ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):- ਯੂਰੋਪ ਅੰਦਰ ਰਹਿੰਦੇ ਸਿੱਖ ਪਰਿਵਾਰਾਂ ਨੂੰ ਬਹੁਤ ਵਾਰ ਧਾਰਮਿਕ ਮੁਦਿਆਂ ਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਬਾਰੇ ਅਖਬਾਰਾਂ ਅੰਦਰ ਉਨ੍ਹਾਂ ਨਾਲ ਹੁੰਦੇ ਵਿਤਕਰਿਆਂ ਬਾਰੇ ਪੜਨ ਨੂੰ ਮਿਲਦਾ ਰਹਿੰਦਾ ਹੈ । ਇਸ ਬਾਰੇ ਜਾਣਕਾਰੀ ਦੇਂਦਿਆਂ ਸਰਦਾਰ ਬਿੰਦਰ ਸਿੰਘ ਯੂਰੋਪੀਅਨ ਸਿੱਖ ਓਰਗੇਨਾਈਜੇਸ਼ਨ ਦੇ ਮੁੱਖੀ ਨੇ ਕਿਹਾ ਕਿ ਯੂਰੋਪ ਅੰਦਰ ਸਿੱਖ ਧਰਮ ਨੂੰ ਮਾਨਤਾ ਨਾ ਮਿਲੀ ਹੋਣ ਕਰਕੇ ਕਈ ਵਾਰ ਸਾਨੂੰ ਵਿਤਕਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਨੂੰ ਦੇਖਦਿਆਂ ਅਸੀ ਬੈਲਜੀਅਮ ਦੇ ਗੁਰਦੁਆਰਾ ਸਿੰਤਰੁਦਨ ਸਾਹਿਬ ਅਤੇ ਸੰਗਤ ਦੇ ਸਹਿਯੋਗ ਨਾਲ ਇਸ ਮਾਮਲੇ ਨੂੰ ਪਾਰਲੀਮੈਂਟ ਅੰਦਰ ਜਲਦ ਚੁੱਕਾਂਗੇ । ਇਸ ਲਈ ਅਸੀ ਉੱਥੇ ਰਹਿੰਦੀ ਸਿੱਖ ਵਸੋਂ ਨੂੰ ਲਾਮਬੰਦ ਕਰ ਰਹੇ ਹਾਂ ਅਤੇ ਵੱਖ ਵੱਖ ਬਿਲਡਿੰਗਾ ਤੇ ਵੱਡੇ ਵੱਡੇ ਇਸਤੇਹਾਰ ਵੀਂ ਲਗਾਏ ਹਨ । ਉਨ੍ਹਾਂ ਦਸਿਆ ਕਿ ਇਕ ਵਫਦ ਯੂਰੋਪ ਦੀ ਪਾਰਲੀਮੈਂਟ ਅੰਦਰ ਮਨਾਏ ਜਾ ਰਹੇ ਵਿਸਾਖੀ ਪੁਰਬ ਤੇ ਪਾਰਲੀਮੈਂਟ ਮੈਂਬਰਾਂ ਨਾਲ ਮਿਲਕੇ ਸਿੱਖਾਂ ਦੇ ਮੁੱਦੇਆਂ ਨੂੰ ਚਕੇਗਾ ਜਿਸ ਅੰਦਰ ਪੰਥ ਦੀਆਂ ਵਡੀਆਂ ਸਤਿਕਾਰਯੋਗ ਸ਼ਖਸ਼ੀਅਤਾਂ ਵੀਂ ਸ਼ਾਮਿਲ ਹੋ ਰਹੀਆਂ ਹਨ । ਉਨ੍ਹਾਂ ਦਸਿਆ ਕਿ 6 ਅਪ੍ਰੈਲ ਨੂੰ ਵਿਸਾਖੀ ਪੁਰਬ ਨੂੰ ਸਮਰਪਿਤ ਇਕ ਵਿਸ਼ਾਲ ਨਗਰ ਕੀਰਤਨ ਨਿਕਾਲਿਆ ਜਾ ਰਿਹਾ ਹੈ ਜਿਸ ਵਿਚ ਪਹਿਲੀ ਵਾਰ ਨਗਰ ਕੀਰਤਨ ਅੰਦਰ ਸ਼ਾਮਿਲ ਹੋਣ ਵਾਲੀਆਂ ਸੰਗਤਾਂ ਉਪਰ ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਜਾਏਗੀ । ਗੁਰਦੁਆਰਾ ਸਿੰਤਰੁਦਨ ਸਾਹਿਬ ਦੇ ਪ੍ਰਧਾਨ ਸਰਦਾਰ ਕਰਮ ਸਿੰਘ ਨੇ ਇਸ ਨਗਰ ਕੀਰਤਨ ਵਿਚ ਵੱਧ ਤੋਂ ਵੱਧ ਸੰਗਤਾਂ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ ।