ਗੱਲ 1975 ਦੀ ਹੈ, ਜਦੋਂ ਮੈਂ ਲੋਕ ਸੰਪਰਕ ਵਿਭਾਗ ਪੰਜਾਬ ਦੇ ਮਾਸਕ ਰਸਾਲੇ ਜਾਗ੍ਰਤੀ ਪੰਜਾਬੀ ਦਾ ਸਹਾਇਕ ਸੰਪਾਦਕ ਲੱਗਿਆ ਹੋਇਆ ਸੀ। ਮਰਹੂਮ ਸੁਖਪਾਲਵੀਰ ਸਿੰਘ ਹਸਰਤ ਜੋ ਪੰਜਾਬੀ ਦੇ ਕਵੀ ਸਨ, ਉਹ ਲੋਕ ਸੰਪਰਕ ਅਧਿਕਾਰੀ ਪੰਜਾਬੀ ਅਤੇ ਲੋਕ ਸੰਪਰਕ ਵਿਭਾਗ ਦੇ ਜਾਗ੍ਰਤੀ ਪੰਜਾਬੀ ਰਸਾਲੇ ਦੇ ਸੰਪਾਦਕ ਸਨ। ਪੰਜਾਬ ਸਕੱਤਰੇਤ ਦੀ ਪੰਜਵੀਂ ਮੰਜ਼ਲ ਤੇ ਲੋਕ ਸੰਪਰਕ ਵਿਭਾਗ ਦਾ ਦਫਤਰ ਸੀ। ਸੁਖਪਾਲਵੀਰ ਸਿੰਘ ਹਸਰਤ ਦਾ ਕੈਬਿਨ ਇਮਾਰਤ ਦੇ ਬਿਲਕੁਲ ਨੁਕਰ ਤੇ ਸੀ। ਅਸੀਂ ਪੰਜਾਬੀ ਸ਼ੈਕਸ਼ਨ ਵਿਚ ਦੋ ਨਿਬੰਧਕਾਰ ਮਰਹੂਮ ਸੁਰਿੰਦਰ ਮੋਹਨ ਸਿੰਘ ਅਤੇ ਮੈਂ, ਦੋ ਅਨੁਵਾਦਕ ਮਰਹੂਮ ਬੰਸੀ ਲਾਲ ਤੇ ਬਲਵਿੰਦਰ ਕੌਰ, ਇਕ ਪਰੂਫ ਰੀਡਰ ਪ੍ਰੀਤਮ ਸਿੰਘ, ਇਕ ਸਟੈਨੋ ਟਾਈਪਿਸਟ ਗੁਰਦਾਸ ਸਿੰਘ ਅਤੇ ਇਕ ਸੇਵਾਦਾਰ ਦੇਸ ਰਾਜ ਹੁੰਦਾ ਸੀ। ਦੇਸ ਰਾਜ ਵੇਖਣ ਪਾਖਣ ਨੂੰ ਸੇਵਾਦਾਰ ਨਹੀਂ ਸਗੋਂ ਅਧਿਕਾਰੀ ਲਗਦਾ ਸੀ। ਉਹ ਬਣ ਠਣ ਕੇ ਰਹਿੰਦਾ ਸੀ। ਅਨੁਵਾਦਕਾਂ ਦਾ ਕੀਤਾ ਅਨੁਵਾਦ ਨਿਬੰਧਕਾਰ ਦਰੁਸਤ ਕਰਦੇ ਸਨ। ਸੁਰਿੰਦਰ ਮੋਹਨ ਸਿੰਘ ਅਨੁਵਾਦ ਕਰਨ ਦੇ ਮਾਹਿਰ ਸਨ ਕਿਉਂਕਿ ਉਹ ਪਹਿਲਾਂ ਅਨੁਵਾਦਕ ਵੀ ਰਹੇ ਸਨ। ਉਨ੍ਹਾਂ ਦਾ ਸਾਡੇ ਸਾਰਿਆਂ ਨਾਲੋਂ ਤਜ਼ਰਬਾ ਜ਼ਿਆਦਾ ਸੀ। ਅਖੀਰ ਵਿਚ ਪੀ.ਆਰ.ਓ ਪੰਜਾਬੀ ਅਨੁਵਾਦ ਦਰੁੱਸਤ ਕਰਕੇ ਆਪਣੀ ਮੋਹਰ ਲਾਉਂਦਾ ਸੀ। ਪੰਜਾਬੀ ਸ਼ਾਖਾ ਦੀ ਜਾਗ੍ਰਤੀ ਪੰਜਾਬੀ ਦੇ ਰਸਾਲੇ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਪ੍ਰਕਾਸ਼ਤ ਕੀਤੀ ਜਾਣ ਵਾਲੀ ਪੰਜਾਬੀ ਦੀ ਪ੍ਰਚਾਰ ਸਮਗਰੀ ਨੂੰ ਪ੍ਰਕਾਸ਼ਤ ਕਰਵਾਉਣ ਦੀ ਜ਼ਿੰਮੇਵਾਰੀ ਹੁੰਦੀ ਸੀ। ਰਸਾਲੇ ਵਿਚ ਕਿਹੜਾ ਮੈਟਰ ਪ੍ਰਕਾਸ਼ਤ ਕਰਨਾ ਹੈ, ਇਸ ਦੀ ਚੋਣ ਇਕੱਲਾ ਸੁਖਪਾਲਵੀਰ ਸਿੰਘ ਹਸਰਤ ਹੀ ਕਰਦਾ ਸੀ। ਮੈਟਰ ਦੀ ਚੋਣ ਵਿਚ ਉਹ ਹੋਰ ਕਿਸੇ ਤੇ ਵਿਸ਼ਵਾਸ ਨਹੀਂ ਕਰਦਾ ਸੀ। ਉਹ ਪੰਜਾਬੀ ਦਾ ਪ੍ਰਗਤੀਵਾਦੀ/ਸ਼ਕਤੀਵਾਦ ਲਹਿਰ ਦਾ ਮੰਨਿਆਂ ਪ੍ਰਮੰਨਿਆਂ ਕਵੀ ਸੀ, ਜਿਸ ਨੂੰ ਸਾਹਿਤ ਅਕਾਡਮੀ ਦਾ ਅਵਾਰਡ ਮਿਲਿਆ ਹੋਇਆ ਸੀ। ਸਹਾਇਕ ਸੰਪਾਦਕ ਅਤੇ ਪਰੂਫ ਰੀਡਰ ਦਾ ਕੰਮ ਪਿ੍ਰੰਟਿੰਗ ਪ੍ਰੈਸ ਵਿਚ ਜਾ ਕੇ ਰਸਾਲਾ ਪ੍ਰਕਾਸ਼ਤ ਕਰਵਾਉਣਾ ਹੁੰਦਾ ਸੀ। ਉਦੋਂ ਰਸਾਲਾ ਕੇਂਦਰ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ 18 ਸੈਕਟਰ ਦੀ ਸਰਕਾਰੀ ਪ੍ਰੈਸ ਵਿਚ ਪ੍ਰਕਾਸ਼ਤ ਹੁੰਦਾ ਸੀ। ਸਿੱਕੇ ਦੀ ਕੰਪੋਜਿੰਗ ਹੱਥ ਨਾਲ ਕੀਤੀ ਜਾਂਦੀ ਸੀ। ਉਦੋਂ ਕੰਪਿਊਟਰ ਅਜੇ ਆਏ ਨਹੀਂ ਸਨ। ਪ੍ਰੈਸ ਵਿਚ ਖੱਜਲ ਖ਼ੁਆਰੀ ਬੜੀ ਹੁੰਦੀ ਸੀ। ਇਸ ਸ਼ਾਖਾ ਵਿਚ ਬਹੁਤ ਸਾਰੇ ਸਾਹਿਤਕਾਰ ਅਤੇ ਪ੍ਰੈਸਾਂ ਵਾਲੇ ਮਾਲਕ ਤੇ ਕਰਮਚਾਰੀ ਆਉਂਦੇ ਰਹਿੰਦੇ ਸਨ। ਇਸ ਲਈ ਉਨ੍ਹਾਂ ਦੀ ਆਓ ਭਗਤ ਲਈ ਚਾਹ ਪਾਣੀ ਆਪਣੀ ਜੇਬ ਵਿੱਚੋਂ ਪਿਲਾਉਣਾ ਪੈਂਦਾ ਸੀ। ਹੁਣ ਤਾਂ ਸਰਕਾਰ ਚਾਹ ਪਾਣੀ ਪਿਲਾਉਣ ਲਈ ਸਰਕਾਰੀ ਖ਼ਰਚੇ ਵਿੱਚੋਂ ਕਰਨ ਦੇ ਅਧਿਕਾਰ ਅਧਿਕਾਰੀਆਂ ਨੂੰ ਦਿੱਤੇ ਹੋਏ ਹਨ। ਸੁਖਪਾਲਵੀਰ ਸਿੰਘ ਹਸਰਤ ਬੜਾ ਕੰਜੂਸ ਕਿਸਮ ਦਾ ਅਧਿਕਾਰੀ ਸੀ। ਉਦੋਂ ਲੋਕ ਸੰਪਰਕ ਅਧਿਕਾਰੀ ਦੀ ਤਨਖ਼ਾਹ ਵੀ ਪੁਰਾਣੇ ਗਰੇਡ ਵਿਚ ਥੋੜ੍ਹੀ ਹੁੰਦੀ ਸੀ। ਉਹ ਪੰਜਾਬੀ ਦਾ ਕਵੀ ਹੋਣ ਕਰਕੇ, ਉਸ ਕੋਲ ਬਹੁਤ ਸਾਰੇ ਸਾਹਿਤਕਾਰ ਆਪਣੀਆਂ ਰਚਨਾਵਾਂ ਜਾਗ੍ਰਤੀ ਪੰਜਾਬੀ ਵਿਚ ਪ੍ਰਕਾਸ਼ਤ ਕਰਵਾਉਣ ਲਈ ਦੇਣ ਵਾਸਤੇ ਆਉਂਦੇ ਜਾਂਦੇ ਰਹਿੰਦੇ ਸਨ। ਉਦੋਂ ਈ ਮੇਲ ਦਾ ਰਿਵਾਜ ਨਹੀਂ ਹੁੰਦਾ ਸੀ। ਸਰਕਾਰੀ ਰਸਾਲਾ ਹੋਣ ਕਰਕੇ ਲੇਖਕਾਂ ਨੂੰ ਸੇਵਾ ਫਲ ਵੀ ਦਿੱਤਾ ਜਾਂਦਾ ਸੀ। ਜਿਸ ਕਰਕੇ ਬਹੁਤੇ ਸਾਹਿਤਕਾਰ ਸਰਕਾਰੀ ਰਸਾਲੇ ਵਿਚ ਰਚਨਾਵਾਂ ਪ੍ਰਕਾਸ਼ਤ ਕਰਵਾਉਣ ਦੇ ਚਾਹਵਾਨ ਆਉਂਦੇ ਰਹਿੰਦੇ ਸਨ। ਵੈਸੇ ਤਾਂ ਇਹ ਰਸਾਲਾ ਸਰਕਾਰੀ ਪ੍ਰਚਾਰ ਲਈ ਹੀ ਸ਼ੁਰੂ ਕੀਤਾ ਸੀ ਪ੍ਰੰਤੂ ਸੁਖਪਾਲਵੀਰ ਸਿੰਘ ਹਸਰਤ ਨੇ ਆਪਣਾ ਅਸਰ ਰਸੂਖ ਵਰਤਕੇ ਵਿਭਾਗ ਤੋਂ ਸਾਹਿਤਕ ਰਚਨਾਵਾਂ ਪ੍ਰਕਾਸ਼ਤ ਕਰਨ ਦੀ ਪ੍ਰਵਾਨਗੀ ਲੈ ਲਈ ਸੀ। ਉਸ ਦੀ ਦਲੀਲ ਵੀ ਵਾਜਬ ਸੀ ਕਿਉਂਕਿ ਪ੍ਰਚਾਰ ਸਮਗਰੀ ਨੂੰ ਲੋਕ ਪੜ੍ਹਦੇ ਨਹੀਂ, ਜੇਕਰ ਸਾਹਿਤਕ ਰਚਨਾਵਾਂ ਹੋਣਗੀਆਂ ਤਾਂ ਲੋਕ ਪੜ੍ਹ ਲੈਣਗੇ। ਰਸਾਲੇ ਦੇ ਟਾਈਟਲ ਦੇ ਚਾਰੇ ਪੰਨਿਆਂ ‘ਤੇ ਮੰਤਰੀਆਂ ਦੀਆਂ ਤਸਵੀਰਾਂ ਪ੍ਰਕਾਸ਼ਤ ਹੁੰਦੀਆਂ ਸਨ। ਸੁਖਪਾਲਵੀਰ ਸਿੰਘ ਹਸਰਤ ਨੇ ਟਾਈਟਲ ਦੇ ਪਹਿਲੇ ਅਤੇ ਚੌਥੇ ਪੰਨੇ ਤੇ ਕੋਈ ਹੋਰ ਦਿਲਚਸਪ ਤਸਵੀਰ ਪ੍ਰਕਾਸ਼ਤ ਕਰਨ ਦੀ ਵੀ ਪ੍ਰਵਾਨਗੀ ਲੈ ਲਈ ਸੀ। ਇਸ ਪ੍ਰਕਾਰ ਫੋਟੋਗ੍ਰਾਫਰ ਤਸਵੀਰਾਂ ਦੇਣ ਲਈ ਵੀ ਆਉਣ ਲੱਗ ਪਏ। ਜਾਣੀ ਕਿ ਪੰਜਾਬੀ ਸ਼ੈਕਸ਼ਨ ਵਿਚ ਕੋਈ ਨਾ ਕੋਈ ਮਹਿਮਾਨ ਆਇਆ ਹੀ ਰਹਿੰਦਾ ਸੀ। ਉਸ ਸਮੇਂ ਸਕੱਤਰੇਤ ਦੀ ਕੰਨਟੀਨ ਵਿਚ ਚਾਹ ਅਤੇ ਖਾਣ ਪੀਣ ਦਾ ਸਾਮਾਨ ਸਬਸੀਡਾਈਜਡ ਦਰਾਂ ‘ਤੇ ਬਹੁਤ ਹੀ ਸਸਤਾ ਹੁੰਦਾ ਸੀ। ਆਮ ਤੌਰ ਤੇ ਹਸਰਤ ਸਾਹਿਬ ਮਹਿਮਾਨਾ ਨੂੰ ਚਾਹ ਪਿਲਾਉਣ ਦੇ ਬਹੁਤਾ ਹੱਕ ਵਿਚ ਨਹੀਂ ਸਨ। ਜੇਕਰ ਪਿਲਾਉਣੀ ਪਵੇ ਤਾਂ ਬਹੁਤੀ ਵਾਰ ਮਹਿਮਾਨਾ ਨੂੰ ਕੰਨਟੀਨ ਵਿਚ ਹੀ ਚਾਹ ਪਿਲਾਉਣ ਲਈ ਲੈ ਜਾਂਦੇ ਸਨ ਕਿਉਂਕਿ ਦਫ਼ਤਰ ਵਿਚ ਮੌਕੇ ਤੇ ਹੋਰ ਸਾਹਿਤਕਾਰ ਆ ਜਾਂਦੇ ਸਨ। ਕੰਨਟੀਨ ਵਿਚ ਉਸਦੀ ਕੋਸਿਸ਼ ਹੁੰਦੀ ਸੀ ਕਿ ਮਹਿਮਾਨ ਈ ਚਾਹ ਦੇ ਪੈਸੇ ਦੇ ਦੇਵੇ। ਅਸਲ ਵਿਚ ਉਦੋਂ ਪੀ.ਆਰ.ਓ ਦੀ ਤਨਖ਼ਾਹ ਵੀ ਤਿੰਨ ਫਿਗਰਾਂ ਵਿਚ ਹੀ ਹੁੰਦੀ ਸੀ। ਦੇਸ ਰਾਜ ਸੇਵਾਦਾਰ ਵਾਰ-ਵਾਰ ਚਾਹ ਲੈਣ ਜਾਣ ਤੋਂ ਕੰਨੀ ਕਤਰਾਉਂਦਾ ਸੀ। ਉਹ ਦਫ਼ਤਰ ਤੋਂ ਬਾਹਰਲੇ ਲੋਕਾਂ ਨੂੰ ਆਪਣੇ ਆਪ ਨੂੰ ਅਧਿਕਾਰੀ ਹੀ ਦਸਦਾ ਸੀ। ਉਨ੍ਹਾਂ ਦਿਨਾਂ ਵਿਚ ਸਰਕਾਰੀ ਕੰਨਟੀਨ ਵਿਚ ਚਾਹ ਦਾ ਕਪ10 ਪੈਸੇ, ਹਾਫਸੈਟ 40 ਪੈਸੇ, ਫੁਲ ਸੈਟ 60 ਪੈਸੇ, ਸਮੋਸਾ, ਬੇਸਣ, ਗੁਲਾਬ ਜਾਮਣ, ਜਲੇਬੀਆਂ ਆਦਿ ਵੀ ਬਹੁਤ ਘੱਟ ਦਰਾਂ 20-20 ਪੈਸੇ ਦੀਆਂ ਹੀ ਮਿਲਦੀਆਂ ਸਨ। ਸੇਵਾਦਾਰ ਦੇਸ ਰਾਜ ਅੱਕਿਆ ਰਹਿੰਦਾ ਸੀ। ਕਈ ਵਾਰੀ ਚਾਹ ਪਾਣੀ ਲੈਣ ਗਿਆ ਮਹਿਮਾਨਾ ਦੇ ਜਾਣ ਤੋਂ ਬਾਅਦ ਆਉਂਦਾ ਸੀ, ਤਾਂ ਜੋ ਉਸ ਨੂੰ ਚਾਹ ਲੈਣ ਲਈ ਅੱਗੇ ਤੋਂ ਭੇਜਿਆ ਨਾ ਜਾਵੇ। । ਦੇਸ ਰਾਜ ਦਾ ਬਹਾਨਾਂ ਇਹ ਹੁੰਦਾ ਸੀ ਕਿ ਕੰਨਟੀਨ ਵਿੱਚ ਭੀੜ ਬਹੁਤ ਸੀ। ਸੁਖਪਾਲਵੀਰ ਸਿੰਘ ਹਸਰਤ ਸਾਹਿਬ ਦੀ ਵੀ ਕੋਸ਼ਿਸ਼ ਹੁੰਦੀ ਸੀ ਕਿ ਦੇਸ ਰਾਜ ਨੂੰ ਚਾਹ ਲੈਣ ਭੇਜਿਆ ਨਾ ਜਾਵੇ। ਸਾਰੇ ਸੇਵਾਦਾਰ ਚੰਡੀਗੜ੍ਹ ਦੇ ਆਸ ਪਾਸ ਦੇ ਪਿੰਡਾਂ ਦੇ ਸਨ। ਪੰਜਾਬੀ ਸ਼ੈਕਸ਼ਨ ਵਿਚ ਹੋਰ ਕੋਈ ਸੇਵਾਦਾਰ ਆਉਣ ਨੂੰ ਤਿਆਰ ਹੀ ਨਹੀਂ ਸੀ। ਸਵੇਰੇ ਪਹਿਲਾਂ ਉਹ ਆਪੋ ਆਪਣੇ ਪਿੰਡਾਂ ਤੋਂ ਦੁੱਧ ਅਤੇ ਸਬਜ਼ੀਆਂ ਲੈ ਕੇ ਵੱਡੇ ਪ੍ਰਬੰਧਕੀ ਅਧਿਕਾਰੀਆਂ ਦੇ ਘਰਾਂ ਵਿਚ ਦੇ ਕੇ ਆਉਂਦੇ ਸਨ ਅਤੇ ਉਨ੍ਹਾਂ ਦੀਆਂ ਸਿਫ਼ਾਰਸ਼ਾਂ ਨਾਲ ਹੀ ਭਰਤੀ ਹੋਏ ਹੁੰਦੇ ਸਨ। ਸਰਕਾਰੀ ਨੌਕਰੀ ਤਾਂ ਉਹ ਰੂੰਘੇ ਵਿਚ ਹੀ ਕਰਦੇ ਸਨ। ਇਸ ਲਈ ਉਹ ਬਹੁਤਾ ਵਿਭਾਗ ਦੇ ਅਧਿਕਾਰੀਆਂ ਨੂੰ ਗੌਲਦੇ ਨਹੀਂ ਸਨ। ਇਕ ਦਿਨ ਸੁਖਪਾਲਵੀਰ ਸਿੰਘ ਹਸਰਤ ਕੋਲ ਪਿ੍ਰੰਸੀਪਲ ਤਖ਼ਤ ਸਿੰਘ ਗ਼ਜ਼ਲਗੋ ਅਤੇ ਇਕ ਹੋਰ ਦੋ ਵੱਡੇ ਸਾਹਿਤਕਾਰ ਆ ਗਏ। ਹਸਰਤ ਸਾਹਿਬ ਨੇ ਦੇਸ ਰਾਜ ਨੂੰ ਬੁਲਾਇਆ ਅਤੇ ਪੰਜ ਰੁਪਏ ਦਾ ਨੋਟ ਦੇ ਕੇ ਕਿਹਾ ਕਿ ਚਾਹ ਅਤੇ ਖਾਣ ਲਈ ਸਮੋਸੇ ਤੇ ਮਿੱਠਾ ਲੈ ਆ। ਦੇਸ ਰਾਜ ਜਦੋਂ ਕਾਫੀ ਦੇਰ ਨਾ ਆਇਆ ਤਾਂ ਹਸਰਤ ਨੇ ਆਪਣੇ ਬਜ਼ੁਰਗ ਸਟੈਨੋ ਗੁਰਦਾਸ ਸਿੰਘ ਨੂੰ ਦੇਸ ਰਾਜ ਦਾ ਪਤਾ ਕਰਨ ਲਈ ਭੇਜਿਆ। ਜਦੋਂ ਦੇਸ ਰਾਜ ਆਇਆ ਤਾਂ ਉਸ ਨੇ ਦੋ ਵੱਡੇ ਲਿਫਾਫੇ ਮੇਜ ਤੇ ਰੱਖ ਦਿੱਤੇ ਅਤੇ ਚਾਹ ਕੱਪਾਂ ਵਿਚ ਪਾਉਣ ਲੱਗ ਪਿਆ। ਸੁਖਪਾਲਵੀਰ ਸਿੰਘ ਹਸਰਤ ਲਿਫਾਫੇ ਵੇਖ ਕੇ ਅੱਗ ਬਬੂਲਾ ਹੋ ਗਿਆ ਕਿਉਂਕਿ ਦੇਸ ਰਾਜ ਚਾਹ ਦਾ ਫੁਲਸੈਟ ਅਤੇ ਬਾਕੀ ਸਾਰੇ ਪੈਸਿਆਂ ਦੇ 11 11 ਸਮੋਸੇ ਅਤੇ ਮੱਠੀਆਂ ਲੈ ਆਇਆ ਸੀ। ਦੇਸ ਰਾਜ ਨੇ ਕਿਹਾ ਕਿ ਤੁਸੀਂ ਤਾਂ ਚਾਹ ਅਤੇ ਸਮੋਸੇ ਲਿਆਉਣ ਲਈ ਕਿਹਾ ਸੀ, ਮੈਂ ਲੈ ਆਇਆ, ਤੁਸੀਂ ਇਹ ਤਾਂ ਨਹੀਂ ਕਿਹਾ ਕਿ ਕਿਤਨੇ ਲਿਆਉਣੇ ਹਨ। ਮੈਂ ਤਾਂ ਸਮੋਸੇ ਬਣਵਾ ਕੇ ਲਿਆਇਆ ਹਾਂ ਤਾਂ ਹੀ ਦੇਰੀ ਹੋ ਗਈ। ਬੇਸਣ ਖ਼ਤਮ ਹੋ ਗਿਆ ਸੀ, ਇਸ ਕਰਕੇ ਮੈਂ ਮੱਠੀਆਂ ਲੈ ਕੇ ਆਇਆ ਹਾਂ। ਪਹਿਲੀ ਵਾਰੀ ਸਾਰੀ ਪੰਜਾਬੀ ਸੈਕਸ਼ਨ ਨੂੰ ਸੁਖਪਾਲਵੀਰ ਸਿੰਘ ਹਸਰਤ ਨੇ ਦੇਸ ਰਾਜ ਦੀ ਬਦਨੀਤੀ ਕਰਕੇ ਸਮੋਸੇ ਅਤੇ ਮੱਠੀਆਂ ਖਿਲਾਈਆਂ ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ