ਗ੍ਰਹਿਣ ਲੱਗਣਾ ਇੱਕ ਵਿਗਿਆਨਿਕ ਘਟਨਾ ਹੈ। ਸਮੇਂ ਸਮੇਂ ਤੇ ਧਰਤੀ ਤੇ ਇਹਨਾਂ ਗ੍ਰਹਿਣਾ ਦਾ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਗ੍ਰਹਿਣ ਦੋ ਤਰ੍ਹਾਂ ਦੇ ਹੁੰਦੇ ਹਨ ਸੂਰਜ ਗ੍ਰਹਿਣ ਅਤੇ ਚੰਦਰ ਗ੍ਰਹਿਣ। ਸੂਰਜ ਗ੍ਰਹਿਣ ਉਸ ਵੇਲੇ ਲੱਗਦਾ ਹੈ ਜਦੋਂ ਚੰਦਰਮਾ ਘੁੰਮਦਾ ਹੋਇਆ ਸੂਰਜ ਅਤੇ ਧਰਤੀ ਦੇ ਵਿਚਾਲੇ ਆ ਜਾਂਦਾ ਹੈ ਅਤੇ ਇਸ ਤਰ੍ਹਾਂ ਇਹ ਸੂਰਜ ਨੂੰ ਢੱਕ ਲੈਂਦਾ ਹੈ। ਜਿਸ ਨਾਲ ਧਰਤੀ ਤੋਂ ਸੂਰਜ ਦਿਖਾਈ ਨਹੀਂ ਦਿੰਦਾ ਅਤੇ ਹਨੇਰੇ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ। ਇਸ ਨੂੰ ਪੂਰਨ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਘੁੰਮਦੇ ਹੋਏ ਸੂਰਜ, ਧਰਤ ਅਤੇ ਚੰਦਰਮਾ ਇੱਕ ਲੈਣ ਚ ਆ ਜਾਂਦੇ ਹਨ ਅਤੇ ਧਰਤੀ ਦੋਨਾਂ ਦੇ ਵਿਚਾਲੇ ਹੁੰਦੀ ਹੈ ਤਾਂ ਚੰਦਰ ਗ੍ਰਹਿਣ ਲੱਗਦਾ ਹੈ। ਇਸ ਵੇਲੇ ਚੰਦਰਮਾ ਉੱਤੇ ਧਰਤੀ ਦੀ ਪਰਛਾਈ ਪੈਂਦੀ ਹੈ ਅਤੇ ਸੂਰਜ ਦਾ ਪ੍ਰਕਾਸ਼ ਚੰਦਰਮਾ ਤੇ ਨਹੀਂ ਪਹੁੰਚਦਾ। ਇਸ ਨੂੰ ਚੰਦਰ ਗ੍ਰਹਿਣ ਕਿਹਾ ਜਾਂਦਾ ਹੈ।
ਇਸ ਸਾਲ ਦਾ ਸੂਰਜ ਗ੍ਰਹਿਣ 8 ਅਪ੍ਰੈਲ ਨੂੰ ਲੱਗਣ ਜਾ ਰਿਹਾ ਹੈ। ਇਸ ਦਿਨ ਸੂਰਜ ਚੰਦਰਮਾ ਅਤੇ ਧਰਤੀ ਇੱਕੋ ਲਾਈਨ ਵਿੱਚ ਹੋਣਗੇ। ਚੰਦਰਮਾ ਧਰਤੀ ਦੇ ਉੱਤੇ ਆਉਣ ਵਾਲੇ ਸੂਰਜ ਦੇ ਪ੍ਰਕਾਸ਼ ਨੂੰ ਰੋਕ ਕੇ ਕੁਝ ਸਮੇਂ ਲਈ ਹਨੇਰਾ ਕਰ ਦੇਵੇਗਾ। ਇਸ ਵਾਰ ਚੰਦਰਮਾ ਸੂਰਜ ਨੂੰ ਪੂਰੀ ਤਰ੍ਹਾਂ ਢੱਕ ਲਵੇਗਾ ਇਸ ਲਈ ਇਹ ਪੂਰਨ ਸੂਰਜ ਗ੍ਰਹਿਣ ਹੋਵੇਗਾ। ਇਹ ਪਿਛਲੇ 50 ਸਾਲ ਦਾ ਸਭ ਤੋਂ ਲੰਬਾ ਸੂਰਜ ਗ੍ਰਹਿਣ ਹੋਵੇਗਾ। ਇਸ ਦੌਰਾਨ ਅਮਰੀਕਾ, ਮੈਕਸੀਕੋ ਅਤੇ ਕਨੇਡਾ ਦੇ ਬਹੁਤ ਸਾਰੇ ਖੇਤਰਾਂ ਵਿੱਚ ਸਾਢੇ ਸੱਤ ਮਿੰਟ ਲਈ ਚੰਦਰਮਾ ਸੂਰਜ ਦਾ ਪ੍ਰਕਾਸ਼ ਰੋਕ ਕੇ ਧਰਤੀ ਤੇ ਹਨੇਰਾ ਕਰੇਗਾ। ਇਹ ਸਥਿਤੀ ਸੂਰਜ ਨਿਕਲਣ ਤੋਂ ਬਿਲਕੁਲ ਪਹਿਲਾਂ ਜਾਂ ਸੂਰਜ ਡੁੱਬਣ ਤੋਂ ਬਿਲਕੁਲ ਬਾਅਦ ਵਰਗੀ ਹੋਵੇਗੀ। ਇਸ ਤੋਂ ਪਹਿਲਾਂ 21ਵੀਂ ਸਦੀ ਦਾ ਸਭ ਤੋਂ ਲੰਬਾ ਸੂਰਜ ਗ੍ਰਹਿਣ ਜਿਹੜਾ 6ਮਿੰਟ 39 ਸੈਕਿੰਡ ਦਾ ਸੀ 22 ਜੁਲਾਈ 2009 ਨੂੰ ਲੱਗਿਆ ਸੀ। ਇਸ ਤੋਂ ਬਾਅਦ ਅਗਲਾ ਪੂਰਨ ਸੂਰਜ ਗ੍ਰਹਿਣ 12 ਅਗਸਤ 2026 ਨੂੰ ਲੱਗੇਗਾ। ਉੱਤਰੀ ਅਮਰੀਕਾ ਵਿੱਚ ਸੂਰਜ ਗ੍ਰਹਿਣ ਸਭ ਤੋਂ ਪਹਿਲਾਂ ਮੈਕਸਿਕੋ ਵਿੱਚ ਦਿਖਾਈ ਦੇਵੇਗਾ ਮੈਕਸੀਕੋ ਤੋਂ ਬਾਅਦ ਇਹ ਟੈਕਸਾਸ ਤੋਂ ਹੁੰਦੇ ਹੋਏ ਸੰਯੁਕਤ ਰਾਸ਼ਟਰ ਅਮਰੀਕਾ ਦੇ ਬਾਕੀ ਹਿੱਸਿਆਂ ਵਿੱਚ ਦਿਖਾਈ ਦੇਵੇਗਾ ਇਹ ਸੂਰਜ ਗ੍ਰਹਿਣ ਭਾਰਤ ਵਿੱਚ ਦਿਖਾਈ ਨਹੀਂ ਦੇਵੇਗਾ ਕਿਉਂਕਿ ਉਸ ਵੇਲੇ ਭਾਰਤ ਵਿੱਚ ਰਾਤ ਹੋਵੇਗੀ।
ਵਿਗਿਆਨਿਕ ਸੂਰਜ ਗ੍ਰਹਿਣ ਨੂੰ ਕਾਫੀ ਸਮੇਂ ਤੋਂ ਉਡੀਕਦੇ ਰਹਿੰਦੇ ਹਨ ਕਿਉਂਕਿ ਇਸ ਦੇ ਨਾਲ ਉਹਨਾਂ ਨੂੰ ਸੂਰਜ ਬਾਰੇ ਬਹੁਤ ਸਾਰੀ ਜਾਣਕਾਰੀ ਹੋਰ ਇਕੱਠੀ ਕਰਨ ਦਾ ਮੌਕਾ ਮਿਲਦਾ ਹੈ। ਗ੍ਰਹਿਣ ਦੌਰਾਨ ਸੂਰਜ ਦਾ ਕਰੋਨਾ ਪੂਰੀ ਤਰ੍ਹਾਂ ਦਿਖਾਈ ਦੇਣ ਲੱਗਦਾ ਹੈ ਜੋ ਵਿਗਿਆਨਕਾਂ ਨੂੰ ਪੜਚੋਲਣ ਲਈ ਕਾਫੀ ਸਹਾਈ ਹੁੰਦਾ ਹੈ ਅਤੇ ਨਵੀਂ ਜਾਣਕਾਰੀ ਪ੍ਰਦਾਨ ਕਰਦਾ ਹੈ। ਇਸੇ ਲਈ ਆਮ ਲੋਕਾਂ ਚ ਵੀ ਇਸ ਨੂੰ ਦੇਖਣ ਦੀ ਲਾਲਸਾ ਹੁੰਦੀ ਹੈ। ਪਰ ਫਿਰ ਵੀ ਵਿਗਿਆਨਿਕ ਆਮ ਲੋਕਾਂ ਨੂੰ ਇਸ ਨੂੰ ਨੰਗੀ ਅੱਖ ਨਾਲ ਨਾ ਦੇਖਣ ਦੀ ਸਲਾਹ ਦਿੰਦੇ ਹਨ ਕਿਉਂਕਿ ਉਸ ਵੇਲੇ ਸੂਰਜ ਦੀਆਂ ਕਿਰਨਾਂ ਦੀ ਤੀਬਰਤਾ ਬਹੁਤ ਜਿਆਦਾ ਹੋ ਸਕਦੀ ਹੈ ਜਿਸ ਨਾਲ ਅੱਖ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਨੂੰ ਖਾਸ ਕਿਸਮ ਦੀਆਂ ਐਣਕਾਂ ਲਗਾ ਕੇ ਹੀ ਦੇਖਣਾ ਚਾਹੀਦਾ। ਜੇ ਇਸ ਗ੍ਰਹਿਣ ਨੂੰ ਕੈਮਰੇ ਜਾਂ ਦੂਰਬੀਨ ਦੀ ਸਹਾਇਤਾ ਨਾਲ ਦੇਖਣਾ ਹੋਵੇ ਤਾਂ ਦੂਰਬੀਨ ਦੇ ਅਗਲੇ ਲੈੰਸ ਤੇ ਖਾਸ ਕਿਸਮ ਦੇ ਸੋਲਰ ਫਿਲਟਰ ਲਗਾਣੇ ਚਾਹੀਦੇ ਹਨ। ਇਹ ਨੰਗੀ ਅੱਖ ਨਾਲ ਦੇਖਣ ਤੇ ਇਹ ਅੱਖ ਨੂੰ ਅੰਸ਼ਕ ਰੂਪ ਵਿੱਚ ਜਾਂ ਪੂਰੇ ਤੌਰ ਤੇ ਖਰਾਬ ਕਰ ਸਕਦਾ ਹੈ।