ਅੰਮ੍ਰਿਤਸਰ : ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਣ ਤੇ ਸਥਾਨਕ ਭਾਜਪਾ ਆਗੂਆਂ ਤੇ ਸਰਗਰਮ ਵਰਕਰਾਂ ਵਿੱਚ ਬੇਹੱਦ ਖ਼ੁਸ਼ੀ ਪਾਈ ਜਾ ਰਹੀ ਹੈ। ਅੱਜ ਅਨੇਕਾਂ ਸ਼ਖ਼ਸੀਅਤਾਂ ਅਤੇ ਭਾਜਪਾ ਆਗੂਆਂ ਨੇ ਸਰਦਾਰ ਸੰਧੂ ਦੇ ਸ੍ਰੀ ਅੰਮ੍ਰਿਤਸਰ ਦੇ ਗਰੀਨ ਐਵਿਨਿਊ ਵਿਖੇ ਸਥਿਤ ‘ ਸਮੁੰਦਰੀ ਹਾਊਸ ” ਵਿਖੇ ਉਹਨਾਂ ਨਾਲ ਮੁਲਾਕਾਤਾਂ ਕੀਤੀਆਂ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਸਥਾਨਕ ਆਗੂਆਂ ਨਾਲ ਵਿਚਾਰ ਚਰਚਾ ਉਪਰੰਤ ਸਰਦਾਰ ਤਰਨਜੀਤ ਸਿੰਘ ਸੰਧੂ ਨੇ ਕਹਾ ਕੇ ਅੰਮ੍ਰਿਤਸਰ ਸਿਫ਼ਤੀਂ ਦਾ ਘਰ ਹੈ। ਉਹ ਅੰਮ੍ਰਿਤਸਰ ਦੇ ਵਿਕਾਸ, ਖੇਤੀ ਨੂੰ ਲਾਭਦਾਇਕ ਬਣਾਉਣ, ਇੱਥੋਂ ਦੀ ਇੰਡਸਟਰੀ, ਵਪਾਰਕ ਉੱਨਤੀ ਅਤੇ ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਉਹਨਾਂ ਨੂੰ ਜ਼ਿੰਦਗੀ ਚ ਸਫਲ ਬਣਾਉਣ ਲਈ ਯਤਨਸ਼ੀਲ ਰਹੇਗਾ ਅਤੇ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਖਰਾ ਉੱਤਰਿਆ ਜਾਵੇਗਾ । ਇਸ ਮੌਕੇ ਸੂਬਾ ਕਾਰਜਕਾਰੀ ਮੈਂਬਰ ਸੁਬੇਗ ਸਿੰਘ ਗਿੱਲ, ਮੰਡਲ ਪ੍ਰਧਾਨ ਵਰਿੰਦਰ ਸਿੰਘ ਸਵੀਟੀ, ਮੰਡਲ ਪ੍ਰਧਾਨ ਰਾਕੇਸ਼ ਮਹਾਜਨ ਅਤੇ ਗੁਰਕੰਵਲ ਸਿੰਘ ਮਾਨ ਨਿਊ ਅੰਮ੍ਰਿਤਸਰ ਨੇ ਸਰਦਾਰ ਸੰਧੂ ਦੀ ਅੰਮ੍ਰਿਤਸਰ ਪ੍ਰਤੀ ਦ੍ਰਿਸ਼ਟੀਕੋਣ ਤੋਂ ਪ੍ਰਭਾਵਿਤ ਹੁੰਦਿਆਂ ਕਿਹਾ ਕਿ ਸਰਦਾਰ ਸੰਧੂ ਗੁਰੂ ਨਗਰੀ ਅੰਮ੍ਰਿਤਸਰ ਦਾ ਸਹੀ ਵਾਰਸ ਹੈ। ਉਹਨਾਂ ਕਿਹਾ ਕੇ ਸਰਦਾਰ ਸੰਧੂ ਦਾ ਪਰਿਵਾਰਕ ਪਿਛੋਕੜ ਦੇਸ਼ ਕੌਮ ਲਈ ਕੁਰਬਾਨੀਆਂ ਕਰਨ ਵਾਲੇ ਸ਼ਹੀਦ ਸਰਦਾਰ ਤੇਜਾ ਸਿੰਘ ਸਮੁੰਦਰੀ ਨਾਲ ਸੰਬੰਧ ਹੈ। ਜੋ ਆਪਣੇ ਸਮੇਂ ਗੁਰਦੁਆਰਾ ਸੁਧਾਰ ਲਹਿਰ ਅਤੇ ਦੇਸ਼ ਦੀ ਅਜ਼ਾਦੀ ਸੰਘਰਸ਼ ਦੌਰਾਨ ਕੀਤੀਆਂ ਗਈਆਂ ਅਨੇਕਾਂ ਕੁਰਬਾਨੀਆਂ ਸਦਕਾ ਅੱਜ ਵੀ ਪੂਰੇ ਸਨਮਾਨ ਨਾਲ ਯਾਦ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਸਰਦਾਰ ਸੰਧੂ ਖ਼ੁਦ ਵੀ ਭਾਰਤੀ ਵਿਦੇਸ਼ ਸੇਵਾ ਦੌਰਾਨ ਭਾਰਤ ਦੀ ਤਸਵੀਰ ਨੂੰ ਵਿਸ਼ਵ ਭਰ ਵਿਚ ਰੋਸ਼ਨ ਕਰਕੇ ਆਪਣੀ ਕਾਬਲੀਅਤ ਨੂੰ ਸਿੱਧ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਅੰਮ੍ਰਿਤਸਰ ਨੂੰ ਸਰਦਾਰ ਸੰਧੂ ਵਰਗੇ ਇਮਾਨਦਾਰ ਅਤੇ ਸਮਰੱਥਾਵਾਨ ਆਗੂ ਦੀ ਜ਼ਰੂਰਤ ਸੀ। ਜੋ ਹੁਣ ਪੂਰੀ ਹੋ ਗਈ ਹੈ। ਜਿਸ ਦਾ ਪ੍ਰਮਾਣ ਉਹਨਾਂ ਵੱਲੋਂ ਨਵੀਂ ਦਿੱਲੀ ਦੇ ਸਰਕਾਰੀ ਗਲਿਆਰਿਆਂ ਚ ਪ੍ਰਭਾਵਸ਼ਾਲੀ ਕੇਂਦਰੀ ਮੰਤਰੀਆਂ ਨੂੰ ਮਿਲ ਕੇ ਅੰਮ੍ਰਿਤਸਰ ਲਈ ਯੋਜਨਾਵਾਂ ਨੂੰ ਅਮਲੀਜਾਮਾ ਪਹਿਨਾਉਣ ਦੇ ਯਤਨ ਦੀ ਸਾਰਥਿਕਤਾ ਤੋਂ ਮਿਲਦਾ ਹੈ। ਆਗੂਆਂ ਨੇ ਕਹਾ ਕਿ ਉਹ ਤੇ ਸਮੂਹ ਨਗਰ ਨਿਵਾਸੀ ਸਰਦਾਰ ਸੰਧੂ ਦਾ ਸਾਥ ਦੇਣਗੇ। ਇਸ ਮੌਕੇ ਸਥਾਨਕ ਆਗੂ ਤੇ ਸੂਬਾ ਕਾਰਜਕਾਰੀ ਮੈਂਬਰ ਸੁਬੇਗ ਸਿੰਘ ਗਿੱਲ, ਮੰਡਲ ਪ੍ਰਧਾਨ ਵਰਿੰਦਰ ਸਿੰਘ ਸਵੀਟੀ, ਮੰਡਲ ਪ੍ਰਧਾਨ ਰਾਕੇਸ਼ ਮਹਾਜਨ, ਡੀ ਆਰ ਅਸ਼ੋਕ ਜੌੜਾ ਫਾਟਕ, ਰਮਨ ਅਰੋੜਾ, ਰਣਜੀਤ ਸਿੰਘ ਗੋਲਡੀ ਹੁਸੈਨਪੁਰਾ ਅਤੇ ਗੁਰਕੰਵਲ ਸਿੰਘ ਮਾਨ ਨਿਊ ਅੰਮ੍ਰਿਤਸਰ ਨੇ ਸਰਦਾਰ ਸੰਧੂ ਨੂੰ ਸਨਮਾਨਿਤ ਕੀਤਾ।