ਪਟਿਆਲਾ : ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਦੀ ਅਗਵਾਈ ਅਧੀਨ ਕਾਰਜਕਾਰਨੀ ਦੀ ਹੋਈ ਇਕੱਤਰਤਾ ਵਿਚ ਸਾਲ 2024 ਲਈ ਚੌਥਾ ਪ੍ਰੀਤਿਕਾ ਸ਼ਰਮਾ ਸਾਹਿਤਕ ਪੁਰਸਕਾਰ ਉਘੀ ਯੁਵਾ—ਕਵਿੱਤਰੀ ਰੂਹੀ ਸਿੰਘ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ ਜਿਸ ਵਿਚ ਉਹਨਾਂ ਨੂੰ ਨਗਦ ਰਾਸ਼ੀ ਤੋਂ ਇਲਾਵਾ ਫੁਲਕਾਰੀ ਅਤੇ ਸਨਮਾਨ ਪੱਤਰ ਭੇਂਟ ਕੀਤੇ ਜਾਣਗੇ।ਰੂਹੀ ਸਿੰਘ ਅਜੋਕੇ ਦੌਰ ਦੀ ਉਹ ਅਗਾਂਹਵਧੂ ਸ਼ਾਇਰਾ ਹੈ ਜਿਸ ਨੇ ਥੋੜ੍ਹੇ ਸਮੇਂ ਵਿਚ ਹੀ ਚੰਗਾ ਨਾਮਣਾ ਖੱਟਿਆ ਹੈ। ਉਸ ਨੇ ਪੰਜਾਬੀ ਸ਼ਾਇਰੀ ਅਤੇ ਬਾਲ ਸਾਹਿਤ ਦੇ ਜ਼ਰੀਏ ਔਰਤ ਅਤੇ ਬਾਲ ਮਨ ਦੀ ਸੰਵੇਦਨਾ,ਕੋਮਲਾ ਅਤੇ ਸੰਭਾਵਨਾਵਾਂ ਨੂੰ ਖ਼ੂਬਸੂਰਤੀ ਨਾਲ ਚਿੱਤਰਿਆ ਹੈ।ਡਾ. ‘ਆਸ਼ਟ* ਅਨੁਸਾਰ ਸਭਾ ਦੇ ਜਨਰਲ ਸਕੱਤਰ ਸ੍ਰੀ ਦਵਿੰਦਰ ਪਟਿਆਲਵੀ ਦੇ ਪਰਿਵਾਰ ਵੱਲੋਂ ਇਹ ਪੁਰਸਕਾਰ ਹਰ ਸਾਲ ਉਹਨਾਂ ਦੀ ਬੇਟੀ ਪ੍ਰੀਤਿਕਾ ਸ਼ਰਮਾ ਦੇ ਜਨਮ ਦਿਨ ਅਵਸਰ ਤੇ ਪੰਜਾਬੀ ਸਾਹਿਤ ਦੇ ਕਿਸੇ ਖੇਤਰ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀ ਲੇਖਿਕਾ ਨੂੰ ਦੇਣ ਦੀ ਪਿਰਤ ਸ਼ੁਰੂ ਕੀਤੀ ਹੋਈ ਹੈ।ਇਹ ਪੁਰਸਕਾਰ ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਸਹਿਯੋਗ ਨਾਲ ਪ੍ਰਦਾਨ ਕੀਤਾ ਜਾਂਦਾ ਹੈ। ਹੁਣ ਤੱਕ ਇਹ ਪੁਰਸਕਾਰ ਸਰਬਜੀਤ ਕੌਰ ਜੱਸ,ਸੁਖਚੰਚਲ ਕੌਰ ਅਤੇ ਕਮਲ ਸੇਖੋਂ ਨੂੰ ਪ੍ਰਦਾਨ ਕੀਤਾ ਜਾ ਚੁੱਕਾ ਹੈ। ਰੂਹੀ ਸਿੰਘ ਨੂੰ ਇਹ ਪੁਰਸਕਾਰ ਨੇੜ ਭਵਿੱਖ ਵਿਚ ਭਾਸ਼ਾ ਵਿਭਾਗ, ਪੰਜਾਬ, ਸ਼ੇਰਾਂ ਵਾਲਾ ਗੇਟ,ਪਟਿਆਲਾ ਵਿਖੇ ਆਯੋਜਿਤ ਕੀਤੇ ਜਾਣ ਵਾਲੇ ਸਮਾਗਮ ਵਿਚ ਪ੍ਰਦਾਨ ਕੀਤਾ ਜਾ ਰਿਹਾ ਹੈ ਜਿਸ ਵਿਚ ਪੰਜਾਬ ਦੀਆਂ ਨਾਮਵਰ ਸ਼ਖ਼ਸੀਅਤਾਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ।