ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪ੍ਰੋਫ਼ੈਸਰ ਈਮੈਰਿਟਸ ਆਫ਼ ਪੋਲਿਟੀਕਲ ਸਾਇੰਸ ਸਟਾਕਹੋਮ ਯੂਨੀਵਰਸਿਟੀ ਸਵੀਡਨ ਤੋਂ ਜਨਾਬ ਇਸ਼ਤਿਆਕ ਅਹਿਮਦ ਲੁਧਿਆਣੇ ਤੋਂ ਲਾਹੌਰ ਦੇਸ਼ ਵੰਡ ਦੇ ਆਰ-ਪਾਰ ਵਿਸ਼ੇ ’ਤੇ ਪੰਜਾਬੀ ਭਵਨ, ਲੁਧਿਆਣਾ ਵਿਖੇ ਇਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਸਮਾਗਮ ਦੇ ਆਰੰਭ ’ਚ ਸਵਾਗਤ ਕਰਦਿਆਂ ਕਿਹਾ ਜਨਾਬ ਇਸ਼ਤਿਆਕ ਅਹਿਮਦ ਜੀ ਸਾਡੇ ਕੋਲ ਇਹ ਸੰਦੇਸ਼ ਲੈ ਕੇ ਆਏ ਹਨ ਕਿ ਅਸੀਂ ਪੰਜਾਬੀ ਕਿਵੇਂ ਵੱਖਰੀ ਤੇ ਗੌਰਵਸ਼ਾਲੀ ਪਛਾਣ ਰੱਖਦੇ ਹਾਂ। ਹੁਣ ਅਸੀਂ ਭਾਵੇਂ ਵੱਖ-ਵੱਖ ਹੋ ਗਏ ਹਾਂ ਪਰ ਅਸੀਂ ਇਹ ਤਾਂ ਕਰ ਹੀ ਸਕਦੇ ਹਾਂ ਕਿ ਸਾਡੇ ਸੰਬੰਧ ਬਹੁਤ ਮਿੱਤਰਤਾ ਭਰਪੂਰ ਰਹਿਣ। ਸਮਾਗਮ ਦਾ ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ. ਅਮਰਜੀਤ ਸਿੰਘ ਹੇਅਰ ਨੇ ਕਿਹਾ ਕਿ ਆਪ ਸਟਾਕਹੋਮ ਯੂਨੀਵਰਸਿਟੀ ਸਵੀਡਨ ’ਚ ਰਾਜਨੀਤੀ ਦੇ ਪ੍ਰੋਫ਼ੈਸਰ ਹੁੰਦੇ ਹੋਏ ਸਿੰਘਾਪੁਰ ਦੀ ਨੈਸ਼ਨਲ ਯੂਨੀਵਰਸਿਟੀ ਵਿਖੇ ਇੰਸਟੀਚਿਊਟ ਆਫ਼ ਸਾਊਥ ਸਟੱਡੀਜ਼ ਦੇ ਆਨਰੇਰੀ ਸੀਨੀਅਰ ਫ਼ੈਲੋ ਵੀ ਹਨ। ਵੱਖ-ਵੱਖ ਹੋਰ ਸੰਸਥਾਵਾਂ ਦੇ ਅਹੁਦਿਆਂ ’ਤੇ ਰਹਿੰਦੇ ਹੋਏ ਵੀ ਆਪ ਦਾ ਮਨ ਪੰਜਾਬੀਅਤ ਲਈ ਤੜਫਦਾ ਰਹਿੰਦਾ ਹੈ ਜਿਸ ਕਰਕੇ ਆਪ ਵੱਖ-ਵੱਖ ਮੁਲਕਾਂ ਵਿਚ ਜਾ ਕੇ ਪੰਜਾਬੀਅਤ ਦੀ ਗੱਲ ਕਰਦੇ ਰਹਿੰਦੇ ਹਨ।
ਜਨਾਬ ਇਸ਼ਤਿਆਕ ਅਹਿਮਦ ਨਾਲ ਜਾਣ-ਪਛਾਣ ਕਰਵਾਉਂਦਿਆਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪ੍ਰੋਫ਼ੈਸਰ ਡਾ. ਸੁਰਜੀਤ ਸਿੰਘ ਨੇ ਕਿਹਾ ਦੋਹਾਂ ਪੰਜਾਬਾਂ ਵਿਚਕਾਰ ਇਨਸਾਨੀ ਸਾਂਝਾ ਦੀ ਗੱਲ ਕਰਨ ਵਾਲੇ ਪ੍ਰਮੁੱਖ ਵਿਦਵਾਨਾਂ ਵਿਚੋਂ ਇਕ ਹਨ। ਇਸ਼ਤਿਆਕ ਅਹਿਮਦ ਚਾਹੁੰਦੇ ਨੇ ਪੰਜਾਬ ਦੇ ਬਾਰਡਰ ਖੁੱਲਣੇ ਚਾਹੀਦੇ ਹਨ ਅਤੇ ਮੁਸਾਫ਼ਰਾਂ ਦੀ ਆਵਾਜਾਈ ਅਤੇ ਵਪਾਰਕ ਗਤੀ-ਵਿਧੀਆਂ ਨੂੰ ਖੁੱਲ੍ਹ ਮਿਲਣੀ ਚਾਹੀਦੀ ਹੈ। ਪੰਜਾਬੀ ਸਾਹਿਤ ਅਕਾਡਮੀ ਦੇ ਸਕੱਤਰ ਸਰਗਰਮੀਆਂ ਡਾ. ਹਰੀ ਸਿੰਘ ਜਾਚਕ, ਦਫ਼ਤਰ ਸਕੱਤਰ ਸ੍ਰੀ ਜਸਵੀਰ ਝੱਜ ਅਤੇੇ ਹਾਜ਼ਰ ਅਹੁਦੇਦਾਰਾਂ ਨੇ ਜਨਾਬ ਇਸ਼ਤਿਆਕ ਅਹਿਮਦ ਹੋਰਾਂ ਨੂੰ ਬੁਕੇ ਦੇ ਕੇ ਸਵਾਗਤ ਕੀਤਾ। ਇਸ ਮੌਕੇ ਸ੍ਰੀ ਰਣਧੀਰ ਕੰਵਲ ਨੇ ਸਾਹਿਤ ਲੁਧਿਆਣਵੀ ਦੀ ਗ਼ਜ਼ਲ ਤਰੰਨਮ ’ਚ ਪੇਸ਼ ਕੀਤੀ।
ਜਨਾਬ ਇਸ਼ਤਿਆਕ ਅਹਿਮਦ ਆਪਣੀ ਗੱਲ ਕਰਦਿਆਂ ਅਤੇ ਸ. ਗੁਰਪ੍ਰੀਤ ਸਿੰਘ ਤੂਰ, ਦੀਪ ਜਗਦੀਪ ਸਿੰਘ, ਰਮੇਸ਼ ਕੌਸ਼ਲ, ਆਰ. ਕੇ. ਗੋਇਲ, ਬਲਵਿੰਦਰ ਸਿੰਘ ਗਲੈਕਸੀ ਆਦਿ ਵਲੋਂ ਕੀਤੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਲੁਧਿਆਣਾ ਤੇ ਲਾਹੌਰ ਦੇ ਗੂੜੇ ਰਿਸ਼ਤੇ ਹਨ। ਸਾਹਿਰ ਲੁਧਿਆਣਵੀ ਪਾਕਿਸਤਾਨ ਜਾ ਕੇ ਇਕ ਸਾਲ ਦੇ ਅੰਦਰ-ਅੰਦਰ ਵਾਪਸ ਆ ਗਿਆ ਸੀ। ਪਾਕਿਸਤਾਨ ਭਾਰਤ ਦੀ ਵੰਡ ਜਿੰਨ੍ਹਾ ਕਰਕੇ ਹੋਈ ਜਿਸ ਦਾ ਸੰਤਾਪ ਅਸੀਂ ਅੱਜ ਤੱਕ ਹੰਢਾ ਰਹੇ ਹਾਂ। ਉਨ੍ਹਾਂ ਨੇ ਸਾਹਿਰ ਦੀ ਇਕ ਰਚਨਾ ਪੁਰਸੋਜ਼ ਆਵਾਜ਼ ਖ਼ੂਬਸੂਰਤ ਤਰੰਨਮ ਵਿਚ ਗਾ ਕੇ ਹਾਜ਼ਰੀਨ ਦਾ ਮਨ ਜਿੱਤ ਲਿਆ।
ਇਸ ਸਮੇਂ ਉਕਤ ਦੇ ਨਾਲ-ਨਾਲ ਸੁਰਿੰਦਰ ਕੈਲੇ, ਡਾ. ਗੁਰਇਕਬਾਲ ਸਿੰਘ, ਸਹਿਜਪ੍ਰੀਤ ਸਿੰਘ ਮਾਂਗਟ, ਜਨਮੇਜਾ ਸਿੰਘ ਜੌਹਲ, ਕਰਮਜੀਤ ਸਿੰਘ ਗਰੇਵਾਲ, ਅਮਰਜੀਤ ਸਿੰਘ ਗਰੇਵਾਲ, ਸਵਰਨਜੀਤ ਸਵੀ, ਸਤੀਸ਼ ਗੁਲਾਟੀ, ਰਾਮ ਸਿੰਘ, ਡਾ. ਗੁਰਚਰਨ ਕੌਰ ਕੋਚਰ, ਇੰਦਰਜੀਤਪਾਲ ਕੌਰ, ਮਨਦੀਪ ਕੌਰ ਭੰਮਰਾ, ਸੁਰਿੰਦਰ ਦੀਪ, ਕੁਲਵਿੰਦਰ ਕੌਰ ਕਿਰਨ, ਭਗਵਾਨ ਢਿੱਲੋਂ, ਮਲਕੀਅਤ ਸਿੰਘ ਔਲਖ, ਪਰਮਜੀਤ ਕੌਰ ਮਹਿਕ, ਦੀਪ ਲੁਧਿਆਣਵੀ, ਅੰਮ੍ਰਿਤਬੀਰ ਕੌਰ, ਅਨਿਲ ਫ਼ਤਹਿਗੜਜੱਟਾਂ ਸੁਰਜੀਤ ਸਿੰਘ ਲਾਂਬੜਾ, ਬਲਕੌਰ ਸਿੰਘ ਗਿੱਲ, ਹਰਦੀਪ ਲੱਧੜ, ਮੀਤ ਅਨਮੋਲ, ਰਵੀ ਰਵਿੰਦਰ, ਸਰਬਜੀਤ ਸਿੰਘ ਵਿਰਦੀ, ਗੁਰਪ੍ਰੀਤ ਕੌਰ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਹਾਜ਼ਰ ਸਨ।