜ ਇੰਸਟੀਚਿਊਟ ਦੀ ਸਥਾਪਨਾ ਕੀਤੀ ਗਈ, ਜਿਸ ਨੇ ਸੈਮੀਕੰਡਕਟਰਾਂ, ਟਿਕਾਊ ਖੇਤੀਬਾੜੀ, ਸਾਫ਼ ਊਰਜਾ, ਸਿਹਤ, ਮਹਾਂਮਾਰੀ ਦੇ ਰੋਕਥਾਮ ਦੀ ਤਿਆਰੀ, ਅਤੇ ਉੱਭਰ ਰਹੀਆਂ ਤਕਨਾਲੋਜੀਆਂ ਵਿੱਚ ਡੂੰਘੀ ਖੋਜ ਤੇ ਭਾਈਵਾਲੀ ਨੂੰ ਉਤਸ਼ਾਹਿਤ ਕਰਨਾ ਸੀ। ਇਸੇ ਤਰਾਂ 1+3, 2+2 ਕਾਪੋਰੇਸ਼ਨ, ਭਾਵ ਕਿ ਭਾਰਤੀ ਵਿਦਿਆਰਥੀਆਂ ਨੇ ਅਮਰੀਕਾ ਦੀਆਂ ਸਹਿਯੋਗੀ ਯੂਨੀਵਰਸਿਟੀਆਂ ਵਿੱਚ 1 ਜਾਂ 2 ਸਾਲ ਦਾ ਅਧਿਐਨ ਕਰਨੇ ਹਨ। ਸੈਨ ਡਿਏਗੋ ਯੂਨੀਵਰਸਿਟੀ ਭਾਰਤ ਵਿੱਚ ਕੈਂਪਸ ਸਥਾਪਤ ਕਰਨ, ਗਿਫਟ ਸਿਟੀ, ਆਰਟੀਫੀਸ਼ੀਅਲ ਇੰਟੈਲੀਜੈਂਸ, ਡੇਟਾ ਸਾਇੰਸ ਅਤੇ ਸਾਈਬਰ ਸੁਰੱਖਿਆ ਵਿੱਚ ਦੋਹਰੇ-ਡਿਗਰੀ ਪ੍ਰੋਗਰਾਮਾਂ ਅਤੇ ਔਨਲਾਈਨ ਕੋਰਸਾਂ ਦੀ ਸ਼ੁਰੂਆਤ ਸ਼ਾਮਿਲ ਹੈ। ਇਥੇ ਹੀ ਟੀਅਰ 2 ਅਤੇ ਟੀਅਰ 3 ਸ਼ਹਿਰਾਂ ਦੇ ਅਦਾਰਿਆਂ ਦੇ ਵਿਚਕਾਰ ਟਾਈ ਅੱਪ ਲਈ ਵੀ ਜ਼ੋਰ ਦਿੱਤਾ ਗਿਆ। ਦੱਸਣਾ ਬਣਦਾ ਹੈ ਕਿ ਰਾਜਦੂਤ ਸੰਧੂ ਦੇ ਕਾਰਜਕਾਲ ’ਚ ਅਮਰੀਕਾ ਦੌਰੇ ’ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੀ ਪਹਿਲੀ ਮਹਿਲਾ ਜਿਲ ਬਿਡੇਨ ਨੇ ਵਾਸ਼ਿੰਗਟਨ ਡੀਸੀ ਵਿੱਚ ਨੈਸ਼ਨਲ ਸਾਇੰਸ ਫਾਊਂਡੇਸ਼ਨ ਦੁਆਰਾ ਆਯੋਜਿਤ ‘ਸਕਿਲਿੰਗ ਫਾਰ ਫਿਊਚਰ’ ਪ੍ਰੋਗਰਾਮ ਵਿੱਚ ਹਿੱਸਾ ਲਿਆ। ਜਿੱਥੇ ਪੀ ਐਮ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਟੀਚਾ ਇਸ ਦਹਾਕੇ ਨੂੰ ਤਕਨੀਕੀ ਐਜੂਕੇਸ਼ਨ ਨਾਲ ਲੈਸ ਕਰਨਾ ਹੈ, ਇਸ ਲਈ ਭਾਰਤ ਨੇ ਨੌਜਵਾਨ ਉੱਦਮੀਆਂ ਨੂੰ ਉਤਸ਼ਾਹਿਤ ਕਰਨ ਲਈ ‘ਸਟਾਰਟ-ਅੱਪ ਇੰਡੀਆ’ ਮਿਸ਼ਨ ਸ਼ੁਰੂ ਕੀਤਾ ਹੈ।
ਤਸਵੀਰ ਨਾਲ ਹੈ।