ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਦੇ ਮਾਇਆਪੁਰੀ ਇਲਾਕੇ ਦੀ ਖਜ਼ਾਨ ਬਸਤੀ ਅੰਦਰ ਯੋਗੇਸ਼ ਨਾਮੀ ਸ਼ਖਸ਼ ਵਲੋਂ ਗੁਰੂਘਰ ਅੰਦਰ ਵੜ ਕੇ ਕਪੜੇ ਨੂੰ ਲਾਈਟਰ ਰਾਹੀਂ ਅੱਗ ਲਗਾ ਕੇ ਗੁਰੂਘਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਨੂੰ ਸਮੇਂ ਸਿਰ ਸੇਵਾਦਾਰ ਅਤੇ ਸੰਗਤਾਂ ਨੇ ਫੜ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ ਤੇ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਸੀ । ਦੋਸ਼ੀ ਕੋਲੋਂ ਨਸ਼ਾ, ਹਿੰਦੂ ਧਰਮ ਦਾ ਸਵਾਸਤਿਕ ਦੇ ਨਿਸ਼ਾਨ ਵਾਲਾ ਝੰਡਾ ਅਤੇ ਹੋਰ ਨਸ਼ੀਲਾ ਸਮਾਨ ਬਰਾਮਦ ਹੋਇਆ ਸੀ । ਤਦ ਤੋਂ ਓਹ ਦਿੱਲੀ ਦੀ ਤਿਹਾੜ ਜੇਲ੍ਹ ਅੰਦਰ ਬੰਦ ਹੈ । ਉਸ ਦੇ ਪਰਿਵਾਰ ਵਲੋਂ ਓਸ ਨੂੰ ਮੰਦ ਬੁਧੀ ਦੱਸ ਕੇ ਓਸ ਦਾ ਇਲਾਜ ਕਰਵਾਉਣ ਲਈ ਅਦਾਲਤ ਅੰਦਰ ਅਪੀਲ ਲਗਾਈ ਗਈ ਸੀ ਜਿਸ ਦੀ ਸੁਣਵਾਈ ਕਰਦਿਆਂ ਦਿੱਲੀ ਗੁਰਦਵਾਰਾ ਕਮੇਟੀ ਦੇ ਵਕੀਲ ਤੇਜਪ੍ਰਤਾਪ ਸਿੰਘ ਵਲੋਂ ਜ਼ੋਰਦਾਰ ਬਹਿਸ ਕਰਦਿਆਂ ਜੱਜ ਸਾਹਿਬ ਨੂੰ ਦੋਸ਼ੀ ਦੀ ਅਪੀਲ ਖਾਰਿਜ ਕਰਨ ਲਈ ਮਜਬੂਰ ਕਰ ਦਿੱਤਾ । ਦਿੱਲੀ ਪੁਲਿਸ ਵਲੋਂ ਮਾਮਲੇ ਅੰਦਰ ਦੋਸ਼ੀ ਯੋਗੇਸ਼ ਵਿਰੁੱਧ ਐਫਆਈਆਰ ਨੰ. 88/24 ਧਾਰਾਵਾਂ 153ਅ,298,295ਅ,506 ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ । ਵਕੀਲ ਤੇਜਪਰਤਾਪ ਸਿੰਘ ਨੇ ਦਸਿਆ ਕਿ ਦੋਸ਼ੀ ਦਾ ਇਲਾਜ ਜੇਲ੍ਹ ਤੋਂ ਬਾਹਰ ਕਰਵਾਉਣ ਲਈ ਇੱਕ ਅਰਜ਼ੀ ਅੱਜ ਮਾਨਯੋਗ ਅਦਾਲਤ ਦੇ ਸਾਹਮਣੇ ਆਈ ਸੀ । ਜਿਸ ਅੰਦਰ ਉਨ੍ਹਾਂ ਨੇ ਇਬਹਾਸ ਅਸਪਤਾਲ ਦਿਲਸ਼ਾਦ ਗਾਰਡਨ, ਪੂਰਬੀ ਦਿੱਲੀ ਵਿੱਚ ਉਸਦੇ ਇਲਾਜ ਲਈ ਮੰਗ ਕੀਤੀ ਗਈ ਸੀ। ਅਦਾਲਤ ਵਿਚ ਅਸੀ ਪੇਸ਼ ਹੋਏ ਅਤੇ ਅਰਜ਼ੀ ਦੇ ਵਿਰੁੱਧ ਲੰਮੀ ਬਹਿਸ ਕੀਤੀ ਜਿਸ ਉਪਰੰਤ ਜੱਜ ਸਾਹਿਬ ਨੇ ਸਾਡੇ ਤਰਕਾਂ ਨਾਲ ਸਹਿਮਤ ਹੁੰਦਿਆਂ ਦੋਸ਼ੀ ਦੀ ਅਪੀਲ ਨੂੰ ਖਾਰਜ ਕਰ ਦਿੱਤਾ।