ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):- ਅੱਜ ਜੋ ਮੀਡੀਆ ਵਿੱਚ ਚੱਲ ਰਹੀਆਂ ਅਟਕਲਾਂ ਤੋਂ ਬਾਅਦ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਸ. ਸਿੰਕਦਰ ਸਿੰਘ ਮਲੂਕਾ ਦੇ ਨੂੰਹ ਤੇ ਪੁੱਤਰ ਨੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੈ । ਉਸਨੇ ਇਹ ਸਾਬਤ ਕੀਤਾ ਹੈ ਕਿ ਅੱਜ ਪੰਥ ਤੇ ਪੰਜਾਬ ਦੇ ਹਿੱਤਾਂ ਨਾਲੋਂ ਇਹਨਾਂ ਦੇ ਨਿੱਜੀ ਹਿਤ ਭਾਰੂ ਸਨ । ਹੁਣ ਤੱਕ ਹੋਰਨਾਂ ਪਾਰਟੀਆਂ ਵਿੱਚੋਂ ਭਾਜਪਾ ‘ਚ ਬਹੁਤ ਸਾਰੇ ਆਗੂ ਗਏ ਹਨ ਪਰ ਅਕਾਲੀ ਦਲ ਦੇ ਕਿਸੇ ਪ੍ਰਮੁਖ ਆਗੂ ਨੇ ਭਾਜਪਾ ‘ਚ ਸ਼ਮੂਲੀਅਤ ਨਹੀਂ ਸੀ ਕੀਤੀ । ਕਿਉਂਕਿ ਅਕਾਲੀ ਦਲ ਨੂੰ ਛੱਡਕੇ ਜਾਣ ਵਾਲੇ ਨੂੰ ਪੰਜਾਬ ਕਦੇ ਬਹੁਤੀ ਤਵੱਜੋ ਨਹੀਂ ਦਿੱਤੀ ।
ਦਿੱਲੀ ਤੋਂ ਅਕਾਲੀ ਦਲ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਬਿਆਨ ਰਾਹੀਂ ਕਿਹਾ ਕਿ ਮਲੂਕਾ ਪਰਿਵਾਰ ਨੇ ਹੁਣ ਤੱਕ ਅਕਾਲੀ ਦਲ ਦੇ ਸਿਰ ਤੇ ਸੱਤਾ ਮਾਣਦਿਆਂ ਉੱਚ ਅਹੁਦੇ ਹਾਸਲ ਕੀਤੇ ਪਰ ਹੁਣ ਜਦੋਂ ਚੋਣਾਂ ਵੇਲੇ ਪਲਟੀ ਮਾਰਕੇ ਇਹਨਾਂ ਨੇ ਪਾਰਟੀ ਤੇ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ । ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸਿਧਾਂਤ ਉੱਪਰ ਰੱਖਦਿਆਂ ਪੰਥ ਤੇ ਕਿਸਾਨੀ ਦੇ ਮਸਲੇ ਹੱਲ ਕੀਤੇ ਬਿਨਾ ਗਠਜੋੜ ਤੋਂ ਨਾਂਹ ਕੀਤੀ ਸੀ ਪਰ ਅੱਜ ਜਿਹੜੇ ਇਹਨਾਂ ਮਸਲਿਆਂ ਵੱਲ ਪਿੱਠ ਕਰਕੇ ਭਾਜਪਾ ਵਿੱਚ ਜਾ ਰਹੇ ਹਨ । ਉਹਨਾਂ ਦਾ ਹਿਸਾਬ ਵੀ ਪੰਜਾਬ ਦੇ ਲੋਕ ਕਰਨਗੇ । ਭਾਜਪਾ ਵੀ ਇੱਕ ਗੱਲ ਚੇਤੇ ਰੱਖੇ ਕਿ ਪਹਿਲਾਂ ਭਾਵੇਂ ਸ਼ਾਇਦ ਦੋ – ਚਾਰ ਪ੍ਰਤੀਸ਼ਤ ਵੋਟਾਂ ਲੈ ਜਾਂਦੀ । ਪਰ ਹੁਣ ਜੋ ਇਹਨਾਂ ਦਲ ਬਦਲੂ ਭਰਤੀ ਕਰਨ ਦਾ ਅਮਲ ਸ਼ੁਰੂ ਕੀਤਾ ਹੈ । ਇਸ ਨਾਲ ਭਾਜਪਾ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਣੀਆਂ ਤੈਅ ਹਨ ।
ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਚਾਹੀਦਾ ਹੈ ਕਿ ਉਹ ਸ. ਸਿੰਕਦਰ ਸਿੰਘ ਮਲੂਕਾ ਨੂੰ ਤੁਰੰਤ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਬਰਖਾਸਤ ਕਰਨ ਕਿਉਂਕਿ ਉਹਨਾਂ ਦੀ ਸਹਿਮਤੀ ਤੋਂ ਬਿਨਾ ਇਹ ਸਭ ਕੁਝ ਨਹੀ ਹੋ ਸਕਦਾ ਅਤੇ ਇਹਨਾਂ ਦਲ ਬਦਲੀਆਂ ਨਾਲ ਅਕਾਲੀ ਦਲ ਨੂੰ ਕੋਈ ਫਰਕ ਨਹੀ ਪਵੇਗਾ ।