ਅੰਮ੍ਰਿਤਸਰ – ਪੰਜਾਬ ਭਾਜਪਾ ਦੇ ਬੁਲਾਰੇ ਅਤੇ ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਦਿਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਰਤ ਆਏ ਹਿੰਦੂ – ਸਿੱਖ ਸ਼ਰਨਾਰਥੀਆਂ ਬਾਰੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਕੇ ਨਾ ਕੇਵਲ ਉਨ੍ਹਾਂ ਦਾ ਅਪਮਾਨ ਕੀਤਾ ਹੈ ਸਗੋਂ ਇਹ ਦਸ ਦਿੱਤਾ ਹੈ ਕਿ ਉਸ ਵਿਚ ਇਨਸਾਨੀਅਤ ਦਾ ਖ਼ਾਤਮਾ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਗੈਰ ਧਰਮ ਨਿਰਪੱਖ ਦੇਸ਼ਾਂ ’ਚ ਸਤਾਏ ਹੋਏ ਹਿੰਦੂ- ਸਿੱਖ ਸ਼ਰਨਾਰਥੀ ਗ਼ਰੀਬ ਅਤੇ ਲਾਚਾਰ ਤਾਂ ਹੋ ਸਕਦੇ ਹਨ, ਪਰ ਉਹ ਨਾ ਚੋਰ ਹਨ ਨਾ ਹੀ ਬਲਾਤਕਾਰੀ, ਸਗੋਂ ਗੈਰ ਇਮਾਨਦਾਰ ਲੋਕ ਉਹ ਹਨ ਜੋ ਸੱਤਾ ਦੀ ਦੁਰਵਰਤੋਂ ਕਰਕੇ ਸ਼ਰਾਬ ਘੁਟਾਲੇ ’ਚ ਕਾਨੂੰਨ ਦਾ ਸਾਹਮਣਾ ਕਰਨ ਤੋਂ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਕਿ ਉਹ ਲੋਕ ਸ਼ਰਨਾਰਥੀ ਹਨ ਪਰ ਬੇਗਾਨੇ ਨਹੀਂ ਹਨ, ਉਨ੍ਹਾਂ ਦੀਆਂ ਜੜ੍ਹਾਂ ਭਾਰਤ ਨਾਲ ਜੁੜੀਆਂ ਹੋਈਆਂ ਹਨ। ਇਹ ਲੋਕ ਸਾਡੇ ਆਪਣੇ ਹਨ ਤੇ ਸਾਡੇ ਹੀ ਰਹਿਣਗੇ, ਉਨ੍ਹਾਂ ਨੂੰ ਚੰਗੇ ਮਾੜੇ ਦਿਨਾਂ ’ਚ ਕਲਿਆਂ ਮਰਨ ਲਈ ਕਿਵੇਂ ਛੱਡਿਆ ਜਾ ਸਕਦਾ ਹੈ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਭਾਰਤ ਨੇ ਨਾਗਰਿਕਤਾ ਤਰਮੀਮ ਕਾਨੂੰਨ ਲਾਗੂ ਕਰਨ ’ਚ ਸੰਜੀਦਗੀ ਦਿਖਾ ਕੇ ਇਨ੍ਹਾਂ ਆਪਣੇ ਲੋਕਾਂ ਪ੍ਰਤੀ ਵਚਨਬੱਧਤਾ ਦਾ ਪ੍ਰਮਾਣ ਦਿੱਤਾ ਹੈ। ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਬੌਖਲਾਹਟ ’ਚ ਕੀਤੀ ਗਈ ਗ਼ਲਤ ਬਿਆਨੀ ਅਤੇ ਹੋਛੀ ਰਾਜਨੀਤੀ ਨੇ ਇਹ ਵੀ ਦਸ ਦਿੱਤਾ ਹੈ ਕਿ ਉਹ ਭਾਰਤ ਦੀ ਸੰਸਕ੍ਰਿਤੀ ਅਤੇ ਰਵਾਇਤਾਂ ਨੂੰ ਪੂਰੀ ਤਰਾਂ ਪਿੱਠ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਨੂੰ ਖ਼ਤਰਾ ਸ਼ਰਨਾਰਥੀਆਂ ਤੋਂ ਨਹੀਂ ਲੇਕਿਨ ਭ੍ਰਿਸ਼ਟਾਚਾਰ ਕਰਨ ਵਾਲਿਆਂ ਤੋਂ ਹੈ। ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਕੀ ਕੇਜਰੀਵਾਲ ਨੂੰ ਇਹ ਨਹੀਂ ਪਤਾ ਕਿ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ’ਚ ਸਮਾਜਿਕ, ਧਾਰਮਿਕ ਅਤੇ ਸਮੁੱਚਾ ਸਿਆਸੀ ਨਿਜ਼ਾਮ ਹਿੰਦੂ ਅਤੇ ਸਿੱਖਾਂ ਲਈ ਦਮਨਕਾਰੀ ਹੋ ਚੁਕਾ ਹੈ। ਅਫ਼ਗ਼ਾਨਿਸਤਾਨ ’ਚ ਤਾਂ ਹੁਣ ਗਿਣਤੀ ਦੇ ਹੀ ਸਿੱਖ ਰਹਿ ਗਏ ਹਨ। ਪਾਕਿਸਤਾਨ ਦੇ ਸੂਬਾ ਸਿੰਧ ਵਿਚ ਸਰਕਾਰੀ ਪੁਸ਼ਤ ਪਨਾਹੀ ਹਾਸਲ ਕੱਟੜਪੰਥੀਆਂ ਵੱਲੋਂ ਹਿੰਦੂ ਤੇ ਸਿੱਖਾਂ ਦੀਆਂ ਲੜਕੀਆਂ ਨੂੰ ਜਬਰੀ ਅਗਵਾ ਕਰਦਿਆਂ ਉਨ੍ਹਾਂ ਦਾ ਧਰਮ ਪਰਿਵਰਤਨ ਕਰਾਉਣ ਅਤੇ ਜਬਰੀ ਨਿਕਾਹ ਦੇ ਵਰਤਾਰੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਜੇਕਰ ਇਹ ਸਿਲਸਿਲਾ ਇਸੇ ਰਫ਼ਤਾਰ ਨਾਲ ਚਲਦਾ ਰਿਹਾ ਤਾਂ ਇਕ ਦਿਨ ਪਾਕਿਸਤਾਨ ਵਿਚੋਂ ਵੀ ਹਿੰਦੂ ਅਤੇ ਸਿੱਖਾਂ ਦਾ ਵਜੂਦ ਖ਼ਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕਿ ਪਾਕਿਸਤਾਨ ‘ਚ ਹਿੰਦੂ, ਸਿੱਖਾਂ ਅਤੇ ਹੋਰ ਘੱਟ ਗਿਣਤੀ ਧਰਮਾਂ ਦੇ ਲੋਕਾਂ ਨੂੰ ਨਫ਼ਰਤ ਲਈ ਨਿਸ਼ਾਨਾ ਬਣਾਏ ਜਾ ਰਹੇ ਹਨ। ਸੂਬਾ ਸਿੰਧ ਵਿਚ ਕਈ ਵਾਰ ਪੋਸਟਰ ਲਗਾਉਂਦਿਆਂ ਕੱਟੜਪੰਥੀਆਂ ਵੱਲੋਂ ਹਿੰਦੂ ਸਿੱਖਾਂ ਨੂੰ ਆਪਣਾ ਧਰਮ ਛੱਡਣ ਜਾਂ ਪਾਕਿਸਤਾਨ ਛੱਡ ਜਾਣ ਲਈ ਕਹਿ ਚੁੱਕੇ ਹਨ। ਸਿੱਖ ਤੇ ਹਿੰਦੂਆਂ ਨੂੰ ਡਰ ਦੇ ਮਾਹੌਲ ’ਚ ਰਹਿਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ’ਚ ਹਿੰਦੂ ਅਤੇ ਸਿੱਖਾਂ ਖ਼ਿਲਾਫ਼ ਅਪਰਾਧ ਵੱਧ ਰਹੇ ਹਨ ਅਤੇ ਹਿੰਦੂ ਕੁੜੀਆਂ ਨੂੰ ਜਬਰੀ ਇਸਲਾਮ ਕਬੂਲ ਕਰਾਉਣ ’ਚ ਕਾਫ਼ੀ ਤੇਜ਼ੀ ਆਈ ਹੈ। ਇੱਥੋਂ ਤਕ ਕਿ ਸਰਕਾਰੀ ਮਸ਼ੀਨਰੀ ਦਾ ਵੀ ਮੰਨਣਾ ਹੈ ਕਿ ਇਸਲਾਮ ’ਚ ਧਰਮ ਪਰਵਰਤਨ ਕਰਾਉਣਾ ਗੁਨਾਹ ਨਹੀਂ ਸਗੋਂ ਸਵਾਬ( ਪੁੰਨ) ਦਾ ਕੰਮ ਹੈ । ਉਨ੍ਹਾਂ ਕਿਹਾ ਕਿ ਹੁਣ 58 ਸੌ ਤੋਂ ਵੱਧ ਸਿੱਖ ਅਤੇ 25 ਹਜ਼ਾਰ ਤੋਂ ਵੱਧ ਹਿੰਦੂਆਂ, ਕੁਲ 31 ਹਜ਼ਾਰ ਸ਼ਰਨਾਰਥੀਆਂ ਨੂੰ ਤੁਰੰਤ ਹੀ ਭਾਰਤੀ ਨਾਗਰਿਕਤਾ ਮਿਲ ਜਾਵੇਗੀ। ਉਹ ਭਾਰਤੀ ਨਾਗਰਿਕਤਾ ਵਾਲੀਆਂ ਸਹੂਲਤਾਂ ਲੈਣ ਦੇ ਹੱਕਦਾਰ ਹੋ ਜਾਣਗੇ।
ਹਿੰਦੂ-ਸਿੱਖ ਸ਼ਰਨਾਰਥੀਆਂ ਦਾ ਅਪਮਾਨ ਕੇਜਰੀਵਾਲ ਦੀ ਗੈਰ ਇਨਸਾਨੀਅਤ : ਪ੍ਰੋ. ਸਰਚਾਂਦ ਸਿੰਘ ਖਿਆਲਾ
This entry was posted in ਪੰਜਾਬ, ਮੁਖੱ ਖ਼ਬਰਾਂ.