ਬੁਢਾਪੇ ਨੂੰ ਆਨੰਦਮਈ ਬਣਾਉਣਾ ਬਜ਼ੁਰਗਾਂ ਦੇ ਆਪਣੇ ਹੱਥ ਵਿੱਚ ਹੈ। ਜਵਾਨੀ ਵਿੱਚ ਮਾਣੇ ਸੁੱਖਾਂ- ਦੁੱਖਾਂ ਨੂੰ ਭੁਲਣਾ ਹੋਵੇਗਾ। ਬੀਤੇ ਦੀਆਂ ਗੱਲਾਂ ਨੂੰ ਵਰਤਮਾਨ ਵਿੱਚ ਪ੍ਰਾਪਤ ਕਰਨਾ ਭੁੱਲ ਹੋਵੇਗੀ, ਜੋ ਲੰਘ ਗਿਆ ਉਸ ਨੂੰ ਮੁੜ ਕੇ ਚਿਤਵਣ ਦੀ ਲੋੜ ਨਹੀਂ। ਵਰਤਮਾਨ ਵਿੱਚ ਜੀਵੋ। ਜੇਕਰ ਬੁਢਾਪਾ ਸੁਖੀ ਬਣਾਉਣਾ ਹੈ ਤਾਂ ਵਰਤਮਾਨ ਦਾ ਆਨੰਦ ਮਾਣਨ ਦੀ ਕੋਸ਼ਿਸ਼ ਕਰੋ। ਭਵਿਖ ਬਾਰੇ ਵੀ ਸੋਚਣਾ ਛੱਡ ਦਿਓ। ਖ਼ੁਸ਼ੀ-ਗ਼ਮੀ, ਦੁੱਖ-ਸੁੱਖ ਅਤੇ ਪਿਆਰ-ਘਿਰਣਾ ਇਨ੍ਹਾਂ ਤਿੰਨਾ ਨੂੰ ਮਹਿਸੂਸ ਕਰਨਾ ਇਨਸਾਨ ਦੇ ਅਹਿਸਾਸਾਂ ‘ਤੇ ਨਿਰਭਰ ਕਰਦਾ ਹੈ। ਇਨਸਾਨ ਜਿਸ ਤਰ੍ਹਾਂ ਮਹਿਸੂਸ ਕਰੇਗਾ ਉਸੇ ਤਰ੍ਹਾਂ ਦਾ ਹੀ ਪ੍ਰਭਾਵ ਉਸ ਦੇ ਵਿਵਹਾਰ ‘ਤੇ ਪਵੇਗਾ। ਉਸ ਦੇ ਵਿਵਹਾਰ ਤੋਂ ਹੀ ਸਮਾਜ ਇਨਸਾਨ ਦੀ ਪ੍ਰਤਿਭਾ ਅਤੇ ਵਿਅਕਤਿਵ ਬਾਰੇ ਦਿ੍ਰਸ਼ਟੀਕੋਣ ਬਣਾਏਗਾ। ਇਸ ਲਈ ਬੁਢਾਪੇ ਬਾਰੇ ਜਿਸ ਪ੍ਰਕਾਰ ਇਨਸਾਨ ਮਹਿਸੂਸ ਕਰੇਗਾ, ਉਸੇ ਪ੍ਰਕਾਰ ਉਸਦਾ ਪ੍ਰਭਾਵ ਬਣੇਗਾ। ਬੁਢਾਪਾ ਇੱਕ ਅਟੱਲ ਸਚਾਈ ਹੈ, ਹਰ ਇਕ ਇਨਸਾਨ ‘ਤੇ ਆਉਣਾ ਹੈ, ਜਿਵੇਂ ਜਵਾਨੀ ਆਉਂਦੀ ਹੈ। ਬੁਢਾਪੇ ਨੂੰ ਖ਼ੁਸ਼ੀ ਖ਼ੁਸ਼ੀ ਪ੍ਰਵਾਨ ਕਰਨਾ ਚਾਹੀਦਾ ਹੈ। ਬੁਢਾਪੇ ਦਾ ਆਨੰਦ ਜਵਾਨੀ ਨਾਲੋਂ ਵਧੇਰੇ ਹੁੰਦਾ ਹੈ। ਜਵਾਨੀ ਵਿੱਚ ਜ਼ਿੰਮੇਵਾਰੀਆਂ ਦੇ ਅਨੇਕਾਂ ਖਲਜਗਣ ਹੁੰਦੇ ਹਨ। ਬਚਪਨ ਵਿੱਚ ਬਾਪੂ ਦੇ ਮੋਢਿਆਂ ‘ਤੇ ਬੈਠ ਕੇ ਮਾਣੇ ਆਨੰਦ ਨੂੰ ਯਾਦ ਕਰਕੇ ਆਪਣੇ ਪੋਤੇ ਪੋਤਰੀਆਂ ਤੇ ਦੋਹਤੇ ਦੋਹਤੀਆਂ ਨੂੰ ਆਪਣੇ ਮੋਢਿਆਂ ਦਾ ਆਨੰਦ ਮਾਨਣ ਦਾ ਮੌਕਾ ਦਿਓ। ਇਹੋ ਬੁਢਾਪੇ ਦੀ ਜ਼ਿੰਦਗੀ ਦਾ ਖ਼ੁਸ਼ਗਵਾਰ ਸਮਾਂ ਹੁੰਦਾ ਹੈ, ਜਦੋਂ ਬੱਚਿਆਂ ਵਿੱਚ ਬੱਚਾ ਬਣਕੇ ਵਿਚਰਿਆ ਜਾ ਸਕਦਾ ਹੈ। ਇਹ ਇਨਸਾਨੀ ਜ਼ਿੰਦਗੀ ਦੀ ਲਗਾਤਰਤਾ ਦੀ ਪ੍ਰਕਿਰਿਆ ਹੈ। ਇਸ ਲਈ ਬੁਢਾਪੇ ਦਾ ਖਿੜ੍ਹੇ ਮੱਥੇ ਸਵਾਗਤ ਕਰਨਾ ਚਾਹੀਦਾ ਹੈ। ਬੁਢਾਪੇ ਵਿੱਚ ਆਪਣੇ ਆਪ ਨੂੰ ਰੁਝੇਵੇਂ ਵਿੱਚ ਰੱਖਣਾ ਚਾਹੀਦਾ ਹੈ। ਜੇ ਹੋਰ ਕੁਝ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਸਵੇਰੇ ਸ਼ਾਮ ਸੈਰ ਕਰਨੀ ਚਾਹੀਦੀ ਹੈ। ਦੋਸਤਾਂ ਮਿਤਰਾਂ ਨਾਲ ਮਹਿਫ਼ਲਾਂ ਕਰਨੀਆਂ ਚਾਹੀਦੀਆਂ ਹਨ। ਜੇ ਹੋ ਸਕੇ ਬਚਪਨ ਅਤੇ ਜਵਾਨੀ ਪਹਿਰੇ ਦੇ ਦੋਸਤਾਂ ਨਾਲ ਸੰਪਰਕ ਰੱਖੋ। ਅੱਜ ਕਲ੍ਹ ਤਾਂ ਸ਼ੋਸ਼ਲ ਮੀਡੀਏ ਦਾ ਯੁਗ ਹੈ। ਸ਼ੋਸ਼ਲ ਮੀਡੀਆ ਸੀਨੀਅਰ ਸਿਟੀਜ਼ਨਜ਼ ਲਈ ਸਹਾਇਕ ਹੋ ਸਕਦਾ ਹੈ। ਟੈਲੀਫ਼ੋਨ ਤੇ ਤਾਲਮੇਲ ਰੱਖੋ, ਵੀਡੀਓ ਕਾਲ ਕਰੋ। ਵਿਹਲਾ ਇਨਸਾਨ ਮਾਯੂਸ ਹੁੰਦਾ ਹੈ। ਆਪਣੀ ਔਲਾਦ ਤੋਂ ਬਹੁਤੀ ਆਸ ਨਹੀਂ ਰੱਖਣੀ ਚਾਹੀਦੀ ਕਿਉਂਕਿ ਸਮਾਂ ਅਣਕਿਆਸਾ ਬਦਲ ਗਿਆ ਹੈ। ਔਲਾਦ ਆਪੋ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਰੁੱਝੀ ਹੋਈ ਹੈ। ਔਲਾਦ ਦੀ ਜ਼ਿੰਦਗੀ ਵਿੱਚ ਦਖ਼ਲ ਅੰਦਾਜ਼ੀ ਨਾ ਕਰੋ। ਆਪਣੇ ਸਮੇਂ ਦੀਆਂ ਪਰੰਪਰਾਵਾਂ ਅਤੇ ਨਿਯਮਾ ਨੂੰ ਬਦਲੇ ਹੋਏ ਸਮੇਂ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਨਾ ਕਰੋ। ਆਪਣੀ ਸਿਹਤ ਅਨੁਸਾਰ ਸਮਾਜ ਸੇਵਾ ਕਰਨੀ ਚਾਹੀਦੀ ਹੈ। ਜ਼ਿੰਦਗੀ ਵੈਸੇ ਵੀ ਜਦੋਜਹਿਦ ਦਾ ਦੂਜਾ ਨਾਮ ਹੈ। ਸੁੱਖ ਦਾ ਅਹਿਸਾਸ ਦੁੱਖ ਤੋਂ ਬਾਅਦ ਅਤੇ ਦੁੱਖ ਦਾ ਅਹਿਸਾਸ ਸੁੱਖ ਤੋਂ ਬਾਅਦ ਹੁੰਦਾ ਹੈ। ਇਸ ਲਈ ਦੁੱਖ ਅਤੇ ਸੁੱਖ ਇਕ ਸਿੱਕੇ ਦੇ ਦੋ ਪਾਸੇ ਹਨ। ਇਨ੍ਹਾਂ ਦੋਹਾਂ ਪਾਸਿਆਂ ਨੂੰ ਟਣਕਾਓ, ਫਿਰ ਵੇਖੋ ਕਿਸ ਤਰ੍ਹਾਂ ਦਾ ਸੰਗੀਤ ਨਿਕਲੇਗਾ। ਇਨ੍ਹਾਂ ਦੋਹਾਂ ਨੇ ਜ਼ਿੰਦਗੀ ਵਿੱਚ ਆਉਣਾ ਹੀ ਹੈ। ਇਸ ਲਈ ਉਨ੍ਹਾਂ ਦੀ ਵੰਗਾਰ ਦਾ ਮੁਕਾਬਲਾ ਕਰਨ ਲਈ ਮਾਨਸਿਕ ਤੌਰ ‘ਤੇ ਤਿਆਰ ਰਹੋ।
ਸੁੱਖ ਅਤੇ ਦੁੱਖ ਵੀ ਇਕ ਸਿੱਕੇ ਦੇ ਦੋਵੇਂ ਪਾਸੇ ਹਨ। ਇਨਸਾਨ ਨੇ ਖ਼ੁਦ ਫ਼ੈਸਲਾ ਕਰਨਾ ਹੈ ਕਿ ਉਸ ਦਾ ਜੀਵਨ ਵਰਦਾਨ ਹੈ ਜਾਂ ਸਰਾਪ। ਬਜ਼ੁਰਗਾਂ ਅਤੇ ਉਨ੍ਹਾਂ ਦੇ ਬੱਚਿਆਂ ਵਿੱਚ ਜਨਰੇਸ਼ਨ ਗੈਪ ਹੁੰਦਾ ਹੈ। ਬਜ਼ੁਰਗਾਂ ਦੇ ਸਮੇਂ, ਸਥਾਨ, ਹਾਲਾਤ, ਸਾਧਨ, ਲੋੜਾਂ ਅਤੇ ਪ੍ਰਾਪਤੀਆਂ ਪੁਰਾਣੇ ਜ਼ਮਾਨੇ ਅਨੁਸਾਰ ਹੁੰਦੀਆਂ ਹਨ। ਵਰਤਮਾਨ ਸਮੇਂ ਇਹ ਸਾਰਾ ਕੁਝ ਹੀ ਬਦਲ ਗਿਆ ਹੈ। ਇਸ ਲਈ ਕੁਦਰਤੀ ਹੈ ਕਿ ਨਵੀਂ ਪੀੜ੍ਹੀ ਦੀ ਸੋਚ ਅੱਜ ਦੇ ਆਧੁਨਿਕ ਤਕਨਾਲੋਜੀ ਦੇ ਜ਼ਮਾਨੇ ਅਨੁਸਾਰ ਹੋਵੇਗੀ। ਜਿਵੇਂ ਸਮੇਂ ਦੇ ਬਦਲਣ ਅਤੇ ਆਧੁਨਿਕਤਾ ਵਿੱਚ ਤੇਜੀ ਨਾਲ ਵਾਧਾ ਹੋਣ ਕਰਕੇ ਨਵੀਂਆਂ ਖੋਜਾਂ ਦਾ ਅਸਰ ਹੋ ਰਿਹਾ ਹੈ। ਉਸੇ ਤਰ੍ਹਾਂ ਨੌਜਵਾਨ ਪੀੜ੍ਹੀ ਦੇ ਵਿਚਾਰਾਂ ਅਤੇ ਵਿਵਹਾਰ ਵਿੱਚ ਤਬਦੀਲੀ ਆ ਰਹੀ ਹੈ। ਬਜ਼ੁਰਗਾਂ ਨੂੰ ਇਸ ਤਬਦੀਲੀ ਨਾਲ ਅਡਜਸਟ ਕਰਨਾ ਪਵੇਗਾ। ਬਹੁਤੀਆਂ ਉਮੀਦਾਂ ਨਾ ਪਾਲੋ। ਬਜ਼ੁਰਗ ਆਪਣੀ ਔਲਾਦ ਨੂੰ ਆਪਣੀ ਸੋਚ ਮੁਤਾਬਕ ਚਲਾਉਣਾ ਅਤੇ ਵਿਵਹਾਰ ਕਰਨ ‘ਤੇ ਜ਼ੋਰ ਪਾਉਂਦੇ ਹਨ, ਜੋ ਵਰਤਮਾਨ ਸਮੇਂ ਸੰਭਵ ਹੀ ਨਹੀਂ ਕਿਉਂਕਿ ਇੰਟਰਨੈਟ ਨੇ ਹਾਲਾਤ ਹੀ ਬਦਲ ਕੇ ਰੱਖ ਦਿੱਤੇ। ਬਜ਼ੁਰਗ ਆਪਣੇ ਮਾਪਿਆਂ ਦੇ ਸਮੇਂ ਨੂੰ ਭੁੱਲ ਜਾਣ, ਜਦੋਂ ਸਾਰਾ ਪਰਿਵਾਰ ਇਕ ਚੁਲ੍ਹੇ ਦੇ ਮੂਹਰੇ ਪੀੜ੍ਹੀਆਂ ‘ਤੇ ਬੈਠਕੇ ਰੋਟੀ ਖਾਂਦਾ ਸੀ। ਇਕੋ ਵੱਡੇ ਹਾਲ ਕਮਰੇ ਜਿਸ ਨੂੰ ਦਲਾਨ ਕਹਿੰਦੇ ਸਨ, ਵਿੱਚ ਸੌਂ ਜਾਂਦਾ ਸੀ। ਅੱਜ ਕਲ੍ਹ ਇੰਟਨੈਟ ਦੇ ਜ਼ਮਾਨੇ ਵਿੱਚ ਬੱਚੇ ਆਪੋ ਆਪਣੇ ਕਮਰਿਆਂ ਵਿੱਚ ਮੋਬਾਈਲ ਲਈ ਬੈਠੇ ਹੁੰਦੇ ਹਨ। ਆਪਣੇ ਦੋਸਤਾਂ ਨਾਲ ਚੋਹਲ ਮੋਹਲ ਕਰ ਰਹੇ ਹੁੰਦੇ ਹਨ। ਉਹ ਪਰਿਵਾਰ ਵਿੱਚ ਬੈਠਕੇ ਰੋਟੀ ਨਹੀਂ ਖਾਂਦੇ ਅਤੇ ਆਪੋ ਆਪਣੇ ਕਮਰੇ ਵਿੱਚ ਸੌਂਦੇ ਹਨ। ਬਜ਼ੁਰਗ ਇਹ ਆਸ ਲਾਈ ਬੈਠੇ ਰਹਿੰਦੇ ਹਨ ਕਿ ਬੱਚੇ ਉਨ੍ਹਾਂ ਦੇ ਕੋਲ ਆ ਕੇ ਬੈਠਣਗੇ, ਦੁੱਖ ਸੁੱਖ ਸਾਂਝਾ ਕਰਨਗੇ ਪ੍ਰੰਤੂ ਇਹ ਸਾਰਾ ਕੁਝ ਅਸੰਭਵ ਹੋ ਗਿਆ ਹੈ। ਇਸ ਲਈ ਬਜ਼ੁਰਗਾਂ ਨੂੰ ਸਮੇਂ ਮੁਤਾਬਕ ਬਦਲਣਾ ਪਵੇਗਾ। ਇਸ ਦੇ ਨਾਲ ਹੀ ਔਲਾਦ ਨੂੰ ਵੀ ਥੋੜ੍ਹਾ ਬਜ਼ੁਰਗਾਂ ਅਨੁਸਾਰ ਬਦਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇਕਰ ਦੋਵੇਂ ਹਾਲਾਤ ਨਾਲ ਅਡਜਸਟ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਬਜ਼ੁਰਗਾਂ ਦਾ ਬੁਢਾਪਾ ਵਰਦਾਨ ਬਣ ਸਕਦਾ ਹੈ। ਜੇਕਰ ਦੋਹਾਂ ਵਿੱਚੋਂ ਇਕ ਵੀ ਅਡਜਸਟ ਨਹੀਂ ਕਰੇਗਾ ਤਾਂ ਬੁਢਾਪਾ ਸਰਾਪ ਹੀ ਹੋਵੇਗਾ। ਫ਼ੈਸਲਾ ਦੋਹਾਂ ਦੇ ਹੱਥ ਵਿੱਚ ਹੈ। ਰਹਿੰਦੀ ਖੂੰਹਦੀ ਕਸਰ ਬਜ਼ੁਰਗਾਂ ਲਈ ਬਣੇ ਬਿ੍ਰਧ ਆਸ਼ਰਮਾ ਅਤੇ ਪਰਵਾਸ ਵਿੱਚ ਪੜ੍ਹਨ ਜਾਣ ਦੇ ਬਹਾਨੇ ਵਿਦੇਸ਼ਾਂ ਵਿੱਚ ਸੈਟਲ ਹੋਣ ਨੇ ਕੱਢ ਦਿੱਤੀ ਹੈ। ਮਾਪੇ ਇਕੱਲਤਾ ਮਹਿਸੂਸ ਕਰਦੇ ਹੋਏ ਜੀਵਨ ਬਸਰ ਕਰ ਰਹੇ ਹਨ। ਇਕ ਹੋਰ ਕਾਰਨ ਨਸ਼ਿਆਂ ਦੀ ਵਰਤੋਂ ਹੈ। ਨਸ਼ਿਆਂ ਨੇ ਬਜ਼ੁਰਗਾਂ ਅਤੇ ਨੌਜਵਾਨਾ ਵਿੱਚ ਖਿੱਚੋਤਾਣ ਪੈਦਾ ਕਰ ਦਿੱਤੀ ਹੈ ਕਿਉਂਕਿ ਸਖ਼ਤ ਮਿਹਨਤਾਂ ਨਾਲ ਬਣਾਈ ਜਾਇਦਾਦ ਨੂੰ ਨਸ਼ਈ ਬੱਚੇ ਵੇਚਣ ਲਈ ਮਜ਼ਬੂਰ ਕਰਦੇ ਹਨ। ਔਲਾਦ ਨੂੰ ਇਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਮਾਪਿਆਂ ਨੇ ਆਪਣੇ ਨਿੱਜੀ ਹਿੱਤਾਂ ਨੂੰ ਅੱਖੋਂ ਪ੍ਰੋਖੇ ਕਰਕੇ ਜ਼ਮੀਨੀ ਪੱਧਰ ‘ਤੇ ਜਦੋਜਹਿਦ ਕਰਕੇ ਪਰਿਵਾਰਾਂ ਦੀ ਪਾਲਣ ਪੋਸ਼ਣ ਕੀਤੀ ਹੈ। ਆਪਣੀ ਔਲਾਦ ਲਈ ਹਰ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਹੁੰਦੀ ਹੈ। ਜਿਸ ਕਰਕੇ ਔਲਾਦ ਦਾ ਭਵਿਖ ਸੁਨਹਿਰਾ ਬਣਿਆਂ ਹੁੰਦਾ ਹੈ। ਵਰਤਮਾਨ ਸਮੇਂ ਵਿੱਚ ਰਸਾਇਣਕ ਖਾਦਾਂ, ਕੀਟਨਾਸ਼ਕ ਦਵਾਈਆਂ ਅਤੇ ਖਾਦ ਪਦਾਰਥਾਂ ਵਿੱਚ ਮਿਲਾਵਟ ਨੇ ਇਨਸਾਨ ਦੀ ਮਾਨਸਿਕਤਾ ‘ਤੇ ਗਹਿਰਾ ਪ੍ਰਭਾਵ ਪਾਇਆ ਹੈ। ਇਹ ਚੀਜ਼ਾਂ ਸਿਹਤ ਲਈ ਹਾਨੀਕਾਰਕ ਤਾਂ ਹਨ ਹੀ ਪ੍ਰੰਤੂ ਇਸਨਾਨ ਦੇ ਸੁਭਾਅ ਵਿੱਚ ਗਰਮੀਜੋਸ਼ੀ ਪੈਦਾ ਕਰਦੀਆਂ ਹਨ। ਜਿਸ ਕਰਕੇ ਬੱਚਿਆਂ ਅਤੇ ਮਾਪਿਆਂ ਵਿੱਚ ਤਲਖ ਕਲਾਮੀ ਹੋ ਰਹੀ ਹੈ। ਅਖ਼ਬਾਰਾਂ ਵਿੱਚ ਅਜਿਹੀਆਂ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ, ਜਿਨ੍ਹਾਂ ਵਿੱਚ ਬੱਚੇ ਮਾਪਿਆਂ ਨੂੰ ਗੁੱਸੇ ਵਿੱਚ ਆ ਕੇ ਮੌਤ ਦੇ ਘਾਟ ਉਤਾਰ ਦਿੰਦੇ ਹਨ। ਬਹੁਤੇ ਝਗੜੇ ਜ਼ਮੀਨ ਜਾਇਦਾਦ ਦੇ ਹੁੰਦੇ ਹਨ। ਨਸ਼ਿਆਂ ਨੇ ਤਾਂ ਸਾਡੀ ਨੌਜਵਾਨੀ ਤਬਾਹ ਹੀ ਕਰ ਦਿੱਤੀ ਹੈ। ਕਈ ਲੜਕੇ ਆਪਣੇ ਮਾਪਿਆਂ ਨੂੰ ਨਸ਼ੇ ਲਈ ਪੈਸੇ ਮੰਗਣ ਕਰਕੇ ਹੀ ਮਾਰ ਦਿੰਦੇ ਹਨ। ਕਈ ਕੇਸ ਅਜਿਹੇ ਵੀ ਸਾਹਮਣੇ ਆਏ ਹਨ ਕਿ ਮਾਪਿਆਂ ਨੇ ਪੁੱਤਰਾਂ ਦੇ ਕਤਲ ਕਰ ਦਿੱਤੇ ਹਨ। ਮਾਪਿਆਂ ਨੂੰ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਉਹ ਬੁਰੀ ਸੰਗਤ ਵਿੱਚ ਪੈ ਕੇ ਗ਼ਲਤ ਰਸਤਾ ਨਾ ਅਖਤਿਆਰ ਕਰਨ। ਮਾਪੇ ਆਪ ਬੱਚਿਆਂ ਦੀ ਅਜਿਹੀ ਹਾਲਤ ਦੇ ਖੁਦ ਜ਼ਿੰਮੇਵਾਰ ਹਨ ਕਿਉਂਕਿ ਉਹ ਇੰਟਰਨੈਟ ਦੀ ਖੁਦ ਵਰਤੋਂ ਕਰਦਿਆਂ ਬੱਚਿਆਂ ਵੱਲੋਂ ਬੇਪ੍ਰਵਾਹ ਹੋ ਜਾਂਦੇ ਹਨ। ਅਜਿਹੇ ਮੌਕਿਆਂ ‘ਤੇ ਬਜ਼ੁਰਗ ਆਪਣੇ ਪੋਤੇ ਪੋਤੀਆਂ, ਦੋਹਤੇ ਦੋਹਤੀਆਂ ਵੱਲ ਧਿਆਨ ਦੇ ਕੇ ਉਨ੍ਹਾਂ ਦੀ ਜਵਾਨੀ ਨੂੰ ਸਿੱਧੇ ਰਸਤੇ ਪਾ ਸਕਦੇ ਹਨ, ਇਸ ਦੇ ਨਾਲ ਹੀ ਉਹ ਵੀ ਰੁੱਝੇ ਰਹਿਣਗੇ। ਬਜ਼ੁਰਗ ਬੱਚਿਆਂ ਨਾਲ ਉਨ੍ਹਾਂ ਦੀਆਂ ਖ਼ੁਸ਼ੀਆਂ ਜਨਮ ਦਿਨ ਮਨਾਉਣ ਵਿੱਚ ਹਿੱਸੇਦਾਰ ਬਣਨ ਅਤੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਤਜ਼ਰਬਿਆਂ ਦੀ ਜਾਣਕਾਰੀ ਦੇ ਕੇ ਰਾਹ ਦਸੇਰਾ ਬਣਨ। ਹਮ ਉਮਰ ਦੋਸਤਾਂ ਮਿੱਤਰਾਂ ਨਾਲ ਜਨਮ ਦਿਨ ਮਨਾ ਕੇ ਖ਼ੁਸ਼ੀਆਂ ਸਾਂਝੀਆਂ ਕਰੋ। ਜੀਵਨ ਖੁਦ ਹੀ ਆਨੰਦਮਈ ਹੋ ਜਾਵੇਗਾ।