ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਸਿੱਖ ਬੰਧੂ ਵੈਲਫ਼ੇਰ ਟ੍ਰਸਟ ਅਤੇ ਆਲ ਇੰਡੀਆ ਰਾਮਗੜੀਆ ਵਿਸ਼ਵਕਰਮਾ ਫੈਡਰੇਸ਼ਨ ਵਲੋਂ ਬੀਤੇ ਦਿਨੀ ਰਿਟਜ਼ ਬੇਂਕੁਏਟ ਹਾਲ ਅੰਦਰ ਬੀਬੀ ਰਣਜੀਤ ਕੌਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਮਹਿਲਾ ਵਿੰਗ ਦੇ ਮੁਖ ਸੇਵਾਦਾਰ ਵਲੋਂ ਦਿਤੇ ਗਏ ਵੱਡਮੁਲੇ ਸਹਿਯੋਗ ਨਾਲ ਮਹਾਰਾਜਾ ਜਸਾ ਸਿੰਘ ਰਾਮਗੜੀਆ ਦੀ ਸ਼ਤਾਬਦੀ ਨੂੰ ਸਮਰਪਿਤ ਸਮਾਪਣ ਸਮਾਰੋਹ ਪ੍ਰੋਗਰਾਮ ਕਰਵਾਇਆ ਗਿਆ । ਇਸ ਪ੍ਰੋਗਰਾਮ ਅੰਦਰ ਸਰਦਾਰ ਪਰਮਜੀਤ ਸਿੰਘ ਸਰਨਾ, ਹੀਰਾ ਸਿੰਘ ਗਾਬੜੀਆ, ਅਮਰਜੀਤ ਸਿੰਘ ਚਾਵਲਾ, ਰਜਿੰਦਰ ਸਿੰਘ ਮਹਿਤਾ, ਬਲਵਿੰਦਰ ਸਿੰਘ ਭੂੰਦੜ, ਹਰਮਨਜੀਤ ਸਿੰਘ, ਬਾਬਾ ਕਸ਼ਮੀਰਾ ਸਿੰਘ ਕਾਰ ਸੇਵਾ ਭੂਰੀ ਵਾਲੇਆਂ ਅਤੇ ਹੋਰ ਬਹੁਤ ਸਾਰੇ ਸਜਣਾ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਸੀ ।
ਇਸ ਮੌਕੇ ਸਿੱਖ ਬੰਧੂ ਵੈਲਫ਼ੇਰ ਟ੍ਰਸਟ ਅਤੇ ਰਾਮਗੜੀਆ ਫੈਡਰੇਸ਼ਨ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਰਿਐਤ ਨੇ ਮਹਾਰਾਜਾ ਜੱਸਾ ਸਿੰਘ ਬਾਰੇ ਜਾਣਕਾਰੀ ਦਿਤੀ ਤੇ ਦਸਿਆ ਕਿ ਬੀਤੇ ਸਾਲ 16 ਅਪ੍ਰੈਲ ਨੂੰ ਦਿੱਲੀ ਤੋਂ ਇਕ ਵੱਡੇ ਨਗਰ ਕੀਰਤਨ ਰਾਹੀਂ ਇਸ ਸ਼ਤਾਬਦੀ ਸਮਾਰੋਹ ਦੀ ਸ਼ੁਰੂਆਤ ਕੀਤੀ ਗਈ ਸੀ । ਨਗਰ ਕੀਰਤਨ ਦਿੱਲੀ ਤੋਂ ਚਲ ਕੇ ਵੱਖ ਵੱਖ ਸ਼ਹਿਰਾਂ ਵਿੱਚੋ ਹੁੰਦਾ ਹੋਇਆ 19 ਅਪ੍ਰੈਲ ਨੂੰ ਦਰਬਾਰ ਸਾਹਿਬ ਵਿਖ਼ੇ ਸਮਾਪਤ ਹੋਇਆ ਸੀ ਉਪਰੰਤ ਪੂਰਾ ਸਾਲ ਸ਼ਤਾਬਦੀ ਸਮਾਰੋਹ ਚਲਦੇ ਰਹੇ ਸਨ ਜਿਸਦੀ ਅਜ ਸਮਾਪਤੀ ਹੋਈ ਹੈ।
ਬੁਲਾਰਿਆ ਨੇ ਜਿਥੇ ਮਹਾਰਾਜਾ ਜੱਸਾ ਸਿੰਘ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਦਸਿਆ ਕਿ ਕਿਸ ਤਰ੍ਹਾਂ ਮਹਾਰਾਜਾ ਜੱਸਾ ਸਿੰਘ ਨੇ ਦਿੱਲੀ ਨੂੰ ਜਿੱਤਣ ਲਈ ਦਿੱਲੀ ਉਪਰ ਬਾਰ ਬਾਰ ਹਮਲੇ ਕੀਤੇ ਤੇ ਦਿੱਲੀ ਨੂੰ ਜਿੱਤ ਕੇ ਸਾਹ ਲਿਆ ਸੀ ਓਥੇ ਉਨ੍ਹਾਂ ਵਲੋਂ ਦਿੱਲੀ ਗੁਰਦੁਆਰਾ ਕਮੇਟੀ ਦੇ 7 ਮੈਂਬਰ ਜੋ ਕਿ ਗੁਰਦੁਆਰਾ ਕਮੇਟੀ ਦੇ ਅਹੁਦੇ ਤੋਂ ਬਿਨਾਂ ਆਪਣਾਂ ਇਸਤੀਫ਼ਾ ਦਿਤੀਆਂ ਭਾਜਪਾ ਵਿਚ ਸ਼ਾਮਿਲ ਹੋਏ ਹਨ ਉਨ੍ਹਾਂ ਉਪਰ ਤਿੱਖੇ ਬਾਣ ਛੱਡੇ ਗਏ ਅਤੇ ਸਿਰਫ ਰਾਜਨੀਤਿਕ ਕੁਰਸੀਆਂ ਤਕ ਪਹੁੰਚਣ ਲਈ ਗੁਰਦੁਆਰਾ ਸਾਹਿਬ ਦੇ ਚੋਣਾਂ ਨੂੰ ਅਧਾਰ ਬਣਾ ਕੇ ਸੰਗਤ ਅਤੇ ਪੰਥ ਦੀ ਸੇਵਾ ਭਾਵਨਾਵਾਂ ਨਾਲ ਖਿਲਵਾੜ ਕਰਣ ਦੇ ਦੋਸ਼ ਲਗਾਏ ਗਏ ਸਨ ।
ਸਟੇਜ ਸਕੱਤਰ ਬੀਬੀ ਰਣਜੀਤ ਕੌਰ ਨੇ ਟ੍ਰਸਟ ਅਤੇ ਫੈਡਰੇਸ਼ਨ ਵਲੋਂ ਕੀਤੇ ਜਾਂਦੇ ਸਮਾਜਿਕ ਅਤੇ ਧਾਰਮਿਕ ਕੰਮਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿਤੀ ਤੇ ਨਾਲ ਹੀ ਦਸਿਆ ਕਿ ਇਨ੍ਹਾਂ ਸੰਸਥਾਵਾਂ ਵਲੋਂ ਜਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਦੀਆਂ ਸਕੂਲ ਫੀਸਾਂ ਅਤੇ ਹੋਰ ਕਈ ਪ੍ਰਕਾਰ ਦੀਆਂ ਮਦਦ ਕੀਤੀਆਂ ਜਾ ਰਹੀਆਂ ਹਨ।
ਅੰਤ ਵਿਚ ਉਨ੍ਹਾਂ ਵਲੋਂ ਪ੍ਰੋਗਰਾਮ ਅੰਦਰ ਸ਼ਾਮਿਲ ਹੋਏ ਸਮੂਹ ਵੀਰਾ ਭੈਣਾਂ ਅਤੇ ਬਜ਼ੁਰਗਾਂ ਦਾ ਧੰਨਵਾਦ ਕਰਣ ਦੇ ਨਾਲ ਸਭ ਨੂੰ ਮਹਾਰਾਜਾ ਜੱਸਾ ਸਿੰਘ ਦੀ ਯਾਦਗਾਰੀ ਫੋਟੋ ਸਨਮਾਨ ਪੱਤਰ ਅਤੇ ਸ਼ਾਲ ਭੇਟ ਕੀਤੀਆਂ ਗਈਆਂ ।