ਲੁਧਿਆਣਾ – ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰ, ਪ੍ਰਬੰਧਕੀ ਬੋਰਡ ਮੈਂਬਰ ਅਤੇ ਸਮੂਹ ਮੈਂਬਰਾਂ ਨੇ ਅਕਾਡਮੀ ਦੇ ਸਾਬਕਾ ਪ੍ਰਧਾਨ ਅਤੇ ਉੱਘੇ ਸ਼ਾਇਰ ਡਾ. ਸੁਰਜੀਤ ਪਾਤਰ ਜੀ ਦੇ ਦੇਹਾਂਤ ’ਤੇ ਡੂੰਘੇ ਦੁੱਖ ਅਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ।
ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਡਾ. ਸੁਰਜੀਤ ਪਾਤਰ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ 2002 ਤੋਂ 2008 ਤੱਕ ਪ੍ਰਧਾਨ ਰਹੇ ਅਤੇ ਅਕਾਡਮੀ ਦੇ ਸਤਿਕਾਰਤ ਫ਼ੈਲੋ ਸਨ। ਪੰਜਾਬੀ ਸਾਹਿਤ ਲਈ ਇਕ ਕਵੀ ਵਜੋਂ ਉਨ੍ਹਾਂ ਦੀ ਥਾਂ ਸਰਵੋਤਮ ਰਹੇਗੀ। ਉਨ੍ਹਾਂ ਨੇ ਜਗਤ ਪ੍ਰਸਿੱਧ ਰਚਨਾਵਾਂ ਦਾ ਅਨੁਵਾਦ ਵੀ ਬਹੁਤ ਖ਼ੂਬਸੂਰਤੀ ਨਾਲ ਕੀਤਾ। ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਆਖਿਆ ਕਿ ਪਾਤਰ ਸਾਹਿਬ ਨੇ ਕਵਿਤਾ ਦੇ ਖੇਤਰ ਵਿਚ ਨਵੀਆਂ ਬੁਲੰਦੀਆਂ ਵੀ ਛੋਹੀਆਂ ਤੇ ਨਵੇਂ ਰਾਹ ਵੀ ਉਲੀਕੇ। ਉਨ੍ਹਾਂ ਦਾ ਅਚਾਨਕ ਤੁਰ ਜਾਣਾ ਅਤਿ ਦੁਖਦਾਈ ਹੈ।
ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਾਤਰ ਸਾਹਿਬ ਵੱਡੇ ਨਾਮਣੇ ਵਾਲੇ ਸਾਹਿਤਕਾਰ ਸਨ। ਉਨ੍ਹਾਂ ਦਸਿਆ ਡਾ. ਸੁਰਜੀਤ ਪਾਤਰ ਜੀ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਹੁਣ ਤੱਕ ਚੇਅਰਮੈਨ ਸਨ। ਉਨ੍ਹਾਂ ਦੀ ਪਹਿਲੀ ਪੁਸਤਕ ‘ਕੋਲਾਜ਼’, ‘ਹਵਾ ਵਿਚ ਲਿਖੇ ਹਰਫ਼’, ‘ਬਿਰਖ਼ ਅਰਜ਼ ਕਰੇ’, ‘ਹਨੇਰੇ ਵਿਚ ਸੁਲਗਦੀ ਵਰਣਮਾਲਾ’, ‘ਲਫ਼ਜ਼ਾਂ ਦੀ ਦਰਗਾਹ, ‘ਪਤਝੜ ਦੀ ਪੰਜ਼ੇਬ’, ‘ਸੁਰ ਜ਼ਮੀਨ’, ‘ਚੰਨ ਸੂਰਜ ਦੀ ਵਹਿੰਗੀ’ ਤੋਂ ਇਲਾਵਾ ਦਰਜ਼ਨ ਦੇ ਕਰੀਬ ਪੁਸਤਕਾਂ ਦੇ ਅਨੁਵਾਦ ਛਪੇ। ਉਨ੍ਹਾਂ ਦਸਿਆ ਡਾ. ਸੁਰਜੀਤ ਪਾਤਰ ਹੋਰਾਂ ਨੂੰ 1993 ਵਿਚ ‘ਹਨੇਰੇ ਵਿਚ ਸੁਲਗਦੀ ਵਰਣਮਾਲਾ’ ’ਤੇ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਅਤੇ ਇਸ ਪੁਸਤਕ ’ਤੇ 1997 ਵਿਚ ਸ਼੍ਰੋਮਣੀ ਕਵੀ ਪੁਰਸਕਾਰ ਮਿਲਿਆ। ਇਸ ਤੋਂ ਇਲਾਵਾ ਗਿਆਨਪੀਠ ਸਾਹਿਤ ਸਮੇਤ ਹੋਰ ਵੀ ਵੱਡੇ ਸਨਮਾਨ ਪਾਤਰ ਸਾਹਿਬ ਨੂੰ ਮਿਲੇ। 2012 ਵਿਚ ਭਾਰਤ ਸਰਕਾਰ ਵਲੋਂ ਉਨ੍ਹਾਂ ਨੂੰ ਪਦਮਸ੍ਰੀ ਦੀ ਉਪਾਧੀ ਨਾਲ ਸਨਮਾਨਿਆ ਗਿਆ। ਉਹ ਪੰਜਾਬੀ ਸਾਹਿਤ ਦਾ ਸਮੁੱਚੀ ਦੁਨੀਆਂ ਵਿਚ ਮਾਣ ਸਨ ਤੇ ਰਹਿਣਗੇ। ਉਨ੍ਹਾਂ ਦਸਿਆ 27-28 ਅਪ੍ਰੈਲ ਨੂੰ ਪੰਜਾਬੀ ਭਵਨ ਵਿਖੇ ਹੋਈ ਪੰਜਾਬੀ ਭਾਸ਼ਾ ਕਾਨਫ਼ਰੰਸ ਮੌਕੇ ਡਾ. ਸੁਰਜੀਤ ਪਾਤਰ ਜੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਸਨ।
ਗਹਿਰਾ ਅਫ਼ਸੋਸ ਪ੍ਰਗਟ ਕਰਨ ਵਾਲਿਆਂ ਵਿੱਚ ਹੋਰਨਾ ਤੋਂ ਇਲਾਵਾ ਡਾ. ਸ. ਸ. ਜੌਹਲ, ਡਾ. ਸੁਖਦੇਵ ਸਿੰਘ ਸਿਰਸਾ, ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰੋ. ਰਵਿੰਦਰ ਭੱਠਲ, ਡਾ. ਲਖਵਿੰਦਰ ਜੌਹਲ, ਡਾ. ਅਨੂਪ ਸਿੰਘ, ਡਾ. ਸੁਰਜੀਤ ਸਿੰਘ, ਡਾ. ਗੁਰਇਕਬਾਲ ਸਿੰਘ, ਸੁਰਿੰਦਰ ਕੈਲੇ, ਜਨਮੇਜਾ ਸਿੰਘ ਜੌਹਲ, ਡਾ. ਅਰਵਿੰਦਰ ਕੌਰ ਕਾਕੜਾ, ਡਾ ਗੁਰਚਰਨ ਕੌਰ ਕੋਚਰ ਜੀ, ਡਾ. ਹਰਵਿੰਦਰ ਸਿੰਘ, ਤ੍ਰੈਲੋਚਨ ਲੋਚੀ, ਜਸਪਾਲ ਮਾਨਖੇੜਾ, ਡਾ. ਜੋਗਿੰਦਰ ਸਿੰਘ ਨਿਰਾਲਾ, ਬਲਬੀਰ ਮਾਧੋਪੁਰੀ, ਡਾ. ਹਰੀ ਸਿੰਘ ਜਾਚਕ, ਸਹਿਜਪ੍ਰੀਤ ਸਿੰਘ ਮਾਂਗਟ, ਜਸਵੀਰ ਝੱਜ, ਸ਼ਬਦੀਸ਼, ਸੰਜੀਵਨ ਸਿੰਘ, ਨਰਿੰਦਰਪਾਲ ਕੌਰ, ਵਾਹਿਦ (ਸਤਿਨਾਮ ਸਿੰਘ), ਸੰਤੋਖ ਸਿੰਘ ਸੁੱਖੀ, ਡਾ. ਹਰਜਿੰਦਰ ਸਿੰਘ, ਕੰਵਰਜੀਤ ਭੱਠਲ, ਵਰਗਿਸ ਸਲਾਮਤ, ਪ੍ਰੋ. ਸਰਘੀ, ਦੀਪ ਜਗਦੀਪ ਸਿੰਘ, ਕਰਮਜੀਤ ਸਿੰਘ ਗਰੇਵਾਲ, ਪ੍ਰੋ. ਬਲਵਿੰਦਰ ਸਿੰਘ ਚਹਿਲ, ਪ੍ਰੇਮ ਸਾਹਿਲ, ਅਮਰਜੀਤ ਗਰੇਵਾਲ, ਸਵਰਨਜੀਤ ਸਵੀ ਅਤੇ ਸਮੂਹ ਮੈਂਬਰ ਸ਼ਾਮਲ ਹਨ।
ਡਾ. ਸੁਰਜੀਤ ਪਾਤਰ ਦੇ ਦੇਹਾਂਤ ਨਾਲ ਦੇਸ਼ ਵਿਦੇਸ਼ ਵਿਚ ਪੰਜਾਬੀ ਸਾਹਿਤ ਤੇ ਉਨ੍ਹਾਂ ਨੂੰ ਪਿਆਰ ਕਰਨ ਵਾਲਿਆਂ ਵਿਚ ਸ਼ੋਕ ਦੀ ਲਹਿਰ ਫ਼ੈਲ ਗਈ ਹੈ। ਮਿਲੀ ਜਾਣਕਰੀ ਅਨੁਸਾਰ ਪਾਤਰ ਸਾਹਿਬ ਦਾ ਸਸਕਾਰ ਸਰਕਾਰੀ ਸਨਮਾਨਾਂ ਨਾਲ 13 ਮੲਂੀ, ਸਵੇਰੇ 11 ਵਜੇ ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ ਦੇ ਸ਼ਮਸ਼ਾਨਘਾਟ ਵਿਚ ਹੋਵੇਗਾ।