ਲੁਧਿਆਣਾ: ਲੁਧਿਆਣਾ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਹੈ ਕਿ ਪੰਜਾਬ ਦੀ ਅਰਥ ਵਿਵਸਥਾ ’ਚ ਲੁਧਿਆਣਾ ਦੇ ਉਦਯੋਗਪਤੀਆਂ ਦਾ ਅਹਿਮ ਯੋਗਦਾਨ ਹੈ। ਲੁਧਿਆਣਾ ਸਮੇਤ ਪੰਜਾਬ ਦੇ ਉਦਯੋਗਪਤੀ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।
ਸਾਕਸ਼ੀ ਸਾਹਨੀ ਅੱਜ ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਪੰਜਾਬ ਚੈਪਟਰ ਵੱਲੋਂ ਉਦਯੋਗਪਤੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਰਮਿਆਨ ਸਿੱਧੀ ਗੱਲਬਾਤ ਸੈਸ਼ਨ ਦਾ ਉਦਘਾਟਨ ਕਰਨ ਮੌਕੇ ਸੰਬੋਧਨ ਕਰ ਰਹੇ ਸਨ। ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਦਯੋਗਪਤੀਆਂ ਨੂੰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਨਾਲ-ਨਾਲ ਹੁਨਰ ਵਿਕਾਸ ਦੇ ਖੇਤਰ ਵਿੱਚ ਵੀ ਸਹਿਯੋਗ ਕਰਨਾ ਚਾਹੀਦਾ ਹੈ।
ਚੋਣਾਂ ਦੇ ਸਬੰਧ ਵਿੱਚ ਬੋਲਦਿਆਂ ਸਾਕਸ਼ੀ ਸਾਹਨੀ ਨੇ ਲੁਧਿਆਣਾ ਦੇ ਉਦਯੋਗਪਤੀਆਂ ਨੂੰ ਸੱਦਾ ਦਿੱਤਾ ਕਿ ਉਹ ਇੱਥੇ ਵੋਟ ਪ੍ਰਤੀਸ਼ਤ ਨੂੰ ਵਧਾਉਣ ਲਈ ਆਪਣੇ ਕਰਮਚਾਰੀਆਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨ।
ਇਸ ਤੋਂ ਪਹਿਲਾਂ ਨੁਮਾਇੰਦਿਆਂ ਅਤੇ ਬੁਲਾਰਿਆਂ ਦਾ ਸਵਾਗਤ ਕਰਦਿਆਂ ਪੀ.ਐਚ.ਡੀ.ਸੀ.ਸੀ.ਆਈ. ਪੰਜਾਬ ਰਾਜ ਚੈਪਟਰ ਦੇ ਪ੍ਰਧਾਨ ਆਰ.ਐਸ.ਸਚਦੇਵਾ ਨੇ ਲੁਧਿਆਣਾ ਵਿਖੇ ਪੀ.ਐਚ.ਡੀ.ਸੀ.ਸੀ.ਆਈ. ਦਾ ਦਫ਼ਤਰ ਖੋਲ੍ਹਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਰਣਨੀਤਕ ਕਦਮ ਦਾ ਉਦੇਸ਼ ਸਥਾਨਕ ਕਾਰੋਬਾਰਾਂ ਲਈ ਪੀ.ਐਚ.ਡੀ.ਸੀ.ਸੀ.ਆਈ. ਦੇ ਸਰੋਤਾਂ ਅਤੇ ਸਹਾਇਤਾ ਸੇਵਾਵਾਂ ਦੀ ਪਹੁੰਚ ਨੂੰ ਵਧਾਉਣਾ, ਉਨ੍ਹਾਂ ਦਾ ਵਿਕਾਸ ਅਤੇ ਵਿਸਤਾਰ ਪਹਿਲਕਦਮੀਆਂ ਦੀ ਸੁਵਿਧਾਜਨਕ ਬਣਾਉਣਾ ਹੈ। ਸੈਸ਼ਨ ਵਿੱਚ ਯੂਐਸ ਆਹੂਜਾ, ਪ੍ਰਧਾਨ, ਸੀ.ਆਈ.ਸੀ.ਯੂ. ਸਮੇਤ ਉਦਯੋਗਿਕ ਜਗਤ ਦੇ ਦਿੱਗਜ਼ਾਂ ਨੇ ਲੁਧਿਆਣਾ ਦੇ ਉਦਯੋਗਿਕ ਦ੍ਰਿਸ਼ ਵਿੱਚ ਵੱਖ-ਵੱਖ ਸਮੱਸਿਆਵਾਂ ਅਤੇ ਮੌਕਿਆਂ ‘ਤੇ ਡੂੰਘਾਈ ਨਾਲ ਚਰਚਾ ਕੀਤੀ।
ਇਸ ਮੌਕੇ ਸਨਮਾਨਿਤ ਮਹਿਮਾਨ ਵਜੋਂ ਸ਼ਾਮਲ ਹੋਏ ਸੰਦੀਪ ਰਿਸ਼ੀ, ਆਈ.ਏ.ਐਸ., ਕਮਿਸ਼ਨਰ, ਨਗਰ ਨਿਗਮ, ਲੁਧਿਆਣਾ ਅਤੇ ਮੇਜਰ ਅਮਿਤ ਸਰੀਨ, ਪੀ.ਸੀ.ਐਸ., ਵਧੀਕ ਡਿਪਟੀ ਕਮਿਸ਼ਨਰ, ਲੁਧਿਆਣਾ ਨੇ ਬੁਨਿਆਦੀ ਢਾਂਚੇ, ਕਬਜ਼ੇ, ਟ੍ਰੈਫਿਕ ਜਾਮ, ਅਫਸਰਸ਼ਾਹੀ ਦੀਆਂ ਰੁਕਾਵਟਾਂ ਅਤੇ ਨਾਕਾਫ਼ੀ ਜਨਤਕ ਸਹੂਲਤਾਂ ਬਾਰੇ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦੇ ਜਲਦੀ ਹੱਲ ਦਾ ਭਰੋਸਾ ਦਿੱਤਾ। ਪੀ.ਐਚ.ਡੀ.ਸੀ.ਸੀ.ਆਈ. ਦੀ ਖੇਤਰੀ ਨਿਰਦੇਸ਼ਕ ਭਾਰਤੀ ਸੂਦ ਨੇ ਲੁਧਿਆਣਾ ਅਤੇ ਪੂਰੇ ਪੰਜਾਬ ਵਿੱਚ ਦੋਸਤਾਨਾ ਵਪਾਰਕ ਮਾਹੌਲ ਉਤਸ਼ਾਹਿਤ ਕਰਨ ਅਤੇ ਟਿਕਾਊ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਪੀ.ਐਚ.ਡੀ.ਸੀ.ਸੀ.ਆਈ. ਦੇ ਅਟੁੱਟ ਸਮਰਪਣ ਨੂੰ ਦੁਹਰਾਇਆ। ਆਪਣੇ ਰਸਮੀ ਧੰਨਵਾਦ ਦੇ ਮਤੇ ਦੌਰਾਨ ਪੀ.ਐਚ.ਡੀ.ਸੀ.ਸੀ.ਆਈ. ਪੰਜਾਬ ਚੈਪਟਰ ਦੀ ਐਜੂਕੇਸ਼ਨ ਸਬ-ਕਮੇਟੀ ਦੇ ਕਨਵੀਨਰ ਡਾ. ਅਨਿਰੁਧ ਗੁਪਤਾ ਨੇ ਆਰਥਿਕ ਵਿਕਾਸ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਸਰਕਾਰ ਅਤੇ ਉਦਯੋਗ ਦਰਮਿਆਨ ਸਹਿਯੋਗ ਦੀ ਮਹੱਤਵਪੂਰਨ ਭੂਮਿਕਾ ਬਾਰੇ ਚਾਨਣਾ ਪਾਇਆ। ਇਸ ਮੌਕੇ ਫਿਕੋ ਪ੍ਰਧਾਨ ਜੀ. ਐਸ. ਕੁਲਾਰ, ਸ਼ਿੰਗੋਰਾ ਟੈਕਸਟਾਈਲ ਦੀ ਚੇਅਰਪਰਸਨ ਮ੍ਰਿਦੁਲਾ ਜੈਨ ਸਮੇਤ ਕਈ ਪਤਵੰਤਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ।