ਲੁਧਿਆਣਾ : ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਵੱਲੋਂ ਅੱਜ ਪੰਜਾਬੀ ਭਵਨ ਲੁਧਿਆਣਾ ਵਿੱਚ ਸਥਾਪਨਾ ਦਿਵਸ ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ ਚਰਚਾ ਕੌਮਾਂਤਰੀ ਮੈਗਜ਼ੀਨ ਦੇ ਸੰਪਾਦਕ ਦਰਸ਼ਨ ਸਿੰਘ ਢਿੱਲੋਂ, ਪ੍ਰਸਿੱਧ ਪ੍ਰਗਤੀਵਾਦੀ ਲੇਖਕ ਜੋਗਿੰਦਰ ਸਿੰਘ ਨਿਰਾਲਾ, ਸੁਰਿੰਦਰ ਕੈਲੇ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਪ੍ਰਧਾਨ ਸੁਰਜੀਤ ਜੱਜ ਨੇ ਕੀਤੀ। ਮੁੱਖ ਬੁਲਾਰੇ ਵਜੋਂ ਬੋਲਦਿਆਂ ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਉਸ ਇਨਕਲਾਬੀ ਪਿਛੋਕੜ ਦਾ ਜ਼ਿਕਰ ਕੀਤਾ, ਜਿਸ ਵਿਚੋਂ ਸਜ਼ਾਦ ਜ਼ਹੀਰ, ਰਸ਼ੀਦ ਜਹਾਂ, ਮੁੰਸ਼ੀ ਪ੍ਰੇਮਚੰਦ, ਇਸਮਤ ਚੁਗਤਾਈ, ਮੰਟੋ ਅਤੇ ਫ਼ੈਜ਼ ਅਹਿਮਦ ਫ਼ੈਜ਼ ਵਰਗੇ ਵਿਸ਼ਵ ਪੱਧਰੀ ਚਿੰਤਕਾਂ ਨੇ ਮਿਲ ਕੇ ਇਹ ਰਾਸ਼ਟਰੀ ਮੰਚ ਬਣਾਇਆ ਅਤੇ ਆਜ਼ਾਦੀ ਦੀ ਲੜਾਈ ਤੋਂ ਲੈਕੇ ਹੁਣ ਤਕ ਦੇਸ਼ ਵਿਚ ਫਿਰਕਾਪ੍ਰਸਤ ਅਤੇ ਫਾਸ਼ੀਵਾਦੀ ਤਾਕਤਾਂ ਦਾ ਡਟ ਕੇ ਮੁਕਾਬਲਾ ਕਰਨ ਵਿਚ ਵੱਡੀ ਭੂਮਿਕਾ ਨਿਭਾਈ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਅੱਜ ਦੇ ਦੌਰ ਦੀਆਂ ਚੁਣੌਤੀਆਂ ਦੇ ਪ੍ਰਸੰਗ ਵਿਚ ਪ੍ਰਗਤੀਸ਼ੀਲ ਲੇਖਕ ਸੰਘ ਨੂੰ ਔਰਤਾਂ, ਦਲਿਤਾਂ ਅਤੇ ਹੋਰ ਹਾਸ਼ੀਆਕ੍ਰਿਤ ਸਮੂਹਾਂ ਦੀ ਲੜਾਈ ਅੱਗੇ ਵਧ ਕੇ ਕਰਨੀ ਚਾਹੀਦੀ ਹੈ। ਸਮਾਗਮ ਦੇ ਮੁੱਖ ਮਹਿਮਾਨ ਦਰਸ਼ਨ ਸਿੰਘ ਢਿੱਲੋਂ ਨੇ ਲੇਖਕਾਂ ਅਤੇ ਬੁੱਧੀਜੀਵੀਆਂ ਨੂੰ ਸੱਦਾ ਦਿੱਤਾ ਕਿ ਇਸ ਵੇਲੇ ਪੰਜਾਬੀ ਲੇਖਕਾਂ ਨੂੰ ਦਰਜਿਆਂ ਵਿਚ ਵੰਡਣ ਦੀ ਰਵਾਇਤ ਸਮਝ ਕੇ ਇਕ ਦੂਜੇ ਨੂੰ ਪੜ੍ਹਨਾ ਅਤੇ ਸਮਝਣਾ ਚਾਹੀਦਾ ਹੈ ਅਤੇ ਪ੍ਰਗਤੀਸ਼ੀਲ ਧਾਰਾ ਨਾਲ ਜੁੜਕੇ ਸਮਾਜਿਕ ਜ਼ਿੰਮੇਵਾਰੀ ਵਾਲਾ ਸਾਹਿਤ ਸਿਰਜਣਾ ਚਾਹੀਦਾ ਹੈ। ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ ਨੇ ਸਜ਼ਾਦ ਜ਼ਹੀਰ, ਮੁੰਸ਼ੀ ਪ੍ਰੇਮਚੰਦ ਦੁਆਰਾ 1936 ਵਿਚ ਦਿੱਤੇ ਭਾਸ਼ਣਾਂ ਵਿਚਲੇ ਕਥਨਾਂ ਦੇ ਹਵਾਲੇ ਨਾਲ ਵਰਤਮਾਨ ਦੌਰ ਵਿਚ ਪ੍ਰਗਤੀਸ਼ੀਲ ਸੰਘ ਦੀ ਭੂਮਿਕਾ ਤੇ ਚਰਚਾ ਕੀਤੀ। ਪ੍ਰਧਾਨ ਸੁਰਜੀਤ ਜੱਜ ਨੇ ਪੰਜਾਬ ਪ੍ਰਗਤੀਸ਼ੀਲ ਲੇਖਕ ਸੰਘ ਦੀਆਂ ਇਕਾਈਆਂ ਦੇ ਕਾਰਜਾਂ ਦੇ ਹਵਾਲੇ ਨਾਲ ਸੰਸਥਾ ਦੀ ਕਾਰਗੁਜਾਰੀ ਤੇ ਚਾਨਣਾ ਪਾਇਆ।
ਦੂਜੇ ਸੈਸ਼ਨ ਵਿੱਚ ਕਵੀ ਦਰਬਾਰ ਹੋਇਆ ਜਿਸ ਦੀ ਪ੍ਰਧਾਨਗੀ ਉੱਘੇ ਪ੍ਰਗਤੀਸ਼ੀਲ ਸ਼ਾਇਰ ਭਗਵਾਨ ਢਿੱਲੋਂ, ਉੱਘੇ ਸ਼ਾਇਰ ਹਰਮੀਤ ਵਿਦਿਆਰਥੀ ਅਤੇ ਕਵਿਤਾ ਦੇ ਆਲੋਚਕ ਡਾ. ਅਰਵਿੰਦਰ ਕਾਕੜਾ ਨੇ ਕੀਤੀ ਅਤੇ ਮੰਚ ਸੰਚਾਲਨ ਦੀ ਭੂਮਿਕਾ ਸ਼ਾਇਰ ਡਾ. ਸੰਤੋਖ ਸੁੱਖੀ ਨੇ ਨਿਭਾਈ। ਇਸ ਕਵੀ ਦਰਬਾਰ ਵਿੱਚ ਰਾਜਦੀਪ ਟੂਰ, ਬਲਵਿੰਦਰ ਭੱਟੀ, ਰਵੀ ਰਵਿੰਦਰ, ਸੁਖਜੀਵਨ, ਗੁਰਪ੍ਰੀਤ ਕੌਰ, ਮਲਕੀਤ ਜੌੜਾ, ਬਲਵਿੰਦਰ ਸਿੰਘ ਢਿੱਲੋਂ, ਜਸਪਾਲ ਮਾਨਖੇੜਾ, ਜਸਵੀਰ ਝੱਜ, ਅਮਰਜੀਤ ਸ਼ੇਰਪੁਰੀ, ਮਨਦੀਪ ਕੌਰ ਭੰਮਰਾ, ਧਰਵਿੰਦਰ ਔਲਖ, ਭੁਪਿੰਦਰ ਸੰਧੂ, ਗੁਲਾਬ ਸਿੰਘ, ਇੰਦਰਜੀਤ ਜਾਦੂ, ਨਰਿੰਦਰਪਾਲ ਕੌਰ, ਸਤਨਾਮ ਸਿੰਘ, ਦੀਪਕ ਧਲੇਵਾਂ, ਮਨੂ ਬੁਆਣੀ, ਸੁਖਬੀਰ ਭੁੱਲਰ, ਪਰਮਜੀਤ ਕੌਰ ਮਹਿਕ, ਕੁਲਵਿੰਦਰ ਕਿਰਨ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ।
ਉਪਰੋਕਤ ਤੋਂ ਇਲਾਵਾ ਇਸ ਸਮਾਗਮ ਵਿੱਚ ਜਨਮੇਜਾ ਸਿੰਘ ਜੌਹਲ, ਪ੍ਰੋ. ਬਲਦੇਵ ਬੱਲੀ, ਸਤੀਸ਼ ਗੁਲਾਟੀ, ਸੁਰਿੰਦਰ ਦੀਪ, ਰਮੇਸ਼ ਯਾਦਵ, ਭੋਲਾ ਸਿੰਘ ਸੰਘੇੜਾ, ਨਾਟਕਕਾਰ ਸੋਮਪਾਲ ਹੀਰਾ, ਡਾ. ਕੰਵਲ ਢਿੱਲੋ, ਗੁਰਮੇਜ ਭੱਟੀ, ਤਰਨ ਬੱਲ ਹਾਜ਼ਰ ਰਹੇ। ਇਸ ਪ੍ਰੋਗਰਾਮ ਦਾ ਸਮੁੱਚਾ ਪ੍ਰਬੰਧ ਡਾ. ਗੁਲਜਾਰ ਸਿੰਘ ਪੰਧੇਰ ਦੀ ਅਗਵਾਈ ਵਿੱਚ ਪ੍ਰਗਤੀਸ਼ੀਲ ਲੇਖਕ ਸੰਘ ਦੀ ਲੁਧਿਆਣਾ ਇਕਾਈ ਨੇ ਕੀਤਾ।