ਕਵਿਤਾ ਮੇਰੀ ਰੂਹ ਵਿਚ ਰੰਮੀ,
ਕਵਿਤਾ ਮੇਰੇ ਨਾਲ ਹੈ ਜੰਮੀ।
ਕਵਿਤਾ ਮੇਰੇ ਪੋਤੜਿਆਂ ਦੀ ਸਾਥਣ,
ਕਵਿਤਾ ਸੰਗ ਮੇਰੇ ਸਵੇਰ ਤੋਂ ਆਥਣ।
ਕਵਿਤਾ ਨਿਰੀ ਹੈ ਮਿੱਟੀ ਵਰਗੀ,
ਰੂਹ ਨੂੰ ਲਿਖੀ ਕੋਈ ਚਿੱਠੀ ਵਰਗੀ।
ਕਵਿਤਾ ਹਰਫਾਂ ਦੇ ਘਰ ਜਾਈ,
ਕਵਿਤਾ ਧੁਰੋਂ ਅਗਮੀ ਆਈ।
ਕਵਿਤਾ ਮੇਰੇ ਦਿਲ ਦੀ ਗੱਲ,
ਕਵਿਤਾ ਸੰਗ ਹਰ ਮਸਲਾ ਹੱਲ।
ਕਵਿਤਾ ਧਰਤ ਅਸਮਾਨੀ ਛੋਹਾਂ,
ਕਵਿਤਾ ਕੋਲ, ਭਾਵੇਂ ਦੂਰੀਆਂ ਕੋਹਾਂ।
ਕਵਿਤਾ ਹਰ ਇੱਕ ਰੰਗ ਵਿਚ ਬੋਲੇ,
ਕਵਿਤਾ ਗੁੱਜੇ ਭੇਤ ਵੀ ਖੋਲ੍ਹੇ।
ਕਵਿਤਾ ਮੇਰੀ ਭੁੱਖ ਪਿਆਸ,
ਕਵਿਤਾ ਮੇਰੀ ਹਰ ਇੱਕ ਆਸ।
ਕਵਿਤਾ ਮੇਰੇ ਲਹੂ ਦਾ ਰੰਗ,
ਕਵਿਤਾ ਮੇਰੇ ਜਿਓਣ ਦਾ ਢੰਗ।
ਕਵਿਤਾ ਮੇਰੇ ਹਰਫ਼ਾਂ ਦੀ ਰੂਹ,
ਕਵਿਤਾ ਮੇਰੇ ਜਜਬਾਤਾਂ ਦੀ ਜੂਹ।
ਕਵਿਤਾ, ਛੱਪੜ, ਖਾਲਾਂ, ਨਹਿਰਾਂ,
ਕਵਿਤਾ ਛੰਦ, ਅਲੰਕਾਰ, ਬਹਿਰਾਂ।
ਕਵਿਤਾ ਚੁੱਪ, ਕਵਿਤਾ ਸ਼ੋਰ,
ਕਵਿਤਾ ਅਜਬੀ ਰੱਬੀ ਲੋਰ।
ਕਵਿਤਾ ਮੇਰਾ ਪਿੰਡ ਪ੍ਹੀੜ,
ਕਵਿਤਾ ਮੇਰੇ ਦਿਲ ਦੀ ਪੀੜ।
ਕਵਿਤਾ ਮੇਰੇ ਰਿਸ਼ਤੇ ਨਾਤੇ,
ਕਵਿਤਾ ਮੇਰੇ ਭਰਾ ਤੇ ਮਾਪੇ।
ਕਵਿਤਾ ਬਚਪਨ, ਬਾਲ ਵਰੇਸ,
ਕਵਿਤਾ ਬੁਢਾਪਾ, ਕਬਰੀਂ ਵੇਸ।
ਕਵਿਤਾ ਜੋਸ਼ਾਂ ਦੀ ਹੈ ਗ਼ਰਮੀ,
ਕਵਿਤਾ ਰੀਝਾਂ ਦੀ ਹੈ ਨਰਮੀ।
ਕਵਿਤਾ ਇਸ਼ਕ, ਯਾਰ, ਖੁਦਾ,
ਕਵਿਤਾ ਭਗਤੀ, ਝੱਲ, ਸ਼ੁਦਾ।
ਕਵਿਤਾ ਬੁੱਲਾ,ਫਰੀਦ,ਕਬੀਰ,
ਕਵਿਤਾ ਗੋਬਿੰਦ,ਨਾਨਕ,ਪੀਰ।
ਕਵਿਤਾ ਅੰਮ੍ਰਿਤਾ, ਸ਼ਿਵ ਦੀ ਪੀੜ,
ਕਵਿਤਾ ਪੀਲੂ, ਵਾਰਿਸ ਦੀ ਹੀਰ।
ਕਵਿਤਾ ਖੰਡ, ਬ੍ਰਾਹਮੰਡ ਵਾਸੀ,
ਕਵਿਤਾ ਕਵੀਆਂ, ਪੁੰਨ ਦੀ ਦਾਸੀ।