ਅੰਮ੍ਰਿਤਸਰ / ਨਵੀਂ ਦਿਲੀ – ਅੰਮ੍ਰਿਤਸਰ ਨੂੰ ਨੇੜੇ ਭਵਿਖ ’ਚ ਇਕ ਵੱਡੀ ਖ਼ੁਸ਼ ਖ਼ਬਰ ਮਿਲਣ ਜਾ ਰਹੀ ਹੈ। ਸ਼ਹਿਰ ਦੇ ਨੁਹਾਰ ਬਦਲਣ ’ਚ ਲੱਗੇ ਗੁਰੂ ਨਗਰੀ ਦੇ ਸਪੂਤ ਸਾਬਕਾ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਨੇ ਅੱਜ ਵਿਦੇਸ਼ ਮੰਤਰੀ ਡਾ. ਐਸ਼ ਜੈਸ਼ੰਕਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਅੰਮ੍ਰਿਤਸਰ ’ਚ ਬਹੁਤ ਜਲਦ ਇਕ ਅਮਰੀਕਨ ਕੌਂਸਲੇਟ ਖੁਲ੍ਹਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਦੀ ਸਰਕਾਰ ਵੱਲੋਂ ਭਾਰਤ ’ਚ ਦੋ ਹੋਰ ਨਵੇਂ ਕੌਂਸਲੇਟ ਖੋਲੇ ਜਾਣੇ ਹਨ, ਜਿਸ ਵਿਚੋਂ ਇਕ ਅੰਮ੍ਰਿਤਸਰ ’ਚ ਖੁਲ੍ਹਵਾਉਣ ਦੀ ਭਾਰਤੀ ਵਿਦੇਸ਼ ਮੰਤਰੀ ਡਾ. ਐਸ਼ ਜੈਸ਼ੰਕਰ ਨੇ ਹਾਮੀ ਭਰੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ’ਚ ਅਮਰੀਕਨ ਕੌਂਸਲੇਟ ਦੇ ਖੁੱਲ੍ਹਣ ਨਾਲ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਇੱਥੋਂ ਹੀ ਵੀਜ਼ੇ ਹਾਸਲ ਕਰਨ, ਵਪਾਰੀਆਂ ਨੂੰ ਆਪਣੇ ਕਾਰੋਬਾਰਾਂ ਨੂੰ ਵਧਾਉਣ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਨੂੰ ਆਪਸ ਵਿਚ ਜੁੜਨ ਪ੍ਰਤੀ ਬਹੁਤ ਸਾਰੀਆਂ ਸਹੂਲਤਾਂ ਮਿਲਣਗੀਆਂ।
ਇਕ ਰਾਜਦੂਤ ਵਜੋਂ ਸ. ਤਰਨਜੀਤ ਸਿੰਘ ਸੰਧੂ ਨੇ ਅਮਰੀਕਾ ਦੇ ਵਿਚ ਆਪਣੀ ਸੇਵਾਕਾਲ ਦੇ ਨਵੰਬਰ, 2023 ਦੌਰਾਨ ਅਮਰੀਕਾ ਦੇ ਸੀਆਟਲ ਵਿੱਚ ਭਾਰਤੀ ਕੌਂਸਲੇਟ ਖੋਲ੍ਹਣ ਦਾ ਮਾਣ ਹਾਸਲ ਕੀਤਾ । ਇਥੇ ਕੌਂਸਲੇਟ ਖੋਲ੍ਹਣ ਦਾ ਫ਼ੈਸਲਾ 7 ਵਰ੍ਹੇ ਪਹਿਲਾਂ 2016 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਤਤਕਾਲੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਲਿਆ ਗਿਆ ਸੀ। ਦੋਹਾਂ ਦੇਸ਼ਾਂ ’ਚ ਨਵੇਂ ਕੌਂਸਲੇਟ ਖੋਲ੍ਹਣ ਦੀ ਪਰਸਪਰ ਯੋਜਨਾ ਤਹਿਤ ਸੰਯੁਕਤ ਰਾਜ ਅਮਰੀਕਾ ਵੱਲੋਂ ਭਾਰਤ ’ਚ ਦੋ ਨਵੇਂ ਕੌਂਸਲੇਟ ਖੋਲ੍ਹੇ ਜਾਣੇ ਹਨ। ਇਸ ਤੋਂ ਪਹਿਲਾਂ ਰਾਜਦੂਤ ਸੰਧੂ ਸੋਵੀਅਤ ਯੂਨੀਅਨ ਦੇ ਵਿਖੰਡਨ ਤੋਂ ਬਾਅਦ 1992 ’ਚ ਯੂਕਰੇਨ ਦੀ ਰਾਜਧਾਨੀ ਕੀਵ ’ਚ ਭਾਰਤੀ ਦੂਤਾਵਾਸ ਖੋਲ੍ਹਣ ਦਾ ਮਾਣ ਹਾਸਲ ਕਰ ਚੁੱਕੇ ਹਨ।
ਸਰਦਾਰ ਸੰਧੂ ਨੇ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨਾਲ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕਾਰਗੋ ਸੇਵਾਵਾਂ ਸ਼ੁਰੂ ਕਰਨ ਅਤੇ ਏਅਰ ਕੁਨੈਕਟੀਵਿਟੀ ਵਧਾਉਣ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਇੱਥੋਂ ਅਮਰੀਕਾ, ਕੈਨੇਡਾ , ਯੂਰਪੀਅਨ ਅਤੇ ਖਾੜੀ ਦੇਸ਼ਾਂ ਨਾਲ ਏਅਰ ਕੁਨੈਕਟੀਵਿਟੀ ਵਧਾਏ ਜਾਣ ਦੀਆਂ ਅਸੀਮ ਸੰਭਾਵਨਾਵਾਂ ਹਨ। ਕਾਰਗੋ ਸਹੂਲਤਾਂ ਨਾਲ ਵਪਾਰੀਆਂ, ਕਾਰੋਬਾਰੀਆਂ ਅਤੇ ਕਿਸਾਨਾਂ ਨੂੰ ਫਲ਼ ਫਰੂਟ ਅਤੇ ਸਬਜ਼ੀਆਂ ਵਿਦੇਸ਼ੀ ਮੰਡੀ ਤਕ ਪਹੁੰਚਾਉਣ ਦੀ ਸਹੂਲਤ ਮਿਲੇਗੀ, ਜਿਸ ਨਾਲ ਉਨ੍ਹਾਂ ਦੀ ਆਮਦਨੀ ’ਚ ਭਾਰੀ ਵਾਧਾ ਹੋ ਸਕੇਗਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਇਕ ਧਾਰਮਿਕ ਕੇਂਦਰ ਹੀ ਨਹੀਂ, ਇਹ ਸਭਿਆਚਾਰਕ, ਸੈਰ ਸਪਾਟਾ, ਉਦਯੋਗਿਕ ਅਤੇ ਵਪਾਰਕ ਕੇਂਦਰ ਵੀ ਹੈ। ਇਥੇ ਹੁਨਰਮੰਦ ਨੌਜਵਾਨਾਂ ਦੀ ਕੋਈ ਕਮੀ ਨਹੀਂ।
ਸਰਦਾਰ ਸੰਧੂ ਨੇ ਡਾ. ਜੈਸ਼ੰਕਰ ਨਾਲ ਵਿਦੇਸ਼ਾਂ ’ਚ ਪੜਾਈ ਅਤੇ ਕੰਮ ਕਰਨ ਲਈ ਗਈ ਨੌਜਵਾਨੀ ਦੀ ਸਥਿਤੀ ਤੋਂ ਇਲਾਵਾ ਅਮਰੀਕਨ ਕੰਪਨੀਆਂ ਐਮਾਜ਼ੋਨ, ਮਾਈਕ੍ਰੋਸਾਫਟ, ਬੋਇੰਗ, ਟਰੈਵਲ ਕੰਪਨੀ ਐਕਸਪੀਡੀਆ, ਲਗਜ਼ਰੀ ਫੈਸ਼ਨ ਰਿਟੇਲਰ ਨੌਰਡਸਟ੍ਰੋਮ ਸਮੇਤ ਪ੍ਰਮੁੱਖ ਇੰਜੀਨੀਅਰਿੰਗ ਕੰਪਨੀਆਂ ਅਤੇ ਹੋਰ ਵੱਡੀਆਂ ਤਕਨੀਕੀ ਕੰਪਨੀਆਂ ਤੋਂ ਅੰਮ੍ਰਿਤਸਰ ’ਚ ਪੂੰਜੀ ਨਿਵੇਸ਼ ਕਰਾਉਣ ਬਾਰੇ ਵਿਚਾਰਾਂ ਕੀਤੀਆਂ ਗਈਆਂ।