ਯੁੱਧ ਦਾ ਨਵੀਨ ਢੰਗ ਤਰੀਕਾ ਕੋਈ ਪਟਨੇ ਤੋਂ ਜਨਮ ਲੈ ਕੇ ਹੀ ਦੱਸ ਸਕਦਾ ਹੈ-
ਕਹਿਰਾਂ ਦੇ ਯੁੱਧ ਐਵੇਂ ਨਹੀਂ ਲੜੇ ਜਾਂਦੇ।
ਲੱਖਾਂ ਦੇ ਨਾਲ ਕੱਲਿਆਂ ਕੱਲਿਆਂ ਨੇ ਲੜਨਾ,
ਹਿੰਮਤਾਂ ਵਾਲਿਆਂ ਦੇ ਹੀ ਡੌਲਿਆਂ ਤੇ ਲਿਖਿਆ ਹੁੰਦਾ ਹੈ।
ਅਜਿਹਾ ਜੇਰਾ ਹੁੰਦਾ ਹੈ,
ਹੌਸਲੇ ਵਾਲਿਆਂ ਕੋਲ।
ਦੁੱਖਾਂ ਦਾ ਕਹਿਰ,
ਟੁੱਟਿਆ ਹੋਇਆ ਸੀ।
ਸਰੀਰ ਵਿੱਚ ਭੁੱਖ ਪਿਆਸ ਦੀ ਚੀਸ ਸੀ।
ਪਰ ਮਨ ਵਿੱਚ ਰੀਝ ਸੀ,
ਜੰਗ ਨੂੰ ਜਿੱਤਣਾ।
ਤੇ ਸਰਹੰਦ ਦੀਆਂ ਕੰਧਾਂ ਨੂੰ ਢਾਹੁਣਾ ।
ਉਦੋਂ ਫਿਰ ਤਲਵਾਰ ਗਾਉਂਦੀ ਹੋਈ ਨੱਚਦੀ ਹੈ ਵੈਰੀ ਦੇ ਸੀਨਿਆਂ ਤੇ
ਮਨ ਵਿੱਚ ਵਸਿਆ ਹੁੰਦਾ ਹੈ।
“ਨਾ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋਂ”
ਸਭ ਕੁਝ ਹੋ ਜਾਂਦਾ ਹੈ ਸੰਭਵ,
ਜੇ ਸੋਚ, ਸਮਝ, ਸੁਰਤ ਚੜਦੀ ਕਲਾ ਵਿੱਚ ਹੋਵੇ ਤਾਂ,
ਸਿੱਖੀ ਦਾ ਮੂਲ ਸਿਧਾਂਤ ਇਹੀ ਹੈ।
ਜੋ ਅਨੰਦਪੁਰ ਕਿਸੇ ਸੂਰਜ ਨੇ,
ਤਲਵਾਰ ਦਾ ਜੌਹਰ ਵਿਖਾ ਕੇ ਸਿਖਾਇਆ ਸੀ ਕੌਮ ਨੂੰ।
ਜਿਹਨੂੰ ਅਸੀਂ ਬਹੁਤ ਜਰੂਰੀ ਸਮਝਣਾ ਹੈ। ਵਿਚਾਰਨਾ ਹੈ ।
ਮੱਥਿਆਂ ਤੇ ਖੁਣਨਾ ਹੈ।
ਇਹੋ ਜਿਹੀਆਂ ਸਜਾਈਆਂ ਹੋਈਆਂ ਕੌਮਾਂ,
ਕਦੇ ਜੰਗ ਚੋਂ ,
ਹਾਰ ਕੇ ਨਹੀਂ ਪਰਤਦੀਆਂ।
ਜਿਨਾਂ ਦੇ ਮੱਥਿਆਂ ਤੇ ਸਦਾ ਚੜਦੀ ਕਲਾ ਲਿਖੀ ਹੋਵੇ।
ਤੇ ਜਿੱਤ ਦੀ ਅਰਦਾਸ ਦਾ,
ਇੱਕ ਇੱਕ ਅੱਖਰ,
ਤੇ ਸ਼ਬਦ ਸ਼ਬਦ ਵਿੱਚ ਸਿੰਘਾਂ ਸਿੰਘਣੀਆਂ ਦਾ ਜ਼ਿਕਰ ਹੋਵੇ।
ਫਿਰ ਕੋਈ ਨਹੀਂ
ਮੁੜਦਾ ਘਰਾਂ ਨੂੰ
ਬੇਦਾਵੇ ਦੇ ਕੇ।
ਉਸ ਵੇਲੇ ਤਾਂ ਲੜਨ ਦਾ। ਜੂਝਣ ਦਾ।
ਤੇ ਜਿੱਤਣ ਦਾ ਚਾਅ ਹੁੰਦਾ ਹੈ।
ਗੁਰੂ ਦੀ ਅਜ਼ਮਤ ਦੀ ਗੱਲ ਹੈ।
ਪਾਤਸ਼ਾਹ ਜੀ ਕੋਲ ਕੁਝ ਵੀ ਕਰਨਾ। ਨਾਮੁਮਕਿਨ ਨਹੀਂ ਹੈ।
ਉਸਨੇ ਆਪਣੀ ਡਾਇਰੀ ਵਿੱਚ ਕਦੇ ਅਸੰਭਵ ਸ਼ਬਦ ਨਹੀਂ ਸੀ ਲਿਖਿਆ।
ਉਹਦੇ ਸ਼ਬਦਾਂ ਰਾਗਾਂ ਦੀ ਲਿੱਪੀ ਵਿਆਕਰਨ,
ਸਦਾ ਅਲੱਗ ਹੁੰਦੀ ਸੀ।
ਉਹ ਸ਼ਾਇਦ ਉਸਨੇ ਨਨਕਾਣੇ ਵਾਲੇ ਤੋਂ ਸਿੱਖਿਆ ਸੀ।
ਜਿਸਦੀ ਇੱਕ ਨਜ਼ਰ। ਦ੍ਰਿਸ਼ਟੀ।
ਧਰਤੀ ਤੇ ਆਕਾਸ ਲੈ ਆਵੇ।
ਅਰਦਾਸ ਕਰਾਵੈ। ਜੋ ਇਕ ਤੱਕਣੀ ਨਾਲ ਜਲ ਤੇ ਥਲ ਕਰ ਦੇਵੇ।
ਤਿਸ ਕੇ ਹੁਕਮ ਮੈ ਹੀ ਊਚ ਔਰ ਨੀਚ ਕਾ ਵਿਵਹਾਰ … ੩॥
ਖਿਨ ਮਹਿ, ਨੀਚ ਕੀਟ ਕਉ ਰਾਜ ॥ ਪਾਰਬ੍ਰਹਮ, ਗਰੀਬ ਨਿਵਾਜ ॥
ਸੱਚੇ ਪਾਤਸ਼ਾਹ।ਕਰਨ ਕਾਰਨ ਸਮਰੱਥ।
ਸਾਰਾ ਕੁਝ ਆਪਣੇ ਪਿੰਡੇ ਤੇ ਹੰਢਾਇਆ ਪਹਿਲਾਂ।
ਤੇ ਫਿਰ ਸਾਡੇ ਸਾਹਮਣੇ ਇੱਕ ਮਾਰਗ ਲੈ ਕੇ ਆਏ।
ਫਿਰ ਏਨੀਆਂ ਫੌਜਾਂ ਨੂੰ ਮੂਹਰੇ ਲਾਉਣਾ ਕੋਈ ਔਖਾ ਨਹੀਂ ਹੁੰਦਾ।
ਯਾਰੜੇ ਦਾ ਸੱਥਰ ਤੇ ਵੀ
ਸਭ ਆਨੰਦ ਮਿਲ ਜਾਂਦੇ ਹਨ।
ਨੰਗੇ ਪੈਰਾਂ ਨੂੰ ਵੀ ਤਿੱਖੇ ਕੰਡਿਆਂ ਦਾ ਸੰਤਾਪ ਨਹੀਂ ਲੱਗਦਾ।
ਓਦੋਂ ਫਿਰ ਘੋੜਿਆਂ ਦੀਆਂ ਕਾਠੀਆਂ ਤੇ ਵੀ ਸੌਂ ਲਈਦਾ ਹੈ।
ਤੇ ਟਿੰਡ ਦੇ ਸਰ੍ਹਾਣੇ ਵੀ ਲਾ ਲਈ ਦੇ ਨੇ।
ਇਸ ਮਾਰਗ ਦਰਸ਼ਨ ਨੂੰ।
ਸੁਣ। ਪ੍ਰਤੱਖ ਵੇਖ। ਵਿਚਾਰ ਕਰਕੇ।
ਅੱਜ ਸਾਰੇ ਪੰਥ ਨੇ ਪ੍ਰਵਾਨ ਵੀ ਕਰ ਲਿਆ ਹੈ।
ਸਫਰ ਏ ਸ਼ਹਾਦਤ। ਜਦੋਂ ਸਫਰ ਦੀ ਗੱਲ ਤੁਰਦੀ ਹੈ।
ਤੇ ਕੁਦਰਤੀ ਸਾਡੇ ਜਿਹਨ ਵਿੱਚ ਸਮਝ ਆ ਜਾਂਦੀ ਹੈ ।
ਕਿ ਕੋਈ ਪੈਂਡਾ ਹੈ।
ਕੋਈ ਰਸਤਾ ਹੈ। ਮਾਰਗ ਹੈ ਵਿਲੱਖਣਤਾ ਵਾਲਾ। ਨਵੇਕਲਾ ਜਿਹਾ।
ਭੁੱਖ ਦੁੱਖ ਦੀ ਪਰਵਾਹ ਨਾ ਕਰਨ ਵਾਲਾ,
ਝੱਲਣ ਵਾਲਾ ਤੂਫ਼ਾਨੀ ਤਸੀਹੇ।
ਠੰਡੇ ਸੀਤ ਬੁਰਜਾਂ ਦੀ ਠੰਢ ਤਨ ਤੇ ਨਿੱਘੀ ਕਰ ਹੰਢਾਉਣ ਵਾਲਾ,
ਲੱਖਾਂ ਨਾਲ ਕੱਲਾ ਕੱਲਾ ਜੂਝਣ, ਲੜ੍ਹਨ ਵਾਲਾ।
ਨੀਹਾਂ ਵਿੱਚ ਛੋਟੀ ਉਮਰ ਦਾ ਬਚਪਨ,
ਲਲਕਾਰ ਕੇ ਖੜ੍ਹਨ ਵਾਲਾ।
ਔਝੜ ਰਸਤਾ ਵੀ ਚੱਲਣ ਵਾਸਤੇ ਹੀ ਹੁੰਦਾ ਹੈ।
ਰਸਤੇ ਹੀ ਹੁੰਦੇ ਨੇ ਮੰਜ਼ਿਲਾਂ ਲੱਭਣ ਲਈ।
ਮੰਜ਼ਿਲਾਂ ਸਰ ਕਰਨ ਦਾ ਸਾਧਨ,
ਢੰਗ ਤਰੀਕੇ,
ਰਾਹਗੀਰ, ਰਾਹੀ, ਪਾਂਧੀ ਨੇ ਖੋਜਣਾ
ਹੁੰਦਾ ਹੈ।
ਥੋੜੇ ਜਿਹੇ ਤੀਰਾਂ ਨਾਲ ਵੱਧ ਦੁਸ਼ਮਣ ਢੇਰੀ ਕਰਨੇ ਹੁੰਦੇ ਨੇ,
ਇੱਕ ਕੱਲੀ ਤਲਵਾਰ ਦੇ ਸਦਕਾ,
ਕਈਆਂ ਵੈਰੀਆਂ ਦੇ ਧੜ ਕਲਮ ਕਰਨੇ ਹੁੰਦੇ ਨੇ।
ਤੇ ਹਾਂ ਅਜਿਹਾ ਢੰਗ ਤਰੀਕਾ ਯੁੱਧ ਦਾ
ਕੋਈ ਪਟਨੇ ਤੋਂ ਜਨਮ ਲੈ ਕੇ ਹੀ ਦੱਸ ਸਕਦਾ ਹੈ।
ਜਾਂ ਉਹਨਾਂ ਦੇ ਸਾਹਿਬਜ਼ਾਦੇ ਤੇ ਜਾਂ ਸਿੰਘ
ਨੰਦਪੁਰ ਸਜਾਏ ਹੋਏ।