ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਭਾਰਤੀ ਜਨਤਾ ਪਾਰਟੀ ਵਲੋਂ ਅਕਾਲੀ ਦਲ ਬਾਰੇ ਆਪਣਾ ਰਵਈਆ ਦੱਸਿਆ ਗਿਆ ਹੈ। ਉਸ ਤੋਂ ਬਾਅਦ ਅਕਾਲੀ ਦਲ ਵੱਲੋਂ ਵੀ ਹਮੇਸ਼ਾ ਦੀ ਤਰ੍ਹਾਂ ਸਿਧਾਂਤਾਂ ਉਪਰ ਪਹਿਰਾ ਦੇਣ ਦੀ ਗੱਲ ਨੂੰ ਕੋਰ ਕਮੇਟੀ ਵਲੋਂ ਦੋਹਰਾਇਆ ਗਿਆ ਹੈ। ਕਿਉਂਕਿ ਅਕਾਲੀ ਦਲ ਹੀ ਇੱਕ ਇਸ ਤਰ੍ਹਾਂ ਦੀ ਪਾਰਟੀ ਹੈ ਜੋ ਕਿ ਕਿਸਾਨਾਂ ਦੇ ਨਾਲ ਅਤੇ ਸਿਧਾਂਤਾਂ ਦੇ ਨਾਲ ਖੜੀ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਮਹਿਲਾ ਵਿੰਗ ਦੇ ਮੁੱਖ ਸੇਵਾਦਾਰ ਬੀਬੀ ਰਣਜੀਤ ਕੌਰ ਨੇ ਮੀਡੀਆ ਨੂੰ ਜਾਰੀ ਆਪਣੇ ਬਿਆਨ ਰਾਹੀਂ ਕਿਹਾ ਕਿ ਜੋ ਵੀ ਪਾਰਟੀ ਸਾਡੇ ਨਾਲ ਸਮਝੌਤਾ ਕਰੇਗੀ ਉਹ ਅਕਾਲੀ ਦਲ ਦੇ ਸੰਵਿਧਾਨ ਦੇ ਨਾਲ ਅਤੇ ਸਿਧਾਂਤ ਦੇ ਨਾਲ ਜੁੜੀ ਹੋਏਗੀ ਤਾਂ ਹੀ ਸਮਝੌਤਾ ਹੋ ਸਕੇਗਾ। ਕਿਉਂਕਿ ਕਿਸਾਨੀ ਅੰਦੋਲਨ ਨੂੰ ਲੈ ਕੇ ਕਦੀ ਵੀ ਭਾਰਤੀ ਜਨਤਾ ਪਾਰਟੀ ਦੇ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ ਹੈ ।
ਸ਼ੋ੍ਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ‘ਚ ਰਾਜਾਂ ਵਾਸਤੇ ਵੱਧ ਅਧਿਕਾਰ ਤੇ ਵਾਜਿਬ ਖੁਦ ਮੁਖਤਿਆਰੀ, ਬੰਦੀ ਸਿੰਘ, ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ ਦੀ ਰਿਹਾਈ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਹੱਕਾਂ, ਖਾਲਸਾ ਪੰਥ ਦੇ ਧਾਰਮਿਕ ਮਾਮਲਿਆਂ, ਸਿੱਖ ਸੰਸਥਾਵਾਂ ਦੇ ਕੰਮਕਾਜ ‘ਚ ਬੇਲੋੜੀ ਦਖਲ ਅੰਦਾਜ਼ੀ, ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਅਤੇ ਕਮਜ਼ੋਰ ਕਰਨ ਦੀਆਂ ਸ਼ਾਜਿਸਾਂ, ਹਰਿਆਣਾ ‘ਚ ਬਣਾਈ ਗਈ ਵੱਖਰੀ ਕਮੇਟੀ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ, ਤਖ਼ਤ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਸਾਹਿਬ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀਆਂ ‘ਤੇ ਕਬਜ਼ੇ, ਅਟਾਰੀ ਤੇ ਫਿਰੋਜ਼ਪੁਰ ਸਰਹੱਦ ਅਤੇ ਜਮੀਨ ਰਾਹੀਂ ਹੋਰ ਮੁਲਕਾਂ ਨਾਲ ਵਪਾਰ ਦਾ ਰਾਹ ਖੋਲ੍ਹਣ, ਐੱਨਐੱਸਏ ਵਰਗੇ ਕਾਲੇ ਕਾਨੂੰਨਾਂ ਦੀ ਦੁਰਵਰਤੋਂ, ਦੇਸ਼ ਦੇ ਸੰਵਿਧਾਨ ਨੂੰ ਖੋਰਾ ਲਾਉਣ ਵਰਗੇ ਮੁੱਦੇ ਚੁੱਕ ਕੇ ਪੰਜਾਬੀਆਂ ਦੇ ਹਰ ਵਰਗ ਦੇ ਹਿਤਾਂ ਦੀ ਗੱਲ ਕੀਤੀ ਅਤੇ ਸਪਸ਼ਟ ਕਰ ਦਿੱਤਾ ਹੈ ਕਿ ਸ਼ੋ੍ਮਣੀ ਅਕਾਲੀ ਦਲ ਲਈ ਸਿਧਾਂਤ ਰਾਜਨੀਤੀ ਤੋਂ ਉੱਪਰ ਹਨ।