ਕਿਸੇ ਟੈਲੀਵਿਜ਼ਨ ਪ੍ਰੋਗਰਾਮ ਵਿਚ ਸਾਲਾਂ ਤੱਕ ਲਗਾਤਾਰਤਾ ਅਤੇ ਮਿਆਰ ਬਣਾਈ ਰੱਖਣਾ ਮੁਸ਼ਕਲ ਹੁੰਦਾ ਹੈ। ਜੇਕਰ ਅਜਿਹਾ ਸੰਭਵ ਹੁੰਦਾ ਹੈ ਤਾਂ ਇਸਦੇ ਪਿੱਛੇ ਸੰਬੰਧਤ ਅਦਾਰੇ, ਚੈਨਲ, ਪ੍ਰੋਗਰਾਮ ਪੋਡਿਊਸਰ ਅਤੇ ਐਂਕਰ ਦੀ ਵੱਡੀ ਭੂਮਿਕਾ ਹੁੰਦੀ ਹੈ।
ˈਵਿਚਾਰ ਤਕਰਾਰˈ ਇਕ ਅਜਿਹਾ ਹੀ ਪ੍ਰੋਗਰਾਮ ਹੈ ਜਿਹੜਾ ਸਾਲਾਂ ਤੋਂ ਚਰਚਾ ਵਿਚ ਹੈ। ਜਿਸ ਵਿਚ ਲੋਕ-ਮੁੱਦਿਆਂ ਨੂੰ ਉਭਾਰਿਆ ਜਾਂਦਾ ਹੈ ਅਤੇ ਮਿਆਰ ਵੀ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸੇ ਲਈ ਇਸ ਚਲੰਤ ਮਾਮਲਿਆਂ ʼਤੇ ਆਧਾਰਿਤ ਪ੍ਰੋਗਰਾਮ ਨੂੰ ਲਗਾਤਾਰ ਤੀਸਰੀ ਵਾਰ ਈ.ਐਨ.ਬੀ.ਏ. ਐਵਾਰਡ ਮਿਲਿਅ ਹੈ। ਅਜਿਹਾ ਪੀ ਟੀ ਸੀ ਦੇ ਮੁਖ ਸੰਪਾਦਕ ਅਤੇ ਇਸ ਪ੍ਰੋਗਰਾਮ ਦੇ ਪੇਸ਼ਕਾਰ ਹਰਪ੍ਰੀਤ ਸਿੰਘ ਸਾਹਨੀ ਦੀ ਲਗਨ, ਮਿਹਨਤ, ਸਿਆਣਪ ਅਤੇ ਸ਼ਖ਼ਸੀਅਤ ਸਦਕਾ ਸੰਭਵ ਹੋਇਆ ਹੈ।
ਉਹ ਜਿਸ ਸਹਿਜ ਅਤੇ ਸਮਝ ਨਾਲ ਇਹ ਪ੍ਰੋਗਰਾਮ ਪੇਸ਼ ਕਰਦੇ ਹਨ ਅੱਜ ਕਲ੍ਹ ਅਜਿਹੀਆਂ ਉਦਾਹਰਨਾਂ ਬਹੁਤ ਘੱਟ ਮਿਲਦੀਆਂ ਹਨ। ਇਸ ਮੁਕਾਮ ʼਤੇ ਪਹੁੰਚਣ ਲਈ ਹਰਪ੍ਰੀਤ ਸਿੰਘ ਸਾਹਨੀ ਨੂੰ ਸਖ਼ਤ ਮਿਹਨਤ ਕਰਨੀ ਪਈ।
ਜਿਸ ਸ਼ੌਕ ਤੇ ਸਬਰ, ਸਵੈ-ਵਿਸ਼ਵਾਸ ਤੇ ਸਮਝ ਨਾਲ ਉਹ ਟੈਲੀਵਿਜ਼ਨ ਪਰਦੇ ʼਤੇ ਪੇਸ਼ ਹੁੰਦਾ ਹੈ ਅਜਿਹੀਆਂ ਉਦਾਹਰਨਾਂ ਵੀ ਬਹੁਤ ਘੱਟ ਵੇਖਣ ਵਿਚ ਆਈਆਂ ਹਨ। ਪਹਿਰਾਵਾ ਤਾਂ ਹਰ ਕੋਈ ਪਹਿਨਦਾ ਹੈ ਪਰ ਸੁਹਜ-ਸੁਆਦ ਅਤੇ ਰੰਗਾਂ ਦੇ ਸੁਮੇਲ ਦੀ ਜੋ ਸਮਝ ਹਰਪ੍ਰੀਤ ਸਿੰਘ ਨੂੰ ਹੈ ਉਹ ਕਿਸੇ ਵਿਰਲੇ ਟਾਵੇਂ ਨੂੰ ਹੀ ਹੁੰਦੀ ਹੈ। ਇਸੇ ਲਈ ਜੱਚਦੇ ਫੱਬਦੇ ਸਰਦਾਰ ਵਜੋਂ ਉਸਨੂੰ ਬਹੁਤ ਸਾਰੇ ਇਸ਼ਤਿਹਾਰ ਮਿਲੇ ਹੋਏ ਹਨ ਅਤੇ ਬਹੁਤ ਸਾਰੇ ਅਦਾਰੇ ਉਸਦੀਆਂ ਸੇਵਾਵਾਂ ਲੈ ਰਹੇ ਹਨ।
ਹਰਪ੍ਰੀਤ ਸਿੰਘ ਸਾਹਨੀ ਦੀ ਇਹ ਵਿਸ਼ੇਸ਼ਤਾ ਰਹੀ ਹੈ ਕਿ ਬਤੌਰ ਨਿਊਜ਼ ਐਂਕਰ ਉਹ ਹਮੇਸ਼ਾ ਸਥਾਨਕ, ਕੌਮੀ ਅਤੇ ਕੌਮਾਂਤਰੀ ਖ਼ਬਰਾਂ ਪੇਸ਼ ਕਰਦੇ ਸਮੇਂ ਤੱਥਾਂ, ਅੰਕੜਿਆਂ ʼਤੇ ਆਧਾਰਿਤ ਗੱਲ ਕਰਦੇ ਹਨ। ਲੋੜ ਅਨੁਸਾਰ ਖੋਜ ਪੜਤਾਲ ਕਰਨੀ ਵੀ ਉਸਦੇ ਸਭਾ ਦਾ ਹਿੱਸਾ ਹੈ। ਆਪਣੇ ਸਹਿਯੋਗੀਆਂ ਅਤੇ ਸਮਕਾਲੀ ਮੀਡੀਆ ਸ਼ਖ਼ਸੀਅਤਾਂ ਨਾਲ ਤਾਲਮੇਲ ਬਣਾ ਕੇ ਰੱਖਣਾ ਵੀ ਉਸਨੂੰ ਆਉਂਦਾ ਹੈ। ਨਿਊਜ਼ ਐਂਕਰ ਲਈ ਲੋੜੀਂਦੀ ਸੰਜੀਦਾ ਦਿੱਖ ਨੂੰ ਬਣਾਈ ਰੱਖਣਾ ਵੀ ਉਸਨੂੰ ਖ਼ੂਬ ਆਉਂਦਾ ਹੈ ਅਤੇ ਜਿੱਥੇ ਮੁਸਕਰਾਹਟ ਦੀ ਜ਼ਰੂਰਤ ਹੋਵੇ, ਚਾਹੇ ਵਿਅੰਗ ਵਜੋਂ ਹੀ, ਉਹ ਵੀ ਬਖੇਰ ਜਾਂਦਾ ਹੈ।
ਉਸ ਦੁਆਰਾ ਵੱਖ ਵੱਖ ਖੇਤਰਾਂ ਦੀਆਂ ਚੁਣੀਂਦਾ ਸ਼ਖ਼ਸੀਅਤਾਂ ਨਾਲ ਕੀਤੀਆਂ ਵਿਸ਼ੇਸ਼ ਮੁਲਾਕਾਤਾਂ ਦਰਸ਼ਕ ਉਚੇਚ ਨਾਲ ਵੇਖਦੇ ਸੁਣਦੇ ਹਨ। ਜਿੱਥੇ ਉਸਨੂੰ ਹਰੇਕ ਮੁੱਦੇ-ਮਸਲੇ ਦੀ ਗਹਿਰਾਈ ਵਿਚ ਸਮਝ ਹੁੰਦੀ ਹੈ ਉਥੇ ਪੰਜਾਬੀ ਪਿਛੋੜ ਕਾਰਨ ਕਦੇ ਵੀ ਸੰਚਾਰ ਅਤੇ ਸ਼ਬਦ-ਚੋਣ ਦੀ ਸਮੱਸਿਆ ਨਹੀਂ ਆਈ। ਹਰੇਕ ਮੌਕੇ ਅਤੇ ਗੱਲਬਾਤ ਅਨੁਸਾਰ ਉਸ ਕੋਲ ਢੁੱਕਵੀਂ ਸ਼ਬਦਾਵਲੀ ਮੌਜੂਦ ਹੁੰਦੀ ਹੈ। ਆਪਣੀਆਂ ਇਨ੍ਹਾਂ ਵਿਸ਼ੇਸ਼ਤਾਵਾਂ ਸਦਕਾ ਹਰਪ੍ਰੀਤ ਸਿੰਘ ਸਾਹਨੀ ਨੇ ਬਤੌਰ ਨਿਊਜ਼ ਐਂਕਰ ਵਿਸ਼ਵ ਪੰਜਾਬੀ ਭਾਈਚਾਰੇ ਵਿਚ ਆਪਣੀ ਨਿਵੇਕਲੀ ਪਹਿਚਾਣ ਸਥਾਪਿਤ ਕਰ ਲਈ ਹੈ।
ਜਦ ਦੂਰਦਰਸ਼ਨ ਦਾ ਬੋਲਬਾਲਾ ਸੀ ਤਾਂ ਦੂਰਦਰਸ਼ਨ ਦੇ ਕੌਮੀ ਚੈਨਲ ਤੋਂ ਬੜੇ ਸੁਹਜ ਸਲੀਕੇ ਨਾਲ ਖ਼ਬਰ ਬੁਲਿਟਨ ਪੇਸ਼ ਕੀਤੇ ਜਾਂਦੇ ਸਨ। ਲੰਮਾ ਸਮਾਂ ਬੀਤ ਜਾਣ ਬਾਅਦ ਵੀ ਦਰਸ਼ਕ ਅੱਜ ਤੱਕ ਉਨ੍ਹਾਂ ਨੂੰ ਯਾਦ ਕਰਦੇ ਹਨ। ਉਨ੍ਹਾਂ ਕੋਲ ਉੱਚ-ਵਿਦਿਅਕ ਯੋਗਤਾ ਸੀ, ਪ੍ਰਭਾਵਸ਼ਾਲੀ ਸੰਚਾਰ-ਸਮਰੱਥਾ ਸੀ, ਆਕਰਸ਼ਕ ਤੇ ਸੰਜੀਦਾ ਦਿੱਖ ਸੀ, ਪਹਿਰਾਵੇ ਪ੍ਰਤੀ ਇਕ ਸਮਝ-ਸਲੀਕਾ ਸੀ, ਸਪਸ਼ਟ ਸਹੀ, ਸ਼ੁੱਧ ਉਚਾਰਨ ਸੀ। ਹਿੰਦੀ, ਅੰਗਰੇਜ਼ੀ ਦੇ ਬਹੁਤ ਸਾਰੇ ਨਿਊਜ਼ ਐਂਕਰਾਂ ਦੀ ਉਦੋਂ ਧਾਂਕ ਸੀ। ਵੱਡੀ ਗੱਲ ਦਰਸ਼ਕ ਦਿਲੋਂ ਪਿਆਰ ਸਤਿਕਾਰ ਕਰਦੇ ਸਨ।
ਤਸੱਲੀ ਵਾਲੀ ਗੱਲ ਹੈ ਕਿ ਹਰਪ੍ਰੀਤ ਸਿੰਘ ਸਾਹਨੀ ਵੀ ਉਸੇ ਸਹਿਜ, ਉਸੇ ਸਲੀਕੇ, ਉਸੇ ਸਵੈ-ਵਿਸ਼ਵਾਸ, ਉਸੇ ਸਮਝ, ਉਸੇ ਰੋਹਬ, ਉਸੇ ਮੜ੍ਹਕ, ਉਸੇ ਮਿਹਨਤ, ਉਸੇ ਲਗਨ ਨਾਲ ਅੱਗੇ ਵਧ ਰਿਹਾ ਹੈ। ਪੰਜਾਬੀ ਟੈਲੀਵਿਜ਼ਨ ਨੂੰ ਮਾਣ ਹੈ ਕਿ ਉਸ ਕੋਲ ਹਰਪ੍ਰੀਤ ਸਿੰਘ ਵਰਗੇ ਕਾਬਲ ਤੇ ਦਰਸ਼ਕਾਂ ਨੂੰ ਕਾਇਲ ਕਰ ਲੈਣ ਵਾਲੇ ਨਿਊਜ਼ ਐਂਕਰ ਹਨ। ਪੰਜਾਬੀ ਟੈਲੀਵਿਜ਼ਨ ਉਦਯੋਗ ਨੂੰ ਅੱਜ ਅਜਿਹੇ ਨਿਊਜ਼ ਐਂਕਰਾਂ ਦੀ ਡਾਹਢੀ ਲੋੜ ਹੈ।
ਅੱਜ ਬਹੁਤੇ ਨਿਊਜ਼ ਐਂਕਰ ਇਸ ਜ਼ਿੰਮੇਵਾਰੀ ਨੂੰ ਉਸ ਸੰਜੀਦਗੀ ਨਾਲ ਨਹੀਂ ਨਿਭਾਉਂਦੇ ਜਿਸਦੀ ਲੋੜ ਹੁੰਦੀ ਹੈ। ਹਰੇਕ ਪਹਿਲੂ ʼਤੇ ਧਿਆਨ ਦੇਣ ਦੀ, ਹੋਮ ਵਰਕ ਕਰਨ ਦੀ ਜ਼ਰੂਰਤ ਹੁੰਦੀ ਹੈ। ਵਧੇਰੇ ਨਿਊਜ਼ ਐਂਕਰ, ਵਧੇਰੇ ਆਤਮ-ਵਿਸ਼ਵਾਸ ਦੇ ਸ਼ਿਕਾਰ ਹੋ ਗਏ ਹਨ ਪਰ ਮਿਹਨਤ ਤੋਂ ਕੰਨੀਂ ਕਤਰਾਉਂਦੇ ਹਨ।
ਜ਼ਿੰਦਗੀ ਵਿਚ ਸਫ਼ਲਤਾ ਲਈ ਹਰੇਕ ਖੇਤਰ ਵਿਚ ਲਗਾਤਾਰ ਮਿਹਨਤ ਦੀ ਲੋੜ ਹੁੰਦੀ ਹੈ ਪਰ ਮੀਡੀਆ ਦੇ ਖੇਤਰ ਵਿਚ ਇਹ ਮਿਹਨਤ ਕਈ ਗੁਣਾਂ ਵੱਧ ਕਰਨੀ ਪੈਂਦੀ ਹੈ।
ਪੀ ਟੀ ਸੀ ਦੇ ਪ੍ਰੋਗਰਾਮ ˈਵਿਚਾਰ ਤਕਰਾਰˈ ਨੂੰ ਫਿਰ ਮਿਲਿਆ ਪੁਰਸਕਾਰ
This entry was posted in ਲੇਖ.